ਕੁੰਡੀਆਂ ਮੁੱਛਾਂ ਤੇ ਠੱਪਵੀਂ ਦਾੜੀ। ਲੰਬੇ ਕੱਦ ਦਾ ਤਕੜਾ ਜਵਾਨ ਸੀ ਪਠਾਣਾ-ਦੇਸ਼ ਦੀ ਵੰਡ ਵੇਲੇ ਉਹ ਆਪਣੇ ਮਾਂ- ਪਿਉ ਤੇ ਭੈਣ ਨੂੰ ਦਰਿਆ ਕਿਨਾਰੇ ਛੱਡ ਕੇ ਗਿਆ ਸੀ ਤੇ ਕਹਿ ਗਿਆ ਗਿਆ ਕਿ ਉਹ ਵਾਪਸ ਪਿੰਡ ਚੱਲਿਆ ਹੈ, ਜੋ ਸਮਾਨ ਘਰ ‘ਚ ਰਹਿ ਗਿਆ ਉਹ ਲੈ ਕੇ ਆਵੇਗਾ ਤੇ ਇਕੱਠੇ ਹੀ ਹਿੰਦੁਸਤਾਨ ਜਾਵਾਂਗੇ। ਉਦੋਂ ਤੱਕ ਬੇੜਾ ਵੀ ਆ ਜਾਵੇਗਾ। ਪਰ ਜਦੋਂ ਪਿੰਡੋਂ ਹੋ ਕੇ ਆਇਆ ਤਾਂ ਲਹੂ ਨਾਲ ਲੱਥ–ਪੱਥ ਮਾਂ–ਪਿਉ ਦੀਆਂ ਲਾਸ਼ਾਂ ਪਈਆਂ ਸਨ ਤੇ ਦਰਿਆ ਦੇ ਕਿਨਾਰੇ ਭੈਣ ਦੀ ਚੁੰਨੀ ਪਈ ਸੀ। ਦਰਿਆ ਵੱਲ ਦੌੜਦੇ ਹੋਏ ਭੈਣ ਦੇ ਪੈਰਾਂ ਦੇ ਨਿਸ਼ਾਨ ਵੀ ਸਾਫ਼ ਦਿੱਖ ਰਹੇ ਸਨ। ਕਈ ਬੰਦਿਆਂ ਦੇ ਨਿਸ਼ਾਨ ਵੀ ਸਨ। ਇੰਞ ਲੱਗਦਾ ਸੀ, ਜਿਵੇਂ ਉਨ•ਾਂ ਨਾਲ ਕੁੱਝ ਬੰਦੇ ਹੱਥੋ–ਪਾਈ ਹੋਏ ਹੋਣ। ਪਰ ਭੈਣ ਦੀ ਲਾਸ਼ ਤਾਂ ਦੂਰ ਤੱਕ ਵੀ ਨਜ਼ਰ ਨਹੀਂ ਆ ਰਹੀ ਸੀ। ਰਿਮ–ਝਿਮ ਬਾਰਸ਼ ਵੀ ਸ਼ੁਰੂ ਹੋ ਗਈ- ਸਰਕੰਡਿਆਂ ਨੂੰ ਚੀਰਦੀ ਹੋਈ ਲੁਟੇਰਿਆਂ ਦੀ ਟੋਲੀ ਦੀ ਆਵਾਜ਼ ਆਈ,’ ਪਕੜ ਲਓ, ਮਾਰ ਦਿਓ‘। ਟੋਲੀ ਦੇ ਕੁੱਝ ਬੰਦਿਆਂ ਨੂੰ ਪਠਾਣਾ ਜਾਣਦਾ ਵੀ ਸੀ। ਕੁੱਝ ਉਸ ਦੇ ਪਿੰਡ ਦੇ ਸਨ ਤੇ ਕੁੱਝ ਲਾਗਦੇ ਪਿੰਡਾਂ ਦੇ। ਟੋਲੀ ਵੇਖਦਿਆਂ ਹੀ ਪਠਾਣਾ ਨੇ ਦਰਿਆ ‘ਚ ਛਾਲ ਮਾਰ ਦਿੱਤੀ ਤੇ ਤੈਰਦਾ ਹੋਇਆ ‘ਪਿੰਡ ਨੂਰ ਸਮੰਦ‘ ਆ ਗਿਆ। ਜਿੱਥੇ ਕੱਚੀ ਮਸੀਤ ਸੀ।
ਰਾਤ ਬੀਤ ਗਈ ਤੇ ਸਵੇਰ ਹੋਈ ਤਾਂ ਦੇਖਿਆ ਕਿ ਪਿੰਡ ਸੁੰਨਸਾਨ ਪਿਆ ਸੀ। ਕੁੱਝ ਘਰਾਂ ਵਿਚ ਭੁੱਖੇ ਤਿਹਾਏ ਪਸ਼ੂ ਬੰਨੇ ਹੋਏ ਸਨ ਤੇ ਕੁੱਝ ਘਰਾਂ ‘ਚ ਘੜੇ ਪਕਾਉਣ ਲਈ ਲੱਗੀ ਭੱਠੀ ਦੀ ਸੁਆਹ ਪਈ ਸੀ ਤੇ ਘਰਾਂ ਨੂੰ ਤਾਲੇ ਲੱਗੇ ਹੋਏ ਸਨ-- ਪਠਾਣਾ ਕਈ ਪਿੰਡਾਂ ‘ਚ ਗਿਆ ਤੇ ਉਸ ਨੇ ਨੌਜਵਾਨਾਂ ਦੀ ਇੱਕ ਟੋਲੀ ਤਿਆਰ ਕਰ ਲਈ। ਜੋ ਰਾਤ ਵੇਲੇ ਦਰਿਆ ਟੱਪ ਕੇ ਪਾਕਿਸਤਾਨ ਦੇ ਪਿੰਡਾਂ ਵਿਚ ਜਾਂਦੀ ਤੇ ਲੁੱਟਮਾਰ ਕਰਦੀ। ਹੋਲੀ–ਹੋਲੀ ‘ਪਠਾਣਾ ਡਾਕੂ‘ ਦਾ ਨਾਂਅ ਮਸ਼ਹੂਰ ਹੋ ਗਿਆ। ਪਾਕਿਸਤਾਨੀ ਪਠਾਣਾ ਦੀ ਲੁੱਟਮਾਰ ਤੋਂ ਤੰਗ ਆ ਗਏ। ਉੱਥੋਂ ਦੇ ਨੌਜਵਾਨਾਂ ਨੇ ਵੀ ਟੋਲੀ ਬਣਾ ਲਈ ਤੇ ਪਿੰਡ ‘ਨੂਰ ਸਮੰਦ‘ ਵਿਚ ਡਾਕਾ ਮਾਰਿਆ। ਪਠਾਣਾ ਪਿੰਡ ‘ਚ ਨਹੀਂ ਸੀ। ਟੋਲੀ ਨੇ ਪਿੰਡ ‘ਚ ਬਹੁਤ ਲੁੱਟਮਾਰ ਕੀਤੀ। ਪਠਾਣਾ ਦੇ ਸਾਥੀਆਂ ਨੇ ਮੁਕਾਬਲਾ ਕੀਤਾ, ਪਰ 4 ਜਣੇ ਮਾਰੇ ਗਏ। ਪਠਾਣਾ ਨੇ ਆਉਂਦਿਆਂ ਹੀ ਰਾਈਫ਼ਲ ਚੁੱਕੀ ਤੇ ਪੁਰਾਣੇ ਪਿੰਡ ਪੁੱਜ ਗਿਆ। ਪਾਕਿਸਤਾਨ ਦੀ ਮਿਲਟਰੀ ਵੀ ਪੁੱਜ ਗਈ। ਪਠਾਣਾ ਤੇ ਉਸ ਦੇ 2 ਸਾਥੀਆਂ ਨੇ ਮਿਲਟਰੀ ਦਾ ਡਟ ਕੇ ਮੁਕਾਬਲਾ ਕੀਤਾ। ਪਠਾਣਾ ਦੇ ਸਾਥੀ ਮਰ ਗਏ ਤੇ ਅਸਲਾ ਵੀ ਖ਼ਤਮ ਹੋ ਗਿਆ। ਪਠਾਣਾ ਕੋਲ ਸਿਰਫ਼ ਇੱਕ ਗੋਲੀ ਬਾਕੀ ਸੀ। ਮਿਲਟਰੀ ਨੇ ਪਠਾਣਾ ਨੂੰ ਘੇਰ ਲਿਆ ਤੇ ਪਠਾਣਾ ਨੇ ਆਪਣੀ ਰਾਈਫ਼ਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ‘ਨੂਰ ਸਮੰਦ‘ ਤੇ ਲਾਗਲੇ ਪਿੰਡਾਂ ‘ਚ ਕਾਫ਼ੀ ਸਮਾਂ ‘ਪਠਾਣਾ ਡਾਕੂ‘ ਦੀ ਚਰਚਾ ਰਹੀ। ਕਿਉਂ ਪਿਆ ਪਿੰਡ ਦਾ ਨਾਂਅ ?
ਦਰਿਆ ਦੇ ਕਿਨਾਰੇ ਵਸਿਆ ਪਿੰਡ ਨੂਰ ਸਮੰਦ ‘ਵੱਟੂਆਂ’ ਦਾ ਆਖ਼ਰੀ ਪਿੰਡ ਸੀ। ਪਿੰਡ ਤੋਂ ਬਾਹਰ ਵੱਟੂਆਂ ਦੀ ਹੱਦ ਖ਼ਤਮ ਹੋ ਜਾਂਦੀ ਸੀ ਤੇ ਫਿਰ ‘ਬੋਦਲਿਆਂ’ ਦੀ ਹੱਦ ਸ਼ੁਰੂ ਹੋ ਜਾਂਦੀ ਸੀ। ਪਿੰਡ ‘ਚ ‘ਨੂਰਾ ਵੱਟੂ’ ਰਹਿੰਦਾ ਸੀ ਤੇ ਕੁੱਝ ਘਰ ਮਿੱਟੀ ਦੇ ਬਰਤਨ ਬਣਾਉਣ ਵਾਲੇ ਘੁਮਿਆਰਾਂ ਦੇ ਸਨ। ਨੂਰਾ ਵੱਟੂ ਕੋਲ ਇੱਕ ਵਧੀਆ ਘੋੜਾ ਸੀ, ਰੰਗ ਬਦਾਮੀ, ਜਿਸ ਦੀ ਗਰਦਨ ਅਤੇ ਪੂਛ ਤੇ ਕਾਲੇ ਵਾਲ ਪੁੱਠੇ ਸਨ। ਉਸ ਘੋੜੇ ਨੂੰ ਸਮੰਦ ਕਹਿੰਦੇ ਹਨ। ਜਿਸ ਕਾਰਨ ਪਿੰਡ ਦਾ ਨਾਂਅ ‘ਨੂਰ ਸਮੰਦ’ ਪੈ ਗਿਆ।
0 comments:
Post a Comment