 |
photo ਲਛਮਣ ਦੋਸਤ |
ਜਿੱਥੇ ਮੈਂ ਆਬਾਦ ਹਾਂ, ਇੱਥੇ ਕਦੇ ਸਤਲੁਜ ਦਰਿਆ ਵਗਦਾ ਸੀ, ਮੈਂ ਪਲਿਆ ਤੇ ਜਵਾਨ ਹੋਇਆ, ਉਸ ਵਕਤ, ਮੇਰੀਆਂ ਸਰਹੱਦਾਂ ਬੀਕਾਨੇਰ, ਸਿਰਸਾ, ਮਮਦੋਟ ਤੇ ਬਹਾਵਲ ਨਗਰ ਨਾਲ ਲਗਦੀਆਂ ਸੀ, ਮਾਲੋਮਾਲ ਸੀ ਮੈਂ, ਫਿਰ 1947 ਦਾ ਵਕਤ ਆਇਆ-ਤੇ ਮਂੈ ਉੱਜੜ-ਪੁੱਜੜ ਗਿਆ, ਖ਼ੁਦ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ, ਪਰ ਦੁਬਲਾ-ਪਤਲਾ ਹੋ ਗਿਆ-ਨਹੀਂ ਤਾਂ ਮੇਰਾ ਸਫ਼ਰਨਾਮਾ ਬੜਾ ਖ਼ੂਬਸੂਰਤ ਸੀ-ਬੰਗਲੇ ਦਾ ਮਾਲਕ ਸੀ ਮੈਂ-ਫ਼ਾਜ਼ਿਲਕਾ ਬਣਿਆ-ਜ਼ਿਲ੍ਹੇ ਦਾ ਦਰਜਾ ਮਿਲਿਆ-ਥੱਕਦਾ ਹਾਰਦਾ ਚੱਲਦਾ ਰਿਹਾ ਮੈਂ, ਤੁਸੀਂ ਵੀ ਆਓ-ਰਾਹੋਂ-ਰਾਹੀ, ਝਾਤ ਮਾਰਦੇ ਚੱਲੀਏ, ਫ਼ਾਜ਼ਿਲਕਾ ਦੇ ਸਫ਼ਰਨਾਮੇ ’ਤੇ
 |
photo ਲਛਮਣ ਦੋਸਤ |
ਆਗਾਜ਼ ਉਸ ਵਕਤ ਤੋਂ ਕਰਦੇ ਆਂ, ਜਦੋਂ ਬੰਗਲਾ ਜਾਂ ਫ਼ਾਜ਼ਿਲਕਾ ਹੋਂਦ ’ਚ ਨਹੀਂ ਆਇਆ ਸੀ। ਦਰਿਆ ਸੀ ਪਹਿਲਾਂ, ਅੱਜ ਤਾਂ ਦਰਿਆ ਇਕ ਫਾਟ ਹੀ ਰਹਿ ਗਈ, ਨਹੀਂ ਤਾਂ ਕਿਸੇ ਵਕਤ ਦਰਿਆ ਦਾ ਇਕ ਕਿਨਾਰਾ ਅਬੋਹਰ ਲਾਗੇ ਸੀ, ਦਰਿਆ ਸੁੰਗੜਿਆ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ, ਪਿੰਡ ਹਰੀ ਪੁਰਾ ’ਚ, ਉਨ੍ਹਾਂ ਇੱਥੇ ਇਕ ਦੈਤ ਨੂੰ ਤਾਰਿਆ, ਸਦੀਆਂ ਗੁਜ਼ਰ ਗਈਆਂ ਦਰਿਆ ਸੁੰਗੜਦਾ ਹੋਇਆ ਫ਼ਾਜ਼ਿਲਕਾ ਦੇ ਵਾਣ ਬਾਜ਼ਾਰ ਤੱਕ ਪੁੱਜ ਗਿਆ।
 |
photo ਲਛਮਣ ਦੋਸਤ |
ਉਦੋਂ ਇਹ ਇਲਾਕਾ ਬਹਾਵਲ ਪੁਰ ਦੇ ਨਵਾਬ ਅੰਡਰ ਆ ਗਿਆ, ਇਸ ਇਲਾਕੇ ਦੇ ਇਕ ਪਾਸੇ ਨਵਾਬ ਮਮਦੋਟ ਦਾ ਕਬਜ਼ਾ ਤੇ ਦੂਜੇ ਪਾਸੇ ਨਵਾਬ ਬਹਾਵਲ ਪੁਰ ਦਾ। ਸਫ਼ਰ ਗੁਜ਼ਰਦਾ ਗਿਆ ਤੇ 19ਵੀਂ ਸਦੀ ਦੀ ਸ਼ੁਰੂਆਤ ਵਿਚ ਦਰਿਆ ਕਿਨਾਰੇ ਵੱਟੂ, ਚਿਸ਼ਤੀ, ਬੋਦਲਾ, ਡੋਗਰ ਸਮੇਤ ਕਈ ਹੋਰ ਕਬੀਲੇ ਆ ਕੇ ਆਬਾਦ ਹੋ ਗਏ, ਛੋਟੇ-ਛੋਟੇ 12 ਪਿੰਡ ਬਣ ਗਏ, 1808 ਦੀ ਗੱਲ ਐ ਉਦੋਂ ਗਵਾਲੀਅਰ ਦੇ ਮਹਾਰਾਜਾ ਦੌਲਤ ਰਾਓ ਸਿੰਧੀਆ ਇੱਥੇ ਆਏ ਸਨ, ਕੁੱਝ ਦਿਨ ਠਹਿਰੇ ਤੇ ਫਿਰ ਦਿੱਲੀ ਵੱਲ ਕੂਚ ਕਰ ਗਏ। ਕਈ ਸੁਲਤਾਨਾਂ ਦਾ ਇਹ ਇਲਾਕਾ ਰਾਹਗੁਜ਼ਰ ਵੀ ਰਿਹੈ, ਇਹ ਗੱਲ ਦਾ ਪਰੂਫ਼ ਐ ਕਿ ਫ਼ਾਜ਼ਿਲਕਾ ਤੇ ਅਬੋਹਰ ਦੇ ਇਲਾਕੇ ਵਿਚੋਂ ਦਿੱਲੀ ਦੇ ਸੁਲਤਾਨਾਂ ਦੇ ਸਿੱਕੇ ਮਿਲ ਚੁੱਕੇ ਨੇ। ਵੈਸੇ ਬਹਾਵਲਪੁਰ, ਬੀਕਾਨੇਰ, ਫ਼ਰੀਦਕੋਟ ਅਤੇ ਮਮਦੋਟ ਦੇ ਵਿਚਕਾਰ ਸੀ ਪਰਗਣਾ ਬਹਿਕ। ਉਨ੍ਹਾਂ ਤੇ ਨਜ਼ਰ ਰੱਖਣ ਵਾਸਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਦਰਿਆ ਦੇ ਉਰਾਰ ਵੱਲ ਹਮਲਾ ਕੀਤਾ ਤਾਂ ਪਰਗਣਾ ਬਹਿਕ ਨੇ ਅਧੀਨਤਾ ਮੰਨ ਕੇ ਇਸ ਇਲਾਕੇ ਨੂੰ ਲਾਹੌਰ ਸਰਕਾਰ ਦਾ ਹਿੱਸਾ ਮੰਨ ਲਿਆ।
 |
photo ਲਛਮਣ ਦੋਸਤ |
<
p> ਬਾਅਦ ਵਿਚ ਝੰਬਾ ਤੋਂ ਆਏ ਦਲ ਸਿੰਘ ਦੇ ਪੁੱਤਰ ਭਾਈ ਸ਼ੇਰ ਸਿੰਘ ਨੇ ਕੋਟਕਪੂਰਾ ਦੇ ਮਹਾਰਾਜਾ ਨਾਲ ਮਿਲ ਕੇ ਬਹਿਕ ਵਿਚ ਲੁੱਟਮਾਰ ਕੀਤੀ ਤੇ ਲੁੱਟਿਆ ਮਾਲ ਸਹਿਯੋਗੀ ਦਲਾਂ ਵਿਚ ਵੰਡ ਦਿੱਤਾ। ਫਿਰ ਪੰਜਾਬ ’ਚ ਬਰਤਾਨੀਆ ਹਕੂਮਤ ਆ ਗਈ, ਉਨ੍ਹਾਂ ਬਹਾਵਲਪੁਰ ਦੇ ਨਵਾਬ ਤੋਂ ਜ਼ਮੀਨ ਦਾ ਬਦਲਾਅ ਕੀਤਾ, ਸਿੰਧ ਸੂਬੇ ’ਚ ਜ਼ਮੀਨ ਦਿੱਤੀ ਤੇ ਇੱਥੇ ਜ਼ਮੀਨ ਲੈ ਲਈ। ਪੰਜਾਬ ਦੀਆਂ ਵੈਟ ਲੈਂਡ ਵਿਚੋਂ ਮਸ਼ਹੂਰ ਹਾਰਸ਼ ਸ਼ੂ ਲੇਕ ਕਿਨਾਰੇ ਬੰਗਲਾ ਬਣਾਇਆ ਗਿਆ, ਜਦੋਂ ਬੰਗਲਾ ਬਣ ਰਿਹਾ ਸੀ ਤਾਂ ਉਦੋਂ ਬਰਤਾਨੀਆ ਹਕੂਮਤ ਦੇ ਸੈਟਲਮੈਂਟ ਅਧਿਕਾਰੀ ਜੇ.ਐੱਚ.ਓਲੀਵਰ ਵੀ ਇੱਥੇ ਆਏ ਸਨ। ਫਿਰ 1844 ਵਿਚ ਬੰਗਲਾ ਤਿਆਰ ਹੋਇਆ ਤੇ ਪਹਿਲਾ ਅਫ਼ਸਰ 22 ਸਾਲ ਦਾ ਪੈਟਰਿਕ ਅਲੈਗਜੰਡਰ ਵਨਸ ਐਗਨਿਊ ਤਾਇਨਾਤ ਕੀਤਾ ਗਿਆ। ਉਦੋਂ ਇਸ ਇਲਾਕੇ ਦੀ ਸਰਹੱਦ ਮਮਦੋਟ, ਬੀਕਾਨੇਰ, ਸਿਰਸਾ ਤੇ ਬਹਾਵਲਪੁਰ ਤੱਕ ਸੀ ਤੇ ਲੋਕ ਦੂਰਦੁਰਾਜ਼ ਦੇ ਖੇਤਰ ਤੋਂ ਇੱਥੇ ਨਿਆਂ ਲੈਣ ਲਈ ਆਉਂਦੇ ਸਨ, ਇਹੀ ਕਾਰਨ ਹੈ ਕਿ ਪੰਜਾਬ ਦੇ ਵਿਚ ਇਹ ਬੰਗਲਾ ਜਲਦੀ ਮਸ਼ਹੂਰ ਹੋ ਗਿਆ। ਫਿਰ 1846 ਵਿਚ ਜ਼ਿਲ੍ਹਾ ਸਿਰਸਾ ਦੇ ਕੈਪਟਨ ਜੇ.ਐੱਚ.ਓਲੀਵਰ ਨੂੰ ਤਾਇਨਾਤ ਕੀਤਾ ਗਿਆ। ਇੱਥੇ ਸ਼ਹਿਰ ਆਬਾਦ ਕਰਨ ਲਈ ਈਸਟ ਇੰਡੀਆ ਕੰਪਨੀ ਨੇ ਵੱਟੂ ਜਾਤ ਦੇ ਮੁਸਲਿਮ ਮੁਖੀ ਮੀਆਂ ਫ਼ਜ਼ਲ ਖ਼ਾਂ ਵੱਟੂ ਤੋਂ ਸਾਢੇ 32 ਏਕੜ ਜ਼ਮੀਨ ਕੇਵਲ 144 ਰੁਪਏ 8 ਆਨੇ ਵਿਚ ਖ਼ਰੀਦੀ ਸੀ, ਪਰ ਮੀਆਂ ਫ਼ਜ਼ਲ ਖ਼ਾਂ ਵੱਟੂ ਦੀ ਸ਼ਰਤ ਸੀ ਕਿ ਇੱਥੇ ਜਿਹੜਾ ਸ਼ਹਿਰ ਆਬਾਦ ਕੀਤਾ ਜਾਵੇ, ਉਹਦਾ ਨਾਂਅ ਮੇਰੇ ਨਾਂਅ ਤੇ ਰੱਖਿਆ ਜਾਵੇ।
 |
photo ਲਛਮਣ ਦੋਸਤ |
ਉਸ ਤੋਂ ਬਾਅਦ ਇਸ ਇਲਾਕੇ ਨੂੰ ਫ਼ਾਜ਼ਿਲਕੀ ਕਿਹਾ ਜਾਣ ਲੱਗਾ। ਸ਼ਹਿਰ ਦਾ ਦਾਇਰਾ ਵੱਡਾ ਕਰਨ ਲਈ 1862 ਵਿਚ ਬਰਤਾਨੀਆ ਅਧਿਕਾਰੀਆਂ ਨੇ ਸੁਲਤਾਨਪੁਰਾ, ਪੈਂਚਾਵਾਲੀ, ਖਿਓਵਾਲੀ, ਕੇਰੂ ਵਾਲਾ ਤੇ ਬਨਵਾਲਾ ਰਕਬੇ ਦੀ 2165 ਬਿਘਾ ਜ਼ਮੀਨ ਹੋਰ ਖ਼ਰੀਦ ਕੀਤੀ। ਇਹਦਾ ਮੁੱਲ 1301 ਰੁਪਏ ਸੀਗਾ। 7 ਅਗਸਤ 1867 ਨੂੰ ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਨੰਬਰ 1034 ਤਹਿਤ ਫ਼ਾਜ਼ਿਲਕਾ ਦੀ ਸਰਹੱਦੀ ਤੈਅ ਕੀਤੀ ਗਈ। ਪਹਿਲਾਂ ਇਹ ਜ਼ਿਲ੍ਹਾ ਫ਼ਾਜ਼ਿਲਕਾ ਦੀ ਤਹਿਸੀਲ ਸੀ ਤੇ 1884 ਵਿਚ ਇਸ ਨੂੰ ਫ਼ਿਰੋਜ਼ਪੁਰ ਨਾਲ ਜੋੜ ਦਿੱਤਾ ਗਿਆ। ਫ਼ਾਜ਼ਿਲਕਾ ਵਿਚ ਨੈਸ਼ਨਲ ਹਾਈਵੇ ਨੰਬਰ 10 ਐ, ਜਿਹੜੀ ਪੁਰਾਣੇ ਵਕਤ ਦਿੱਲੀ ਤੋਂ ਮੁਲਤਾਨ ਤੱਕ ਜਾਂਦੀ ਸੀ ਤੇ ਹੁਣ ਸਾਦਕੀ ਬਾਰਡਰ ਤੱਕ ਐ। ਨੈਸ਼ਨਲ ਹਾਈਵੇ ਨੰਬਰ 7 ਵੀ ਐ। ਇੱਥੇ ਪੈੜੀਵਾਲ, ਅਰੋੜਵੰਸ਼, ਅਗਰਵਾਲ, ਮਾਰਵਾੜੀ ਬਿਰਾਦਰੀ ਦੇ ਲੋਕਾਂ ਨੇ ਵਪਾਰ ਸ਼ੁਰੂ ਕਰ ਦਿੱਤਾ। 1898 ਵਿਚ ਰੇਲਵੇ ਸਟੇਸ਼ਨ ਬਣਿਆ ਤੇ 1905 ਵਿਚ ਇੱਥੋਂ ਰੇਲ ਗੱਡੀ ਅਮਰੂਕਾ, ਸਮਾਸਟਾ ਤੋਂ ਹੁੰਦੀ ਹੋਈ ਕਰਾਈ ਤੱਕ ਪੁੱਜ ਗਈ-ਉੱਨ ਦਾ ਵਪਾਰ ਚੱਲ ਨਿਕਲਿਆ ਤੇ ਹੋਲੀ ਹੋਲੀ
 |
photo ਲਛਮਣ ਦੋਸਤ , |
ਫ਼ਾਜ਼ਿਲਕਾ ਏਸ਼ੀਆ ਦੀ ਮਸ਼ਹੂਰ ਉੱਨ ਮੰਡੀ ਬਣ ਗਈ। ਉਲੀਵਰ ਗਾਰਡਨ ਬਣ ਗਿਆ, 1905 ਵਿਚ ਡੇਨ ਹਸਪਤਾਲ ਵੀ ਬਣ ਗਿਆ। ਵਿਚ ਰਘੂਵਰ ਭਵਨ ਬਣਿਆ, ਤੇ 1914 ਵਿਚ ਬਣ ਗਈ ਗੋਲੀ ਕੋਠੀ, 1938 ਵਿਚ ਬੰਗਲੇ ਨੇੜੇ ਚਰਚ ਬਣੀ, ਇਨ੍ਹਾਂ ਦੇ ਵਿਚਕਾਰੋਂ ਭਾਰਤ ਦੇ ਸਭ ਤੋਂ ਲੰਬੀ ਤੇ ਚੌੜੀ ਸੜਕ ਨਿਕਲਦੀ ਸੀ ਨਰੇਲ ਤੋਂ ਫ਼ਾਜ਼ਿਲਕਾ, ਅੱਗੇ ਮੌਜਮ ਕੋਲ ਦਰਿਆ ਤੇ ਫਿਰ ਉਹੀ ਸੜਕ ਓਕਾੜਾ ਤੱਕ ਜਾਂਦੀ ਸੀ। 1852 ਵਿਚ ਇੱਥੇ ਥਾਣਾ ਬਣਾਇਆ ਗਿਆ ਤੇ 1939 ਵਿਚ ਬਣਾਇਆ ਗਿਆ ਖ਼ੂਬਸੂਰਤ ਘੰਟਾ ਘਰ-ਜਿਹਦੀ ਫ਼ੋਟੋ ਪੰਜਾਬ ਵਿਧਾਨ ਸਭਾ ਦੀ ਆਰਟ ਗੈਲਰੀ ਵਿਚ ਸਜਾਈ ਗਈ ਐ। ਹੁਣ ਤਾਲੀਮ ਵਾਲੇ ਚੱਲਦੇ ਆਂ, ਸਭ ਤੋਂ ਪਹਿਲਾਂ ਇਸ ਖੇਤਰ ਦੇ ਪਿੰਡ ਰੱਤਾ ਖੇੜਾ ’ਚ ਇੰਗਲਿਸ਼ ਮੀਡੀਅਮ ਸਕੂਲ ਬਣਿਆ, ਇਸਲਾਮੀਆ ਸਕੂਲ, 1881 ਵਿਚ ਵਰਨੈਕੂਲਰ ਪ੍ਰਾਇਮਰੀ ਸਕੂਲ, ਕਮੇਟੀਆ ਸਕੂਲ, ਇਸਲਾਮੀਆ ਸਕੂਲ, ਆਰੀਆ ਪੁੱਤਰੀ ਪਾਠਸ਼ਾਲਾ, ਹਿੰਦੀ ਭਾਸ਼ਾ ਸਕੂਲ, ਸੰਸਕ੍ਰਿਤ ਕਾਲਜ ਤੇ ਕਈ ਹੋਰ ਸਕੂਲ ਬਣੇ, 1940 ਵਿਚ ਸਰਕਾਰੀ ਐਮ.ਆਰ. ਕਾਲਜ ਬਣਾਇਆ ਗਿਆ। ਦੂਰਦਰਾਜ ਦੇ ਖੇਤਰ ਤੋਂ ਨੌਜਵਾਨਾਂ ਨੇ ਇੱਥੋਂ ਤਾਲੀਮ ਹਾਸਿਲ ਕੀਤੀ।
ਅਗਰ ਸਿਆਸਤ ਵੱਲ ਝਾਤ ਮਾਰੀਏ ਤਾਂ ਪੰਜਾਬ ਵਿਚ ਪਹਿਲੀ ਵਾਰ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਫ਼ਾਜ਼ਿਲਕਾ ਐਡਵੋਕੇਟ ਅਕਬਰ ਅਲੀ ਪੀਰ ਐਮ.ਐਲ.ਏ. ਬਣੇ ਤੇ 1945 ਵਿਚ ਐਮ.ਐਲ.ਏ. ਬਣੇ ਮੀਆਂ ਬਾਘ ਅਲੀ ਸੁਖੇਰਾ, ਮੁਲਕ ਦੀ ਆਜ਼ਾਦੀ ਤੋਂ ਬਾਅਦ ਚੌਧਰੀ ਵਧਾਵਾ ਰਾਮ ਫ਼ਾਜ਼ਿਲਕਾ ਦੇ ਪਹਿਲੇ ਐਮ.ਐਲ.ਏ. ਬਣੇ, ਜਦੋਂ ਉਹ ਐਮ.ਐਲ.ਏ. ਚੁਣੇ ਗਏ, ਉਦੋਂ ਉਹ ਜੇਲ੍ਹ ਵਿਚ ਬੰਦ ਸਨ। ਉਨ੍ਹਾਂ ਤੋਂ ਬਾਅਦ ਚੌਧਰੀ ਰਾਧਾ ਕ੍ਰਿਸ਼ਨ 4 ਵਾਰ, ਚੌ. ਕਾਂਸ਼ੀ ਰਾਮ ਤੇ ਸੁਰਜੀਤ ਕੁਮਾਰ ਜਿਆਣੀ 3-3 ਵਾਰ, ਡਾ. ਮਹਿੰਦਰ ਕੁਮਾਰ ਰਿਣਵਾ 2 ਵਾਰ ਐਮ.ਐਲ.ਏ. ਬਣ ਚੁੱਕੇ ਨੇ, ਅਗਰ 2022 ਤੱਕ ਦੀ ਗੱਲ ਕਰੀਏ ਤਾਂ ਚੌਧਰੀ ਸਤਦੇਵ, ਦਵਿੰਦਰ ਸਿੰਘ ਘੁਬਾਇਆ ਤੇ ਨਰਿੰਦਰ ਪਾਲ ਸਿੰਘ ਸਵਨਾ ਇਕ ਇਕ ਵਾਰ ਐਮਐਲਏ. ਬਣ ਚੁੱਕੇ ਹਨ। ਨਗਰ ਕੌਂਸਲ ਵੱਲ ਝਾਤ ਮਾਰੀਏ ਤਾਂ ਫ਼ਾਜ਼ਿਲਕਾ ਨਗਰ ਕੌਂਸਲ 10 ਦਸੰਬਰ 1885 ਨੂੰ ਹੋਂਦ ਵਿਚ ਆਈ। ਫ਼ਾਜ਼ਿਲਕਾ ਦੇ ਪਹਿਲੇ ਐੱਸ.ਡੀ.ਐਮ. ਆਰ.ਐੱਸ.ਤਿਲੋਕ ਚੰਦ 1913 ਵਿਚ ਤਾਇਨਾਤ ਹੋਏ। ਇਸ ਵਕਤ ਸ਼ਹਿਰ ਵਿਚ ਟੋਟਲ 25 ਵਾਰਡ ਹਨ। ਫ਼ਾਜ਼ਿਲਕਾ ਤਹਿਸੀਲ ਦੇ 148 ਪਿੰਡ ਨੇ।
ਮਸ਼ਹੂਰ ਵੀ ਬਹੁਤ ਕੁੱਝ ਐ ਇੱਥੇ, ਤੋਸ਼ਾ, ਜੁੱਤੀ, ਵੰਗਾ, ਵੈਸੇ ਵੰਡ ਤੋਂ ਪਹਿਲਾਂ, ਉੱਨ, ਵਾਣ, ਮੱਛੀ, ਦਾਤਰੀ ਤੇ ਹੋਰ ਵੀ ਬਹੁਤ ਕੁੱਝ, 27 ਜੁਲਾਈ 2011 ਨੂੰ ਫ਼ਾਜ਼ਿਲਕਾ ਨੂੰ ਜ਼ਿਲ੍ਹਾ ਬਣਿਆ ਗਿਆ, ਅਗਰ ਦੇਖਣਯੋਗ ਥਾਵਾਂ ਦੀ ਗੱਲ ਕਰੀਏ ਤਾਂ ਰਘੁਵਰ ਭਵਨ, ਗੋਲ ਕੋਠੀ ਤੇ ਬੰਗਲਾ ਹੈਰੀਟੇਜ ਦਾ ਦਰਜਾ ਪ੍ਰਾਪਤ ਹਨ ਤੇ ਸਾਦਕੀ ਬਾਰਡਰ, ਸ਼ਹੀਦਾਂ ਦੀ ਸਮਾਧ ਆਸਫਵਾਲਾ, ਘੰਟਾ ਘਰ, ਡੇਨ ਹਸਪਤਾਲ, ਘਾਹ ਮੰਡੀ, ਪੁਰਾਣੀ ਮਾਰਕੀਟ ਕਮੇਟੀ, ਪੁਰਾਣੀਆਂ ਹਵੇਲੀਆਂ, ਸਰਕਾਰੀ ਕਾਲਜ, ਕਈ ਸਕੂਲ, ਪਾਰਕ ਤੇ ਹੋਰ ਵੀ ਬਹੁਤ ਕੁੱਝ- ਇਹ ਵੀ ਦੱਸ ਦਿਆਂ ਕਿ ਵੰਡ ਨੇ ਤਾਂ ਬੰਗਲਾ ਫ਼ਾਜ਼ਿਲਕਾ ਨੂੂੰ ਖੇਰੂੰ ਖੇਰੂੰ ਕੀਤੈ, ਦਿੱਲੀ ਤੋਂ ਮੁਲਤਾਨ, ਅਬੋਹਰ ਫ਼ਾਜ਼ਿਲਕਾ, ਮਲੋਟ ਫ਼ਾਜ਼ਿਲਕਾ ਤੇ ਸ਼ਹਿਰ ਦੇ ਕਈ ਬਾਜ਼ਾਰਾਂ ਵਿਚ ਕਤਲੋਂਗੈਰਤ, ਲਾਸ਼ਾਂ ਦੇ ਢੇਰ ਤੇ ਚੀਖ਼ ਚਿਹਾੜਾ, ਅਗਰ ਉਹ ਦੌਰ ਨਾ ਆਉਂਦਾ ਤਾਂ ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਫ਼ਾਜ਼ਿਲਕਾ ਮੁਲਕ ਦਾ ਮਾਨਚੈਸਟਰ ਹੁੰਦਾ, ਫਿਰ ਵੀ ਫ਼ਾਜ਼ਿਲਕਾ ਨੂੰ ਮਾਨਚੈਸਟਰ ਦਾ ਦਰਜਾ ਮਿਲ ਸਕਦੈ, ਅਗਰ ਦੋਵੇਂ ਦੇਸ਼ਾਂ ਦੀਆਂ ਹਕੂਮਤਾਂ ਨਜ਼ਰਸਾਨੀ ਕਰਨ, ਵਪਾਰ ਲਈ ਸਾਦਕੀ ਬਾਰਡਰ ਖੋਲਿ੍ਹਆ ਜਾ ਸਕਦਾ ਹੈ, ਇੰਡੀਆ ਤੋਂ ਪਾਕਿਸਤਾਨ ਤੇ ਪਾਕਿਸਤਾਨ ਤੋਂ ਇੰਡੀਆ ਤਕੜਾ ਵਪਾਰ ਹੋ ਸਕਦੈ, ਰੇਲਵੇ ਲਾਈਨ ਨੂੰ ਦੁਬਾਰਾ ਜੋੜਿਆ ਜਾ ਸਕਦੈ, ਸਿਰਫ਼ 15-20 ਕਿੱਲੋਮੀਟਰ ਦਾ ਫ਼ਾਸਲਾ ਐ, ਪਾਕਿਸਤਾਨ ਦੇ ਰੇਲਵੇ ਸਟੇਸ਼ਨ ਅਮਰੂਕਾ ਤੱਕ, ਤੁਰਕਮੈਕਿਸਤਾਨ, ਅਫ਼ਗਾਨਿਸਤਾਨ, ਪਾਕਿਸਤਾਨ ਤੋਂ ਇੰਡੀਆ ਤੱਕ, ਗੈਸ ਪਾਈਪ ਲਾਈਨ ਦਾ ਕੰਮ ਹੌਲੀ ਹੌਲੀ ਚੱਲ ਰਿਹੇ, ਇਹਦੇ ਵਿਚ ਤੇਜ਼ੀ ਲਿਆ ਕੇ। ਸਿੱਖਿਆ ਖੇਤਰ ਵਿਚ ਹੱਬ ਬਣਾ ਕੇ, ਉਦਯੋਗ ਲਿਆ ਕੇ, ਅਗਰ ਹੁਕਮਰਾਨਾਂ ਨੇ ਇਹਦੇ ਵੱਲ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਫ਼ਾਜ਼ਿਲਕਾ ਟੁੱਟਦਾ ਜਾਵੇਗਾ, ਉੱਜੜਦਾ ਜਾਵੇ ਤੇ ਵਿਖਰਦਾ ਜਾਵੇਗਾ।