Feb 1, 2023

ਜੇ ਕੁਝ ਵੱਡਾ ਕਰਨਾ ਹੈ ਤਾਂ ਆਰਾਮ ਦਾ ਤਿਆਗ ਕਰਕੇ ਮਿਹਨਤ ਕਰੋ—ਸੰਦੀਪ ਕੁਮਾਰ

 ਸਿੱਖੋ ਅਤੇ ਵਧੋ




—ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਫਾਜਿਲਕਾ ਦੇ ਵਿਦਿਆਰਥੀਆਂ ਨੂੰ ਦਿੱਤੇ ਸਫਲਤਾ ਦੇ ਸੂਤਰ
 ਫਾਜਿਲ਼ਕਾ,  1 ਫਰਵਰੀ:
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੂੱਗਲ ਆਈਏਐਸ ਦੀ ਪਹਿਲ ਕਦਮੀ ਨਾਲ ਸੁਰੂ ਕੀਤੇ ਲਰਨ ਐਂਡ ਗ੍ਰੋਅ (ਸਿੱਖੋ ਅਤੇ ਵਧੋ) ਪ੍ਰੋਗਰਾਮ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ ਆਈਏਐਸ ਨੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਫਾਜਿ਼ਲਕਾ (ਲੜਕੇ) ਵਿਖੇ ਵਿਦਿਆਰਥੀਆਂ ਦੀ ਕਲਾਸ ਲਈ। ਉਨ੍ਹਾਂ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਸਫਲਤਾ ਦੇ ਸੂਤਰ ਸਾਂਝੇ ਕਰਦਿਆਂ ਕਿਹਾ ਕਿ ਜ਼ੇਕਰ ਜਿੰਦਗੀ ਵਿਚ ਕੁਝ ਵੱਡਾ ਕਰਨਾ ਹੈ ਤਾਂ ਆਰਾਮ ਦਾ ਤਿਆਗ ਕਰਕੇ ਮਿਹਨਤ ਕਰਨ ਦਾ ਸੰਕਲਪ ਲਵੋ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਾਹਰੀ ਪ੍ਰੇਰਣਾਵਾਂ ਦੇ ਨਾਲ ਨਾਲ ਸਫਲਤਾ ਲਈ ਆਪਣੇ ਅੰਦਰ ਦੀ ਪ੍ਰਰੇਣਾ ਨੂੰ ਜਾਗਰਿਤ ਕਰਨ। ਉਨ੍ਹਾਂ ਨੇ ਕਿਹਾ ਕਿ ਹਰ ਮਨੁੱਖ ਵਿਚ ਕੁਝ ਵੀ ਪ੍ਰਾਪਤ ਕਰਨ ਦੀ ਕਾਬਲੀਅਤ ਛੁਪੀ ਹੁੰਦੀ ਹੈ, ਇਸ ਕਾਬਲੀਅਤ ਨੂੰ ਮਿਹਨਤ ਅਤੇ ਆਪਣੀ ਊਰਜਾ ਦੇ ਸਹੀ ਇਸਤੇਮਾਲ ਰਾਹੀਂ ਉਜਾਗਰ ਕਰਕੇ ਅਸੀਂ ਸਫਲਤਾ ਦੀਆਂ ਉਚਾਇਆਂ ਨੂੰ ਨਾਪ ਸਕਦੇ ਹਾਂ।
ਸ੍ਰੀ ਸੰਦੀਪ ਕੁਮਾਰ ਨੇ ਬੱਚਿਆਂ ਨਾਲ ਆਪਣੇ ਆਈਏਐਸ ਬਣਨ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਜਿੰਦਗੀ ਵਿਚ ਸਫਲਤਾ ਲਈ ਸਮੇਂ ਦੀ ਪਾਬੰਦੀ, ਅਨੁਸ਼ਾਸਨ, ਪ੍ਰੇਰਣਾ, ਉਰਜਾਵਾਨ ਹੋਣਾ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਆਪਣੀਆਂ ਵਿਲੱਖਣ ਪ੍ਰਤੀਭਾਵਾਂ ਨੂੰ ਵਿਕਸਤ ਕਰੋ।
ਉਨ੍ਹਾਂ ਨੇ ਕਿਹਾ ਕਿ ਮਨੁੱਖ ਜ਼ੇਕਰ ਆਪਣੀਆਂ ਕਮੀਆਂ ਦੀ ਪਹਿਚਾਣ ਕਰ ਲਵੇ ਅਤੇ ਫਿਰ ਉਨ੍ਹਾਂ ਕਮਿਆਂ ਨੂੰ ਦੂਰ ਕਰਨ ਲਈ ਦ੍ਰਿੜਤਾ ਨਾਲ ਕੰਮ ਕਰੇ ਤਾਂ ਹਰੇਕ ਮੰਜਿਲ ਨੇੜੇ ਹੋ ਜਾਂਦੀ ਹੈ। ਇਸ ਮੌਕੇ ਵਿਦਿਆਰਥੀਆਂ ਨੇ ਵੀ ਪੂਰੀ ਖੁੱਲਦਿਲੀ ਨਾਲ ਇਸ ਸੰਵਾਦ ਵਿਚ ਭਾਗ ਲਿਆ ਅਤੇ ਇਸ ਸੈਸ਼ਨ ਦੌਰਾਨ ਉਨ੍ਹਾਂ ਨੇ ਆਪਣੇ ਮਨ ਦੀਆਂ ਗੱਲਾਂ ਵਧੀਕ ਡਿਪਟੀ ਕਮਿਸ਼ਨਰ ਨਾਲ ਕੀਤੀਆਂ।
ਵਧੀਕ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਮੋਬਾਇਲ ਅਤੇ ਇੰਟਰਨੈਟ ਗਿਆਨ ਦਾ ਇਕ ਉੱਤਮ ਸ਼ੋ੍ਰਤ ਸਾਬਿਤ ਹੋ ਸਕਦਾ ਹੈ ਜ਼ੇਕਰ ਇਸਦੀ ਸੁਯੋਗ ਵਰਤੋਂ ਕੀਤੀ ਜਾਵੇ।
ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਡਿਪਟੀ ਜਿ਼ਲ੍ਹਾ ਸਿੱਖਿਆ ਅਫ਼ਸਰ ਸ੍ਰੀ ਪੰਕਜ ਅੰਗੀ, ਸਕੂਲ ਦੇ ਪ੍ਰਿੰਸੀਪਲ ਸ੍ਰੀ ਪ੍ਰਦੀਗ ਖਨਗਵਾਲ ਤੇ ਸਕੂਲ ਸਟਾਫ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਡੀਟੀਸੀ ਸ੍ਰੀ ਅਸੀਮ ਨਾਰੰਗ, ਸੇਵਾ ਕੇਂਦਰਾਂ ਦੇ ਜਿ਼ਲ੍ਹਾ ਇੰਚਾਰਜ, ਸ੍ਰੀ ਗਗਨਦੀਪ ਸਿੰਘ ਵੀ ਹਾਜਰ ਸਨ।

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 3 ਫਰਵਰੀ ਨੂੰ ਲਗਾਇਆ ਜਾਵੇਗਾ ਆਨਲਾਈਨ ਵੈਬੀਨਾਰ

 

ਫਾਜ਼ਿਲਕਾ 01 ਫਰਵਰੀ
ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਰੋਜ਼ਗਾਰ ਦੇ ਉਪਰਾਲੇ ਮੁਹੱਈਆ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਖਵਾਇਸ਼ਾ ਦੀ ਉਡਾਨ ਪ੍ਰੋਗਰਾਮ ਤਹਿਤ 3 ਫਰਵਰੀ ਨੂੰ ਸਵੇਰੇ 11 ਵਜੇ ਦਿਨ ਸ਼ੁਕਰਵਾਰ ਨੂੰ ਆਨਲਾਈਨ ਵੈਬੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਪਲੇਸਮੈਂਟ ਅਫਸਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਰਾਜ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਆਨਲਾਈਨ ਵੈਬੀਨਾਰ ਵਿੱਚ ਮੈਡਮ ਅਮਨਦੀਪ ਕੌਰ ਅਤੇ ਡਾ. ਪਰਵਿੰਦਰ ਕੌਰ ਪ੍ਰੋਜੈਕਟ ਕੁਆਰਡੀਨੇਟਰ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਵੱਲੋਂ ਸਕਿਲ ਤੇ ਰੋਜਗਾਰ ਦੇ ਵਿਸ਼ੇ ਉੱਤੇ ਪ੍ਰਾਰਥੀਆਂ ਨੂੰ ਗਾਈਡ ਕੀਤਾ ਜਾਵੇਗਾ ਤਾਂ ਜੋ ਮਾਹਰਾਂ ਤੋਂ ਇਸ ਉਕਤ ਵਿਸ਼ਿਆਂ ਸਬੰਧੀ ਭਰਪੂਰ ਜਾਣਕਾਰੀ ਲੈਣ ਉਪਰੰਤ ਸਵੈ-ਰੋਜਗਾਰ ਤੇ ਰੋਜ਼ਗਾਰ ਵੱਲ ਵੱਧ ਸਕਣ।
ਉਨ੍ਹਾਂ ਦੱਸਿਆ ਕਿ ਇਸ ਵੈਬੀਨਾਰ ਵਿੱਚ ਘੱਟੋ-ਘੱਟ ਦਸਵੀਂ ਪਾਸ ਵਿਦਿਆਰਥੀ ਬਿਊਰੋ ਵਿੱਚ ਪਹੁੰਚ ਕੇ ਹਿੱਸਾ ਲੈ ਸਕਦੇ ਹਨ। ਉਨ੍ਹਾਂ ਜਿਲ੍ਹਾ ਫਾਜ਼ਿਲਕਾ ਦੇ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਜੋ ਚਾਹਵਾਨ ਪ੍ਰਾਰਥੀ ਇਸ ਆਨਲਾਈਨ  ਵੈਬੀਨਾਰ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ,  ਉਹ ਰੋਜਗਾਰ ਵਿਭਾਗ ਵਿਖੇ ਪਹੁੰਚ ਕਰ ਸਕਦੇ ਹਨ ਅਤੇ ਫੇਸਬੁੱਕ ਲਾਈਵ ਲਿੰਕ https://fb.me/e/3jx3C2VFE  ਤੇ ਘਰ ਬੈਠੇ ਵੀ ਹਿੱਸਾ ਲੈ ਸਕਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਜਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਾਜ਼ਿਲਕਾ, ਕਮਰਾ ਨੰ. 502 ਏ-ਬਲਾਕ, ਚੌਥੀ ਮੰਜਿਲ, ਡੀ.ਸੀ. ਕੰਪਲੈਕਸ ਫਾਜ਼ਿਲਕਾ ਜਾਂ ਹੈਲਪਲਾਈਨ ਨੰਬਰ 89060-22220 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਦਿਵਿਆਂਗਜ਼ਨ ਬੱਚਿਆਂ ਦੀ ਸ਼ਨਾਖਤ ਅਤੇ ਜਾਂਚ ਲਈ ਵਿਸ਼ੇਸ਼ ਮੈਡੀਕਲ ਕੈਂਪ 1 ਫਰਵਰੀ ਤੋਂ 3 ਫਰਵਰੀ 2023 ਤੱਕ


ਸਰਕਾਰੀ ਪ੍ਰਾਇਮਰੀ ਸਕੂਲ ਅਬੋਹਰ, ਸਰਕਾਰੀ ਪ੍ਰਾਇਮਰੀ ਸਕੂਲ ਜਲਾਲਾਬਾਦ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਫਾਜ਼ਿਲਕਾ ਵਿਖੇ ਲੱਗਣਗੇ ਵਿਸ਼ੇਸ਼ ਮੈਡੀਕਲ ਕੈਂਪ

ਫਾਜ਼ਿਲਕਾ 31 ਜਨਵਰੀ
            ਜ਼ਿਲ੍ਹਾ ਸਿੱਖਿਆ ਅਫਸਰ (ਐ. ਸਿ) ਸ੍ਰੀ ਦੌਲਤ ਰਾਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐ. ਸਿ) ਅੰਜੂ ਸੇਠੀ ਫਾਜ਼ਿਲਕਾ ਦੀ ਰਹਿਨੁਮਾਈ  ਹੇਠ ਅਲਿਮਕੋ ਕਾਨਪੁਰ ਦੇ ਸਹਿਯੋਗ ਨਾਲ ਸਮੱਗਰ ਸਿੱਖਿਆ ਅਭਿਆਨ, ਸਿੱਖਿਆ ਵਿਭਾਗ ਵਲੋਂ ਦਿਵਿਆਂਗਜ਼ਨ ਬੱਚਿਆਂ ਦੀ ਸ਼ਨਾਖਤ ਅਤੇ ਜਾਂਚ ਲਈ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਜਾਣੇ ਹਨ।
          ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਟੀਚਰ ਦਰਸ਼ਨ ਵਰਮਾ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਬੇਸਿਕ ਬਲਾਕ ਅਬੋਹਰ-1 ਵਿਖੇ ਮਿਤੀ 1 ਫਰਵਰੀ 2023 ਦਿਨ ਬੁੱਧਵਾਰ ਨੂੰ ਸਵੇਰੇ 9 ਤੋਂ ਸਾਮ 4 ਵਜੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜਲਾਲਾਬਾਦ ਵਿਖੇ ਮਿਤੀ 2 ਫਰਵਰੀ ਦਿਨ ਵੀਰਵਾਰ ਨੂੰ ਸਵੇਰੇ 9 ਤੋਂ ਸਾਮ 4 ਵਜੇ ਤੱਕ ਇਹ ਕੈਂਪ ਲਗਾਏ ਜਾਣੇ ਹਨ। ਇਸੇ ਤਰ੍ਹਾਂ ਹੀ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ, ਵਾਰਡ-50 ਫਾਜ਼ਿਲਕਾ ਵਿਖੇ ਵੀ ਮਿਤੀ 3 ਫਰਵਰੀ 2023 ਦਿਨ ਸੁੱਕਰਵਾਰ ਨੂੰ ਸਵੇਰੇ 9 ਤੋਂ ਸਾਮ 4 ਵਜੇ ਤੱਕ ਇਹ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਜ਼ਿਲੇ ਦੇ ਸਰਕਾਰੀ ਅਤੇ ਏਡਿਡ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਦੇ ਦਿਵਯਾਂਗ ਵਿਦਿਆਰਥੀਆਂ ਦੀ ਜਾਂਚ ਕੀਤੀ ਜਾਵੇਗੀ. ਇਸ ਕੰਮ ਲਈ ਜ਼ਿਲੇ ਦੇ ਸਿਵਲ ਸਰਜਨ ਦਫਤਰ ਤੋਂ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਜਾਣਗੀਆ. ਸ਼ਨਾਖਤ ਕੀਤੇ ਗਏ ਇਨ੍ਹਾਂ ਦਿਵਿਯਾਂਗਜਨਾਂ ਨੂੰ ਟਰਾਈਸਾਈਕਲ, ਵਹੀਲਚੇਅਰ, ਕੰਨਾਂ ਦੀ ਮਸ਼ੀਨਾਂ ਬ੍ਰੇਲ ਕਿੱਟਾਂ ਅਤੇ ਹੋਰ ਲੋੜੀਂਦਾ ਸਾਮਾਨ ਆਦਿ ਵੱਖ-ਵੱਖ ਤਰ੍ਹਾਂ ਦੇ ਉਪਯੋਗੀ ਉਪਕਰਨ 3 ਮਹੀਨੇ ਬਾਅਦ ਸਾਮਾਨ ਵੰਡ ਕੈਂਪ ਲਗਾ ਕੇ ਮੁਹੱਈਆ ਕਰਵਾਏ ਜਾਣਗੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਦੀ ਜਿ਼ਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਜਿ਼ਲ੍ਹਾ ਪੁਲਿਸ ਮੁਖੀਆਂ ਦੀ ਸੱਦੀ ਮੀਟਿੰਗ

 ਚੰਡੀਗੜ੍ਹ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ਵਿਚ ਵਿਕਾਸ ਕਾਰਜਾਂ ਦੀ ਗਤੀਸ਼ੀਲਤਾ ਲਈ 3 ਫਰਵਰੀ ਨੂੰ ਇਕ ਵਾਰ ਫਿਰ ਤੋਂ ਸੂਬੇ ਦੇ ਜਿ਼ਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਜਿ਼ਲ੍ਹਾ ਪੁਲਿਸ ਮੁਖੀਆਂ ਦੀ ਮੀਟਿੰਗ ਸੱਦ ਲਈ ਹੈ। ਸੂਤਰਾਂ ਤੋਂ ਜਾਣਕਾਰੀ ਅਨੁਸਾਰ ਇਸ ਮੀਟਿੰਗ ਦਾ ਏਜੰਡਾ ਪੰਜਾਬ ਵਿਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦਾ ਰਹੇਗਾ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਵਿਕਾਸ ਕਾਰਜਾਂ ਨੂੰ ਲੈ ਕੇ ਹੁਣ ਤੋਂ ਹੀ ਰੂਪ ਰੇਖਾ ਤਿਆਰ ਕਰਨ ਲੱਗੇ ਹਨ

Jan 31, 2023

ਕੌਮੀ ਲੋਕ ਅਦਾਲਤ 11 ਫਰਵਰੀ ਨੂੰ ਲੱਗੇਗੀ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ


ਸ੍ਰੀ ਮੁਕਤਸਰ ਸਾਹਿਬ, 31 ਜਨਵਰੀ
                             ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਅਤੇ ਸ੍ਰੀ ਰਾਜ ਕੁਮਾਰ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਸਥਾਨਕ ਕਚਹਿਰੀ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ ਅਤੇ ਮਲੋਟ ਵਿਖੇ 11 ਫਰਵਰੀ, 2023 ਨੂੰ ਵੱਖ-ਵੱਖ ਕੇਸਾਂ ਦੇ ਨਿਪਟਾਰੇ ਲਈ ਕੌਮੀ ਲੋਕ ਅਦਾਲਤ ਲਗਾਈ ਜਾ
ਰਹੀ ਹੈ।
                                    ਇਸ ਸੰਬੰਧੀ ਜਾਣਕਾਰੀ ਦਿੰਦਿਆ ਸ੍ਰੀ ਮਹੇਸ਼ ਗਰੋਵਰ, ਸਿਵਲ ਜੱਜ (ਸੀਨੀਅਰ ਡਵੀਜ਼ਨ)/ਸੀ.ਜੇ.ਐਮ.-ਸਹਿਤ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਮਾਨਯੋਗ ਅਦਾਲਤਾਂ ਵਿੱਚ ਪੈਂਡਿੰਗ ਕਰੀਮੀਨਲ ਕੰਪਾਊਂਡੇਬਲ ਕੇਸ, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ. ਕੇਸ, ਮੈਟਰੀਮੋਨੀਅਲ, ਲੇਬਰ ਦੇ ਝਗੜੇ, ਲੈਂਡ, ਬਿਜਲ ਅਤੇ ਪਾਣੀ ਦੇ ਬਿੱਲਾਂ, ਪੇਅ ਅਲਾਊਂਸ, ਰੈਵਨਿਊ ਕੇਸ (ਜ਼ਿਲ੍ਹਾ ਅਤੇ ਹਾਈਕੋਰਟ ਕਚਹਿਰੀਆਂ ਵਿੱਚ ਪੈਡਿੰਗ) ਆਦਿ ਕੇਸ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਪ੍ਰੀ ਲਿਟੀਗੇਸ਼ਨ ਕੇਸ ਜਿਵੇਂ ਕਿ ਬੈਂਕ ਰਿਕਵਰੀ ਕੇਸ, ਲੇਬਰ ਝਗੜੇ, ਬਿਜਲੀ ਅਤੇ ਪਾਣੀ ਦੇ ਬਿੱਲ ਅਤੇ ਹੋਰ ਆਦਿ ਕੇਸ ਲਗਾਏ ਜਾ ਰਹੇ ਹਨ।
                                  ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਆਪਣੇ ਉਕਤ ਵਿਸ਼ਿਆਂ ਨਾਲ ਸਬੰਧਿਤ ਕੇਸਾਂ ਦਾ ਲੋਕ ਅਦਾਲਤ ਰਾਹੀਂ ਨਿਪਟਾਰਾ ਚਾਹੁੰਦੇ ਹਨ ਉਹ ਸਬੰਧਤ ਮਾਨਯੋਗ ਅਦਾਲਤ ਵਿੱਚ ਜਿੱਥੇ ਉਨ੍ਹਾਂ ਦਾ ਕੇਸ ਚਲਦਾ ਹੈ, ਆਪਣੀ ਅਰਜੀ ਦੇ ਸਕਦੇ ਹਨ ਜਾਂ ਨਵੇਂ ਮਾਮਲਿਆਂ ਦਾ ਨਿਪਟਾਰਾ ਲੋਕ ਅਦਾਲਤ ਰਾਹੀਂ ਕਰਵਾਉਣ ਲਈ ਸਬੰਧਿਤ ਕਾਨੂੰਨੀ ਸੇਵਾਵਾਂ ਅਥਾਰਟੀ/ਕਮੇਟੀ ਦੇ ਦਫ਼ਤਰ ਵਿੱਚ ਆਪਣੀ ਅਰਜੀ ਦੇ ਸਕਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਇਸ ਕੌਮੀ ਲੋਕ ਅਦਾਲਤ ਵਿੱਚ ਆਪਣੇ ਸੰਬੰਧਤ ਕੇਸ ਲਗਾ ਕੇ ਕੇਸਾਂ ਦਾ ਨਿਪਟਾਰਾ ਕਰਵਾਉਣ। ਲੋਕ ਅਦਾਲਤ ਵਿੱਚ ਕੇਸ ਲਗਾਉਣ ਦੇ ਫਾਇਦੇ ਬਾਰੇ ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਦਾ ਫੈ਼ਸਲਾ ਅੰਤਮ ਫੈਸਲਾ ਹੁੰਦਾ ਹੈ ਇਸ ਦੇ ਫ਼ੈਸਲੇ ਦੀ ਕਿਤੇ ਅਪੀਲ ਵੀ ਨਹੀਂ ਹੁੰਦੀ ਹੈ ਅਤੇ ਕੇਸ ਦਾ ਸਥਾਈ ਹੱਲ ਹੋ ਜਾਂਦਾ ਹੈੇ। ਲੋਕ ਅਦਾਲਤ ਵਿੱਚ ਸਮੇਂ ਅਤੇ ਧਨ ਦੀ ਬੱਚਤ ਹੁੰਦੀ ਹੈ। ਲੋਕ ਅਦਾਲਤਾਂ ਦੇ ਫੈ਼ਸਲੇ ਨੂੰ ਦੀਵਾਨੀ ਡਿਕਰੀ ਦੀ ਮਾਨਤਾ ਪ੍ਰਾਪਤ ਹੈ। ਇਸ ਦੇ ਨਾਲ ਹੀ ਜੱਜ ਸਾਹਿਬ ਨੇ ਦੱਸਿਆ ਕਿ ਕਾਨੂੰਨੀ ਸਹਾਇਤਾ ਲੈਣ ਲਈ ਅਤੇ ਲੋਕ ਅਦਾਲਤਾਂ ਬਾਰੇ ਵਧੇਰੇ ਜਾਣਕਾਰੀ ਹਿੱਤ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੋਲ ਫ੍ਰੀ ਹੈਲਪਲਾਈਨ ਨੰਬਰ 1968 ਜਾਂ ਸਿੱਧੇ ਤੌਰ ਤੇ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਫਾਜਿ਼ਲਕਾ ਜਿ਼ਲ੍ਹੇ ਦੇ ਨੌਜਵਾਨ ਰਾਮਚੰਦਰ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉਚੀ ਚੋਟੀ ਕਿਲੀਮੰਜਾਰੋ ਸਰ ਕੀਤੀ

 


 ਫਾਜਿਲ਼ਕਾ,  31 ਜਨਵਰੀ:
ਫਾਜਿ਼ਲਕਾ ਜਿ਼ਲ੍ਹੇ ਦੇ ਪਿੰਡ ਧਰਾਂਗਵਾਲਾ ਦੇ ਸਾਹਸੀ ਨੌਜਵਾਨ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉਚੀ ਚੋਟੀ ਕਿਲੀਮੰਜਾਰੋ ਸਰ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਚੋਟੀ ਦੀ ਉੱਚਾਈ 5895 ਮੀਟਰ ਹੈ। ਉਸਨੇ ਇਹ ਪ੍ਰਾਪਤੀ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਕੀਤੀ।ਉਹ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਅਭਿਆਨ ਸਫਲਤਾ ਨਾਲ ਪੂਰੇ ਕਰ ਚੁੱਕਾ ਹੈ।
ਰਾਮਚੰਦਰ ਦੀ ਇਸ ਪ੍ਰਾਪਤੀ ਲਈ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਨੌਜਵਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਮਚੰਦਰ ਦੀਆਂ ਇਹ ਸਾਹਸਿਕ ਗਤੀਵਿਧੀਆਂ ਹੋਰਨਾਂ ਨੌਜਵਾਨਾਂ ਲਈ ਵੀ ਰਾਹ ਦਸੇਰਾ ਬਣਨਗੀਆਂ।
ਰਾਮਚੰਦਰ ਨੇ ਆਪਣੇ ਅਭਿਆਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਦਲ ਦੇ ਹੋਰ ਸਾਥੀਆਂ ਸਮੇਤ 21 ਜਨਵਰੀ ਨੂੰ ਕਿਲੀ ਏਅਰਪੋਰਟ ਪੁੱਜ਼ਾ ਤੇ ਇਕ ਦਿਨ ਦੇ ਆਰਾਮ ਤੋਂ ਬਾਅਦ 23 ਜਨਵਰੀ ਨੂੰ ਉਨ੍ਹਾਂ ਨੇ ਮੋਸੀ ਨਾਂਅ ਦੇ ਪਿੰਡ ਤੋਂ ਆਪਣੇ ਅਭਿਆਨ ਦੀ ਸ਼ੁਰੂਆਤ ਕਰਦਿਆਂ ਟਰੈਕਿੰਗ ਸ਼ੁਰੂ ਕੀਤੀ।
ਆਪਣੇ ਅਭਿਆਨ ਦੇ ਆਖਰੀ ਪੜਾਅ ਦੀ ਸ਼ੁਰੂਆਤ ਉਸਨੇ 25 ਜਨਵਰੀ ਦੀ ਰਾਤ ਨੂੰ ਕੀਬੋ ਬੇਸ ਕੈਂਪ ਤੋਂ ਕੀਤੀ। ਇਸਤੋਂ ਬਾਅਦ ਉਨ੍ਹਾਂ ਨੇ ਸਟੈਲਾ ਨਾ ਦੇ ਇਕ ਹੋਰ ਪੜਾਅ ਤੇ 350 ਫੁੱਟ ਵੱਡਾ ਤਿਰੰਗਾ ਲਹਿਰਾਇਆ। ਪਰ ਇੱਥੇ ਉਸ ਨਾਲ ਇਕ ਤ੍ਰਾਸਦੀ ਵੀ ਵਾਪਰ ਗਈ ਜਿੱਥੇ ਉਸਦਾ ਬੈਗ ਚੋਰੀ ਹੋ ਗਿਆ ਜਿਸ ਵਿਚ ਉਸਦਾ ਪਾਸਪੋਰਟ ਤੇ ਹੋਰ ਸਮਾਨ ਸੀ।
ਮਾਇਨਸ 15 ਤੋਂ 20 ਡਿਗਰੀ ਤਾਪਮਾਨ ਅਤੇ ਤੇਜ਼ ਤੁਫਾਨ ਦੌਰਾਨ ਵੀ ਰਾਮਚੰਦਰ ਨੇ ਆਪਣਾ ਹੌਂਸਲਾ ਨਹੀਂ ਡਿੱਗਣ ਦਿੱਤਾ ਭਾਵੇਂ ਕਿ ਠੰਡ ਕਾਰਨ ਉਸਨੂੰ ਉਲਟੀਆਂ ਲੱਗ ਗਈਆਂ ਪਰ ਉਸਨੇ ਹੌਂਸਲੇ ਨਾਲ ਆਪਣਾ ਅਭਿਆਨ ਜਾਰੀ ਰੱਖਿਆ ਅਤੇ 26 ਜਨਵਰੀ ਦੇ ਸਵੇਰ 9:30 ਵਜੋਂ ਉੁਸ ਨੇ 19341 ਫੁੱਟ ਉੱਚੀ ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਸਰ ਕਰ ਲਈ।
ਪਾਸਪੋਰਟ ਚੋਰੀ ਹੋ ਜਾਣ ਕਾਰਨ ਉਸਨੂੰ ਆਪਣੀ ਵਾਪਸੀ ਦੀ ਟਿਕਟ ਵੀ ਅੱਗੇ ਕਰਵਾਉਣੀ ਪਈ ਅਤੇ ਭਾਰਤੀ ਦੂਤਘਰ ਦੀ ਮਦਦ ਨਾਲ ਅਤੇ ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਦੀ ਮਦਦ ਨਾਲ ਉਸਨੂੰ ਡੁਪਲੀਕੇਟ ਪਾਸਪੋਰਟ ਜਾਰੀ ਹੋਇਆ ਜਿਸ ਉਪਰੰਤ ਅੱਜ ਸਵੇਰ ਰਾਮਚੰਦਰ ਮੁਬੰਈ ਏਪਰਪੋਰਟ ਤੇ ਵਾਪਿਸ ਦੇਸ਼ ਪਰਤਿਆ।

ਨਗਰ ਕੌਂਸਲ ਫਾਜ਼ਿਲਕਾ ਵੱਲੋਂ 100 ਕਿਲੋ ਪਾਬੰਦੀਸ਼ੁਦਾ ਪਲਾਸਟਿਕ ਕੀਤਾ ਜਬਤ, ਕੀਤੇ 6 ਚਲਾਨ

 


ਕੱਪੜੇ ਦੇ ਬਣੇ ਥੈਲੇ ਦੀ ਵਰਤੋਂ ਕਰਨੀ ਬਣਾਈ ਜਾਵੇ ਯਕੀਨੀ
ਫਾਜ਼ਿਲਕਾ, 31 ਜਨਵਰੀ
ਸੂਬਾ ਸਰਕਾਰ ਵੱਲੋਂ ਇਕ ਵਾਰ ਵਰਤੋਂ ਵਿਚ ਆਉਣ ਵਾਲੇ ਪਲਾਸਟਿਕ *ਤੇ ਪੂਰਨ ਤੌਰ *ਤੇ ਪਾਬੰਦੀ ਲਗਾਈ ਗਈ ਹੈ ਜਿਸ *ਤੇ ਕਾਰਵਾਈ ਕਰਦਿਆਂ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸ਼ਹਿਰ ਦੇ ਬਾਜਾਰਾਂ ਅਤੇ ਸਬਜੀ ਮੰਡੀ ਵਿਚ ਛਾਪੇਮਾਰੀ ਕੀਤੀ ਗਈ। ਕਾਰਵਾਈ ਦੌਰਾਨ ਨਗਰ ਕੌਂਸਲ ਫਾਜ਼ਿਲਕਾ ਵੱਲੋਂ 100 ਕਿਲੋ ਪਾਬੰਦੀਸ਼ੁਦਾ ਪਲਾਸਟਿਕ ਜ਼ਬਤ ਕੀਤਾ ਗਿਆ। ਇਹ ਕਾਰਵਾਈ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸ੍ਰੀ ਮੰਗਤ ਰਾਮ ਦੇ ਦਿਸ਼ਾ—ਨਿਰਦੇਸ਼ਾ ਤਹਿਤ ਕੀਤੀ ਗਈ।
ਵਧੇਰੇ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਫਾਜ਼ਿਲਕਾ ਦੇ ਨਰੇਸ਼ ਖੇੜਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਲਾਸਟਿਕ ਦੀ ਵਰਤੋਂ ਕਰਨ *ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਦੇਖਣ ਵਿਚ ਆਇਆ ਕਿ ਕੁਝ ਦੁਕਾਨਦਾਰਾਂ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਦੇ ਮੱਦੇਨਜਰ ਨਗਰ ਕੌਂਸਲ ਫਾਜ਼ਿਲਕਾ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਪਲਾਸਟਿਕ ਜਬਤ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਵੱਲੋਂ 6 ਦੁਕਾਨਦਾਰਾਂ ਦੇ ਚਲਾਨ ਵੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪਲਾਸਟਿਕ ਦੀ ਥਾਂ *ਤੇ ਕੱਪੜੇ ਦੇ ਬਣੇ ਥੈਲੇ ਦੀ ਵਰਤੋਂ ਕਰਨ ਸਬੰਧੀ ਸ਼ਹਿਰ ਦੇ ਦੁਕਾਨਦਾਰਾਂ ਅਤੇ ਨਾਗਰਿਕਾਂ ਨੂੰ ਪ੍ਰੇਰਿਤ ਕੀਤਾ ਗਿਆ।
ਉਨ੍ਹਾਂ ਸ਼ਹਿਰ ਦੇ ਦੁਕਾਨਦਾਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਲਗਾਤਾਰ ਛਾਪੇਮਾਰੀ ਜਾਰੀ ਰਹੇਗੀ, ਪਲਾਸਟਿਕ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਵੀ ਖਰੀਦਦਾਰੀ ਕਰਨ ਜਾਣ ਸਮੇਂ ਪਲਾਸਟਿਕ ਲਿਫਾਫੇ ਦੀ ਵਰਤੋਂ ਕਰਨ ਦੀ ਬਜਾਏ ਕੱਪੜੇ ਦੇ ਬਣੇ ਥੈਲੇ ਦੀ ਵਰਤੋਂ ਕੀਤੀ ਜਾਵੇ।
ਇਸ ਮੌਕੇ ਨਗਰ ਕੌਂਸਲ ਤੋਂ ਜਗਦੀਪ ਅਰੋੜਾ, ਰਵਿਤ, ਨਟਵਰ ਲਾਲ, ਓਮ ਪ੍ਰਕਾਸ਼, ਕਨੋਜ਼, ਸੰਨੀ, ਲਵਲੀ ਤੋਂ ਇਲਾਵਾ ਕਰਮਚਾਰੀ ਮੌਜੂਦ ਸਨ।

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਨੇ ਵੱਖ ਵੱਖ ਸਕੂਲਾਂ ਦੇ ਦੌਰੇ ਦੌਰਾਨ ਨਿੱਕਿਆ ਨਾਲ ਪਾਈ ਅੱਖਰਾਂ ਦੀ ਸਾਂਝ

ਆਪਣੇ ਹੱਥੀ ਨਿੱਕਿਆ ਨੂੰ ਪੜ੍ਹਾ ਕੇ ਅੱਗੇ ਵਧਣ ਲਈ ਕੀਤਾ ਪ੍ਰੇਰਿਤ



ਫ਼ਾਜਿ਼ਲਕਾ , 31 ਜਨਵਰੀ ( ਬਲਰਾਜ ਸਿੰਘ ਸਿੱਧੂ )

ਸਿੱਖਿਆ ਮੰਤਰੀ ਪੰਜਾਬ  ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਸ਼ਨ 100 ਪ੍ਰਤੀਸ਼ਤ ਦੀ ਸਫ਼ਲਤਾ ਲਈ ਸਿੱਖਿਆ ਵਿਭਾਗ ਵੱਲੋਂ ਪੂਰੀ ਦ੍ਰਿੜਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ  ਐਲੀਮੈਂਟਰੀ ਦੌਲਤ ਰਾਮ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਮੁਹਾਰ, ਸਰਕਾਰੀ  ਪ੍ਰਾਇਮਰੀ ਸਕੂਲ ਢੰਗਰਖੇੜਾ ਵਿਖੇ ਆਪਣੇ ਦੌਰੇ ਦੌਰਾਨ ਨਿੱਕੇ ਵਿਦਿਆਰਥੀਆਂ ਨਾਲ ਅੱਖਰਾਂ ਦੀ ਸਾਂਝ ਪਾਉਂਦਿਆਂ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਅਧਿਆਪਕ ਬਣ ਇਹਨਾਂ ਨਿੱਕੇ ਵਿਦਿਆਰਥੀਆਂ ਨੂੰ ਪੜ੍ਹਾ ਕੇ ਬੜੀ ਖੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ।ਇਸ ਤੋ ਇਲਾਵਾ ਉਹਨਾਂ ਵੱਲੋਂ ਸਰਕਾਰੀ ਮਿਡਲ ਸਕੂਲ ਬੁਰਜ ਮੁਹਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਗਰ ਖੇੜਾ ਦਾ ਦੌਰਾ ਕਰਕੇ ਪ੍ਰੀ ਬੋਰਡ ਪ੍ਰੀਖਿਆਵਾਂ ਦਾ ਜਾਇਜ਼ਾ ਲਿਆ ਅਤੇ ਚੱਲ ਰਹੀ ਪ੍ਰੀਖਿਆ ਅਤੇ ਪ੍ਰਬੰਧਾ ਤੇ ਸੰਤੁਸ਼ਟੀ ਜ਼ਾਹਰ ਕੀਤੀ। ਉਹਨਾਂ ਨੇ

 ਮਿਸ਼ਨ 100 ਪ੍ਰਤੀਸ਼ਤ, ਦਾਖਲਾ ਮੁਹਿੰਮ ਅਤੇ ਨਿਪੁੰਨ ਭਾਰਤ ਮਿਸ਼ਨ ਵਿਚ ਤੇਜ਼ੀ ਲਿਆਉਣ ਲਈ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ  ਗ੍ਰਾਂਟਾਂ ਦੀ ਸੁਚੱਜੀ ਵਰਤੋਂ ਕਰਨ ਲਈ ਕਿਹਾ । ਉਹਨਾਂ ਨੇ ਵਿਦਿਆਰਥੀਆਂ ਦੀ 100 ਪ੍ਰਤੀਸ਼ਤ ਹਾਜ਼ਰੀ ਯਕੀਨੀ ਬਣਾਉਣ ਲਈ ਪ੍ਰੇਰਿਆ। ਉਹਨਾਂ ਨੇ  ਸਮੂਹ ਅਧਿਆਪਕ  ਨੂੰ ਸਵੈ ਇੱਛਾ ਨਾਲ ਵਿਦਿਆਥੀਆਂ ਲਈ ਸਕੂਲ ਟਾਈਮ ਤੋਂ ਪਹਿਲਾਂ ਜਾਂ ਬਾਅਦ ਵਿੱਚ ਵਾਧੂ ਸਮਾਂ ਲਗਾ ਕੇ ਚੰਗੀ ਕਾਰਗੁਜਾਰੀ ਬਣਾਉਣ ਲਈ ਯਤਨ ਕਰਨ ਪ੍ਰੇਰਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨਾਲ ਸਵਾਲ ਜਵਾਬ ਕਰਦਿਆਂ ਉਹਨਾਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

 ਉਹਨਾਂ  ਨੇ  ਕਿਹਾ ਕਿ ਸਕੂਲਾਂ ਵਿੱਚ ਆਉਣ ਵਾਲੇ ਸੈਸ਼ਨ ਲਈ ਵੱਧ ਤੋਂ ਵੱਧ ਦਾਖ਼ਲੇ ਕੀਤੇ ਜਾਣ।ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਸੁਰਿੰਦਰ ਕੰਬੋਜ,ਸਬੰਧਿਤ ਸਕੂਲਾ ਦੇ ਸਕੂਲ ਮੁੱਖੀ ਅਤੇ ਸਟਾਫ ਅਤੇ ਮੌਜੂਦ ਸਨ।

Jan 30, 2023

ਪਲੇਸਮੈਂਟ ਕੈਂਪ 1 ਫਰਵਰੀ ਨੂੰ : ਡਿਪਟੀ ਕਮਿਸ਼ਨਰ

 


ਬਠਿੰਡਾ, 30 ਜਨਵਰੀ : 

ਸੂਬਾ ਸਰਕਾਰ ਦੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ 1 ਫਰਵਰੀ 2023 ਨੂੰ ਸਥਾਨਕ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪੇਅ-ਟੀ-ਐਮ ਵੱਲੋਂ ਫੀਲਡ ਸੇਲਜ਼ ਐਗਜੈਕਟਿਵ ਦੀਆਂ ਅਸਾਮੀਆਂ ਦੀ ਚੋਣ ਸਬੰਧੀ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ਼੍ਰੀ ਸੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।

          ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰੋਜਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ 1 ਫਰਵਰੀ 2023 ਨੂੰ ਪੇਅ-ਟੀ-ਐਮ ਵੱਲੋਂ ਫੀਲਡ ਸੇਲਜ਼ ਐਗਜੈਕਟਿਵ ਦੀਆਂ ਅਸਾਮੀਆਂ ਲਈ ਪ੍ਰਾਰਥੀਆਂ ਦੀ ਘੱਟੋ ਘੱਟ ਯੋਗਤਾ ਦਸਵੀਂ/ਬਾਰਵੀਂ/ਗ੍ਰੈਜੂਏਸ਼ਨ ਕੀਤੀ ਹੋਣੀ ਲਾਜ਼ਮੀ ਹੈ। ਇਨ੍ਹਾਂ ਅਸਾਮੀਆਂ ਲਈ ਕੇਵਲ ਪੁਰਸ਼ ਪ੍ਰਾਰਥੀ ਹੀ ਭਾਗ ਲੈ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਉਮਰ ਹੱਦ 18 ਤੋਂ 35 ਸਾਲ ਅਤੇ ਘੱਟੋ ਘੱਟ ਤਨਖਾਹ 15,500/- ਰੁਪਏ ਪ੍ਰਤੀ ਮਹੀਨਾ ਅਤੇ ਹੋਰ ਭੱਤੇ ਦਿੱਤੇ ਜਾਣਗੇ।

        ਉਨ੍ਹਾਂ ਇਹ ਵੀ ਦੱਸਿਆ ਕਿ ਇਹਨਾਂ ਅਸਾਮੀਆਂ ਲਈ ਪ੍ਰਾਰਥੀ ਕੋਲ ਆਪਣਾ ਬਾਈਕ, ਡਰਾਇਵਿੰਗ ਲਾਈਸੈਂਸ ਅਤੇ ਸਮਾਰਟ ਫੋਨ ਹੋਣਾ ਜ਼ਰੂਰੀ ਹੈ। ਵਿਦਿਆਰਥੀ ਆਪਣੇ ਨਾਲ ਆਪਣਾ ਬਾਇਓਡਾਟਾ, ਵਿਦਿਅਕ ਯੋਗਤਾ ਦੇ ਸਰਟੀਫਿਕੇਟ ਲੈ ਕੇ ਮਿਤੀ 1 ਫਰਵਰੀ ਨੂੰ ਸਵੇਰੇ 10.00 ਵਜੇ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸਾਹਮਣੇ ਚਿਲਡਰਨ ਪਾਰਕ, ਸਿਵਲ ਲਾਈਨ, ਬਠਿੰਡਾ ਵਿਖੇ ਪਹੁੰਚ ਸਕਦੇ ਹਨ।

          ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵੱਲੋਂ ਸਮੇਂ-ਸਮੇਂ ਸਿਰ ਪਲੇਸਮੈਂਟ ਕੈਪਾਂ ਅਤੇ ਰੋਜਗਾਰ ਮੇਲਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਾਰਥੀ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇੰਨ ਕਰ ਸਕਦੇ ਹਨ। ਇਸ ਤੋਂ ਇਲਾਵਾ ਚਾਹਵਾਨ ਵਿਅਕਤੀ ਡੀ.ਬੀ.ਈ.ਈ. ਬਠਿੰਡਾ ਦੇ ਹੈਲਪਲਾਈਨ ਨੰਬਰ 99884-44133 ਨੂੰ ਆਪਣੇ ਮੋਬਾਇਲ ਤੇ ਸੇਵ ਕਰ ਲੈਣ ਤਾਂ ਜੋ ਦਫਤਰ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਸਕੀਮਾਂ ਦੀ ਜਾਣਕਾਰੀ ਮਿਲ ਸਕੇ।

 

PWD ਵਿਭਾਗ ਦੇ 188 ਨਵ ਨਿਯੁਕਤੀ JEs ਨੂੰ ਦਿੱਤੇ ਨਿਯੁਕਤੀ ਪੱਤਰ

 ਮਾਨ ਸਰਕਾਰ ਦਾ ਮਿਸ਼ਨ ਰੁਜ਼ਗਾਰ



ਚੰਡੀਗੜ੍ਹ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਪੰਜਾਬ ਭਵਨ ਵਿਖੇ ਅੱਜ PWD ਵਿਭਾਗ ਦੇ 188 ਨਿਯੁਕਤੀ ਪੱਤਰ ਦਿੱਤੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਹੋਰ ਨੌਕਰੀਆਂ ਕੱਢੀਆਂ ਜਾਣਗੀਆਂ। ਇਸ ਦੇ ਨਾਲ ਹੀ ਨਵੀਆਂ ਤਕਨੀਕਾਂ ਨਾਲ ਖੇਤੀ ਵੱਲ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਪੀਏਯੂ ਨੂੰ ਪੈਰਾਂ ਸਿਰ ਖੜ੍ਹੀ ਕਰ ਰਹੇ ਹਾ। ਉਨ੍ਹਾਂ ਕਿਹਾ ਕਿ ਉਹ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ । ਆਮ ਆਦਮੀ ਪਾਰਟੀ ਕਿਸੇ ਹੋਰ ਪਾਰਟੀ ਦੇ ਵਿਚੋ. ਕੋਈ ਕੱਢੇ ਹੋਏ ਜਾਂ ਛੱਡੇ ਹੋਏ ਜਾਂ ਅਸਤੀਫ਼ਾ ਦੇ ਕੇ ਆਏ ਜਾਂ ਭੱਜੇ ਹੋਏ ਲੀਡਰ ਨੇ ਨਹੀਂ ਬਣਾਈ , ਇਹ ਪਾਰਟੀ ਐਂਟੀਕਰੁਪਸ਼ਨ ਵਿਚੋ਼ ਨਿਕਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਹੁਣ ਤੱਕ 26175 ਨਿਯੁਕਤੀ ਪੱਤਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰ ਇਕ ਨੂੰ ਮੈਰਿਟ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇਗੀ।

Jan 29, 2023

ਬਸਤੀ ਗੋਬਿੰਦ ਸਰ ਤੋ ਅਰਾਈਆਂ ਵਾਲੀ ਸੜਕ ਉੱਪਰ 30 ਲੱਖ ਰੁਪਏ ਦੀ ਲਾਗਤ ਨਾਲ ਪੁਲ ਦਾ ਨਿਰਮਾਣ ਕੀਤਾ ਜਾਵੇਗਾ - ਵਿਧਾਇਕ ਸੇਖੋਂ

 



ਫ਼ਰੀਦਕੋਟ 29 ਜਨਵਰੀ 
 ਵਿਧਾਇਕ ਸ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਫਰੀਦਕੋਟ ਦੇ ਗੋਬਿੰਦਸਰ ਬਸਤੀ ਤੋਂ ਪਿੰਡ ਅਰਾਈਆਂਵਾਲਾ ਸੜਕ ਉਪਰ ਲਗਭਗ 30 ਲੱਖ ਰੁਪਏ ਦੀ ਲਾਗਤ ਨਾਲ ਪੁਲ ਦੀ ਉਸਾਰੀ ਕੀਤੀ ਜਾਵੇਗੀ। ਇਸ ਸੰਬੰਧੀ ਮੰਡੀ ਬੋਰਡ ਵੱਲੋਂ ਟੈਂਡਰ ਵੀ ਲਗਾ ਦਿੱਤੇ ਗਏ ਹਨ ਅਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ।

ਸ. ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੇਂਡੂ ਖੇਤਰ ਦੇ ਲੋਕਾਂ ਨੂੰ ਵਧੀਆ ਆਵਾਜਾਈ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ।ਉਨ੍ਹਾਂ ਦੱਸਿਆ ਕਿ ਇਸ ਪੁਲ ਦੀ ਉਸਾਰੀ ਲਈ ਤੱਤਕਾਲੀ ਸਰਕਾਰਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਧਿਆਨ ਨਹੀਂ ਦਿੱਤਾ ਗਿਆ ਸੀ।ਜਿਸ ਕਾਰਨ ਇਸ ਬਸਤੀ ਦੇ ਬਾਸ਼ਿੰਦਿਆਂ ਅਤੇ ਪਿੰਡ ਅਰਾਈਆਂਵਾਲਾ ਵਿਖੇ ਜਾਣ ਵਾਲੇ ਰਾਹਗੀਰਾਂ ਨੂੰ ਇਸ ਪਾਈਪਾਂ ਵਾਲੀ ਤੰਗ ਪੁਲੀ ਉਪਰੋਂ ਵਾਹਨਾਂ ਨੂੰ ਗੁਜਾਰਨਾ ਪੈਂਦਾ ਸੀ,ਜਿਸ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਸਨ।ਇਸ ਪੁਲ ਦੇ ਬਣਨ ਨਾਲ ਬਸਤੀ ਅਤੇ ਅਰਾਈਆਂਵਾਲਾ ਦੇ ਆਸ ਪਾਸ ਦੇ ਪਿੰਡਾਂ ਨੂੰ ਇਸ ਦਾ ਫਾਇਦਾ ਹੋਵੇਗਾ।

ਇਸ ਮੌਕੇ ਐਸ.ਡੀ.ਓ. ਮੰਡੀ ਬੋਰਡ ਸ. ਗੁਰਦਾਸ ਸਿੰਘ ਨੇ ਦੱਸਿਆ ਕਿ ਇਸ ਪੁਲ ਦੀ ਚੌੜਾਈ ਸਾਢੇ ਸੱਤ ਮੀਟਰ ਹੋਵੇਗੀ ਅਤੇ ਚੋਪਹੀਆ ਵਾਹਨ ਆਸਾਨੀ ਨਾਲ ਕਰਾਸ ਕਰ ਸਕਣਗੇ।ਉਨ੍ਹਾਂ ਕਿਹਾ ਕਿ ਇਹ ਪੁੱਲ ਆਉਂਦੇ ਕੁਝ ਮਹੀਨਿਆਂ ਚ ਬਣ ਕੇ ਤਿਆਰ ਹੋ ਜਾਵੇਗਾ।

ਪੁਲਿਸ ਵਾਲੇ ਦਾ ਖੌਫ਼ਨਾਕ ਕਦਮ , ਮਹਿਲਾ ਕਾਂਸਟੇਬਲ ਨੂੰ ਮਾਰੀ ਗੋਲੀ ਤੇ ਫਿਰ ਆਪ ਵੀ

 



ਫਿ਼ਰੋਜਪੁਰ- ਬੀਤੀ ਰਾਤ ਇੱਥੇ ਇਕ ਪੁਲਿਸ ਵਾਲੇ ਨੇ ਵੱਡੀ ਘਟਨਾ ਨੁੰ ਅੰਜਾਮ ਦਿੱਤਾ। ਜਿੱਥੇ ਉਸ ਨੇ ਇਕ ਮਹਿਲਾ ਕਾਂਸਟੇਬਲ ਤੇ ਤਾਬੜ ਤੋੜ ਗੋਲੀਆਂ ਦੀ ਬਰਸਾਤ ਕਰ ਦਿੱਤੀ। ਇੱਥੋਂ ਦੇ ਸ਼ੇਰ ਸ਼ਾਹ ਵਲੀ ਚੌਂਕ ਵਿਚ ਗੁਰਸੇਵਕ ਸਿੰਘ ਨਾਂਅ ਦੇ ਪੁਲਿਸ ਕਾਂਸਟੇਬਲ ਵਲੋਂ ਅਮਨਦੀਪ ਕੌਰ ਨਾਂਅ ਦੀ ਮਹਿਲਾ ਕਾਂਸਟੇਬਲ ਦੇ ਗੋਲੀਆਂ ਮਾਰੀਆਂ। ਜਿੱਥੇ ਉਸਦੀ ਹਸਪਤਾਲ ਲਿਜਾਣ ਮੌਕੇ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਖੁੱਦ ਤਲਵੰਡੀ ਇਲਾਕੇ ਵਿਚ ਜਾ ਕੇ ਖੁਦਕੁਸ਼ੀ ਕਰ ਲਈ। ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਿਬਕ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Jan 28, 2023

ਐੱਨ.ਪੀ.ਐੱਸ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੱਦੇ ਤੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ




ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਜ਼ਿਲ੍ਹਾ ਫਾਜ਼ਿਲਕਾ ਇਕਾਈ ਦਾ ਕੀਤਾ ਗਿਆ ਗਠਨ


29 ਜਨਵਰੀ ਨੂੰ ਕੇਂਦਰੀ ਮੰਤਰੀ ਸੋਮਪ੍ਰਕਾਸ਼ ਦੀ ਫਗਵਾੜਾ ਰਿਹਾਇਸ਼ ਵੱਲ ਉਲੀਕੇ ਸੂਬਾ ਪੱਧਰੀ ਰੋਸ ਮਾਰਚ ਵਿੱਚ ਫਾਜ਼ਿਲਕਾ ਤੋਂ ਐੱਨ.ਪੀ.ਐੱਸ ਮੁਲਾਜ਼ਮ ਹੋਣਗੇ ਸ਼ਾਮਲ

ਫ਼ਾਜਿ਼ਲਕਾ, 28 ਜਨਵਰੀ ( ਬਲਰਾਜ ਸਿੰਘ ਸਿੱਧੂ )

                                                       ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸਥਾਨਕ ਲਾਲਾ ਸੁਨਾਮ ਰਾਏ ਹਾਲ ਵਿੱਚ ਬੀਤੇ ਦਿਨੀ26 ਜਨਵਰੀ ਨੂੰ ਪੁਰਾਣੀ ਪੈਨਸ਼ਨ,ਸਾਮਰਾਜੀ ਨੀਤੀਆਂ ਅਤੇ ਮੋਦੀ ਸਰਕਾਰ ਦਾ ਕਾਰਪੋਰੇਟ ਅਜੰਡਾ” ਵਿਸ਼ੇ ਤੇ ਕਰਵਾਏ ਸੈਮੀਨਾਰ ਵਿੱਚ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਐੱਨਪੀਐੱਸ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ।ਜਿਸ 

ਉਪਰੰਤ ਸ਼ਾਸਤਰੀ ਚੌਕ ਤੱਕ ਮਾਰਚ ਕਰਕੇ ਕੇਂਦਰੀ ਭਾਜਪਾ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਵਿਵਸਥਾ ਦੀ ਸੂਬਿਆਂ ਵਿੱਚ ਹੋ ਰਹੀ ਮੁੜ ਬਹਾਲੀ ਅੱਗੇ ਪਾਏ ਜਾ ਰਹੇ ਅੜਿੱਕਿਆਂ ਖਿਲਾਫ ਕੇਂਦਰ ਦੀ ਮੋਦੀ ਸਰਕਾਰ ਅਤੇ ਕਾਰਪੋਰੇਟ ਪੱਖੀ ਨੀਤੀਕਾਰਾਂ ਦਾ ਪੁਤਲਾ ਫੂਕਿਆ ਗਿਆ।ਸੈਮੀਨਾਰ ਨੂੰ ਪੀਪੀਪੀਐਫ ਦੇ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ,ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ,ਕੁਲਜੀਤ ਸਿੰਘ ਡੰਗਰਖੇੜਾ,ਜਗਦੀਪ ਲਾਲ ਅਤੇ ਰਿਸ਼ੂ ਸੇਠੀ ਨੇ ਸੰਬੋਧਨ ਕੀਤਾ।

 ਜ਼ਿਲਾ ਪੱਧਰੀ ਸਮਾਗਮ ਦੀ ਜਾਣਕਾਰੀ ਦਿੰਦਿਆਂ ਡੀ.ਟੀ.ਐੱਫ ਦੇ ਜ਼ਿਲਾ ਪ੍ਰਧਾਨ ਮਹਿੰਦਰ ਕੌੜਿਆਂਵਾਲੀ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦਾ ਜ਼ਿਲਾ ਜੱਥੇਬੰਦਕ ਗਠਨ ਕੀਤਾ ਗਿਆ ਜਿਸ ਵਿੱਚ ਸੁਰਿੰਦਰ ਬਿੱਲਾਪੱਟੀ ਨੂੰ ਜ਼ਿਲਾ ਕਨਵੀਨਰ,ਹਰੀਸ਼ ਕੁਮਾਰ ਨੂੰ ਕੋ ਕਨਵੀਨਰ ਅਤੇ ਮੈਡਮ ਪੂਨਮ ਮੈਣੀ, ਗੁਰਵਿੰਦਰ ਸਿੰਘ,ਰੋਹਤਾਸ਼ ਕੁਮਾਰ,ਅਮਰਲਾਲ,ਸੁਰਿੰਦਰ ਲਾਧੁਕਾ,ਸਾਹਿਲ ਕੁਮਾਰ,ਵਿਸ਼ਾਲ ਭੱਟੇਜਾ,ਤੁਲਸੀ ਰਾਮ ਅਤੇ ਸੁਰਿੰਦਰ ਗੰਜੂਆਣਾ ਨੂੰ ਜ਼ਿਲਾ ਕਮੇਟੀ ਮੈਂਬਰ ਵੱਜੋੰ ਚੁਣਿਆ ਗਿਆ। ਜ਼ਿਲ੍ਹਾ ਸਕੱਤਰ ਸੁਰਿੰਦਰ ਬਿੱਲਾਪੱਟੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਪਣੇ ਮੰਤਰੀਆਂ ਅਤੇ ਆਰਥਿਕ ਨੀਤੀਕਾਰਾਂ ਰਾਹੀਂ ਕੇਂਦਰੀ ਅਜੰਸੀ ਪੀਐਫਆਰਡੀਏ ਦੇ ਅਧੀਨ ਕਈ ਲੱਖ ਕਰੋੜ ਦੀ ਐਨਪੀਐੱਸ ਜਮਾਂ ਰਾਸ਼ੀ ਨੂੰ ਮੋੜਨ ਦੀ ਸੂਬਿਆਂ ਕੋਲ਼ੋਂ ਕੀਤੀ ਗਈ ਮੰਗ ਨੂੰ ਰੱਦ ਕਰਨ,ਪੁਰਾਣੀ ਪੈਨਸ਼ਨ ਸਕੀਮ ਨੂੰ ਵਿਕਾਸ ਲਈ ਰੁਕਾਵਟ ਅਤੇ ਅਰਥ-ਵਿਵਸਥਾ ਸਮੇਤ ਅਗਲੀਆਂ ਪੀੜੀਆਂ ਲਈ ਬੋਝ ਦੱਸਿਆ ਜਾ ਰਿਹਾ ਹੈ।ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਦੋ ਮਹੀਨੇ ਪਹਿਲਾਂ  ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵੋਟਾਂ ਲੈਣ ਖਾਤਰ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਜਾਰੀ ਕੀਤਾ ਨੋਟੀਫਿਕੇਸ਼ਨ, ਹੁਣ ਨਵੀਆਂ ਭਰਤੀਆ ਉੱਤੇ ਵੀ ਨਵੀ ਪੈਨਸ਼ਨ ਵਾਲੀਆਂ ਮੱਦਾਂ ਲਾਗੂ ਕੀਤੇ ਜਾਣ ਨਾਲ਼ ਖੋਖਲਾ ਸਾਬਤ ਹੋ ਚੁੱਕਿਆ ਹੈ।

ਫਰੰਟ ਦੇ ਆਗੂਆਂ ਸੁਭਾਸ਼ ਚੰਦਰ ਅਤੇ ਗਗਨਦੀਪ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਪੈਨਸ਼ਨ ਵਿਰੋਧੀ ਨੀਤੀ ਖਿਲਾਫ ਪੰਜਾਬ ਭਰ ਚੋਂ ਐਨ.ਪੀ.ਐੱਸ ਮੁਲਾਜ਼ਮ 29 ਜਨਵਰੀ ਨੂੰ ਫਗਵਾੜਾ ਵਿਖੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਰਿਹਾਇਸ਼ ਵੱਲ ਸੂਬਾ ਪੱਧਰੀ ਰੋਸ ਮਾਰਚ ਕਰਨਗੇ।ਜੇਕਰ ਪੰਜਾਬ ਸਰਕਾਰ ਨਵੀਂ ਪੈਨਸ਼ਨ ਸਕੀਮ ਨੂੰ ਮੁਕੰਮਲ ਵਾਪਸ ਲੈਣ ਅਤੇ ਪੈਨਸ਼ਨ ਐਕਟ 1972 ਅਧਾਰਿਤ ਪੁਰਾਣੀ ਪੈਨਸ਼ਨ ਦੇ ਸਮੁੱਚੇ ਲਾਭਾਂ ਦੀ ਗਰੰਟੀ ਕਰਦਾ ਸਪੱਸ਼ਟ ਅਤੇ ਸਮਾਂਬੱਧ ਵਿਧੀ ਵਿਧਾਨ ਜਾਰੀ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵਿਰੁੱਧ ਵੀ ਤਿੱਖਾ ਸੰਘਰਸ਼ ਕਰਕੇ ਸਰਕਾਰ ਦੇ ਸਿਆਸੀ ਜੁਮਲੇ ਦਾ ਪਰਦਾਫਾਸ਼ ਕੀਤਾ ਜਾਵੇਗਾ। ਇਸ ਸਮੇਂ ਰਿਸ਼ੂ ਸੇਠੀ,ਨੋਰੰਗ ਲਾਲਾ,ਸੁਬਾਸ਼ ਚੰਦਰ,ਸੁਰਿੰਦਰ ਗੰਜੂਆਣਾ, ਗਗਨ,ਪਵਨ, ਭਾਰਤ ਭੂਸ਼ਨ,ਅਰਵਿੰਦਰ ਮੈਡਮ,ਪੂਨਮ ਮੈਣੀ,ਰੋਹਤਾਸ,ਅਮਰ ਲਾਲ,ਵਰਿੰਦਰ,ਸੁਰਿੰਦਰ ਆਦਿ ਹਾਜ਼ਰ ਸਨ।