ਫਰੀਦਕੋਟ 17 ਜੁਲਾਈ
ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਾਰਿਸ਼ਾਂ ਕਾਰਨ ਝੋਨੇ/ਬਾਸਮਤੀ ਦੀ ਫਸਲ ਦੇ ਖਰਾਬੇ ਵਾਲੇ ਖੇਤਾਂ ਵਿੱਚ ਮੁੜ ਬਿਜਾਈ ਲਈ ਪਨੀਰੀ ਦਾ ਉਚਿੱਤ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਸ ਮੁਸ਼ਕਿਲ ਘੜੀ ਦੀ ਸਥਿਤੀ ਵਿੱਚ ਕਿਸਾਨ ਵੀਰਾਂ ਦਾ ਸਾਥ ਦਿੱਤਾ ਜਾ ਸਕੇ।
ਇਹਨਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਜਿਲ੍ਹਾ ਫਰੀਦਕੋਟ ਵਿੱਚ ਅੰਦਾਜਨ 2000 ਏਕੜ ਰਕਬੇ ਵਿੱਚ ਖਰਾਬੇ ਕਾਰਨ ਝੋਨੇ/ਬਾਸਮਤੀ ਦੀ ਮੁੜ ਬਿਜਾਈ ਕੀਤੀ ਜਾਵੇਗੀ ਅਤੇ ਖੇਤੀਬਾੜੀ ਵਿਭਾਗ ਫਰੀਦਕੋਟ ਵੱਲੋਂ ਝੋਨੇ/ਬਾਸਮਤੀ ਦੀ ਪਨੀਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਬਲਾਕ ਫਰੀਦਕੋਟ ਅਤੇ ਕੋਟਕਪੂਰਾ ਦੇ ਬੀਜ ਵਿਕਰੇਤਾਵਾਂ ਵੱਲੋਂ ਵੀ ਮੁਫਤ ਬੀਜ ਮੁਹੱਈਆ ਕਰਵਾ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਕਿਸਾਨ ਵੀਰਾਂ ਵੱਲੋਂ ਵੀ ਖੁਦ ਪਨੀਰੀ ਦੀ ਬਿਜਾਈ ਕੀਤੀ ਜਾ ਰਹੀ ਹੈ ਤਾਂ ਜੋ ਹੋਰਨਾਂ ਲੋੜਵੰਦ ਕਿਸਾਨ ਵੀਰਾਂ ਨੂੰ ਇਹ ਪਨੀਰੀ ਮੁਹੱਈਆ ਕਰਵਾਈ ਜਾ ਸਕੇ।
ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨ ਵੀਰ ਝੋਨੇ (ਕਿਸਮ ਪੀ.ਆਰ.-126) ਅਤੇ ਬਾਸਮਤੀ ਦੀ ਪਨੀਰੀ ਬੀਜਣਾ ਚਾਹੁੰਦੇ ਹਨ, ਉਹ ਬਲਾਕ ਫਰੀਦਕੋਟ ਵਿੱਚ ਡਾ. ਰਣਬੀਰ ਸਿੰਘ (95014-39700), ਸਾਦਿਕ ਤਹਿਸੀਲ ਡਾ. ਗੁਰਬਚਨ ਸਿੰਘ (98884-04503), ਬਲਾਕ ਕੋਟਕਪੂਰਾ ਵਿੱਚ ਡਾ. ਨਵਪ੍ਰੀਤ ਸਿੰਘ (90411-95480) ਅਤੇ ਤਹਿਸੀਲ ਜੈਤੋ ਵਿੱਚ ਡਾ. ਰਾਜਵਿੰਦਰ ਸਿੰਘ (98033-61068) ਨਾਲ ਸੰਪਰਕ ਕਰ ਸਕਦੇ ਹਨ।
0 comments:
Post a Comment