ਪੁਲ ਮੋਰਾਂ (ਪੁਲ ਕੰਜ਼ਰੀ) -01 |
ਲਾਹੌਰ ਅਤੇ ਅੰਮ੍ਰਿਤਸਰ ਸ਼ਹਿਰਾਂ ਦਾ ਆਪਸ ਵਿੱਚ ਗੂੜ੍ਹਾ ਸਬੰਧ ਰਿਹਾ ਹੈ। ਸਰਕਾਰ ਖ਼ਾਲਸਾ ਦੇ ਸਮੇਂ ਤਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਇਨ੍ਹਾਂ ਦੋਵਾਂ ਸ਼ਹਿਰਾਂ ਤੋਂ ਆਪਣੀ ਹਕੂਮਤ ਚਲਾਉਂਦੇ ਰਹੇ ਹਨ। ਸ਼ੇਰ-ਏ-ਪੰਜਾਬ ਅਕਸਰ ਹੀ ਲਾਹੌਰ ਤੋਂ ਅੰਮ੍ਰਿਤਸਰ ਜਾਂਦੇ ਰਹਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਪਹੁੰਚਣ ਲਈ ਕਈ ਵਾਰ ਇੱਕ ਦਿਨ ਪਹਿਲਾਂ ਹੀ ਚੱਲ ਪੈਂਦੇ ਸਨ ਅਤੇ ਅਟਾਰੀ ਤੋਂ ਉੱਤਰ ਬਾਹੀ ਵੱਸੇ ਪਿੰਡ ਧਨੋਏ ਕੋਲ ਬਾਦਸ਼ਾਹੀ ਨਹਿਰ ਦੇ ਕੰਢੇ ਆਪਣਾ ਡੇਰਾ ਲਗਾ ਲੈਂਦੇ। ਇਸ ਨਹਿਰ ਦੇ ਸੱਜੇ ਕਿਨਾਰੇ ਲਾਹੌਰ ਵਾਲੇ ਪਾਸੇ ਇੱਕ ਖੂਬਸੂਰਤ ਬਾਰਾਂਦਰੀ ਅਤੇ ਇੱਕ ਤਲਾਬ ਬਣਾਇਆ ਹੋਇਆ ਸੀ। ਤਲਾਬ ਵਿੱਚ ਔਰਤਾਂ ਤੇ ਮਰਦਾਂ ਦੇ ਨਹਾਉਣ ਲਈ ਵੱਖ-ਵੱਖ ਪੋਣੇ ਬਣਾਏ ਗਏ ਸਨ। ਉਸ ਸਮੇਂ ਇਹ ਕਸਬਾ ਬੜਾ ਘੁੱਗ ਵੱਸਦਾ ਸੀ ਅਤੇ ਬਹੁਤ ਸਾਰੇ ਬਾਣੀਆਂ ਦੀਆਂ ਇੱਥੇ ਵੱਡੀਆਂ-ਵੱਡੀਆਂ ਹੱਟਾਂ ਸਨ। ਦੂਰੋਂ-ਦੂਰੋਂ ਵਪਾਰੀ ਇਥੋਂ ਮਾਲ ਖਰੀਦਣ ਤੇ ਵੇਚਣ ਲਈ ਵੀ ਆਉਂਦੇ-ਜਾਂਦੇ ਰਹਿੰਦੇ ਸਨ।
ਪੁਲ ਮੋਰਾਂ (ਪੁਲ ਕੰਜ਼ਰੀ) -02 |
ਜਦੋਂ ਮਹਾਰਾਜਾ ਸਾਹਿਬ ਦਾ ਇਥੇ ਪੜਾਅ ਹੁੰਦਾ ਤਾਂ ਇਸ ਜਗ੍ਹਾ ਉੱਪਰ ਮੇਲੇ ਵਰਗਾ ਮਾਹੌਲ ਬਣ ਜਾਂਦਾ। ਦੂਰੋਂ-ਦੂਰੋਂ ਕਲਾਕਾਰ ਮਹਾਰਾਜਾ ਸਾਹਿਬ ਨੂੰ ਆਪਣੀ ਕਲਾ ਦਾ ਜੌਹਰ ਦਿਖਾ ਕੇ ਇਨਾਮ ਦੀ ਪ੍ਰਾਪਤੀ ਕਰਦੇ। ਕਹਿੰਦੇ ਹਨ ਕਿ ਮੋਰਾਂ ਨਾਮ ਦੀ ਨਾਚੀ ਵੀ ਘੋੜੇ ਉੱਪਰ ਸਵਵਾਰ ਹੋ ਮਹਾਰਾਜ ਦੀ ਹਾਜ਼ਰੀ ਭਰਦੀ ਅਤੇ ਆਪਣੇ ਨਾਚ ਦੀ ਕਲਾ ਨਾਲ ਮਹਾਰਾਜੇ ਨੂੰ ਪ੍ਰਸੰਨ ਕਰਕੇ ਇਨਾਮ ਪ੍ਰਾਪਤ ਕਰਦੀ। ਇੱਕ ਵਾਰ ਜਦੋਂ ਉਹ ਆਪਣੇ ਘੋੜੇ ਉੱਪਰ ਸਵਾਰ ਹੋ ਕੇ ਨਹਿਰ ਪਾਰ ਕਰਨ ਲੱਗੀ ਤਾਂ ਉਸਦੀ ਜੁੱਤੀ ਦਾ ਇੱਕ ਪੈਰ ਨਹਿਰ ਦੇ ਵਿੱਚ ਡਿੱਗ ਪਿਆ। ਜਦੋਂ ਉਹ ਮਹਾਰਾਜੇ ਦੇ ਸਾਹਮਣੇ ਪੇਸ਼ ਹੋਈ ਤਾਂ ਉਸਨੇ ਨਾਚ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਮਹਾਰਾਜੇ ਨੇ ਇਸਦਾ ਕਾਰਨ ਪੁੱਛਿਆ ਤਾਂ ਉਸਨੇ ਜੁਆਬ ਦਿੱਤਾ ਕਿ ਮੇਰੀ ਜੁੱਤੀ ਦਾ ਪੈਰ ਨਹਿਰ ਵਿੱਚ ਰੁੜ ਗਿਆ, ਤੁਸੀਂ ਏਨੇ ਵੱਡੇ ਮਹਾਰਾਜਾ ਹੋ, ਕੀ ਤੁਸੀਂ ਨਹਿਰ ਉੱਪਰ ਇੱਕ ਪੁਲ ਨਹੀਂ ਬਣਵਾ ਸਕਦੇ ?
ਪੁਲ ਮੋਰਾਂ (ਪੁਲ ਕੰਜ਼ਰੀ) -03 |
ਮਹਾਰਾਜਾ ਰਣਜੀਤ ਸਿੰਘ ਨੂੰ ਇਹ ਗੱਲ ਮਿਹਣੇ ਵਾਂਗ ਲੱਗੀ ਅਤੇ ਉਸਨੇ ਬਾਦਸ਼ਾਹੀ ਨਹਿਰ ’ਤੇ ਪੁਲ ਬਣਵਾ ਦਿੱਤਾ। ਮੋਰਾਂ ਦੀ ਮੰਗ ’ਤੇ ਪੁਲ ਬਣਵਾਏ ਜਾਣ ਕਾਰਨ ਇਸ ਪੁਲ ਦਾ ਨਾਮ ‘ਪੁਲ ਮੋਰਾਂ’ ਪੈ ਗਿਆ। ਇਸਦੇ ਨਾਲ ਹੀ ਪੇਂਡੂ ਬੋਲੀ ਵਿੱਚ ਨੱਚਣ ਗਾਉਣ ਵਾਲੀਆਂ ਲਈ ‘ਕੰਜ਼ਰੀ’ ਲਫ਼ਜ਼ ਵੀ ਵਰਤਿਆ ਜਾਂਦਾ ਸੀ, ਸੋ ਬੋਲ-ਚਾਲ ਦੀ ਬੋਲੀ ਵਿੱਚ ਲੋਕ ਇਸਨੂੰ ਪੁਲ ਮੋਰਾਂ ਕਹਿਣ ਦੀ ਬਜਾਏ ‘ਪੁਲ ਕੰਜ਼ਰੀ’ ਵੀ ਕਹਿਣ ਲੱਗ ਪਏ ਜੋ ਅੱਜ ਤੱਕ ਵੀ ਜਾਰੀ ਹੈ।
ਪੁਲ ਮੋਰਾਂ (ਪੁਲ ਕੰਜ਼ਰੀ) -04 |
ਖੈਰ ਸਮਾਂ ਬਦਲਿਆ, ਸ਼ੇਰ-ਏ-ਪੰਜਾਬ ਦੀ ਹਕੂਮਤ ਵੀ ਖਤਮ ਹੋ ਗਈ। ਸਮੇਂ ਦੇ ਗੇੜ ਨਾਲ ਬਾਦਸ਼ਾਹੀ ਨਹਿਰ ਵੀ ਖਤਮ ਹੋ ਗਈ ਅਤੇ ਉਸ ’ਤੇ ਬਣਿਆ ‘ਪੁਲ ਕੰਜਰੀ’ ਵੀ। ਹਾਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਤਿਆਰ ਕਰਵਾਇਆ ਤਲਾਬ ਅਤੇ ਬਾਰਾਂਦਰੀ ਅੱਜ ਵੀ ਖੂਬਸੂਰਤ ਹਾਲਤ ਵਿੱਚ ਮੌਜੂਦ ਹੈ। ਨਹਿਰ ਦੇ ਖਤਮ ਹੋਣ ਨਾਲ ਤਲਾਬ ਭਰਨ ਲਈ ਪਾਣੀ ਦਾ ਸੋਮਾ ਖਤਮ ਹੋ ਗਿਆ ਜਿਸ ਕਾਰਨ ਹੁਣ ਤਲਾਬ ਸੁੱਕਾ ਹੈ। ਇਸ ਸਮਾਰਕ ਨੂੰ ਪੰਜਾਬ ਦੇ ਸੈਰ ਸਪਾਟਾ ਵਿਭਾਗ ਵੱਲੋਂ ਸੁਰੱਖਿਅਤ ਸਮਾਰਕ ਘੋਸ਼ਿਤ ਕੀਤਾ ਹੋਇਆ ਹੈ ਅਤੇ ਇਸਦੀ ਦੇਖ-ਰੇਖ ਵਿੱਚ ਵਿਭਾਗ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਇੱਕ ਨਿੱਜੀ ਸਕੂਲ ਸਪਰਿੰਗਡੇਲ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ।
ਪੁਲ ਮੋਰਾਂ (ਪੁਲ ਕੰਜ਼ਰੀ) -05 |
ਸਰਕਾਰ-ਖ਼ਾਲਸਾ ਨਾਲ ਸਬੰਧਤ ਇਹ ਇਤਿਹਾਸਕ ਸਥਾਨ ਅਟਾਰੀ ਵਾਗਹਾ ਸਰਹੱਦ ਨਜ਼ਦੀਕ ਪਾਕਿਸਤਾਨ ਸਰਹੱਦ ਤੋਂ ਮਹਿਜ 700 ਮੀਟਰ ਦੂਰੀ ’ਤੇ ਹੈ। ਭਾਂਵੇਂ ਹੁਣ ਇਥੇ ਸ਼ੇਰ-ਏ-ਪੰਜਾਬ ਦੇ ਦੌਰ ਵਾਲੀ ਰੌਣਕ ਤਾਂ ਨਹੀਂ ਹੈ ਪਰ ਕੋਈ ਵਿਰਲਾ ਟਾਵਾਂ ਅਟਾਰੀ-ਵਾਹਗਾ ਸਰਹੱਦ ’ਤੇ ਝੰਡੇ ਦੀ ਰਸਮ ਦੇਖਣ ਸਮੇਂ ਇਥੇ ਵੀ ਆ ਜਾਂਦਾ ਹੈ। ਪੁਲ ਮੋਰਾਂ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਬਾਰਾਂਦਰੀ ਅਤੇ ਤਲਾਬ ਦੀ ਖੂਬਸੂਰਤੀ ਦੇਖਿਆਂ ਹੀ ਬਣਦੀ ਹੈ।
- ਇੰਦਰਜੀਤ ਸਿੰਘ ਹਰਪੁਰਾ,
ਬਟਾਲਾ।
98155-77574
0 comments:
Post a Comment