—ਫਾਜਿ਼ਲਕਾ ਪ੍ਰਸ਼ਾਸਨ ਵੱਲੋਂ ਸਰਹੱਦੀ ਖੇਤਰਾਂ ਵਿਚ ਕੀਤੇ ਜਾ ਰਹੇ ਕਾਰਜਾਂ ਦੀ ਕੀਤੀ ਸਲਾਘਾ
—ਕਿਹਾ 106 ਪਿੰਡਾਂ ਵਿਚ ਬਣੀਆਂ ਨਾਗਰਿਕ ਸੁਰੱਖਿਆ ਕਮੇਟੀਆਂ
ਫਾਜਿਲ਼ਕਾ, 2 ਫਰਵਰੀ:(ਬਲਰਾਜ ਸਿੰਘ ਸਿੱਧੂ )
ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੀ ਆਣ ਬਾਣ ਅਤੇ ਸ਼ਾਨ ਬਰਕਰਾਰ ਰੱਖਣ ਲਈ ਸਮੂਹ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਹ ਅੱਜ ਇੱਥੇ ਜਿ਼ਲ੍ਹੇ ਦੇ ਸਰਹੱਦੀ ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਹੋਰ ਪਤਵੰਤਿਆਂ ਨਾਲ ਸੰਵਾਦ ਕਰ ਰਹੇ ਸਨ।
ਸੂਬੇ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਆਖਿਆ ਕਿ ਪੰਜਾਬ ਦਾ ਗੌਰਵਸ਼ਾਲੀ ਇਤਿਹਾਸ ਰਿਹਾ ਹੈ ਅਤੇ ਆਜਾਦੀ ਤੋਂ ਬਾਅਦ ਦੇਸ਼ ਨੂੰ ਅਨਾਜ ਉਤਪਾਦਨ ਵਿਚ ਆਤਮ ਨਿਰਭਰ ਕਰਨ ਵਿਚ ਪੰਜਾਬ ਦੀ ਅਹਿਮ ਭੁਮਿਕਾ ਰਹੀ ਹੈ। ਇੱਥੋਂ ਦੀ ਵਿਰਾਸਤ ਬਹੁਤ ਅਮੀਰ ਹੈ ਅਤੇ ਇਸ ਦੀ ਮਿੱਟੀ ਦਾ ਕਣ ਕਣ ਬਲਿਦਾਨ ਦਾ ਕਹਾਣੀ ਕਹਿੰਦਾ ਹੈ ਪਰ ਸਾਡੇ ਪੜੋਸੀ ਮੁਲਕ ਵੱਲੋਂ ਨਸ਼ੇ ਰਾਹੀਂ ਸਾਡੀ ਜਵਾਨੀ ਤੇ ਹਮਲਾ ਕਰਨ ਦੀਆਂ ਕੋਸਿ਼ਸਾਂ ਹੋ ਰਹੀਆਂ ਹਨ। ਉਨ੍ਹਾਂ ਨੇ ਦੁਸ਼ਮਣ ਦੇਸ਼ ਦੀਆਂ ਇੰਨ੍ਹਾਂ ਚਾਲਾਂ ਖਿਲਾਫ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਜਦ ਅਸੀਂ ਸਮਾਜ ਦੇ ਮਾੜ ਅਨਸਰਾਂ ਖਿਲਾਫ ਪੁਲਿਸ ਨੂੰ ਸੂਚਨਾ ਦੇਵਾਂਗੇ ਤਾਂ ਹੀ ਇਹ ਤਾਣਾਬਾਣਾ ਤੋੜ ਸਕਦੇ ਹਾਂ।
ਰਾਜਪਾਲ ਨੇ ਫਾਜਿ਼ਲਕਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸਿ਼ਆਂ ਦੀ ਰੋਕਥਾਮ ਲਈ ਕੀਤੇ ਉਪਰਾਲਿਆਂ ਦੀ ਜ਼ੋਰਦਾਰ ਸਲਾਘਾ ਕਰਦਿਆਂ ਆਖਿਆ ਕਿ ਜਿ਼ਲ੍ਹੇ ਵਿਚ 106 ਪਿੰਡਾਂ ਵਿਚ ਨਾਗਰਿਕ ਸੁਰੱਖਿਆ ਕਮੇਟੀਆਂ ਬਣੀਆਂ ਹਨ ਜਿੰਨ੍ਹਾਂ ਰਾਹੀਂ ਸਰਹੱਦੀ ਇਲਾਕਿਆਂ ਵਿਚ ਸੁਰੱਖਿਆ ਏਂਜਸੀਆਂ ਦੇ ਨਾਲ ਨਾਲ ਹੁਣ ਆਮ ਲੋਕ ਵੀ ਮਾੜੇ ਅਨਸਰਾਂ ਪ੍ਰਤੀ ਚੌਕਸੀ ਰੱਖ ਰਹੇ ਹਨ। ਉਨ੍ਹਾਂ ਸਰਪੰਚਾਂ ਨੂੰ ਹੋਰ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਦੀ ਤਸਕਰੀ, ਡ੍ਰੋਨ ਗਤੀਵਿਧੀ ਦੀ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤਾ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਫਾਜਿਲ਼ਕਾ ਜਿ਼ਲ੍ਹੇ ਵਿਚ ਪਿੱਛਲੇ ਸਮੇਂ ਵਿਚ ਪੁਲਿਸ ਨੇ ਵੱਡੀਆਂ ਬਰਾਮਦਗੀਆਂ ਕੀਤੀਆਂ ਹਨ, ਇਸ ਨਾਲ ਨਸ਼ੇ ਦਾ ਲੱਕ ਤੋੜਨ ਵਿਚ ਸਹਾਇਤਾ ਹੋਵੇਗੀ।
ਰਾਜਪਾਲ ਨੇ ਵਿਦੇਸ਼ੀ ਧਰਤੀ ਤੇ ਬੈਠ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦੀਆਂ ਰਚੀਆਂ ਜਾ ਰਹੀਆਂ ਸਾਜਿਸਾਂ ਪ੍ਰਤੀ ਵੀ ਲੋਕਾਂ ਨੂੰ ਸੁਚੇਤ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਦੇਸ਼ ਭਗਤ ਲੋਕ ਅਜਿਹੇ ਲੋਕਾਂ ਦੇ ਹੁਣ ਬਹਿਕਾਵੇ ਵਿਚ ਨਹੀਂ ਆਉਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਲਈ ਹਮੇਸਾਂ ਹੀ ਰਾਸ਼ਟਰ ਹਿੱਤ ਸਰਵਉੱਚ ਰਿਹਾ ਹੈ।
ਬਾਅਦ ਵਿਚ ਪਿੰਡਾਂ ਦੇ ਸਰਪੰਚਾਂ ਵੱਲੋਂ ਮੁੱਦਾ ਉਠਾਏ ਜਾਣ ਤੇ ਉਨ੍ਹਾਂ ਨੇ ਕਿਹਾ ਕਿ ਤਾਰਬੰਦੀ ਜੀਰੋ ਲਾਇਨ ਦੇ ਨਜਦੀਕ ਲੈ ਕੇ ਜਾਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਜਦਕਿ ਕਿਸਾਨਾਂ ਦੀ ਮੰਗ ਅਨੁਸਾਰ ਬੀਐਸਐਫ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਤਾਰਬੰਦੀ ਦੇ ਪਾਰ ਖੇਤੀ ਕਰਨ ਜਾਣ ਵਾਲੇ ਕਿਸਾਨਾਂ ਦੀਆਂ ਮੁਸਕਿਲਾਂ ਦਾ ਤਰਜੀਹੀ ਅਧਾਰ ਤੇ ਹੱਲ ਕੀਤਾ ਜਾਵੇ।
ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਇਸ ਮੋਕੇ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਖਾਸ ਕਰਕੇ ਮੋਟੇ ਅਨਾਜਾਂ ਦੀ ਖੇਤੀ ਕਰਨ ਦੀ ਸਲਾਹ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਘੱਟ ਪਾਣੀ ਵਾਲੀਆਂ ਫਸਲਾਂ ਦੀ ਕਾਸਤ ਕੀਤੇ ਜਾਣ, ਬੂੰਦ ਬੂੰਦ ਸਿੰਚਾਈ ਪ੍ਰਣਾਲੀ ਅਪਨਾਉਣ ਅਤੇ ਨਵੀਂਆਂ ਖੇਤੀ ਤਕਨੀਕਾਂ ਨਾਲ ਖੇਤੀ ਕਰਕੇ ਕਿਸਾਨ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ।
ਇਸ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਰਾਜਪਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੇਂਦਰ ਸਰਕਾਰ ਨੂੰ ਲਿਖਿਆ ਗਿਆ ਹੈ ਕਿ ਅਗਨੀਪੱਥ ਯੋਜਨਾ ਵਿਚ ਪੰਜਾਬ ਦੇ ਨੌਜਵਾਨਾਂ ਦੀ ਹਿੱਸੇਦਾਰੀ ਵਧਾਈ ਜਾਵੇ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਹੱਦੀ ਇਲਾਕਿਆਂ ਦੇ ਆਰਥਿਕ ਵਿਕਾਸ ਲਈ ਵੀ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਨੂੰ ਸਿਫਾਰਸ ਭੇਜੀ ਗਈ ਹੈ। ਉਨ੍ਹਾਂ ਨੇ ਸਾਦਕੀ ਚੌਕੀ ਤੇ ਉਚਾ ਤਿਰੰਗਾ ਲਗਾਉਣ ਦੀ ਗੱਲ ਵੀ ਇਸ ਮੌਕੇ ਆਖੀ।
ਇਸ ਤੋਂ ਪਹਿਲਾਂ ਮੁੱਖ ਸਕੱਤਰ ਸ੍ਰੀ ਵਿਜੈ ਕੁਮਾਰ ਜੰਜੂਆ ਨੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਇੱਥੇ ਪੁੱਜਣ ਤੇ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਪੁਲਿਸ ਵਿਭਾਗ ਵਿਚ ਹਰ ਸਾਲ 2200 ਪੋਸਟਾਂ ਦੀ ਭਰਤੀ ਲਾਜਮੀ ਤੌਰ ਤੇ ਕੀਤੀ ਜਾਇਆ ਕਰੇਗੀ। ਇਸ ਨਾਲ ਨੌਜਵਾਨ ਲਗਾਤਾਰ ਆਪਣੇ ਬੌਧਿਕ ਅਤੇ ਸਰੀਰਕ ਤੰਦਰੁਸਤੀ ਪ੍ਰਤੀ ਜਾਗਰੂਕ ਰਹਿਣਗੇ। ਇਸਤੋਂ ਬਿਨ੍ਹਾਂ ਬਾਕੀ ਮਹਿਕਮਿਆਂ ਵਿਚ ਵੀ ਸਰਕਾਰ ਵੱਲੋਂ ਲਗਾਤਾਰ ਭਰਤੀ ਕੀਤੀ ਜਾਵੇਗੀ ਤਾਂ ਜ਼ੋ ਸਾਡੀ ਜਵਾਨੀ ਨੂੰ ਉਸਾਰੂ ਕਾਰਜਾਂ ਵਿਚ ਲਗਾਇਆ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਸਮਾਗਮ ਵਿਚ ਪਹੁੰਚਣ ਲਈ ਜਿ਼ਲ੍ਹੇ ਵੱਲੋਂ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਸਮੇਤ ਸਭ ਦਾ ਧੰਨਵਾਦ ਕੀਤਾ ਅਤੇ ਵਿਸਵਾਸ਼ ਦੁਆਇਆ ਕਿ ਜਿ਼ਲ੍ਹਾ ਪ੍ਰਸ਼ਾਸਨ ਲੋਕਾਂ ਦੀ ਬਿਹਤਰੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਦਾ ਰਹੇਗਾ।
ਇਸ ਦੌਰਾਨ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਸਰਹੱਦੀ ਇਲਾਕਿਆਂ ਵਿਚ ਨਸ਼ੇ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਇਕ ਪ੍ਰਦਰਸ਼ਨੀ ਵੀ ਵੇਖੀ।ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਅਤੇ ਰਾਖੀ ਗੁਪਤਾ ਭੰਡਾਰੀ ਪ੍ਰਿੰਸੀਪਲ ਸਕੱਤਰ ਟੂ ਗਵਰਨਰ ਵੀ ਉਨ੍ਹਾਂ ਦੇ ਨਾਲ ਫਾਜਿ਼ਲਕਾ ਪਹੁੰਚੇ।
ਇਸ ਮੌਕੇ ਅਬੋਹਰ ਦੇ ਵਿਧਾਇਕ ਸ੍ਰੀ ਸੰਦੀਪ ਜਾਖੜ, ਡੀਆਈਜੀ ਸ੍ਰੀ ਰਣਜੀਤ ਸਿੰਘ, ਐਸਐਸਪੀ ਸ੍ਰੀ ਭੁਪਿੰੰਦਰ ਸਿੰਘ ਸਿੱਧੂ, ਏਡੀਸੀ ਸ੍ਰੀ ਸੰਦੀਪ ਕੁਮਾਰ ਅਤੇ ਮਨਦੀਪ ਕੌਰ ਵੀ ਹਾਜਰ ਸਨ।