—ਬਾਧਾ ਪਿੰਡ ਵਿਚ ਦੋ ਅਤੇ ਪਿੰਡ ਗਰੀਬਾਂ ਸੰਦੜ ਵਿਚ ਇਕ ਖੱਡ ਸ਼ੁਰੂ
—ਖੱਡ ਤੇ 5.50 ਰੁਪਏ ਪ੍ਰਤੀ ਘਣ ਫੁੱਟ ਰੇਟ ਤੇ ਮਿਲਦਾ ਹੈ ਰੇਤਾ
ਫਾਜਿ਼ਲਕਾ, 6 ਫਰਵਰੀ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਸਤਾ ਰੇਤ ਮੁਹਈਆ ਕਰਵਾਉਣ ਦੇ ਉਦੇਸ਼ ਨਾਲ ਫਾਜਿ਼ਲਕਾ ਜਿ਼ਲ੍ਹੇ ਵਿਚ 3 ਖੱਡਾਂ ਤੋਂ ਰੇਤੇ ਦੀ ਨਿਕਾਸੀ ਸ਼ੁਰੂ ਕਰਵਾ ਦਿੱਤੀ ਗਈ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫਾਜਿ਼ਲਕਾ ਉਪਮੰਡਲ ਵਿਚ ਪਿੰਡ ਬਾਧਾ ਵਿਚ ਦੋ ਅਤੇ ਜਲਾਲਾਬਾਦ ਉਪਮੰਡਲ ਦੇ ਪਿੰਡ ਗਰੀਬਾਂ ਸਾਂਦੜ ਵਿਖੇ ਇਕ ਖੱਡ ਸ਼ੁਰੂ ਕਰਵਾਈ ਗਈ ਹੈ। ਇੰਨ੍ਹਾਂ ਖੱਡਾਂ ਤੋਂ ਫਾਜਿ਼ਲਕਾ ਜਿ਼ਲ੍ਹੇ ਦੀਆਂ ਜਰੂਰਤਾਂ ਅਨੁਸਾਰ ਭਰਪੂਰ ਰੇਤਾ ਮਿਲ ਸਕੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਨ੍ਹਾਂ ਖੱਡਾਂ ਤੋਂ ਲੋਕਾਂ ਨੂੰ 5.50 ਰੁਪਏ ਪ੍ਰਤੀ ਘਣ ਫੁੱਟ ਦੀ ਦਰ ਤੇ ਰੇਤਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਆਪਣੇ ਟਰੈਕਟਰ ਟਰਾਲੀ ਰਾਹੀਂ ਇੱਥੋਂ ਆਪਣੀ ਲੇਬਰ ਰਾਹੀਂ ਟਰਾਲੀ ਭਰਵਾ ਕੇ ਅਤੇ 5.50 ਰੁਪਏ ਪ੍ਰਤੀ ਘਣ ਫੁੱਟ ਦੀ ਦਰ ਨਾਲ ਅਦਾਇਗੀ ਕਰਕੇ ਰੇਤ ਲਿਜਾ ਸਕਦਾ ਹੈ। ਮੌਕੇ ਤੇ ਮਾਇਨਿੰਗ ਵਿਭਾਗ ਦੇ ਅਧਿਕਾਰੀ ਹਾਜਰ ਹਨ ਜੋ ਮੌਕੇ ਪਰ ਹੀ ਅਦਾਇਗੀ ਲੈ ਕੇ ਰੇਤੇ ਦੀ ਭਰਾਈ ਕਰਵਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਖੱਡਾਂ ਤੋਂ ਸਿਰਫ ਲੇਬਰ ਦੀ ਮਦਦ ਨਾਲ ਹੀ ਰੇਤੇ ਦੀ ਨਿਕਾਸੀ ਦੀ ਆਗਿਆ ਦਿੱਤੀ ਗਈ ਹੈ ਅਤੇ ਮਸ਼ੀਨਾਂ ਨਾਲ ਖੁਦਾਈ ਜਾਂ ਭਰਾਈ ਕਰਨ ਦੀ ਆਗਿਆ ਨਹੀਂ ਹੋਵੇਗੀ।
ਓਧਰ ਫਾਜਿ਼ਲਕਾ ਜਿ਼ਲ੍ਹੇ ਵਿਚ ਰੇਤੇ ਦੀਆਂ ਖੱਡਾਂ ਸ਼ੁਰੂ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਪਿੰਡ ਬਾਧਾ ਦੇ ਨੌਜਵਾਨ ਦਲਜੀਤ ਸਿੰਘ ਨੇ ਦੱਸਿਆ ਕਿ ਤੈਅ ਕੀਮਤ ਤੇ ਘਰ ਦੇ ਨੇੜੇ ਹੀ ਰੇਤਾ ਮਿਲਣ ਲੱਗਾ ਹੈ ਜਦ ਕਿ ਪਹਿਲਾਂ ਰੇਤਾ ਲੈਣ ਦੂਰ ਜਾਣਾ ਪੈਂਦਾ ਸੀ। ਇਸੇ ਤਰਾਂ ਸਤਨਾਮ ਸਿੰਘ ਵਾਸੀ ਪਿੰਡ ਮਿਆਣੀ ਨੇ ਰੇਤ ਖੱਡਾਂ ਸ਼ੁਰੂ ਕਰਨ ਲਈ ਮੁੱਖ ਮੰਤਰੀ ਸ: ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਨ੍ਹਾਂ ਖੱਡਾਂ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਜਿੱਥੇ ਸਸਤਾ ਰੇਤਾ ਮਿਲੇਗਾ ਉਥੇ ਹੀ ਇਸ ਨਾਲ ਲੇਬਰ ਨੂੰ ਵੀ ਕੰਮ ਮਿਲੇਗਾ।