ਪਾਣੀਆਂ ਦੇ ਹੜ੍ਹਾਂ ਤੋਂ ਬਾਅਦ ਇਨਸਾਨੀਅਤ ਦਾ ਹੜ੍ਹ
ਬਲਰਾਜ ਸਿੰਘ ਸਿੱਧੂ
ਪੰਨੀਵਾਲਾ ਫੱਤਾ
ਮਾਲਵਾ ਖਿੱਤੇ ਦੇ ਲੋਕਾਂ ਨੇ ਦਿਲ ਖੋਲ੍ਹ ਕੇ ਹੜ੍ਹ ਪੀੜ੍ਹਤਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ। ਪਿੰਡਾਂ ਵਿਚੋਂ ਨੌਜਵਾਨ ਹਰਾ ਚਾਰਾ, ਰਸਦ, ਖਾਣ ਪੀਣ ਦਾ ਹੋਰ ਸਮਾਨ ਅਤੇ ਪਾਣੀ ਲੈ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵੱਲ ਨਿਕਲ ਪਏ ਹਨ। ਪਿੰਡਾਂ ਵਿਚੋਂ ਰਸਦ ਇੱਕਠੀ ਕਰਦੇ ਇਹ ਲੋਕ ਕਿਸੇ ਫਰਸ਼ਤਿਆਂ ਤੋਂ ਘੱਟ ਨਹੀਂ ਜਾਪਦੇ। ਲੋਕਾਂ ਨੇ ਮਾਝੇ, ਦੁਆਬੇ ਅਤੇ ਪੁਆਧ ਵੱਲ ਵਹੀਰਾਂ ਘੱਤ ਲਈਆਂ ਹਨ। ਜਿਹੜੇ ਅਸਲ ਪੰਜਾਬ ਦੀ ਤਸਵੀਰ ਪੇਸ਼ ਕਰਨ ਲੱਗੇ ਹਨ। ਜਿੱਥੇ ਪੰਜਾਬ ਨਸ਼ਿਆਂ ਦੇ ਹੜ੍ਹਾਂ ਵਿਚ ਰੁੜਿਆ ਜਾ ਰਿਹਾ ਸੀ , ਕੁਦਰਤ ਦੇ ਇਕ ਫੁਰਨੇ ਨੇ ਉਨ੍ਹਾਂ ਪਿੰਡਾਂ ਦੀਆਂ ਸੱਥਾਂ ਵਿਚੋਂ ਹੀ ਮਦਦ ਦੇ ਹੋਕੇ ਦੇਣ ਲਾ ਦਿੱਤੇ ਨੇ ਲੋਕ, ਪੰਜਾਬ ਬੇਸ਼ੱਕ ਤਰਾਸਦੀ ਦੀ ਮਾਰ ਸਹਿ ਰਿਹਾ ਪਰ ਫਿਰ ਵੀ ਇਕ ਦੂਜੇ ਦੀ ਦੁਆ ਲਈ ਉਠਦੇ ਹੱਥ ਇੰਝ ਲੱਗਦੇ ਜਿਵੇਂ ਜਲਦ ਹੀ ਪੀੜ੍ਹਤਾਂ ਨੂੰ ਪੈਰਾਂ ਸਿਰ ਕਰ ਦੇਣਗੇ। ਹੜ੍ਹਾਂ ਦੀ ਤਰਾਸਦੀ ਵਿਚੋਂ ਜਿੱਥੇ ਲੋਕਾਂ ਨੇ ਡੁੱਬਦਿਆਂ ਦੀਆਂ ਜਾਨ ਤੇ ਖੇਡ ਕੇ ਜਾਨਾਂ ਬਚਾਈਆਂ ਨੇ ਉਥੇ ਹੀ ਹੁਣ ਤਰਾਸਦੀ ਦਾ ਸ਼ਿਕਾਰ ਹੋਏ ਲੋਕ ਅੱਜ ਤੱਕ ਸ਼ਾਇਦ ਹੀ ਭੁੱਖੇ ਸੁੱਤੇ ਹੋਣ। ਲੰਗਰ ਦੀਆਂ ਗੱਡੀਆਂ ਛੂਕਾਂ ਪੁੱਟਦੀਆਂ ਤਰਾਸਦੀ ਮਾਰੇ ਲੋਕਾਂ ਦੇ ਹੰਝੂ ਪੂੰਝਣ ਲਈ ਜਾ ਰਹੀਆਂ ਹਨ। ਬੇਸ਼ੱਕ ਕੁਦਰਤ ਨੇ ਪਾਣੀਆਂ ਨਾਲ ਹੜ੍ਹ ਲਿਆਂਦੇ ਪਰ ਇੱਥੋਂ ਹੀ ਹੁਣ ਇਨਸਾਨੀਅਤ ਦਾ ਹੜ੍ਰ ਵੀ ਉਸ ਰਫ਼ਤਾਰ ਨਾਲ ਹੀ ਵੱਗ ਰਿਹਾ। ਜਿਹੜਾ ਇਹ ਸਿੱਧ ਕਰਦਾ ਹੈ ਕਿ ਪੰਜਾਬ ਹਮੇਸ਼ਾਂ ਜਿਉਂਦਾ ਰਹੇਗਾ। ਬੇਸੱਕ ਇਹ ਕਿੰਨੀਆਂ ਵੀ ਤਰਾਸਦੀਆਂ ਦਾ ਸ਼ਿਕਾਰ ਕਿਉਂ ਨਾ ਹੋ ਜਾਵੇ। ਇਹ ਗੱਲ ਹੀ ਸਿੱਧ ਕਰਦੀ ਹੈ ਕਿ ਦਸਾਂ ਗੁਰੂਆਂ ਦੀ ਵਰਸੋਈ ਧਰਤੀ ਨੂੰ ਅੱਜ ਵੀ ਗੁਰੂਆਂ ਨੇ ਆਪਣੇ ਕਲਾਵੇ ਵਿਚ ਲਿਆ ਹੋਇਆ ਹੈ। ਨੁਕਸਾਨ ਦਾ ਅੰਦਾਜਾ ਤਾਂ ਹੁਣ ਉਪਰ ਵਾਲਾ ਹੀ ਲਾ ਸਕਦਾ ਹੈ। ਕਿਉਂ ਕਿ ਘਰਾਂ ਨੂੰ ਬਣਾਉਣ ਤੇ ਕਈ ਪਰਿਵਾਰਾਂ ਦੀਆਂ ਜ਼ਿੰਦਗੀਆਂ ਲੱਗ ਜਾਂਦੀਆਂ ਨੇ, ਫਿਰ ਕਿਤੇ ਜਾ ਕੇ ਬਣਦਾ ਰੈਣ ਬਸੇਰਾ, ਚੱਲੋ ਇਹ ਕੁਦਰਤ ਦਾ ਭਾਣਾ ਸੀ, ਮੰਨ ਲੈਂਦੇ ਨੇ ਪੰਜਾਬੀ, ਇਹ ਸਿਰੜੀ ਜੋ ਹੁੰਦੇ ਨੇ, ਪਰ ਹੁਣ ਮਾਲਵੇ ਪੱਟੀ ਦੇ ਕਿਸਾਨਾਂ ਦੇ ਹੱਥ ਦੁਆ ਤੋਂ ਬਾਅਦ ਹੁਣ ਮਦਦ ਲਈ ਵੀ ਉੱਠੇ ਹਨ। ਪੰਜਾਬ ਵਿਚ ਹੜ੍ਹਾਂ ਦੀ ਮਾਰ ਸਹਿ ਰਹੇ ਕਿਸਾਨਾਂ ਦੀ ਮਦਦ ਲਈ ਕਿਸਾਨ ਇਕ ਦੂਜੇ ਦੀ ਮਦਦ ਲਈ ਅੱਗੇ ਆਉਣ ਲੱਗੇ ਹਨ। ਮਾਲਵਾ ਖਿੱਤੇ ਦੇ ਜਿਹੜੇ ਜ਼ਿਲ੍ਹੇ ਹੜ੍ਹਾਂ ਦੀ ਮਾਰ ਤੋਂ ਬਚੇ ਉਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਆਪ ਮੁਹਾਰੇ ਹੀ ਮਦਦ ਲਈ ਹੱਥ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਇਹ ਹੀ ਸੱਚੀ ਇਨਸਾਨੀਅਤ ਹੁੰਦੀ ਹੈ। ਹੁਣ ਪਿੰਡਾਂ ਦੇ ਕਿਸਾਨ, ਮਜ਼ਦੂਰ ਵੀ ਇਸ ਕੰਮ ਵਿਚ ਜੁੱਟ ਗਏ ਹਨ ਕਿ ਉਹ ਸਾਰਾ ਕੁਝ ਗੁਆ ਚੁੱਕੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਬਾਂਹ ਫੜ੍ਹਨਗੇ।
ਹੁਣ ਤਸਵੀਰ ਇਕ ਦੂਜੇ ਨੂੰ ਬਾਂਹ ਫੜ੍ਹ ਕੇ ਨਾਲ ਰਲਾਉਣ ਦੀ ਵੀ ਪੇਸ਼ ਕੀਤੀ ਜਾ ਰਹੀ ਹੈ। ਖੇਤੀ ਪ੍ਰਧਾਨ ਸੂਬੇ ਵਿਚ ਲੰਘੇ ਪਾਣੀਆਂ ਤੋਂ ਬਾਅਦ ਇਕ ਦੂਜੇ ਦੇ ਘਰਾਂ ਤੋਂ ਬਾਅਦ ਖੇਤਾਂ ਦੀ ਸਾਰ ਲੈਣ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ।
ਮਾਲਵੇ ਵਿਚ ਪਨੀਰੀ ਬੀਜਣ ਦੀ ਸ਼ੁਰੂਆਤ , ਮੁਫ਼ਤ ਦੇਣਗੇ ਕਿਸਾਨ
ਇਸ ਵੇਲੇ ਬਾਸਮਤੀ ਝੋਨੇ ਦੀ ਬਿਜਾਈ ਦੇ ਸੀਜਨ ਦੀ ਸ਼ੁਰੂਆਤ ਹੋਣੀ ਸੀ। ਪਰ ਐਨ ਮੌਕੇ ਤੇ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ। ਹੁਣ ਪਿੰਡਾਂ ਦੇ ਕਿਸਾਨਾਂ ਨੇ ਮਦਦ ਲਈ ਅੱਗੇ ਆਉਣਾ ਸ਼ੁਰੂ ਕਰ ਦਿੱਤਾ ਹੈ। ਬੇਸ਼ੱਕ ਇਹ ਕੰਮ ਹੜ੍ਹਾਂ ਦੀ ਸ਼ੁਰੂਆਤ ਤੋਂ ਹੀ ਸ਼ੁਰੂ ਹੋ ਗਿਆ ਸੀ। ਪਰ ਫਿਰ ਵੀ ਹੁਣ ਇਹ ਕਾਂਵਰਾ ਅੱਗੇ ਵੱਧਦਾ ਜਾ ਰਿਹਾ ਹੈ। ਜਲਾਲਾਬਾਦ ਦੇ ਪਿੰਡ ਚੱਕ ਛੱਪੜੀ ਵਾਲਾ ਦੇ ਕਿਸਾਨਾਂ ਨੇ 3 ਏਕੜ ਵਿਚ 1692 ਅਤੇ 1509 ਬਾਸਮਤੀ ਦੀ ਬਿਜਾਈ ਕੀਤੀ ਹੈ। ਕਾਮਰੇਡ ਹੰਸ ਰਾਜ ਗੋਲਡਨ ਨੇ ਦੱਸਿਆ ਕਿ ਇਹ ਪਨੀਰੀ ਕਿਸਾਨਾਂ ਨੂੰ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ। ਇਹ ਪਨੀਰੀ 20 ਤੋਂ 25 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਨੀਰੀ ਲੈਣ ਆਉਣ ਵਾਲੇ ਕਿਸਾਨਾਂ ਨੂੰ ਲੰਗਰ ਵੀ ਛਕਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਪਨੀਰੀ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੀਜੀ ਜਾ ਰਹੀ ਹੈ। ਇਸ ਔਖੀ ਘੜੀ ਵਿਚ ਹੁਣ ਲੋਕ ਆਪਣੇ ਧਰਮਾਂ ਅਤੇ ਜਾਤਾਂ ਤੋਂ ਉਪਰ ਉਠ ਚੁੱਕੇ ਹਨ। ਅਮੀਨ