Dec 7, 2022

ਚੋਣਕਾਰ ਰਜਿਸਟਰੇਸ਼ਨ ਅਫਸਰ 086-ਮੁੁਕਤਸਰ ਵੱਲੋਂ ਵੋਟਰ ਸੂਚੀ ਦੀ ਸੁੁਧਾਈ ਸਬੰਧੀ ਕੀਤੀ ਮੀਟਿੰਗ

ਚੋਣਕਾਰ ਰਜਿਸਟਰੇਸ਼ਨ ਅਫਸਰ 086-ਮੁੁਕਤਸਰ ਵੱਲੋਂ ਵੋਟਰ ਸੂਚੀ ਦੀ ਸੁੁਧਾਈ ਸਬੰਧੀ ਕੀਤੀ ਮੀਟਿੰਗ


ਸ੍ਰੀ ਮੁਕਤਸਰ ਸਾਹਿਬ 7 ਦਸੰਬਰ
                    ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁੁਸਾਰ ਚੋਣ ਪ੍ਰਕਿਰਿਆ ਵਿੱਚ ਰਾਜਨੀਤਿਕ ਪਾਰਟੀਆਂ ਦੀ ਸਕਾਰਾਤਮਕ ਭੂਮਿਕਾ ਵਧਾਉਣ ਦੇ ਮੰਤਵ ਤਹਿਤ ਚੋਣਕਾਰ ਰਜਿਸਟਰੇਸ਼ਨ ਅਫਸਰ 086-ਮੁੁਕਤਸਰ ਸ੍ਰੀ ਕੰਵਰਜੀਤ ਸਿੰਘ ਨੇ ਮੀਟਿੰਗ ਹਾਲ ਡੀ.ਸੀ ਦਫਤਰ ਸ੍ਰੀ ਮੁੁਕਤਸਰ ਸਾਹਿਬ ਵਿਖੇ ਰਾਜਨੀਤਿਕ ਦਲਾਂ ਦੇ ਨੁੁਮਾਇੰਦਿਆਂ ਅਤੇ ਚੋਣ ਸੁੁਪਰਵਾਈਜਰਾਂ ਨਾਲ ਇੱਕ ਮੀਟਿੰਗ ਕੀਤੀ ਗਈ।
                    ਉਹਨਾਂ ਦੱਸਿਆ  ਕਿ ਵੋਟਰ ਸੂਚੀ ਦੀ ਸੁੁਧਾਈ ਲਈ ਫਾਰਮ 8 ਦਸੰਬਰ 2022 ਤੱਕ ਪ੍ਰਾਪਤ ਕੀਤੇ ਜਾਣੇ ਹਨ, ਜਿਸ ਨਾਗਰਿਕ ਦੀ ਉਮਰ ਮਿਤੀ 1 ਜਨਵਰੀ 2023 ਤੱਕ 18 ਸਾਲ ਹੋ ਜਾਵੇਗੀ, ਉਹ ਆਪਣਾ ਫਾਰਮ ਨੰ. 6 ਭਰ ਸਕਦਾ ਹੈ, ਇਹ ਫਾਰਮ ਸਿੱਧੇ ਬੀ.ਐਲ.ਓ ਪਾਸ ਜਮਾਂ ਕਰਵਾਇਆ ਜਾ ਸਕਦਾ ਹੈ ਜਾਂ ਸਿੱਧੇ ਤੌਰ ਤੇ ਚੋਣਕਾਰ ਰਜਿਸਟਰੇਸ਼ਨ ਅਫਸਰ ਜਾਂ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ ਦੇ ਦਫਤਰ ਵਿਖੇ ਦਫਤਰੀ ਸਮੇਂ ਦੌਰਾਨ ਦਿੱਤਾ ਜਾ ਸਕਦਾ ਹੈ ਜਾਂ ਡਾਕ ਰਾਹੀਂ ਵੀ ਭੇਜਿਆ ਜਾ ਸਕਦਾ ਹੈ, ਇਹ ਫਾਰਮ ਨੈਸ਼ਨਲ ਵੋਟਰ ਸਰਵਿਸ ਪੋਰਟਲ ਤੇ ਮੋਬਾਇਲ ਐਪ ਵੋਟਰ ਹੈਲਪਲਾਈਨ ਐਪ ਰਾਹੀਂ ਆਨਲਾਈਨ ਵੀ ਭਰੇ ਜਾ ਸਕਦੇ ਹਨ। ਇਸਤੋਂ ਇਲਾਵਾ ਵੋਟ ਕਟਵਾਉਣ ਲਈ ਫਾਰਮ ਨੰ. 7 ਅਤੇ ਵੋਟ ਵਿੱਚ ਕਿਸੇ ਕਿਸਮ ਦੀ ਸੋਧ ਕਰਵਾਉਣ ਜਾਂ ਆਪਣੀ ਰਿਹਾਇਸ਼ ਬਦਲਣ ਉਪਰੰਤ ਵੋਟ ਸ਼ਿਫਟ ਕਰਵਾਉਣ ਲਈ ਫਾਰਮ ਨੰ. 8 ਭਰਿਆ ਜਾ ਸਕਦਾ ਹੈ।
                   ਇਸਤੋਂ ਇਲਾਵਾ ਵੋਟਰ ਸੂਚੀ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਭਾਰਤ ਚੋਣ ਕਮਿਸ਼ਨ ਦੀ ਵਿਸ਼ੇਸ਼ ਮੁੁਹਿੰਮ ਬਾਰੇ ਦਸਦਿਆਂ ਉਹਨਾਂ ਵੱਲੋਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਸਾਰੇ ਨਾਗਰਿਕ ਆਪਣੀ ਵੋਟ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾ ਲੈਣ, ਜਿੰਨਾ ਵੋਟਰਾਂ ਦੀ ਵੋਟ ਨਹੀਂ ਬਣੀ ਉਹਨਾਂ ਵੱਲੋਂ ਆਪਣੀ ਵੋਟ ਜਰੂਰ ਬਣਵਾ ਲਈ ਜਾਵੇ। ਇਸਦੇ ਨਾਲ ਹੀ ਰਾਜਨੀਤਿਕ ਦਲਾਂ ਦੇ ਨੁੁਮਾਇੰਦਿਆਂ ਨੂੰ ਬੂਥ ਲੈਵਲ ਏਜੰਟ ਤੈਨਾਤ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਉਹਨਾਂ ਵੱਲੋਂ ਬੀ.ਐਲ.ਓ ਨਾਲ ਤਾਲਮੇਲ ਕਰਦੇ ਹੋਏ ਵੋਟਰਾਂ ਲਈ ਚੋਣ ਪ੍ਰਕਿਰਿਆ ਨੂੰ ਸਰਲ ਬਣਾਇਆ ਜਾ ਸਕੇ। ਇਸ ਮੌਕੇ ਵੱਖ ਵੱਖ ਰਾਜਨੀਤਿਕ ਦਲਾਂ ਦੇ ਨੁੁਮਾਇੰਦੇ ਅਤੇ ਚੋਣ ਸੁੁਪਰਵਾਈਜਰ 086-ਮੁੁਕਤਸਰ ਤੋਂ ਇਲਾਵਾ ਚੋਣ ਤਹਿਸੀਲਦਾਰ ਹਰਬੰਸ ਸਿੰਘ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਮਾਈਨਿੰਗ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ

 

ਡਿਪਟੀ ਕਮਿਸ਼ਨਰ ਨੇ ਮਾਈਨਿੰਗ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ

ਫਾਜ਼ਿਲਕਾ, 07 ਦਸੰਬਰ
ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਮਾਈਨਿੰਗ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਹ ਯਕੀਨੀ ਬਣਾਇਆ ਜਾ ਰਿਹਾ ਕਿ ਰੇਤ ਦੀ ਮਾਈਨਿੰਗ ਮਨਜੂਰਸ਼ੁਦਾ ਖੱਡਾਂ ਤੋਂ ਹੀ ਹੋ ਰਹੀ ਹੋਵੇ, ਇਸ ਤਹਿਤ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਿਆਰ ਕੀਤੀ ਗਈ ਜ਼ਿਲ੍ਹਾ ਪਧਰੀ ਸਰਵੇਅ ਰਿਪੋਰਟ ਵਿਚ ਜਿਲ੍ਹਾ ਫਾਜਿਲਕਾ ਵਿਖੇ ਆਪਣੀ ਜਮੀਨ ਵਿੱਚੋਂ ਰੇਤੇ ਦੀ ਮਾਈਨਿੰਗ ਕਰਵਾਉਣ ਦੇ 23 ਜਮੀਨ ਮਾਲਕਾਂ ਵੱਲੋਂ ਅਰਜੀਆਂ ਦਿੱਤੀਆਂ ਗਈਆਂ ਹਨ ਜਿਸ ਵਿਚ ਫਾਜ਼ਿਲਕਾ ਵਿਖੇ 11 ਅਤੇ ਜਲਾਲਾਬਾਦ ਵਿਖੇ 12 ਜਮੀਨ ਮਾਲਕਾਂ ਵੱਲੋਂ ਪ੍ਰਤੀ ਬੇਨਤੀ ਦਿੱਤੀ ਗਈ ਹੈ। ਉਨ੍ਹਾਂ ਸਬੰਧਤ ਨਾਇਬ ਤਹਿਸੀਲਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਕਤ ਪ੍ਰਤੀ ਬੇਨਤੀਆਂ ਦੇ ਸਨਮੁਖ ਜਮੀਨਾਂ ਦੀ ਜਲਦ ਤੋਂ ਜਲਦ ਨਿਸ਼ਾਨਦੇਹੀ ਕਰਵਾਈ ਜਾਵੇ ਅਤੇ ਰਿਪੋਰਟ ਦਫਤਰ ਵਿਖੇ ਪੇਸ਼ ਕੀਤੀ ਜਾਵੇ ਤਾਂ ਜੋ ਅਗਲੀ ਕਾਰਵਾਈ ਆਰੰਭੀ ਜਾ ਸਕੇ।
ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ, ਇਸ ਦੇ ਮਦੇਨਜਰ ਸਰਕਾਰ ਦੇ ਹੁਕਮਾਂ ਮੁਤਾਬਕ ਜ਼ਿਲ੍ਹਾ ਪੱਧਰੀ ਸਰਵੇਅ ਰਿਪੋਰਟ ਤਿਆਰ ਕਰਕੇ ਮਨਜੁਰਸ਼ੁਦਾ ਖੱਡਾਂ ਚਲਾਉਣ ਦੀ ਯੋਜਨਾ ਕਾਰਵਾਈ ਅਧੀਨ ਹੈ।
ਇਸ ਮੌਕੇ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫਸਰ ਸ੍ਰੀ ਅਲੋਕ ਚੌਧਰੀ, ਵਣ ਰੇਂਜ ਅਫਸਰ ਨਿਸ਼ਾਨ ਸਿੰਘ, ਨਾਇਬ ਤਹਿਸੀਲਦਾਰ ਐਨ.ਐਸ. ਬਾਜਵਾ, ਵਿਕਰਮ ਕੁਮਾਰ, ਐਸ.ਡੀ.ਓ ਵਿਵੇਕ ਮਕੜ, ਬਲਦੇਵ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

ਨਿਮੋਨੀਆ ਨੂੰ ਹਲਕੇ ਵਿੱਚ ਨਾ ਲਓ = ਸਿਵਲ ਸਰਜਨ

 

ਬਚਾਅ ਲਈ ਵੱਖ-ਵੱਖ ਪਿੰਡਾਂ ਅਤੇ ਸਕੂਲਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ
ਫਾਜ਼ਿਲਕਾ, 07 ਦਸੰਬਰ
ਸਿਵਲ ਸਰਜਨ ਫਾਜ਼ਿਲਕਾ ਡਾ: ਸਤੀਸ਼ ਕੁਮਾਰ ਗੋਇਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਚ ਸਾਹ ਅਭਿਆਨ ਤਹਿਤ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਅ ਸਬੰਧੀ ਜਾਗਰੂਕਤਾ ਕੈਂਪ ਲਗਾਏ ਗਏ।ਸਿਵਲ ਸਰਜਨ ਡਾ. ਡਾ: ਸਤੀਸ਼ ਗੋਇਲ ਨੇ ਕਿਹਾ ਕਿ ਲੋਕਾਂ ਨੂੰ ਬੱਚਿਆਂ ਵਿੱਚ ਨਿਮੋਨੀਆ ਨੂੰ ਹਲਕਾ ਜਿਹਾ ਨਹੀਂ ਲੈਣਾ ਚਾਹੀਦਾ ਸਗੋਂ ਜ਼ੁਕਾਮ ਅਤੇ ਫਲੂ ਵਰਗੇ ਸ਼ੁਰੂਆਤੀ ਲੱਛਣਾਂ ਨੂੰ ਦੇਖਦਿਆਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।
 

ਉਨ੍ਹਾਂ ਕਿਹਾ ਕਿ ਨਿਮੋਨੀਆ ਦੇ ਵਾਇਰਲ ਅਤੇ ਬੈਕਟੀਰੀਆ ਦੋਵੇਂ ਕਾਰਨ ਛੂਤਕਾਰੀ ਮੰਨੇ ਜਾਂਦੇ ਹਨ, ਇਹ ਸੰਕਰਮਿਤ ਵਿਅਕਤੀ ਦੀ ਛਿੱਕ ਜਾਂ ਖੰਘ ਤੋਂ ਨਿਕਲਣ ਵਾਲੀਆਂ ਬੂੰਦਾਂ ਰਾਹੀਂ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲ ਸਕਦਾ ਹੈ। ਹਾਲਾਂਕਿ ਬੱਚਿਆਂ ਵਿੱਚ ਨਿਮੋਨੀਆ ਦਾ ਖ਼ਤਰਾ ਜ਼ਿਆਦਾ ਦੇਖਿਆ ਗਿਆ ਹੈ, ਪਰ ਇਹ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਸ਼ੁਰੂ ਵਿੱਚ ਹੀ ਆਪਣੇ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਅ ਦਾ ਟੀਕਾ ਲਗਵਾ ਦੇਈਏ। ਇਹ ਟੀਕਾ ਸਾਰੇ ਸਰਕਾਰੀ ਅਦਾਰਿਆਂ ਵਿੱਚ ਬਿਲਕੁਲ ਮੁਫ਼ਤ ਲਗਾਇਆ ਜਾਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸਿਵਲ ਸਰਜਨ ਡਾ: ਬਬੀਤਾ ਨੇ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਦੇ ਸਿਹਤ ਕੇਂਦਰਾਂ ਅਤੇ ਸਕੂਲਾਂ ਦਾ ਦੌਰਾ ਕਰਕੇ ਮੈਡੀਕਲ ਟੀਮਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸਾਹ ਅਭਿਆਨ ‘ਨਮੂਨੀਆ’ ਨੂੰ ਸਫ਼ਲਤਾਪੂਰਵਕ ਨਿਮੋਨੀਆ ਤੋਂ ਮੁਕਤ ਕਰਨ ਲਈ ਸਮਾਜਿਕ ਜਾਗਰੂਕਤਾ ਅਤੇ ਕਾਰਵਾਈ ਦੀ ਮੁਹਿੰਮ ਹੈ। ਜਿਸ ਤਹਿਤ ਖਾਸ ਕਰਕੇ ਬੱਚਿਆਂ ਨੂੰ ਨਿਮੋਨੀਆ ਦਾ ਟੀਕਾ ਲਗਾਇਆ ਜਾਂਦਾ ਹੈ। ਇਹ ਟੀਕਾ ਬੱਚੇ ਨੂੰ ਜਨਮ ਦੇ ਡੇਢ ਮਹੀਨੇ 'ਤੇ, ਦੋ ਟੀਕੇ ਸਾਢੇ ਤਿੰਨ ਮਹੀਨੇ 'ਤੇ ਅਤੇ ਤੀਜੀ ਬੂਸਟਰ ਡੋਜ਼ ਨੌਂ ਮਹੀਨੇ 'ਤੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਿਮੋਨੀਆ ਦੇ ਸ਼ੁਰੂਆਤੀ ਲੱਛਣ ਆਮ ਤੌਰ 'ਤੇ ਜ਼ੁਕਾਮ ਜਾਂ ਫਲੂ ਵਰਗੇ ਹੁੰਦੇ ਹਨ। ਸਮੇਂ ਸਿਰ ਧਿਆਨ ਨਾ ਦੇਣ ਕਾਰਨ ਇਸ ਦੀਆਂ ਪੇਚੀਦਗੀਆਂ ਵਧਣ ਅਤੇ ਗੰਭੀਰ ਰੂਪ ਧਾਰਨ ਕਰਨ ਦਾ ਖ਼ਤਰਾ ਹੋ ਸਕਦਾ ਹੈ। ਇਸ ਲਈ ਲੋਕਾਂ ਨੂੰ ਨਿਮੋਨੀਆ ਦੇ ਖਤਰੇ ਤੋਂ ਜਾਣੂ ਕਰਵਾਉਣ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ। ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ (ਸ਼ਰਾਬ ਫੈਕਟਰੀ) ਦੇ 300 ਮੀਟਰ ਦੀ ਹਦੂਦ ਅੰਦਰ ਧਰਨਾ/ਵਿਰੋਧ ਪ੍ਰਦਰਸ਼ਨ ਕਰਨ ਤੇ ਰੋਕ: ਜ਼ਿਲ੍ਹਾ ਮੈਜਿਸਟਰੇਟ

 

 



ਫਿਰੋਜ਼ਪੁਰ/ ਜ਼ੀਰਾ, 7 ਦਸੰਬਰ 2022.

          ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਮ੍ਰਿਤ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੇ ਹੁਕਮਾਂ ਮੁਤਾਬਕ ਜ਼ੀਰਾ ਵਿਖੇ ਸਥਿਤ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ ( ਸ਼ਰਾਬ ਫੈਕਟਰੀ) ਦੇ ਮੇਨ ਗੇਟ ਤੋਂ 300 ਮੀਟਰ ਦੀ ਦੂਰੀ ਤੇ ਧਰਨਾਕਾਰੀ ਧਰਨਾ ਲਗਾ ਸਕਦੇ ਹਨ ਅਤੇ ਉਹ ਫੈਕਟਰੀ ਅੰਦਰ ਆਉਣ ਜਾਣ ਵਾਲੇ ਮੁਲਾਜ਼ਮਾਂ ਜਾਂ ਹੋਰ ਆਵਾਜਾਈ ਨੂੰ  ਨਹੀਂ ਰੋਕਣਗੇ।

ਇਸ ਦੇ ਸਨਮੁੱਖ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਮ੍ਰਿਤ ਸਿੰਘ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ੀਰਾ ਵਿਖੇ ਸਥਿਤ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ (ਸ਼ਰਾਬ ਫੈਕਟਰੀ) ਦੇ 300 ਮੀਟਰ ਦੀ ਹਦੂਦ ਅੰਦਰ ਧਰਨਾ/ਵਿਰੋਧ ਪ੍ਰਦਰਸ਼ਨ ਕਰਨ ਤੇ ਰੋਕ ਲਗਾਈ ਹੈ। ਉਨ੍ਹਾਂ ਕਿਹਾ ਕਿ ਧਰਨਾਕਾਰੀ ਫੈਕਟਰੀ ਅੰਦਰ ਆਉਣ ਜਾਣ ਵਾਲੇ ਮੁਲਾਜ਼ਮਾਂ ਜਾਂ ਹੋਰ ਆਵਾਜਾਈ ਨੂੰ  ਨਹੀਂ ਰੋਕਣਗੇ। 


ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਤੇ ਉਸ ਦਾ ਭਵਿੱਖ ਹੁੰਦੇ ਹਨ : ਗੁਰਮੀਤ ਸਿੰਘ ਮੀਤ ਹੇਅਰ

ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਤੇ ਉਸ ਦਾ ਭਵਿੱਖ ਹੁੰਦੇ ਹਨ : ਗੁਰਮੀਤ ਸਿੰਘ ਮੀਤ ਹੇਅਰ


·         ਨੌਜਵਾਨ ਨੌਕਰੀਆਂ ਕਰਨ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਬਨਣ

·         ਦਿੱਲੀ ਦੇ ਨਾਲ-ਨਾਲ ਪੰਜਾਬ ਚ ਜਲਦ ਸ਼ੁਰੂ ਹੋਵੇਗਾ ਬਿਜ਼ਨਿਸ ਪਲਾਸਟਰ ਪ੍ਰੋਗਰਾਮ

·         ਕੈਬਨਿਟ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿੰਨ ਰੋਜ਼ਾ ਸੈਮੀਨਾਰ ਦੀ ਕੀਤੀ ਸ਼ਲਾਘਾ

·         ਬਠਿੰਡਾ ਰੂਰਲ ਓਲੰਪਿਕਸ ਦੇ ਜੇਤੂ ਖਿਡਾਰੀਆਂ ਨੂੰ ਕੀਤੇ ਇਨਾਮ ਤਕਸੀਮ

          ਬਠਿੰਡਾ, 7 ਦਸੰਬਰ : ਕੈਬਨਿਟ ਮੰਤਰੀ  ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਤੇ ਉਸ ਦਾ ਭਵਿੱਖ ਹੁੰਦੇ ਹਨ, ਉਨਾਂ ਸਮਾਂ ਕੋਈ ਵੀ ਦੇਸ਼ ਵਿਕਾਸ ਨਹੀਂ ਕਰ ਸਕਦਾ ਜਦੋਂ ਤੱਕ ਨੌਜਵਾਨ ਤਰੱਕੀ ਨਹੀਂ ਕਰਦੇ। ਉਨ੍ਹਾਂ ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸਪੀਟੀਯੂ) ਵਿਖੇ ਤਿੰਨ ਰੋਜ਼ਾ ਸਵੈ ਰੋਜ਼ਗਾਰ ਸੈਮੀਨਾਰ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕਿਹਾ ਕਿ ਨੌਜਵਾਨਾਂ ਨੂੰ ਤਰੱਕੀ ਦੇ ਰਾਹ ਵੱਲ ਲੈ ਕੇ ਜਾਣ ਤੇ ਨਵੀਂ ਸੋਚ ਪੈਦਾ ਕਰਨ ਲਈ ਸਰਕਾਰ ਵਲੋਂ ਨਵੇਂ ਉੱਧਮ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਬਠਿੰਡਾ (ਸ਼ਹਿਰੀ) ਸ ਜਗਰੂਪ ਸਿੰਘ ਗਿੱਲ, ਵਿਧਾਇਕ ਬਠਿੰਡਾ (ਦਿਹਾਤੀ) ਸ ਅਮਿਤ ਰਤਨ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ, ਚੈਅਰਮੇਨ ਜੰਗਲਾਤ ਵਿਭਾਗ ਸ੍ਰੀ ਰਾਕੇਸ਼ ਪੁਰੀ, ਚੇਅਰਮੈਨ ਸੂਗਰਫੈਡ ਪੰਜਾਬ ਸ੍ਰੀ ਨਵਦੀਪ ਜੀਦਾ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

          ਕੈਬਨਿਟ ਮੰਤਰੀ ਸ. ਮੀਤ ਹੇਅਰ ਨੇ ਸਵੈ ਰੋਜ਼ਗਾਰ ਤੇ ਕਿੱਤਾ ਮੁਖੀ ਬਣਾਉਣ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦਾ ਸੁਪਨਾ ਹੈ ਕਿ ਭਾਰਤ ਦੀ 140 ਕਰੋੜ ਦੀ ਆਬਾਦੀ ਵਿਚੋਂ ਦੇਸ਼, ਪੰਜਾਬ ਦੇ ਨੌਜਵਾਨ ਨੂੰ ਨੌਕਰੀਆਂ ਕਰਨ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਵਾਲੇ ਬਨਾਉਣਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਵੈ ਰੋਜਗਾਰ ਦੇ ਕਾਬਿਲ ਬਣਾਉਣ ਲਈ ਸੂਬਾ ਸਰਕਾਰ ਵਲੋਂ ਦਿੱਲੀ ਦੇ ਨਾਲ-ਨਾਲ ਪੰਜਾਬ ਵਿੱਚ ਵੀ ਬਿਜਨਿਸ ਪਲਾਸਟਰ ਪ੍ਰੋਗਰਾਮ ਜਲਦ ਸ਼ੁਰੂ ਕੀਤਾ ਜਾਵੇਗਾ, ਜਿਸ ਰਾਹੀਂ ਐਨੋਵੇਸ਼ਨ ਕੌਂਸਲ ਬਣਾ ਕੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦਾ ਧਿਆਨ ਸਵੈ ਰੋਜ਼ਗਾਰ ਵਾਲੇ ਪਾਸੇ ਕੇਂਦਰਿਤ ਕਰਨ ਲਈ ਸਹਾਈ ਹੋਵੇਗਾ ਤਾਂ ਜੋ ਉਹ ਸਵੈ ਰੋਜ਼ਗਾਰ ਪ੍ਰਾਪਤ ਕਰਕੇ ਆਪਣੇ ਪੈਰਾ ਤੇ ਖੜ੍ਹੇ ਹੋ ਕੇ ਖੁਦ, ਪੰਜਾਬ ਤੇ ਦੇਸ਼ ਨੂੰ ਬੁਲੰਦੀਆਂ ਤੇ ਲਿਜਾਣ ਦਾ ਮਾਣ ਹਾਸਲ ਕਰ ਸਕਣ।

          ਇਸ ਦੌਰਾਨ ਕੈਬਨਿਟ ਮੰਤਰੀ  ਮੀਤ ਹੇਅਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਵੱਖ-ਵੱਖ ਅਦਾਰਿਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਤਿੰਨ ਰੋਜ਼ਾ ਸੈਮੀਨਾਰ ਦੀ ਸ਼ਲਾਘਾ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ।

          ਸੈਮੀਨਾਰ ਦੌਰਾਨ ਵੱਖ-ਵੱਖ ਅਦਾਰਿਆਂ ਵਿੱਚ ਆਪਣੇ ਪੈਰ ਜਮ੍ਹਾਂ ਚੁੱਕੇ ਕਾਰੋਬਾਰੀਆਂ ਨੇ ਵਿਦਿਆਰਥੀਆਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਨੌਜਵਾਨ ਵਿਦਿਆਰਥੀਆਂ ਨੂੰ ਆਪਣਾ ਸਵੈ ਰੋਜ਼ਗਾਰ ਸਥਾਪਤ ਕਰਨ ਲਈ ਪ੍ਰੇਰਿਤ ਵੀ ਕੀਤਾ।

          ਇਸ ਉਪਰੰਤ ਕੈਬਨਿਟ ਮੰਤਰੀ ਸ. ਮੀਤ ਹੇਅਰ ਵਲੋਂ ਬਠਿੰਡਾ ਰੂਰਲ ਓਲੰਪਿਕਸ 2022 ਦੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਉਨ੍ਹਾਂ ਨੂੰ ਖੇਡਾਂ ਵਿੱਚ ਹੋਰ ਮੱਲ੍ਹਾ ਮਾਰਨ ਲਈ ਵੀ ਪ੍ਰੇਰਿਤ ਕੀਤਾ।        

          ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪਲਵੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰਪੀ ਸਿੰਘ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੂਟਾ ਸਿੰਘ ਸਿੱਧੂ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮਿਸ ਅੰਕਿਤਾ ਅਗਰਵਾਲ, ਜ਼ਿਲ੍ਹਾ ਖੇਡ ਅਫ਼ਸਰ ਸ. ਰੁਪਿੰਦਰ ਸਿੰਘ, ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ ਤੋਂ ਇਲਾਵਾ ਮੈਡਮ ਮਨਦੀਪ ਕੌਰ ਰਾਮਗੜ੍ਹੀਆ, ਐਮਸੀ ਸੁਖਦੀਪ ਸਿੰਘ ਢਿੱਲੋਂ, ਆਪ ਆਗੂ ਬੱਲੀ ਬਲਜੀਤ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।

--

ਦਿੱਲੀ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੇ ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਵਿਧਾਇਕ ਰਜਨੀਸ਼ ਦਹੀਯਾ ਵੱਲੋਂ ਖੁਸ਼ੀ ਦਾ ਪ੍ਰਗਟਾਵਾ





ਦਿੱਲੀ ਦੇ ਵੋਟਰਾਂ ਅਤੇ ਮੁੱਖ ਮੰਤਰੀ ਕੇਜਰੀਵਾਲ ਨੂੰ ਦਿੱਤੀ ਵਧਾਈ

ਜਿੱਤ ਨਾਲ ਸਮੁੱਚੇ ਜ਼ਿਲ੍ਹੇ ਵਿੱਚ ਖੁਸ਼ੀ ਦਾ ਮਾਹੌਲ , ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਲੱਡੂ ਅਤੇ ਮਠਿਆਈਆਂ ਵੰਡ ਕੇ ਖੁਸ਼ੀ ਜਾਹਰ ਕੀਤੀ ਗਈ

ਫਿਰੋਜ਼ਪੁਰ 7 ਦਸੰਬਰ 2022

                            


ਵਿਧਾਇਕ ਫਿਰੋਜ਼ੁਪਰ ਸ਼ਹਿਰੀ. ਰਣਬੀਰ ਸਿੰਘ ਭੁੱਲਰ ਅਤੇ ਵਿਧਾਇਕ ਫਿਰੋਜ਼ਪੁਰ ਦਿਹਾਤੀ. ਰਜਨੀਸ਼ ਦਹੀਯਾ ਵੱਲੋਂ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੇ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ. ਅਰਵਿੰਦ ਕੇਜਰੀਵਾਲ ਸਮੇਤ ਸਮੁੱਚੀ ਲੀਡਰਸਿਪ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ  ਅਜਿਹਾ ਆਮ ਆਦਮੀ ਪਾਰਟੀ ਦੇ ਸੰਜੋਯਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲੋਕ ਹਿੱਤਾਂ ਵਿੱਚ ਲਏ ਗਏ ਫੈਸਲੇ ਤੇ ਦਿੱਲੀ ਦੇ ਲੋਕਾਂ ਲਈ ਚਲਾਈਆਂ ਗਈਆਂ ਵੱਖ-ਵੱਖ ਯੋਜਨਾਵਾਂ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਸੁਧਾਰਾਂ ਕਾਰਨ ਪਿਛਲੇ 15 ਸਾਲਾਂ ਤੋਂ ਦਿੱਲੀ ਨਗਰ ਨਿਗਮ ਤੇ ਕਾਬਜ ਭਾਜਪਾ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤਆਂ ਅਤੇ ੳਨ੍ਹਾਂ ਵੱਲੋਂ ਕੀਤੇ ਗਏ ਲਾਮਿਸਾਲ ਕੰਮਾਂ ਦੀ ਜਿੱਤ ਹੋਈ ਹੈ ਜਿਸ ਤੇ ਦਿੱਲੀ ਦੇ ਵੋਟਰ ਵੀ ਵਧਾਈ ਦੇ ਹੱਕਦਾਰ ਹਨ।  

       


   ਵਿਧਾਇਕ ਸ੍ਰ. ਰਣਬੀਰ ਸਿੰਘ ਭੁੱਲਰ ਅਤੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਨੇ ਦਿੱਲੀ ਨਗਰ ਨਿਗਮ ਵਿੱਚ ਸ਼ਾਨਦਾਰ ਜਿੱਤ ਲਈ ਦਿੱਲੀ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਵੱਡੇ ਫਤਵੇ ਕਾਰਨ ਦਿੱਲੀ ਸਰਕਾਰ ਲੋਕ ਭਲਾਈ ਅਤੇ ਵਿਕਾਸ ਦੇ ਕੰਮਾਂ ਨੂੰ ਹੋਰ ਅੱਗੇ ਵਧਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਦੀ ਅਗਵਾਈ ਵਿੱਚ ਰਾਜ ਦੀ ਤਰੱਕੀ, ਵਿਕਾਸ ਅਤੇ ਰਾਜ ਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਆਪਣੇ ਕੁਝ ਮਹੀਨਿਆਂ ਦੇ ਰਾਜ ਵਿੱਚ ਹੀ ਪੰਜਾਬ ਸਰਕਾਰ ਨੇ ਰਾਜ ਵਾਸੀਆਂ ਲਈ ਲਾਮਿਸਾਲ ਅਤੇ ਇਤਿਹਾਸਕ ਕੰਮ ਕੀਤੇ ਹਨ ਅਤੇ ਰਾਜ ਦੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਤਰੱਕੀ ਅਤੇ ਵਿਕਾਸ ਦੀਆਂ ਉਦਾਹਰਨਾਂ ਪੂਰੇ ਦੇਸ਼ ਵਿੱਚ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਆਪ ਦੀ ਸ਼ਾਨਦਾਰ ਜਿੱਤ ਸਦਕਾ ਸਮੁੱਚੇ ਜ਼ਿਲ੍ਹੇ ਅਤੇ ਆਪ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ, ਇਸ ਖੁਸ਼ੀ ਵਿੱਚ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਲੱਡੂ ਅਤੇ ਮਠਿਆਈਆਂ ਵੰਡੀਆਂ ਜਾ ਰਹੀਆਂ ਹਨ। 

ਨਸ਼ੇ ਤੋਂ ਪੀੜਤ ਲੋਕਾਂ ਦੇ ਇਲਾਜ ਲਈ ਜਿ਼ਲ੍ਹੇ ਵਿਚ 2 ਨਸ਼ਾ ਮੁਕਤੀ ਕੇਂDਰ ਤੇ 6 ਓਟ ਕਲੀਨਿਕ ਕਾਰਜਸ਼ੀਲ—ਡਾ: ਸੇਨੂ ਦੁੱਗਲ

ਨਸ਼ੇ ਤੋਂ ਪੀੜਤ ਲੋਕਾਂ ਦੇ ਇਲਾਜ ਲਈ ਜਿ਼ਲ੍ਹੇ ਵਿਚ 2 ਨਸ਼ਾ ਮੁਕਤੀ ਕੇਂDਰ ਤੇ 6 ਓਟ ਕਲੀਨਿਕ ਕਾਰਜਸ਼ੀਲ—ਡਾ: ਸੇਨੂ ਦੁੱਗਲ


—ਨਸ਼ੇ ਦੇ ਰੋਗ ਤੋਂ ਪੀੜਤਾਂ ਨੂੰ ਇਲਾਜ ਕਰਵਾਉਣ ਦੀ ਅਪੀਲ
—ਪੀੜਤ ਦਾ ਇਲਾਜ ਮੁਫ਼ਤ ਹੋਵੇਗਾ ਅਤੇ ਪਹਿਚਾਣ ਗੁਪਤ ਰੱਖੀ ਜਾਵੇਗੀ
ਫਾਜਿ਼ਲਕਾ, 7 ਦਸੰਬਰ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ੇ ਤੋਂ ਪੀੜਤ ਲੋਕਾਂ ਦਾ ਮੁਫ਼ਤ ਇਲਾਜ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲਈ ਅਜਿਹੇ ਲੋਕਾਂ ਦੇ ਇਲਾਜ ਲਈ ਜਿ਼ਲ੍ਹੇ ਵਿਚ ਦੋ ਨਸ਼ਾ ਮੁਕਤੀ ਕੇਂਦਰ ਅਤੇ 6 ਓਟ ਕਲੀਨਿਕ ਚੱਲ ਰਹੇ ਹਨ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਦਿੰਦਿਆਂ ਜਿ਼ਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ੇਕਰ ਕੋਈ ਨਸ਼ੇ ਤੋਂ ਪੀੜਤ ਹੈ ਤਾਂ ਉਹ ਸਰਕਾਰ ਦੀ ਇਸ ਸਹੁਲਤ ਲੈ ਕੇ ਆਪਣਾ ਮੁਫ਼ਤ ਇਲਾਜ ਕਰਵਾ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਫਾਜਿ਼ਲਕਾ ਅਤੇ ਅਬੋਹਰ ਵਿਖੇ ਦੋ ਨਸ਼ਾ ਮੁਕਤੀ ਕੇਂਦਰ ਚੱਲ ਰਹੇ ਹਨ ਜਿੱਥੇ ਗੰਭੀਰ ਤੌਰ ਤੇ ਪੀੜਤਾਂ ਦਾ ਭਰਤੀ ਕਰਕੇ ਇਲਾਜ ਕੀਤਾ ਜਾਂਦਾ ਹੈ। ਇਹ ਇਲਾਜ ਪੂਰੀ ਤਰਾਂ ਮੁਫ਼ਤ ਹੈ। ਇਸਤੋਂ ਬਿਨ੍ਹਾਂ 6 ਓਟ ਕਲੀਨਿਕ ਚਲ ਰਹੇ ਹਨ। ਇਹ ਓਟ ਕਲੀਨਿਕ ਮੁੜ ਵਸੇਬਾ ਕੇਂਦਰ ਜੱਟ ਵਾਲੀ (ਫਾਜਿ਼ਲਕਾ), ਸਿਵਲ ਹਸਪਤਾਲ ਅਬੋਹਰ ਅਤੇ ਜਲਾਲਾਬਾਦ, ਸੀਐਚਸੀ ਖੂਈਖੇੜਾ, ਡੱਬਵਾਲਾ ਕਲਾਂ ਅਤੇ ਸੀਤੋਗੁਨੋ ਵਿਖੇ ਚੱਲ ਰਹੇ ਹਨ।ਓਟ ਕਲੀਨਿਕ ਵਿਖੇ ਮਰੀਜ ਨੂੰ ਭਰਤੀ ਨਹੀਂ ਹੋਣਾ ਪੈਂਦਾ ਹੈ ਅਤੇ ਉਹ ਇੱਥੋਂ ਦਵਾਈ ਲੈਜਾ ਸਕਦਾ ਹੈ ਅਤੇ ਆਪਣੇ ਘਰ ਰਹਿ ਕੇ ਹੀ ਕੋਰਸ ਪੂਰਾ ਕਰ ਸਕਦਾ ਹੈ।
ਸਿਵਲ ਸਰਜਨ ਡਾ: ਸਤੀਸ਼ ਗੋਇਲ ਨੇ ਦੱਸਿਆ ਕਿ ਨਸ਼ਾ ਇਕ ਬਿਮਾਰੀ ਹੈ ਅਤੇ ਇਸਦਾ ਇਲਾਜ ਸੰਭਵ ਹੈ ਜਿਸਤੋਂ ਬਾਅਦ ਵਿਅਕਤੀ ਪੂਰੀ ਤਰਾਂ ਨਾਲ ਨਸ਼ਾ ਛੱਡ ਕੇ ਆਮ ਨਾਗਰਿਕ ਵਾਂਗ ਜੀਵਨ ਜੀਅ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ੋ ਲੋਕ ਨਸ਼ੇ ਤੋਂ ਪੀੜਤ ਹਨ ਅਤੇ ਪਹਿਲਾਂ ਇਲਾਜ ਨਹੀਂ ਲੈ ਰਹੇ ਹਨ ਉਹ ਤੁਰੰਤ ਅਬੋਹਰ, ਫਾਜਿ਼ਲਕਾ ਅਤੇ ਜਲਾਲਾਬਾਦ ਦੇ ਸਰਕਾਰੀ ਹਸਪਤਾਲਾਂ ਵਿਚ ਮਨੋਰੋਗ ਮਾਹਿਰ ਨੂੰ ਮਿਲਣ। ਉਨ੍ਹਾਂ ਵੱਲੋਂ ਜਾਂਚ ਉਪਰੰਤ ਇਲਾਜ ਆਰੰਭ ਕੀਤਾ ਜਾਵੇਗਾ। ਜ਼ੇਕਰ ਭਰਤੀ ਕਰਨ ਦੀ ਜਰੂਰਤ ਹੋਈ ਤਾਂ ਭਰਤੀ ਕਰਕੇ ਇਲਾਜ ਸ਼ੁਰੂ ਕੀਤਾ ਜਾਵੇਗਾ ਅਤੇ 7 ਤੋਂ 10 ਦਿਨ ਦੇ ਹਸਪਤਾਲ ਵਿਚ ਰਹਿ ਕੇ ਇਲਾਜ ਕਰਵਾਉਣ ਨਾਲ ਮਰੀਜ ਠੀਕ ਹੋ ਜਾਵੇਗਾ ਅਤੇ ਜਾਂ ਫਿਰ ਉਨ੍ਹਾਂ ਨੂੰ ਘਰ ਰਹਿ ਕੇ ਹੀ ਇਲਾਜ ਕਰਵਾਉਣ ਲਈ ਨਿਯਮਤ ਤੌਰ ਤੇ ਦਵਾਈ ਦਿੱਤੀ ਜਾਵੇਗੀ।
ਮਨੋਰੋਗ ਮਾਹਿਰ ਡਾ: ਮਹੇਸ਼ ਕੁਮਾਰ ਨੇ ਦੱਸਿਆ ਕਿ ਸੁਰੂਆਤੀ ਦੌਰ ਵਿਚ ਕੁਝ ਦਿਨ ਮਰੀਜ ਨੂੰ ਰੋਜਾਨਾ ਹਸਪਤਾਲ ਵਿਚ ਆ ਕੇ ਦਵਾਈ ਲੈਣੀ ਹੁੰਦੀ ਹੈ ਪਰ ਬਾਅਦ ਵਿਚ ਮਰੀਜ ਨੂੰ ਹਫਤੇ ਦੀ ਇੱਕਠੀ ਦਵਾਈ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦੀ ਲਤ ਦੇ ਇਲਾਜ ਤੋਂ ਬਾਅਦ ਮਰੀਜ ਆਮ ਵਾਂਗ ਹੋ ਸਕਦਾ ਹੈ। ਇਸ ਲਈ ਉਨ੍ਹਾਂ ਨੇ ਅਪੀਲ ਕੀਤੀ ਕਿ ਲੋਕ ਨਸ਼ੇ ਦੀ ਬਿਮਾਰੀ ਦਾ ਇਲਾਜ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਇਲਾਜ ਕਰਵਾਉਣ ਵਾਲੇ ਦੀ ਪਹਿਚਾਣ ਪੂਰੀ ਤਰਾਂ ਨਾਲ ਗੁਪਤ ਰੱਖੀ ਜਾਂਦੀ ਹੈ