ਦੋਵੇਂ ਦਿਨਾਂ ਦੌਰਾਨ 36 ਹਜ਼ਾਰ ਤੋਂ ਵਧੇਰੇ ਆਮ ਲੋਕਾਂ ਤੇ ਵਿਦਿਆਰਥੀਆਂ ਨੇ ਮਾਣਿਆ ਸ਼ੋਅ ਦਾ ਆਨੰਦ
ਯਾਦਗਾਰੀ ਹੋ ਨਿਬੜਿਆ "ਸੂਰਿਯਾ ਕਿਰਨ ਐਰੋਬੈਟਿਕ" ਸ਼ੋਅ
ਬਠਿੰਡਾ, 7 ਮਾਰਚ : ਸਿਵਲ ਏਅਰ ਪੋਰਟ ਵਿਰਕ ਕਲਾਂ ਵਿਖੇ ਭਾਰਤੀ ਏਅਰ ਫੋਰਸ ਸਟੇਸ਼ਨ ਭਿਸੀਆਣਾ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੋ ਰੋਜ਼ਾ "ਸੂਰਿਯਾ ਕਿਰਨ ਐਰੋਬੈਟਿਕ" ਸ਼ੋਅ ਬਠਿੰਡਾ ਵਾਸੀਆਂ ਲਈ ਯਾਦਗਾਰ ਹੋ ਨਿਬੜਿਆਂ। ਦੋਵੇਂ ਦਿਨਾਂ ਦੌਰਾਨ ਇਸ ਸ਼ੋਅ ਚ ਬਠਿੰਡਾ ਤੇ ਆਸ-ਪਾਸ ਦੇ ਖੇਤਰਾਂ ਤੋਂ 36 ਹਜ਼ਾਰ ਤੋਂ ਵਧੇਰੇ ਆਮ ਲੋਕਾਂ, ਭਾਰੀ ਗਿਣਤੀ ਵਿੱਚ ਸਕੂਲੀ ਵਿਦਿਆਰਥੀਆਂ, ਭਾਰਤੀ ਹਵਾਈ ਤੇ ਆਰਮੀ ਸੈਨਾ, ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸ਼ਿਰਕਤ ਕਰਕੇ ਇਸ ਦਾ ਆਨੰਦ ਮਾਣਿਆ ਗਿਆ।
ਇਸ ਸ਼ੋਅ ਨੂੰ ਸਕੂਲੀ ਵਿਦਿਆਰਥੀਆਂ ਅਤੇ ਆਮ ਲੋਕਾਂ ਵਲੋਂ ਬੜੇ ਹੀ ਉਤਸ਼ਾਹ ਤੇ ਉਤਸੁਕਤਾ ਨਾਲ ਦੇਖਿਆ ਗਿਆ। ਬਠਿੰਡਾ ਵਿਖੇ ਇਸ ਤਰ੍ਹਾਂ ਦਾ ਇਹ ਸ਼ੋਅ ਕਰੀਬ ਡੇਢ ਦਹਾਕੇ ਪਹਿਲੇ ਸਾਲ 2007 ਚ ਹੋਇਆ ਸੀ, ਉਸ ਉਪਰੰਤ ਦੂਸਰੀ ਵਾਰ ਹੋਏ ਇਸ ਸ਼ੋਅ ਦੀ ਵਿਸ਼ੇਸਤਾ ਇਹ ਸੀ ਕਿ ਇਸ ਸ਼ੋਅ ਨੂੰ ਦੇਖਣ ਲਈ ਭਾਰੀ ਗਿਣਤੀ ਚ ਆਮ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਵਲੋਂ ਸ਼ਮੂਲੀਅਤ ਕੀਤੀ ਗਈ।
ਦੂਸਰੇ ਦਿਨ ਦੇ ਇਸ ਸ਼ੋਅ ਦਾ ਆਰੰਭ ਸਵੇਰੇ 10:30 ਵਜੇ ਹੋਇਆ ਜੋ ਕਿ ਕਰੀਬ 12:20 ਵਜੇ ਤੱਕ ਚੱਲਿਆ। ਇਸ ਸ਼ੋਅ ਦੀ ਸ਼ੁਰੂਆਤ ਭਾਰਤੀ ਏਅਰ ਫੋਰਸ ਬੈਂਡ ਦੀ ਟੀਮ ਦੇ 16 ਨੌਜਵਾਨਾਂ ਵਲੋਂ ਮਨਮੋਹਿਕ ਧੁੰਨਾਂ ਰਾਹੀਂ ਕੀਤੀ ਗਈ ਅਤੇ ਜਿਨ੍ਹਾਂ ਨੇ ਆਪਣੀ ਪੇਸ਼ਕਾਰੀ ਦੌਰਾਨ ਦੇਸ਼ ਭਗਤੀ ਦੀਆਂ ਧੁੰਨਾਂ ਰਾਹੀਂ ਦਰਸ਼ਕਾਂ ਦਾ ਮਨ ਮੋਹੀ ਰੱਖਿਆ।
ਇਸ ਉਪਰੰਤ "ਆਕਾਸ਼ ਗੰਗਾ ਸਕਾਈ ਡਾਈਵਿੰਗ" ਟੀਮ ਦੇ 8 ਜਾਂਬਾਜ ਮੈਂਬਰਾਂ ਵਲੋਂ ਦਿਖਾਏ ਗਏ ਕਰਤੱਬਾਂ ਨੂੰ ਦੇਖਣ ਲਈ ਕਰੀਬ 15 ਮਿੰਟ ਆਕਾਸ਼ ਤੋਂ ਲੈ ਕੇ ਜ਼ਮੀਨ ਤੱਕ ਦਰਸ਼ਕਾਂ ਦੀ ਨਜ਼ਰਾਂ ਇਨ੍ਹਾਂ ਨੂੰ ਦੇਖਣ ਲਈ ਆਸਮਾਨ ਵੱਲ ਟਿਕੀਆਂ ਰਹੀਆਂ। ਇਸ ਤੋਂ ਬਾਅਦ "ਸੂਰਿਯਾ ਕਿਰਨ ਐਰੋਬੈਟਿਕ" ਦੀ ਟੀਮ ਵਲੋਂ ਗਰੁੱਪ ਕੈਪਟਨ ਸ਼੍ਰੀ ਜੀ.ਐਸ. ਢਿੱਲੋਂ ਦੀ ਅਗਵਾਈ ਹੇਠ ਬਹਾਦਰ ਨੌਜਵਾਨਾਂ ਨੇ 9 ਹਵਾਈ ਜਹਾਜ਼ਾਂ ਰਾਹੀਂ ਕਰੀਬ 25 ਮਿੰਟ ਆਕਾਸ਼ ਵਿੱਚ ਵੱਖ-ਵੱਖ ਤਰ੍ਹਾਂ ਦੇ ਅਨੌਖੇ, ਦਿਲ ਖਿਚਵੇ ਤੇ ਹੈਰਾਨ ਕਰਨ ਵਾਲੇ ਕਰਤੱਵ ਦਿਖਾਏ, ਜਿਸ ਨੂੰ ਦਰਸ਼ਕਾਂ ਵਲੋਂ ਆਕਾਸ਼ ਵੱਲ ਪੂਰੀ ਟਿਕ-ਟਿਕੀ ਲਗਾ ਕੇ ਉਤਸੁਕਤਾ ਨਾਲ ਦੇਖਿਆ ਗਿਆ। ਇਸ ਉਪਰੰਤ "ਏਅਰ ਵਾਰੀਅਰ ਡਰਿੱਲ ਸਬਰੋਤੋ" ਟੀਮ ਦੇ 20 ਨੌਜਵਾਨਾਂ ਵਲੋਂ ਬਹੁਤ ਹੀ ਸ਼ਾਨਦਾਰ ਪਰੇਡ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਵਲੋਂ ਅਨੁਸਾਸ਼ਨ ਤੇ ਇਕਸਾਰਤਾ ਚ ਰਹਿ ਕੇ ਬਹੁਤ ਹੀ ਅਨੌਖੇ ਕਰਤੱਵ ਦਿਖਾ ਕੇ ਦਰਸ਼ਕਾਂ ਦਾ ਮਨ ਟੁੰਬਿਆ।
ਇਸ ਸ਼ੋਅ ਦੇ ਅਖ਼ੀਰ ਵਿੱਚ ਭਾਰਤੀ ਸੈਨਾ ਦੇ ਸਭ ਤੋਂ ਅਤਿ-ਆਧੁਨਿਕ ਲੜਾਕੂ ਜਹਾਜ਼ ਸਖੋਈ-30 ਵਲੋਂ ਆਕਾਸ਼ ਵਿੱਚ ਆਪਣੇ ਅਨੌਖੇ ਕਰਤੱਬ ਦਿਖਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ।
ਇਸ ਸ਼ੋਅ ਦੇ ਦੋਵੇਂ ਦਿਨਾਂ ਦੌਰਾਨ 185 ਤੋਂ ਵਧੇਰੇ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਆਨੰਦ ਮਾਣਿਆ ਗਿਆ। ਇਸ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਭਾਰਤੀ ਏਅਰ ਫੋਰਸ ਤੇ ਆਰਮੀ ਦੇ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਆਮ ਲੋਕਾਂ ਵਲੋਂ ਵੀ ਇਸ ਸ਼ੋਅ ਦਾ ਲੁਤਫ਼ ਲਿਆ ਗਿਆ।
ਸਮਾਗਮ ਦੇ ਅਖ਼ੀਰ ਚ "ਸੂਰਿਯਾ ਕਿਰਨ ਐਰੋਬੈਟਿਕ" ਦੀ ਟੀਮ ਵਲੋਂ ਗਰੁੱਪ ਕੈਪਟਨ ਸ਼੍ਰੀ ਜੀ.ਐਸ. ਢਿੱਲੋਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ "ਸੂਰਿਯਾ ਕਿਰਨ ਐਰੋਬੈਟਿਕ" ਦੀ ਟੀਮ ਚ ਨੌਜਵਾਨਾਂ ਨੂੰ 6 ਮਹੀਨਿਆਂ ਦੀ ਬਹੁਤ ਹੀ ਸਖ਼ਤ ਸਿਖਲਾਈ ਤੋਂ ਬਾਅਦ ਹੀ ਸ਼ਾਮਲ ਕੀਤਾ ਜਾਂਦਾ ਹੈ। ਇਸ ਟੀਮ ਵਿੱਚ ਸ਼ਾਮਲ ਮੈਂਬਰਾਂ ਵਲੋਂ ਸਿਰਫ਼ 3 ਸਾਲ ਲਈ ਹੀ ਆਪਣੀਆਂ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ। ਉਨ੍ਹਾਂ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਟੀਮ ਵਲੋਂ ਦਿਖਾਏ ਜਾਣ ਵਾਲੇ ਹਵਾਈ ਕਰਤੱਬਾਂ ਦਾ ਮੁੱਖ ਮੰਤਵ ਵੱਧ ਤੋਂ ਵੱਧ ਆਮ ਲੋਕਾਂ ਨੂੰ ਹਵਾਈ ਸੈਨਾ ਪ੍ਰਤੀ ਜਾਗਰੂਕ ਕਰਨਾ ਹੈ ਤੇ ਨੌਜਵਾਨ ਪੀੜ੍ਹੀ ਅੰਦਰ ਦੇਸ਼ ਤੇ ਹਵਾਈ ਸੈਨਾ ਪ੍ਰਤੀ ਜ਼ਜਬਾ ਪੈਦਾ ਕਰਨਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਠਿੰਡਾ ਵਾਸੀਆਂ ਦਾ ਇਸ ਸ਼ੋਅ ਦਾ ਵੱਡੀ ਗਿਣਤੀ ਵਿੱਚ ਹਿੱਸਾ ਬਨਣ ਤੇ ਪੂਰਨ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸ਼ੋਅ ਬਠਿੰਡਾ ਵਾਸੀਆਂ ਦੇ ਲੰਮਾਂ ਸਮਾਂ ਜਹਿਨ ਅੰਦਰ ਸਮੋਇਆ ਰਹੇਗਾ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਭਾਰਤੀ ਏਅਰ ਫੋਰਸ ਵਲੋਂ ਇਸ ਸ਼ੋਅ ਦੌਰਾਨ ਵੱਖ-ਵੱਖ ਤਰ੍ਹਾਂ ਦੇ ਹਵਾਈ ਕਰਤੱਵ ਦਿਖਾਉਣ ਵਾਲੇ ਜਾਂਬਾਜ ਜਵਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਭਾਰਤੀ ਏਅਰ ਪੋਰਟ ਅਥਾਰਟੀ ਅਤੇ ਸਿਵਲ ਏਅਰ ਪੋਰਟ ਵਿਰਕ ਕਲਾਂ ਦੇ ਡਾਇਰੈਕਟਰ ਸ਼੍ਰੀ ਰਾਕੇਸ਼ ਰਾਵਤ, ਆਈਜੀ ਪੁਲਿਸ ਬਠਿੰਡਾ ਰੇਂਜ ਸ਼੍ਰੀ ਐਸਪੀਐਸ ਪਰਮਾਰ, ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਵਿਨੀਤ ਕੁਮਾਰ, ਜ਼ਿਲ੍ਹਾ ਪੁਲਿਸ ਮੁਖੀ ਸ. ਗੁਲਨੀਤ ਸਿੰਘ ਖੁਰਾਣਾ, ਜ਼ਿਲ੍ਹਾ ਪੁਲਿਸ ਮੁਖੀ ਵਿਜੀਲੈਂਸ ਸ. ਹਰਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪਲਵੀ ਚੌਧਰੀ, ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰਪੀ ਸਿੰਘ, ਸਿਖਲਾਈ ਅਧੀਨ ਆਈਏਐਸ ਮੈਡਮ ਮਾਨਸੀ, ਚੇਅਰਮੈਨ, ਜ਼ਿਲ੍ਹਾ ਯੋਜਨਾ ਕਮੇਟੀ ਸ਼੍ਰੀ ਅੰਮ੍ਰਿਤਲਾਲ ਅਗਰਵਾਲ, ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰ੍ਰੀਜ਼ ਡਿਵੈਲਪਮੈਂਟ ਬੋਰਡ ਸ੍ਰੀ ਨੀਲ ਗਰਗ, ਚੇਅਰਮੈਨ, ਸ਼ੂਗਰਫੈਡ ਪੰਜਾਬ ਸ੍ਰੀ ਨਵਦੀਪ ਜੀਦਾ, ਚੇਅਰਮੈਨ, ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਸ. ਇੰਦਰਜੀਤ ਸਿੰਘ ਮਾਨ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ, ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਪੰਕਜ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ. ਇੰਦਰਜੀਤ ਸਿੰਘ, ਕਾਰਜਕਾਰੀ ਇੰਜੀਨੀਅਰ ਬੀ ਐਂਡ ਆਰ ਸ਼੍ਰੀ ਆਯੂਸ਼, ਮੈਂਬਰ ਸਲਾਹਕਾਰ ਡਾ. ਗੁਰਚਰਨ ਸਿੰਘ ਵਿਰਕ ਕਲਾਂ, ਮੈਡਮ ਮਨਦੀਪ ਕੌਰ ਰਾਮਗੜ੍ਹੀਆ, ਪੁਲਿਸ ਤੇ ਸਿਵਲ ਪ੍ਰਸ਼ਾਸਨ ਅਤੇ ਏਅਰ ਫੋਰਸ ਦੇ ਅਧਿਕਾਰੀਆਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਆਮ ਲੋਕ ਤੇ ਵਿਦਿਆਰਥੀ ਆਦਿ ਹਾਜ਼ਰ ਸਨ।