Jun 2, 2023

ਮੀਤ ਹੇਅਰ ਵੱਲੋਂ ਭਾਖੜਾ-ਨੰਗਲ ਪ੍ਰਾਜੈਕਟ ਦਾ ਦੌਰਾ, ਡੈਮ ਅਤੇ ਜਲ ਭੰਡਾਰਨ ਦਾ ਕੀਤਾ ਨਿਰੀਖਣ




ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਨੂੰ ਸਿੰਜਾਈ ਲਈ ਦੇ ਰਹੀ ਹੈ ਬਿਹਤਰ ਨੈਟਵਰਕ

ਜਲ ਸਰੋਤ ਵਿਭਾਗ ਵੱਲੋਂ ਆਗਾਮੀ ਮਾਨਸੂਨ ਸੀਜ਼ਨ ਤੋਂ ਪਹਿਲਾਂ ਹੜ੍ਹ ਰੋਕੂ ਕੰਮ ਜੂਨ ਮਹੀਨੇ ਮੁਕੰਮਲ ਕੀਤੇ ਜਾਣਗੇ: ਮੀਤ ਹੇਅਰ

ਚੰਡੀਗੜ੍ਹ/ਨੰਗਲ, 2 ਜੂਨ


        ਪੰਜਾਬ ਵਿੱਚ ਕਿਸਾਨਾਂ ਨੂੰ ਸਿੰਜਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਬਿਹਤਰ ਨੈਟਵਰਕ ਮੁਹੱਈਆ ਕਰਵਾ ਰਹੀ ਹੈ। ਆਗਾਮੀ ਮਾਨਸੂਨ ਸੀਜ਼ਨ ਤੋਂ ਪਹਿਲਾਂ ਸੂਬੇ ਵਿੱਚ ਹੜ੍ਹ ਰੋਕੂ ਕੰਮ ਜੂਨ ਮਹੀਨੇ ਮੁਕੰਮਲ ਹੋ ਜਾਣਗੇ। ਇਹ ਗੱਲ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬੀਤੀ ਸ਼ਾਮ ਭਾਖੜਾ-ਨੰਗਲ ਡੈਮ ਵਿਖੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਬੁਨਿਆਦੀ ਢਾਂਚੇ ਅਤੇ ਪ੍ਰਬੰਧਨ ਦਾ ਦੌਰਾ ਕਰਨ ਉਪਰੰਤ ਕਹੀ।

        ਮੀਤ ਹੇਅਰ ਜੋ ਪਹਿਲੀ ਵਾਰ ਇੱਥੇ ਪੁੱਜੇ ਸਨ, ਨੂੰ ਬੀ.ਬੀ.ਐਮ.ਬੀ. ਅਦਾਰੇ ਅਧੀਨ ਆਉਦੇ ਬੁਨਿਆਦੀ ਢਾਂਚੇ, ਪਾਣੀ ਦੇ ਨਿਯਮਾਂ ਅਤੇ ਸਹਿਭਾਗੀ ਰਾਜਾਂ ਤੋਂ ਵੱਖ-ਵੱਖ ਅਸਾਮੀਆਂ ਦੇ ਸ਼ੇਅਰ ਬਾਰੇ ਜਾਣੂੰ ਕਰਵਾਇਆ ਗਿਆ। ਉਨ੍ਹਾਂ ਚੱਲ ਰਹੇ ਕੰਮਾਂ ਅਤੇ ਭਵਿੱਖ ਦੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਭਾਖੜਾ ਬੰਨ੍ਹ ਤੇ ਜਲ ਭੰਡਾਰਨ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਡੈਮ ਦਾ ਪੱਧਰ ਦਾ ਮੁਆਇਨਾ ਕਰਦਿਆਂ ਮੌਕੇ ਉਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਨਸੂਨ ਸੀਜ਼ਨ ਦੌਰਾਨ ਕੀਤੇ ਜਾਣ ਵਾਲੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਜਾਣ। ਮੌਜੂਦਾ ਸਮੇਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1563.90 ਫੁੱਟ ਸੀ।

        ਜਲ ਸਰੋਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ ਜਿਸ ਵਿੱਚ ਉਨ੍ਹਾਂ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਵਿਭਾਗ ਵੱਲੋਂ ਜੂਨ ਮਹੀਨੇ ਤੱਕ ਆਗਾਮੀ ਮਾਨਸੂਨ ਸੀਜ਼ਨ ਦੌਰਾਨ ਹੜ੍ਹਾਂ ਦੇ ਸੰਭਾਵਿਤ ਖਤਰੇ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਜਲ ਸਰੋਤ ਵਿਭਾਗ ਵੱਲੋਂ ਇਸ ਵਾਰ ਟੇਲਾਂ ਤੱਕ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਨਹਿਰੀ ਪਾਣੀ ਪੁੱਜਦਾ ਕੀਤਾ ਗਿਆ ਜੋ ਕਿ ਸੂਬੇ ਵਿੱਚ ਪਹਿਲੀ ਵਾਰ ਹੋਇਆ।

        ਮੀਤ ਹੇਅਰ ਨੇ ਹਰਿਆਲੀ ਤੇ ਵਾਤਾਵਰਣ ਨੂੰ ਮਹੱਤਤਾ ਦਿੰਦੇ ਹੋਏ ਬੀ.ਬੀ.ਐਮ.ਬੀ. ਕੰਪਲੈਕਸ ਵਿੱਚ ਪੌਦਾ ਵੀ ਲਾਇਆ। ਉਨ੍ਹਾਂ ਭਾਖੜਾ ਬੰਨ੍ਹ ’ਤੇ ਸਥਿਤ ਸ਼ਹੀਦੀ ਸਮਾਰਕ ਉਤੇ ਸਿਜਦਾ ਕਰਦਿਆਂ ਸ਼ਰਧਾਂਜਲੀ ਵੀ ਭੇਂਟ ਕੀਤੀ।

        ਇਸ ਮੌਕੇ ਮੁੱਖ ਇੰਜਨੀਅਰ ਭਾਖੜਾ ਡੈਮ (ਬੀ.ਬੀ.ਐਮ.ਬੀ.) ਚਰਨਪ੍ਰੀਤ ਸਿੰਘ ਵੀ ਹਾਜ਼ਰ ਸਨ।

ਏ.ਆਈ.ਐਫ. ਸਕੀਮ ਦੇ ਸਫਲਤਾਪੂਰਵਕ ਲਾਗੂ ਹੋਣ ਨਾਲ ਪੰਜਾਬ ਵਿੱਚ 3300 ਕਰੋੜ ਰੁਪਏ ਦੇ ਖੇਤੀ ਪ੍ਰੋਜੈਕਟਾਂ ਦੀ ਹੋਈ ਸ਼ੁਰੂਆਤ: ਚੇਤਨ ਸਿੰਘ ਜੌੜਾਮਾਜਰਾ


ਏ.ਆਈ.ਐਫ. ਸਕੀਮ ਤਹਿਤ 5500 ਪ੍ਰੋਜੈਕਟਾਂ ਨਾਲ ਪੰਜਾਬ ਵਿੱਚ ਖੇਤੀ ਨੂੰ ਵੱਡਾ ਹੁਲਾਰਾ ਮਿਲਿਆ: ਬਾਗਬਾਨੀ ਮੰਤਰੀ

ਚੰਡੀਗੜ੍ਹ, 2 ਜੂਨ:

ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਨੇ ਪਿਛਲੇ ਵਿੱਤੀ ਸਾਲ 2022-23 ਦੌਰਾਨ ਸੂਬੇ ਵੱਲੋਂ ਕੀਤੀ ਪ੍ਰਗਤੀ ਨੂੰ ਸਾਂਝਾ ਕਰਨ ਅਤੇ ਪੰਜਾਬ ਵਿੱਚ ਏ.ਆਈ.ਐਫ. ਸਕੀਮ ਦੇ ਪ੍ਰਚਾਰ ਲਈ ਸਰਕਾਰ ਦੇ ਨਾਲ-ਨਾਲ ਨਿੱਜੀ ਖੇਤਰ ਦੇ ਭਾਈਵਾਲਾਂ ਵੱਲੋਂ ਪਾਏ ਯੋਗਦਾਨ ਨੂੰ ਮਾਨਤਾ ਦੇਣ ਲਈ ਮਗਸੀਪਾ, ਸੈਕਟਰ-26 ਚੰਡੀਗੜ੍ਹ ਵਿਖੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏਆਈਐਫ) ਸੰਮੇਲਨ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਲਾਂਚ ਕੀਤੀ ਇਹ ਏਆਈਐਫ ਸਕੀਮ ਜੁਲਾਈ 2020 ਵਿੱਚ ਸ਼ੁਰੂ ਕੀਤੀ ਗਈ ਸੀ। ਏਆਈਐਫ ਸਕੀਮ ਦਾ ਉਦੇਸ਼ ਖੇਤੀਬਾੜੀ ਅਤੇ ਬਾਗਬਾਨੀ ਵੈਲਯੂ ਚੇਨਾਂ ਵਿੱਚ ਵਾਢੀ ਉਪਰੰਤ ਪ੍ਰਬੰਧਨ ਬੁਨਿਆਦੀ ਢਾਂਚਾ ਤਿਆਰ ਕਰਨਾ ਹੈ। ਸੂਬੇ ਵਿੱਚ ਏਆਈਐਫ ਸਕੀਮ ਨੂੰ ਲਾਗੂ ਕਰਨ ਵਾਸਤੇ ਬਾਗਬਾਨੀ ਵਿਭਾਗ ਸੂਬੇ ਦੀ ਨੋਡਲ ਏਜੰਸੀ ਹੈ।
ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਨੇ ਏ.ਆਈ.ਐਫ ਸਕੀਮ ਤਹਿਤ ਬਹੁਤ ਤਰੱਕੀ ਕੀਤੀ ਹੈ। ਪਿਛਲੇ ਵਿੱਤੀ ਸਾਲ 2022-23 ਦੌਰਾਨ 3480 ਪ੍ਰੋਜੈਕਟਾਂ ਤੋਂ 2877 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਆਕਰਸ਼ਿਤ ਕੀਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ 720 ਕਰੋੜ ਰੁਪਏ ਦੇ ਕਰਜ਼ੇ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 591 ਕਰੋੜ ਰੁਪਏ ਦੇ ਕਰਜ਼ੇ ਪਹਿਲਾਂ ਹੀ ਵੱਖ-ਵੱਖ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਵੱਲੋਂ ਵੰਡੇ ਜਾ ਚੁੱਕੇ ਹਨ। ਪੰਜਾਬ ਵਿੱਚੋਂ ਇਸ ਸਕੀਮ ਦਾ ਲਾਭ ਲੈਣ ਵਿੱਚ ਮੋਹਰੀ ਜ਼ਿਲ੍ਹੇ ਬਠਿੰਡਾ (326), ਸੰਗਰੂਰ (326), ਪਟਿਆਲਾ (315), ਸ੍ਰੀ ਮੁਕਤਸਰ ਸਾਹਿਬ (294) ਅਤੇ ਫਾਜ਼ਿਲਕਾ (283) ਹਨ।
ਜੌੜਾਮਾਜਰਾ ਨੇ ਦੱਸਿਆ ਕਿ ਇਸ ਸਕੀਮ ਰਾਹੀਂ ਸੂਬੇ ਵਿੱਚ ਬਣਾਏ ਗਏ ਪ੍ਰਮੁੱਖ ਖੇਤੀਬਾੜੀ ਬੁਨਿਆਦੀ ਢਾਂਚੇ ਵਿੱਚ ਕੋਲਡ ਰੂਮ ਅਤੇ ਕੋਲਡ ਸਟੋਰ, ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ, ਕਸਟਮ ਹਾਇਰਿੰਗ ਸੈਂਟਰ, ਵੇਅਰਹਾਊਸ, ਸੋਰਟਿੰਗ ਅਤੇ ਗਰੇਡਿੰਗ ਯੂਨਿਟ ਅਤੇ ਮੌਜੂਦਾ ਖੇਤੀਬਾੜੀ ਬੁਨਿਆਦੀ ਢਾਂਚੇ 'ਤੇ ਸੋਲਰ ਪੈਨਲ ਸ਼ਾਮਲ ਹਨ। ਇਸ ਸਕੀਮ ਨੂੰ ਲਾਗੂ ਕਰਨ ਵਿੱਚ ਹਿੱਸਾ ਲੈਣ ਵਾਲੇ 35 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਪੰਜਾਬ ਇਸ ਸਮੇਂ (31 ਮਾਰਚ 2023 ਅਨੁਸਾਰ) 11ਵੇਂ ਸਥਾਨ 'ਤੇ ਹੈ।
ਮੌਜੂਦਾ ਵਰ੍ਹੇ ਦੌਰਾਨ ਪੰਜਾਬ ਵਿੱਚ ਏ.ਆਈ.ਐਫ. ਸਕੀਮ ਤਹਿਤ ਹੋਈ ਪ੍ਰਗਤੀ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਤੋਂ ਲਗਾਤਾਰ ਵਿਕਾਸ ਵੱਲ ਵੱਧ ਰਿਹਾ ਹੈ। ਪੰਜਾਬ ਤੋਂ ਏ.ਆਈ.ਐਫ. ਪੋਰਟਲ 'ਤੇ ਅੱਪਲੋਡ ਕੀਤੀਆਂ ਕੁੱਲ ਅਰਜ਼ੀਆਂ ਦੀ ਗਿਣਤੀ 5500 ਤੋਂ ਵੱਧ ਹੈ ਅਤੇ 3300 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਆਕਰਸ਼ਿਤ ਕੀਤਾ ਗਿਆ ਹੈ। ਉਹਨਾਂ ਅੱਗੇ ਕਿ ਇਸ ਸਕੀਮ ਰਾਹੀਂ ਲਘੂ, ਛੋਟੇ ਅਤੇ ਦਰਮਿਆਨੇ ਉੱਦਮੀਆਂ ਨੂੰ ਉਤਪਾਦਨ ਖੇਤਰਾਂ ਦੇ ਨੇੜੇ ਪ੍ਰੋਜੈਕਟ ਸਥਾਪਤ ਕਰਨ ਵਿੱਚ ਮਦਦ ਮਿਲੀ ਹੈ।
ਏ.ਆਈ.ਐਫ. ਸੰਮੇਲਨ ਦੌਰਾਨ, ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਅਤੇ ਬੈਂਕਾਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਪਟਿਆਲਾ ਨੂੰ ਏਆਈਐਫ ਸਕੀਮ ਅਧੀਨ ਪ੍ਰੋਜੈਕਟਾਂ ਸਬੰਧੀ ਸਭ ਤੋਂ ਵੱਧ ਮਨਜ਼ੂਰਸ਼ੁਦਾ ਕਰਜ਼ੇ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ। ਸਟੇਟ ਬੈਂਕ ਆਫ਼ ਇੰਡੀਆ ਨੇ 60 ਦਿਨਾਂ ਦੀ ਨਿਰਧਾਰਤ ਮਿਆਦ ਦੇ ਅੰਦਰ ਨੂੰ ਸਭ ਤੋਂ ਵੱਧ ਮਨਜ਼ੂਰਸ਼ੁਦਾ ਕਰਜ਼ੇ ਦੇਣ ਅਤੇ ਵੱਧ ਤੋਂ ਵੱਧ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਨਿਰਧਾਰਤ ਸਮੇਂ ਦੀ ਸ਼੍ਰੇਣੀ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਪੰਜਾਬ ਗ੍ਰਾਮੀਣ ਬੈਂਕ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ। ਬਠਿੰਡਾ ਅਤੇ ਸੰਗਰੂਰ ਦੇ ਬਾਗਬਾਨੀ ਵਿਭਾਗ ਦੇ ਜ਼ਿਲ੍ਹਾ ਇੰਚਾਰਜਾਂ ਨੂੰ ਜਾਗਰੂਕਤਾ ਪੈਦਾ ਕਰਨ ਅਤੇ ਏਆਈਐਫ ਪੋਰਟਲ 'ਤੇ ਵੱਧ ਤੋਂ ਵੱਧ ਐਪਲੀਕੇਸ਼ਨਾਂ ਅਪਲੋਡ ਕਰਨ ਲਈ ਕੀਤੇ ਅਣਥੱਕ ਯਤਨਾਂ ਲਈ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਨੈਸ਼ਨਲ ਬੈਂਕ ਨੂੰ ਏਆਈਐਫ ਸਕੀਮ ਅਧੀਨ ਪ੍ਰੋਜੈਕਟਾਂ ਦੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਮੋਗਾ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਡੀਡੀਐਮ ਨਾਬਾਰਡ ਨੂੰ ਪੰਜਾਬ ਵਿੱਚ ਸਭ ਤੋਂ ਵੱਧ ਸਹਿਕਾਰੀ ਸਭਾਵਾਂ ਦਾ ਸਮਰਥਨ ਕਰਨ ਲਈ ਮਾਨਤਾ ਦਿੱਤੀ ਗਈ ਹੈ।
ਉਪਰੋਕਤ ਸ਼੍ਰੇਣੀਆਂ ਤੋਂ ਇਲਾਵਾ, ਹੋਰ ਸਕੀਮਾਂ ਜਿਵੇਂ ਕਿ ਪੀਐਮਐਫਐਮਈ, ਐਨਐਚਐਮ, ਪੀਐਮਕੇਐਸਵਾਈ ਅਤੇ ਐਮਓਐਨਆਰਈ ਦੇ ਨੋਡਲ ਅਫਸਰਾਂ ਕ੍ਰਮਵਾਰ ਸ੍ਰੀ ਰਜਨੀਸ਼ ਤੁਲੀ, ਸ੍ਰੀ ਐਸ.ਕੇ. ਦੁਬੇ, ਸ੍ਰੀਮਤੀ ਸ਼ੈਲੇਂਦਰ ਕੌਰ, ਸ੍ਰੀ ਐਮ.ਕੇ. ਸਿੰਘ ਨੂੰ ਉਨ੍ਹਾਂ ਦੇ ਯੋਗਦਾਨ ਲਈ ਮਾਨਤਾ ਦਿੱਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ 17 ਮਾਰਚ 2023 ਨੂੰ ਸ਼ੁਰੂ ਕੀਤੇ ਪ੍ਰੋਜੈਕਟ ਫੇਜ਼ ਅਧੀਨ ਫ਼ਿਰੋਜ਼ਪੁਰ ਦੇ ਪ੍ਰਮੁੱਖ ਕਿਸਾਨਾਂ ਨੂੰ ਚਿੱਲੀ ਕਲੱਸਟਰ ਦੇ ਵਿਕਾਸ ਵਿੱਚ ਕੀਤੇ ਯਤਨਾਂ ਲਈ ਸਨਮਾਨਿਤ ਕੀਤਾ ਗਿਆ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਕਿਸਾਨੀ ਅਤੇ ਉੱਦਮੀ ਭਾਈਚਾਰੇ ਨੂੰ ਵਧੇਰੇ ਲਾਭ ਪਹੁੰਚਾਉਣ ਲਈ ਮਿਲ ਕੇ ਕੰਮ ਕਰਨ ਦੀ ਫੌਰੀ ਲੋੜ ਜ਼ਾਹਰ ਕੀਤੀ।
ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਾਰੇ ਭਾਈਵਾਲਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਖੇਤੀ ਵਿਭਿੰਨਤਾ ਦੇ ਏਜੰਡੇ ਨੂੰ ਅੱਗੇ ਲਿਜਾਣ ਅਤੇ ਕਿਸਾਨਾਂ ਲਈ ਸਥਾਈ ਤਾਲਮੇਲ ਸਥਾਪਿਤ ਕਰਨ ਲਈ ਬਾਗਬਾਨੀ ਵਿਭਾਗ ਦੀ ਵਚਨਬੱਧਤਾ ਦਾ ਮੁੜ ਭਰੋਸਾ ਦਿਵਾਇਆ।
ਇਸ ਮੌਕੇ ਬੋਲਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬਾਗਬਾਨੀ ਵਿਭਾਗ ਨੂੰ ਏਆਈਐਫ ਸਕੀਮ ਤਹਿਤ ਪਿਛਲੇ ਵਿੱਤੀ ਸਾਲ ਦੌਰਾਨ ਸ਼ਾਨਦਾਰ ਸਫ਼ਲਤਾ ਹਾਸਲ ਕਰਨ ਲਈ ਵਧਾਈ ਦਿੱਤੀ ਅਤੇ ਮੌਜੂਦਾ ਵਿੱਤੀ ਸਾਲ ਵਿੱਚ ਪ੍ਰਗਤੀ ਦੀ ਨੇੜਿਓਂ ਨਿਗਰਾਨੀ ਕਰਨ ਦੀ ਇੱਛਾ ਜ਼ਾਹਰ ਕੀਤੀ।
ਵਧੀਕ ਮੁੱਖ ਸਕੱਤਰ (ਏਸੀਐਸ) ਕੇ.ਏ.ਪੀ. ਸਿਨਹਾ (ਆਈਏਐਸ) ਨੇ ਸੂਬੇ ਦੀ ਨੋਡਲ ਏਜੰਸੀ ਬਾਗਬਾਨੀ ਵਿਭਾਗ ਵੱਲੋਂ ਕੀਤੇ ਗਏ ਯਤਨਾਂ ਨੂੰ ਮਾਨਤਾ ਦਿੱਤੀ ਅਤੇ ਵੈਲਯੂ ਚੇਨ ਵਿਚਲੇ ਪਾੜੇ ਨੂੰ ਪੂਰਨ ਲਈ ਕਲੱਸਟਰ ਵਿਕਾਸ ਪਹੁੰਚ ਅਪਣਾਉਣ ਦਾ ਸੁਝਾਅ ਦਿੱਤਾ। ਬੁਲਾਰਿਆਂ ਨੇ ਹੋਰ ਸਕੀਮਾਂ ਨਾਲ ਤਾਲਮੇਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਜੋ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਕੇਂਦਰੀ ਅਤੇ ਸੂਬਾ ਪੱਧਰੀ ਸਕੀਮਾਂ ਦਾ ਲਾਭ ਉਠਾਇਆ ਜਾ ਸਕੇ।
ਪ੍ਰੋਜੈਕਟ ਫੇਜ਼ (ਪੰਜਾਬ ਹਾਰਟੀਕਲਚਰ ਐਡਵਾਂਸਮੈਂਟ ਐਂਡ ਸਸਟੇਨੇਬਲ ਐਂਟਰਪ੍ਰੀਨਿਓਰਸ਼ਿਪ) ਵਰਗੀਆਂ ਪਹਿਲਕਦਮੀਆਂ ਨੂੰ ਸ਼ੁਰੂ ਕਰਨ ਲਈ ਸੂਬਾ ਸਰਕਾਰ ਵੱਲੋਂ ਬਹੁਤ ਉਤਸ਼ਾਹ ਪ੍ਰਾਪਤ ਹੋਇਆ ਜਿਸ ਨਾਲ ਪੰਜਾਬ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੇ ਏਆਈਐਫ ਸਕੀਮ ਦਾ ਲਾਭ ਲਿਆ ਅਤੇ ਵਿਸ਼ੇਸ਼ ਫਸਲ ਕਲੱਸਟਰ ਬਣਾਉਣ ਵਿੱਚ ਵੀ ਮਦਦ ਕੀਤੀ। ਪ੍ਰਾਜੈਕਟ ਫੇਜ਼ ਦੀ ਸ਼ੁਰੂਆਤ ਨਵੰਬਰ 2022 ਵਿੱਚ ਸੂਬਾ ਪੱਧਰੀ ਏਆਈਐਫ ਕਾਨਫਰੰਸ ਦੌਰਾਨ ਕੀਤੀ ਗਈ ਸੀ, ਜਿੱਥੇ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਪ੍ਰਗਤੀਸ਼ੀਲ ਵਿਕਾਸ ਵਿੱਚ ਬਾਗਬਾਨੀ ਖੇਤਰ ਦੀ ਅਹਿਮ ਭੂਮਿਕਾ ਦੀ ਕਲਪਨਾ ਕੀਤੀ ਸੀ। ਬਾਗਬਾਨੀ ਮੰਤਰੀ ਸ੍ਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਖੇਤੀਬਾੜੀ ਮੰਤਰੀ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਹੇਠ ਪੰਜਾਬ ਫਸਲ ਸਬੰਧੀ ਵੈਲਯੂ ਚੇਨ ਵਿੱਚ ਵਿਭਿੰਨਤਾਵਾਂ ਅਤੇ ਖੇਤੀ ਧੰਦਿਆਂ ਦੇ ਖੇਤਰ ਵਿੱਚ ਨਵੀਆਂ ਬੁਲੰਦੀਆਂ ਹਾਸਲ ਕਰਨ ਲਈ ਤਿਆਰ ਹੈ।
ਇਸ ਏ.ਆਈ.ਐਫ ਸੰਮੇਲਨ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਮੇਤ ਅਧਿਕਾਰੀ,  ਕੇ.ਏ.ਪੀ. ਸਿਨਹਾ, ਆਈ.ਏ.ਐਸ., ਵਧੀਕ ਮੁੱਖ ਸਕੱਤਰ (ਏ.ਸੀ.ਐਸ.) ਕਮ ਵਿੱਤ ਕਮਿਸ਼ਨਰ, ਬਾਗਬਾਨੀ, ਅਨੁਰਾਗ ਅਗਰਵਾਲ, ਆਈ.ਏ.ਐਸ., ਵਧੀਕ ਮੁੱਖ ਸਕੱਤਰ (ਏ.ਸੀ.ਐਸ.) ਕਮ ਵਿੱਤੀ ਕਮਿਸ਼ਨਰ ਸਹਿਕਾਰਤਾ, ਅਰਸ਼ਦੀਪ ਸਿੰਘ ਥਿੰਦ, ਸਕੱਤਰ-ਬਾਗਬਾਨੀ, ਕਰਨੈਲ ਸਿੰਘ, ਆਈ.ਏ.ਐਸ., ਐਮ.ਡੀ. ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ, ਗਿਰੀਸ਼ ਦਿਆਲਨ, ਆਈ.ਏ.ਐਸ., ਐਮ.ਡੀ. ਮਾਰਕਫੈੱਡ, ਡਾ. ਸੁਖਪਾਲ ਸਿੰਘ, ਚੇਅਰਮੈਨ, ਪੰਜਾਬ ਰਾਜ ਕਿਸਾਨ ਕਮਿਸ਼ਨ ਅਤੇ ਸੈਮੂਅਲ ਪ੍ਰਵੀਨ ਕੁਮਾਰ, ਸੰਯੁਕਤ ਸਕੱਤਰ, ਖੇਤੀਬਾੜੀ ਮੰਤਰਾਲੇ, ਭਾਰਤ ਸਰਕਾਰ ਸ਼ਾਮਲ ਸਨ। ਇਸ ਤੋਂ ਇਲਾਵਾ ਇਸ ਸਮਾਗਮ ਦੌਰਾਨ ਬੈਂਕਿੰਗ ਅਤੇ ਹੋਰ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਦੇ ਰਾਜ ਪੱਧਰੀ ਨੁਮਾਇੰਦੇ ਅਤੇ ਨਿੱਜੀ ਤੇ ਗੈਰ-ਸਰਕਾਰੀ ਖੇਤਰ ਨਾਲ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।
 
ਡੱਬੀ:
ਪੰਜਾਬ ਵਿੱਚ ਏ.ਆਈ.ਐਫ. ਸਕੀਮ ਦੀ ਮੁੱਖ ਝਲਕ
* 61 ਫ਼ੀਸਦ ਤੋਂ ਵੱਧ ਪ੍ਰੋਜੈਕਟ 25 ਲੱਖ ਰੁਪਏ ਤੋਂ ਘੱਟ ਦੀ ਨਿਵੇਸ਼ ਸੀਮਾ ਅਧੀਨ ਹਨ
* 16 ਫ਼ੀਸਦ ਤੋਂ ਵੱਧ ਪ੍ਰੋਜੈਕਟ 25 ਤੋਂ 50 ਲੱਖ ਰੁਪਏ ਦੀ ਨਿਵੇਸ਼ ਸੀਮਾ ਅਧੀਨ ਹਨ
* ਲਗਭਗ 5 ਫ਼ੀਸਦ ਪ੍ਰੋਜੈਕਟ 50 ਲੱਖ ਤੋਂ 1 ਕਰੋੜ ਰੁਪਏ ਦੀ ਨਿਵੇਸ਼ ਸੀਮਾ ਅਧੀਨ ਹਨ
* ਲਗਭਗ 4 ਫ਼ੀਸਦ ਪ੍ਰੋਜੈਕਟ 1 ਕਰੋੜ ਤੋਂ 1.5 ਕਰੋੜ ਰੁਪਏ ਦੀ ਨਿਵੇਸ਼ ਸੀਮਾ ਅਧੀਨ ਹਨ
* ਲਗਭਗ 4 ਫ਼ੀਸਦ ਪ੍ਰੋਜੈਕਟ 1.5 ਕਰੋੜ ਤੋਂ 2 ਕਰੋੜ ਰੁਪਏ ਦੀ ਨਿਵੇਸ਼ ਸੀਮਾ ਅਧੀਨ ਹਨ
* ਲਗਭਗ 9 ਫ਼ੀਸਦ ਪ੍ਰੋਜੈਕਟਾਂ 2 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਹੈ

ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਦੋਸ਼ੀ ਗ੍ਰਿਫਤਾਰ


 

ਹੈਰੋਇਨ ਅਤੇ  ਕਾਰ ਬਰਾਮਦ

 

 

ਬਠਿੰਡਾ, 2 ਜੂਨ()-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਖਤਮ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਸ਼੍ਰੀ ਗੁਲਨੀਤ ਸਿੰਘ ਖੁਰਾਣਾਆਈ.ਪੀ.ਐੱਸਵੱਲੋਂ ਜਾਰੀ ਹਦਾਇਤਾਂ ਅਨੁਸਾਰ ਐੱਸ.ਪੀ ਇਨਵੈਸਟੀਗੇਸ਼ਨ ਬਠਿੰਡਾ ਸ੍ਰੀ ਅਜੈ ਗਾਂਧੀ ਆਈ.ਪੀ.ਐੱਸ.ਦੀ ਅਗਵਾਈ ਹੇਠ ਬਠਿੰਡਾ ਪੁਲਿਸ ਵੱਲੋਂ ਮਾੜੇ ਅਨਸਰਾਂ ਵੱਲੋਂ ਕੀਤੇ ਜਾਣ ਵਾਲੇ ਜੁਰਮਾਂ ਤੇ ਕਾਬੂ ਪਾਉਣ ਲਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਨਿਮਨ ਲਿਖਤ 03 ਮੁਕੱਦਮੇ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ:-

 

1. ਮੁਕੱਦਮਾ ਨੰਬਰ 72 ਮਿਤੀ 01.06.2023 / 21ਬੀ/61/85 ਐੱਨ.ਡੀ.ਪੀ.ਐੱਸ.ਐਕਟ ਥਾਣਾ ਨਥਾਣਾ ਬਰਖਿਲਾਫ ਚਮਕੌਰ ਸਿੰਘ ਪੁੱਤਰ ਸਿਕੰਦਰ ਸਿੰਘਵਰਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀਆਨ ਕਲਿਆਣ ਮੱਲ ਕਾ। 

ਬਰਾਮਦਗੀ:- 130 ਗਰਾਮ ਹੈਰੋਇਨ ਅਤੇ ਇੱਕ ਕਾਰ ਕਰੂਜ਼ ਨੰਬਰ DL 3C 7373

 

2. ਮੁਕੱਦਮਾ ਨੰਬਰ 146 ਮਿਤੀ 01.06.2023 / 21ਬੀ/61/85 ਐੱਨ.ਡੀ.ਪੀ.ਐੱਸ.ਐਕਟ ਥਾਣਾ ਸਿਵਲ ਲਾਈਨ ਬਠਿੰਡਾ ਬਰਖਿਲਾਫ ਬਲਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਬਦਿਆਲਾਸਿਕੰਦਰ ਸਿੰਘ ਪੁੱਤਰ ਜੱਗਾ ਅਤੇ ਗੱਬਰ ਪੁੱਤਰ ਕ੍ਰਿਸ਼ਨ ਵਾਸੀਆਨ ਫਿਰੋਜ਼ਪੁਰ। 

ਬਰਾਮਦਗੀ:- 30 ਗਰਾਮ ਹੈਰੋਇਨ ਸਮੇਤ ਇੱਕ ਕਾਰ ਨੰਬਰੀ PB 05 AE 4469

 

3. ਮੁਕੱਦਮਾ ਨੰਬਰ 97 ਮਿਤੀ 01.06.2023 /  21ਬੀ/61/85 ਐੱਨ.ਡੀ.ਪੀ.ਐੱਸ.ਐਕਟ ਥਾਣਾ ਤਲਵੰਡੀ ਸਾਬੋ ਬਰਖਿਲਾਫ਼ ਗਿਆਨ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਖਲਚੀਆਂ ਕਦੀਮ ਜ਼ਿਲ੍ਹਾ ਫਿਰੋਜ਼ਪੁਰ ਅਤੇ ਅਮਨਦੀਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬੁਰਜ ਸੇਮਾ

ਬਰਾਮਦਗੀ:-10 ਗਰਾਮ ਹੈਰੋਇਨ, 10500/- ਰੁਪਏ ਡਰੱਗ ਮਨੀ ਅਤੇ ਮੋਟਰਸਾਈਕਲ ਨੰਬਰ PB 12H 3762

ਆਂਗਣਵਾੜੀ ਵਰਕਰਾਂ ਨੂੰ ਪੋਸ਼ਣ ਟਰੈਕਰ ਐਪ ਖ਼ਾਤਰ ਮਿਲੇਗਾ ਪ੍ਰਤੀ ਸਾਲ 2 ਹਜ਼ਾਰ ਰੁਪਏ ਦਾ ਮੋਬਾਈਲ ਡੇਟਾ ਪੈਕੇਜ



·        ਪੋਸ਼ਣ ਅਭਿਆਨ ਨੂੰ ਪਾਰਦਰਸ਼ਤਾ ਨਾਲ ਲਾਗੂ ਕਰਨਾ ਮੁੱਖ ਮਕਸਦ: ਡਾ. ਬਲਜੀਤ ਕੌਰ

ਫਾਜਿਲਕਾ 2 ਜੂਨ

ਸਮਾਜਿਕ ਸੁਰੱਖਿਆਇਸਤਰੀ ਤੇ ਬਾਲ ਵਿਕਾਸ ਵਿਭਾਗ ਬਾਰੇ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਹਰੇਕ ਆਂਗਣਵਾੜੀ ਕੇਂਦਰ ਨੂੰ ਪ੍ਰਤੀ ਸਾਲ 2 ਹਜ਼ਾਰ ਰੁਪਏ ਦੇ ਮੋਬਾਈਲ ਡੇਟਾ ਪੈਕੇਜ ਦੀ ਸਹੂਲਤ ਲਾਗੂ ਕੀਤੀ ਗਈ ਹੈ। ਸੂਬੇ ਵਿੱਚ ਕੁੱਲ ਮਨਜ਼ੂਰਸ਼ੁਦਾ ਆਂਗਣਵਾੜੀ ਸੈਂਟਰਾਂ ਦੀ ਗਿਣਤੀ 27,314 ਹੈ। ਹਰੇਕ ਸਾਲ ਪ੍ਰਤੀ ਸੈਂਟਰ 2000 ਰੁਪਏ ਦੇ ਹਿਸਾਬ ਨਾਲ ਇਨ੍ਹਾਂ ਆਂਗਣਵਾੜੀ ਕੇਦਰਾਂ ਨੂੰ ਹਰ ਸਾਲ 5,46,28000 ਦਾ ਡੇਟਾ ਪੈਕੇਜ ਦਿੱਤਾ ਜਾਵੇਗਾ।

ਡਾਬਲਜੀਤ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੋਸ਼ਣ ਅਭਿਆਨ ਦੇ ਰਿਕਾਰਡ ਵਾਸਤੇ ਪਿਛਲੇ ਸਮੇਂ ਪੋਸ਼ਣ ਟਰੈਕਰ’ ਮੋਬਾਈਲ ਐਪ ਜਾਰੀ ਕੀਤੀ ਸੀਜਿਸ ਨੂੰ ਚਲਾਉਣ ਵਾਸਤੇ ਆਂਗਣਵਾੜੀ ਵਰਕਰਾਂ ਨੂੰ ਮੋਬਾਈਲ ਡੇਟਾ ਪੈਕੇਜ ਲੋੜੀਂਦਾ ਸੀ ਜਿਸ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਹਰੇਕ ਆਂਗਣਵਾੜੀ ਕੇਂਦਰ ਲਈ ਪ੍ਰਤੀ ਸਾਲ 2 ਹਜ਼ਾਰ ਰੁਪਏ ਦੇ ਡੇਟਾ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਅਭਿਆਨ ਨੂੰ ਜ਼ਮੀਨੀ ਪੱਧਰ ਤੇ ਪਾਰਦਰਸ਼ਤਾ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੀ ਇਸ ਐਪਲੀਕੇਸ਼ਨ ਦੀ ਵਰਤੋਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਤਾਂ ਜੋ ਆਂਗਣਵਾੜੀ ਵਰਕਰ ਅਤੇ ਹੈਲਪਰ ਪੋਸ਼ਣ ਸਬੰਧੀ ਸਾਰਾ ਰਿਕਾਰਡ ਇਸ ਐਪ ਤੇ ਅਪਲੋਡ ਕਰ ਸਕਣ ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਦੀ ਇਸ ਖੇਤਰ ਵਿੱਚ ਬਿਹਤਰੀਨ ਕਾਰਗੁਜ਼ਾਰੀ ਬਦਲੇ ਕ੍ਰਮਵਾਰ 500 ਰੁਪਏ ਅਤੇ 250 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਨਾਲ ਉਨ੍ਹਾਂ ਦਾ ਉਤਸ਼ਾਹ ਵਧਾਇਆ ਜਾਵੇਗਾ।

ਜ਼ਿਲ੍ਹਾ ਪੋਗਰਾਮ ਅਫਸਰ ਮੈਡਮ ਹਰਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ 866 ਮਨਜ਼ੂਰਸ਼ੁਦਾ ਆਂਗਣਵਾੜੀ ਸੈਂਟਰਾਂ ਨੂੰ ਹਰੇਕ ਸਾਲ ਪ੍ਰਤੀ ਸੈਂਟਰ 2000 ਰੁਪਏ ਦੇ ਹਿਸਾਬ ਨਾਲ ਡੇਟਾ ਪੈਕੇਜ ਦਿੱਤਾ ਜਾਵੇਗਾ ਤੇ ਡੇਟਾ ਪੈਕੇਜ ਆਂਗਣਵਾੜੀ ਵਰਕਰਾਂ ਨੂੰ ਮਿਲਣ ਨਾਲ ਇਸ ਅਭਿਆਨ ਨੂੰ ਹੋਰ ਬਿਹਤਰ ਤਰੀਕੇ ਨਾਲ ਲਾਗੂ ਕਰਨ ਵਿੱਚ ਮਦਦ ਮਿਲੇਗੀ।  ਉਨ੍ਹਾਂ ਦੱਸਿਆ ਕਿ ਡੇਟਾ ਪੈਕੇਜ ਮਿਲਣ ਨਾਲ ਪੋਸ਼ਣ ਟਰੈਕਰ’ ਮੋਬਾਈਲ ਐਪ ਤੇ ਆਂਗਣਵਾੜੀ ਵਰਕਰ ਅਤੇ ਹੈਲਪਰ ਪੋਸ਼ਣ ਸਬੰਧੀ ਸਾਰਾ ਰਿਕਾਰਡ ਅਪਲੋਡ ਕਰ ਸਕਣਗੇ ਉਨ੍ਹਾਂ ਦੱਸਿਆ ਕਿ ਪੋਸ਼ਣ ਅਭਿਆਨ ਤਹਿਤ ਆਂਗਣਵਾੜੀ ਕੇਂਦਰਾਂ ਰਾਹੀਂ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਉਹ ਕੁਪੋਸ਼ਣ ਦਾ ਸ਼ਿਕਾਰ ਨਾ ਹੋਣ। 

7 ਜੂਨ ਨੂੰ ਰਾਜ ਪੱਧਰੀ ਰੋਜਗਾਰ ਮੇਲੇ ਦਾ ਆਯੋਜਨ, ਨੌਜਵਾਨਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ


ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ ਲਗਾਇਆ ਜਾਵੇਗਾ ਰੋਜਗਾਰ ਮੇਲਾ
ਫਾਜ਼ਿਲਕਾ, 

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾ ਨੂੰ ਰੋਜਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਇਕ ਦਿਨੀਂ ਰਾਜ ਪੱਧਰੀ ਰੋਜਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਰਾਜ ਪੱਧਰੀ ਰੋਜਗਾਰ ਮੇਲਾ 7 ਜੂਨ ਨੂੰ ਪੂਰੇ ਸੂਬੇ ਅੰਦਰ ਲਗਾਇਆ ਜਾ ਰਿਹਾ ਹੈ। ਇਸ ਮੇਲੇ ਦੌਰਾਨ ਵੱਖ—ਵੱਖ ਕੰਪਨੀਆਂ ਵੱਲੋਂ ਸ਼ਿਰਕਤ ਕਰਕੇ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ *ਤੇ ਨੌਕਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜਗਾਰ ਅਫਸਰ ਸ. ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੇ ਦਿਸ਼ਾ—ਨਿਰਦੇਸ਼ਾਂ *ਤੇ 7 ਜੂਨ 2023 ਨੂੰ ਇਕ ਦਿਨੀਂ ਰੋਜਗਾਰ ਮੇਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ ਲਗਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਰੋਜਗਾਰ ਮੇਲੇ ਵਿਚ ਲੜਕੇ ਲੜਕੀਆਂ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰੋਜਗਾਰ ਮੇਲੇ ਦੌਰਾਨ 300 ਤੋਂ ਵੱਧ ਅਸਾਮੀਆਂ ਲਈ ਨੌਜਵਾਨਾ ਦੀ ਚੋਣ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਰੋਜਗਾਰ ਮੇਲੇ ਲਈ ਰਜਿਸਟਰੇਸ਼ਨ ਮੌਕੇ *ਤੇ ਹੀ ਕੀਤੀ ਜਾਵੇਗੀ।
ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਨੇ ਦੱਸਿਆ ਕਿ 8ਵੀਂ, 10ਵੀਂ, ਬਾਰਵੀਂ, ਗ੍ਰੁੈਜੂਏਸ਼ਨ, ਆਈ.ਟੀ.ਆਈ. ਡਿਪਲੋਮਾ ਹੋਲਡਰ ਆਦਿ ਯੋਗਤਾ ਰੱਖਣ ਵਾਲੇ ਨੌਜਵਾਨ ਰੋਜਗਾਰ ਮੇਲੇ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕੰਪਨੀਆਂ ਵੱਲੋਂ ਯੋਗਤਾ ਦੇ ਆਧਾਰ *ਤੇ ਨੋਜਵਾਨਾ (ਲੜਕੇ/ਲੜਕੀਆਂ) ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਜ਼ਿਲੇ੍ਹ ਦੇ ਨੋਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਰੋਜਗਾਰ ਮੇਲੇ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਅਤੇ ਨੌਕਰੀ ਹਾਸਲ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਰੋਜਗਾਰ ਮੇਲੇ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਚੌਥੀ ਮੰਜ਼ਲ, ਏ ਬਲਾਕ, ਕਮਰਾ ਨੰ. 502, ਜ਼ਿਲ੍ਹਾ ਰੋਜਗਾਰ ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਦਫਤਰ ਦੇ ਹੈਲਪਲਾਈਨ ਨੰਬਰ 89060 22220 *ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Jun 1, 2023

ਮਾਲ ਰਿਕਾਰਡ ਵਿੱਚ ਫੇਰਬਦਲ ਕਰਕੇ ਸ਼ਾਮਲਾਤ ਦੀ 28 ਏਕੜ ਜ਼ਮੀਨ ਪ੍ਰਾਈਵੇਟ ਵਿਅਕਤੀਆ ਦੇ ਨਾਮ ਕਰਨ ਦੇ ਦੋਸ਼ਾ ਹੇਠ ਨਾਇਬ ਤਹਿਸੀਲਦਾਰ ਤੇ ਸੇਵਾ ਮੁਕਤ ਪਟਵਾਰੀ ਵਿਜੀਲੈਂਸ ਵੱਲੋ ਗ੍ਰਿਫਤਾਰ

 

          ਬਠਿੰਡਾ 1 ਜੂਨ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜੀਰੋ ਟਾਲਰੈਂਸ ਦੀ ਨੀਤੀ ਅਤੇ ਚੀਫ ਵਿਜੀਲੈਂਸ ਬਿਉਰੋ ਪੰਜਾਬ ਵੱਲੋਂ ਰਿਸ਼ਵਤਖੋਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਵੀਰਵਾਰ ਨੂੰ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਸਰਦੂਲਗੜ ਤੇ ਜਗਜੀਤ ਸਿੰਘ ਜੱਗਾ ਰਿਟਾਰਇਡ ਪਟਵਾਰੀ ਨੂੰ ਵਿਜੀਲੈਂਸ ਬਿਉੁਰੋ ਦੀ ਟੀਮ ਵੱਲੋ ਗ੍ਰਿਫਤਾਰ ਕੀਤਾ ਗਿਆ।

          ਅੱਜ ਇਥੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਸਰਦੂਲਗੜ (ਉਸ ਸਮੇਂ ਕਾਨੂੰਗੋ) ਅਤੇ ਜਗਜੀਤ ਸਿੰਘ ਰਿਟਾਰਇਡ ਪਟਵਾਰੀ ਮਾਲ ਹਲਕਾ ਸੇਮਾਂ ਵੱਲੋ ਮਾਲ ਵਿਭਾਗ ਦੇ ਰਿਕਾਰਡ ਵਿੱਚ ਫੇਰਬਦਲ ਕਰਕੇ ਪਿੰਡ ਸੇਮਾਂ ਤਹਿਸੀਲ ਨਥਾਣਾਂ ਜਿਲਾ ਬਠਿੰਡਾ ਦੀ ਕਰੀਬ 28 ਏਕੜ ਸ਼ਾਮਲਾਤ ਦੀ ਜ਼ਮੀਨ ਵਿੱਚ ਪ੍ਰਾਈਵੇਟ ਵਿਅਕਤੀਆ ਨੂੰ ਮਾਲਕ ਅਤੇ ਖੁਦਕਾਸ਼ਤ ਬਣਾ ਦਿੱਤਾ ਗਿਆ। ਵਿਜੀਲੈਂਸ ਵਿਭਾਗ ਵੱਲੋ ਕੀਤੀ ਗਈ ਪੜਤਾਲ ਦੋਰਾਨ ਇਹ ਸਾਹਮਣੇ ਆਇਆ ਹੈ ਕਿ ਪਟਵਾਰੀ ਜਗਜੀਤ ਸਿੰਘ ਜੱਗਾ ਵੱਲੋ ਜਮ੍ਹਾਂਬੰਦੀ 2005—06 ਵਿੱਚ ਪ੍ਰਾਈਵੇਟ ਵਿਅਕਤੀਆ ਨੂੰ ਕਾਸ਼ਤਕਾਰ ਤੋਂ ਮਾਲਕ ਬਣਾ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਇਨ੍ਹਾਂ ਮਾਲਕਾ ਵੱਲੋ ਸ਼ਾਮਲਾਤ ਦੀ ਜ਼ਮੀਨ ਪਰ ਬੈਂਕਾ ਪਾਸੋ ਲੱਖਾ ਰੁਪਏ ਦੇ ਲੋਨ ਹਾਸਲ ਕੀਤੇ ਗਏ।

          ਉਨਾਂ ਦੱਸਿਆ ਕਿ ਵਿਜੀਲੈਂਸ ਵਿਭਾਗ ਨੂੰ ਖੁਫੀਆ ਸੋਰਸਾ ਰਾਹੀ ਖਬਰ ਮਿਲੀ ਕਿ ਪਟਵਾਰੀ ਵੱਲੋ ਮਾਲ ਰਿਕਾਰਡ ਵਿੱਚ ਫੇਰਬਦਲ ਕਰਕੇ ਪ੍ਰਾਈਵੇਟ ਵਿਅਕਤੀਆ ਨਾਲ ਮਿਲੀਭੁਗਤ ਕਰਕੇ ਸ਼ਾਮਲਾਤ ਜ਼ਮੀਨ ਦਾ ਮਾਲਕ ਬਣਾਇਆ ਗਿਆ ਹੈ।ਜਿਸਦੀ ਪੜਤਾਲ ਵਿਜੀਲੈਂਸ ਵਿਭਾਗ ਵੱਲੋ ਕੀਤੀ ਗਈ ਅਤੇ ਪੜਤਾਲ ਦੋਰਾਨ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਸਰਦੂਲਗੜ ਜ਼ੋ ਉਸ ਸਮੇਂ ਬਤੌਰ ਕਾਨੂੰਗੋ ਤਾਇਨਾਤ ਸੀ ਦੇ ਖਿਲਾਫ ਵੀ ਸਬੂਤ ਸਾਹਮਣੇ ਆਏ, ਜਿਨ੍ਹਾਂ ਨੂੰ ਮੁਕੱਦਮਾ ਵਿੱਚ ਦੋਸ਼ੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ।

          ਵਿਜੀਲੈਂਸ ਵਿਭਾਗ ਵੱਲੋ ਇਸ ਸ਼ਾਮਲਾਤ ਦੀ ਜ਼ਮੀਨ ਦੇ ਨਜਾਇਜ਼ ਬਣੇ ਮਾਲਕਾ ਨੂੰ ਵੀ ਇਸ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ ਹੈ, ਜਿਨ੍ਹਾਂ ਵੱਲੋ ਇਹ ਸ਼ਾਮਲਾਤ ਦੀ ਜ਼ਮੀਨ ਦੀ ਮਾਲਕੀ ਹਾਸਲ ਕਰਕੇ ਇਸ ਜ਼ਮੀਨ ਉਪਰ ਬੈਂਕਾ ਪਾਸੋ ਲੱਖਾ ਰੁਪਏ ਦੇ ਲੋਨ ਹਾਸਲ ਕੀਤੇ ਗਏ ਹਨ। ਇਸ ਸਬੰਧ ਵਿੱਚ ਉਕਤ ਮੁਲਜ਼ਮਾ ਖਿਲਾਫ ਵਿਜੀਲੈਂਸ ਬਿਉਰੋ ਥਾਣਾ ਰੇਂਜ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਹਿੰਦ ਦੰਡਾਵਲੀ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਹੈ।


ਮਚਾਕੀ ਵਾਲੀਆ ਝਾਲਾਂ ਤੋਂ ਲੈ ਕੇ ਹਰੀਕੇ ਹੈੱਡ ਵਰਕਸ ਤੱਕ ਰਾਜਸਥਾਨ ਨਹਿਰ ਦੀ ਕੰਕਰੀਟ ਕਰਨ ਦਾ ਪ੍ਰੋਜੈਕਟ ਰੱਦ: ਦਹੀਆ



-ਸਿੰਚਾਈ ਸਕੱਤਰ ਨਾਲ ਮੀਟਿੰਗ ਮਗਰੋਂ ਬਣੀ ਸਹਿਮਤੀ

- ਕਿਸਾਨਾਂ, ਜੱਥੇਬੰਦੀਆਂ ਵੱਲੋਂ ਵਿਧਾਇਕ ਰਜਨੀਸ਼ ਦਹੀਆ ਦਾ ਧੰਨਵਾਦ

ਫਿਰੋਜ਼ਪੁਰ, 

                       ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਦਹੀਆ ਨੇ ਦੱਸਿਆ ਕਿ ਮਚਾਕੀ ਵਾਲੀਆਂ ਝਾਲਾਂ (ਫਰੀਦਕੋਟ) ਤੋਂ ਲੈਕੇ ਹਰੀਕੇ ਹੈੱਡ ਵਰਕਸ ਤੱਕ ਰਾਜਸਥਾਨ ਨਹਿਰ ਦੀ ਕੰਕਰੀਟ ਕਰਨ ਦਾ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਦੀ ਸਿਰਫ ਰਿਪੇਅਰ ਹੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁੱਦਕੀ ਮੋਰਚਾ ਦਾ ਧਰਨਾ ਸਰਕਾਰ ਵਲੋਂ ਲਿਖਤੀ ਚਿਠੀ ਤੋਂ ਬਾਅਦ ਚੁਕਾ ਦਿੱਤਾ ਸੀ ਉਸ ਭਰੋਸੇ ਤੇ ਅਮਲ ਕਰਦੇ ਹੋਏ ਅੱਜ ਸਕੱਤਰ ਸਿੰਜਾਈ ਸ੍ਰੀ ਕ੍ਰਿਸ਼ਨ ਕੁਮਾਰ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਹੋਈ । ਇਸ ਮੀਟਿੰਗ ਦੌਰਾਨ ਮਿਸਲ ਪੰਜ ਆਬ ਜਥੇਬੰਦੀ ਵਲੋਂ ਜੁਝਾਰ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਗਾਜੀ, ਜਸਬੀਰ ਸਿੰਘ ਅਤੇ ਮਿਸਲ ਸਤਲੁਜ ਵਲੋਂ ਅਜੇਪਾਲ ਸਿੰਘ ਬਰਾੜ, ਕਮਲਜੀਤ ਸਿੰਘ ਸੰਧੂ ਰੱਤਾ ਖੇੜਾ ਦਵਿੰਦਰ ਸਿੰਘ ਸੇਖੋਂ, ਦਲੇਰ ਸਿੰਘ ਡੋਡ, ਬੱਬੂ ਖੋਸਾ ਤੂੰਬੜਭੰਨ, ਗੁਰਬੀਰ ਸਿੰਘ ਓਲੰਪੀਅਨ, ਲੱਖਾ ਸਿਧਾਣਾ ਆਦਿ ਆਗੂ ਸ਼ਾਮਲ ਹੋਏ

     ਵਿਧਾਇਕ ਦਹੀਆ ਨੇ ਦੱਸਿਆ ਕਿ ਸਕੱਤਰ ਸਿੰਜਾਈ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਮੀਟਿੰਗ ਦੌਰਾਨ ਮੋਰਚੇ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਦੱਸਿਆ ਕਿ ਮੋਰਚੇ ਦੇ ਧਰਨੇ ਦੇ ਅਸਰ ਨੂੰ ਵੇਖਦੇ ਹੋਏ ਮਚਾਕੀ ਵਾਲੀਆ ਝਾਲਾਂ (ਫਰੀਦਕੋਟ) ਤੋਂ ਲੈ ਕੇ ਹਰੀਕੇ ਹੈੱਡ ਵਰਕਸ ਤੱਕ ਰਾਜਸਥਾਨ ਨਹਿਰ ਦੀ ਕੰਕਰੀਟ ਕਰਨ ਦਾ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ ਹੈ ਅਤੇ ਇਸ ਹਿਸੇ ਦੀ ਕੇਵਲ ਰਿਪੇਅਰ ਹੋਵੇਗੀ। ਉਨ੍ਹਾਂ ਦੱਸਿਆ ਕਿ ਰਾਜਸਥਾਨ ਨਹਿਰ ਦੇ ਚੜਦੇ ਪਾਸੇ ਪਾਣੀ ਦੇਣ ਬਾਬਤ ਨਹਿਰ ਕੱਢਣ ਦਾ ਪ੍ਰੋਜੈਕਟ ਸਰਕਾਰ ਨੂੰ ਭੇਜਣ ਦਾ ਸੁਝਾਅ ਦਿੱਤਾ ਗਿਆ। ਸਿਧਵਾਂ ਕੈਨਾਲ ਦੀ ਟੇਲ ਤੇ ਦੋ ਇਸਕੇਪਾਂ ਬਣਾਉਣ ਦੀ ਮੰਗ ਮਨਜੂਰ ਕਰ ਲਈ ਗਈ ਹੈ।  ਇਸ ਤੋਂ ਇਲਾਵਾ ਆਰਜੀ ਮੋਘੀਆਂ ਦੀ ਮੰਗ ਪਾਣੀ ਦੀ ਉਪਲੱਬਧਤਾ ਵੇਖ ਕੇ ਮਨਜੂਰ ਕਰਨ ਦਾ ਯਕੀਨ ਦੁਆਇਆ ਅਤੇ ਨਹਿਰੀ ਖਾਲ ਪੱਕੇ ਕਰਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਦੱਸਿਆ ਕਿ ਵਫਦ ਦੀ ਹਰੇਕ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਭਵਿੱਖ ਵਿੱਚ ਵੀ ਕਿਸੇ ਮਸਲੇ ਲਈ ਮਿਲਣ ਲਈ ਖੁੱਲ੍ਹਾ ਸੱਦਾ ਦਿੱਤਾ।

          ਜੱਥੇਬੰਦੀ ਦੇ ਮੈਂਬਰਾਂ ਨੇ ਇਸ ਮੀਟਿੰਗ ਤੇ ਤਸੱਲੀ ਪ੍ਰਗਟ ਕਰਦੇ ਹੋਏ ਹਲਕਾ ਵਿਧਾਇਕ ਰਜਨੀਸ਼ ਦਹੀਆ ਅਤੇ ਸਕੱਤਰ ਸਿੰਜਾਈ ਕ੍ਰਿਸ਼ਨ ਕੁਮਾਰ ਦਾ ਧੰਨਵਾਦ ਕੀਤਾ।