punjabfly

Jan 16, 2023

ਪੰਜਾਬ ਵਿਚ ਪੀਣ ਦੇ ਪਾਣੀ ਦੇ ਪ੍ਰੋਜ਼ੈਕਟਾਂ ਤੇ ਖਰਚੇ ਜਾਣਗੇ 1963 ਕਰੋੜ ਰੁਪਏ—ਬ੍ਰਮ ਸ਼ੰਕਰ ਜਿੰਪਾ



—ਕਿਹਾ, ਸਾਲ 2022—23 ਦੌਰਾਨ ਹੁਣ ਤੱਕ ਫਸਲਾਂ ਦੇ ਖਰਾਬੇ ਦੇ ਮੁਆਵਜੇ ਵਜੋਂ ਅਤੇ ਕਿਸਾਨ ਭਲਾਈ ਲਈ ਮਾਨ ਸਰਕਾਰ ਨੇ ਵੰਡੇ 125 ਕਰੋੜ ਰੁਪਏ
—ਬੱਲੂਆਣਾ ਹਲਕੇ ਵਿਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ 53 ਕਰੋੜ ਦੇ ਪ੍ਰੋਜ਼ੈਕਟਾਂ ਦੀ ਸ਼ੁਰੂਆਤ ਕਰਵਾਈ
—ਹਲਕੇ ਵਿਚ ਪੰਜਾਬ ਸਰਕਾਰ ਕਰਵਾ ਰਹੀ ਹੈ ਵੱਡੇ ਵਿਕਾਸ ਕਾਰਜ—ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ
ਬੱਲੂਆਣਾ ( ਫਾਜਿ਼ਲਕਾ), 16 ਜਨਵਰੀ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਿੰਡਾਂ ਵਿਚ ਨਹਿਰੀ ਪਾਣੀ ਤੇ ਅਧਾਰਤ ਸਕੀਮਾਂ ਰਾਹੀਂ 1700 ਪਿੰਡਾਂ ਨੂੰ ਸਾਫ ਪੀਣ ਦਾ ਪਾਣੀ ਮੁਹੱਈਆ ਕਰਵਾਉਣ ਲਈ 1963 ਕਰੋੜ ਰੁਪਏ ਦੇ ਪ੍ਰੋੋਜੈਕਟ ਆਰੰਭੇ ਗਏ ਹਨ। ਇੰਨ੍ਹਾਂ ਵਿਚੋਂ 578 ਕਰੋੜ ਰੁਪਏ ਦਾ ਪ੍ਰੋਜੈਕਟ ਸਿਰਫ ਸਰਹੱਦੀ ਜਿ਼ਲ੍ਹੇ ਫਾਜ਼ਿਲਕਾ ਦੇ ਅਬੋਹਰ, ਬੱਲੂਆਣਾ ਅਤੇ ਖੂਈਆਂ ਸਰਵਰ ਲਈ ਹਨ। ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਸਰਹੱਦੀ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦੀ ਕੁਆਲਿਟੀ ਵਿਚ ਸੁਧਾਰ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਹੰਭਲੇ ਮਾਰੇ ਜਾ ਰਹੇ ਹਨ। ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਤੇ ਬੁਨਿਆਦੀ ਸਹੂਲਤਾਂ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਕਈ ਪ੍ਰੋਜ਼ੈਕਟ ਉਲੀਕੇ ਗਏ ਹਨ।
ਜਿੰਪਾ ਨੇ ਕਿਹਾ ਕਿ ਪਿਛਲੇ ਹਫਤੇ ਉਨ੍ਹਾਂ ਨੇ ਭੋਪਾਲ ਵਿਖੇ ਕੌਮੀ ਕਾਨਫਰੰਸ ‘ਵਾਟਰ ਵਿਜ਼ਨ 2047’ ਵਿਚ ਹਿੱਸਾ ਲੈ ਕੇ ਸਰਹੱਦੀ ਜਿ਼ਲਿ੍ਹਆਂ ਵਿਚ ਪਾਣੀ ਦੀ ਮਾੜੀ ਕੁਆਲਿਟੀ ਦਾ ਮੁੱਦਾ ਜ਼ੋਰ—ਸ਼ੋਰ ਨਾਲ ਉਠਾਇਆ ਸੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਸਰਹੱਦੀ ਜਿ਼ਲਿ੍ਹਆਂ ਵਿਚ ਪਾਣੀ ਦੀ ਕੁਆਲਿਟੀ ਦੇ ਸੁਧਾਰ ਲਈ ਕੇਂਦਰ ਸਰਕਾਰ ਪੰਜਾਬ ਨਾਲ ਸਹਿਯੋਗ ਕਰੇ ਅਤੇ ਕੇਂਦਰੀ ਫੰਡਾਂ ‘ਚੋਂ ਇੱਕ ਵੱਡਾ ਹਿੱਸਾ ਇੰਨ੍ਹਾ ਇਲਾਕਿਆਂ ਦੇ ਪਾਣੀ ਸੁਧਾਰ ਲਈ ਜਾਰੀ ਕਰੇ।
ਜਿੰਪਾ ਅੱਜ ਬੱਲੂਆਣਾ ਹਲਕੇ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਵੱਖ—ਵੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਸਬੰਧੀ ਕਰਵਾਏ ਸਮਾਗਮ ਦੌਰਾਨ ਬੋਲ ਰਹੇ ਸਨ। ਕੈਬਨਿਟ ਮੰਤਰੀ ਨੇ ਅੱਜ ਹਲਕੇ ਵਿਚ 40 ਕਰੋੜ ਰੁਪਏ ਨਾਲ ਪੀਣ ਦੇ ਪਾਣੀ ਦੀ ਸਪਲਾਈ ਲਈ ਪਾਈਪਾਂ ਪਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਜਦ ਕਿ 4 ਕਰੋੜ ਰੁਪਏ ਨਾਲ ਬਣੀ ਇਕ ਪੇਂਡੂ ਜਲ ਸਪਲਾਈ ਸਕੀਮ ਨੂੰ ਲੋਕ ਸਮਰਪਿਤ ਕੀਤਾ ਅਤੇ ਪਿੰਡ ਧਰਮ ਪੁਰਾ ਅਤੇ ਮਹਿਰਾਜਪੁਰਾ ਵਿਚ 9 ਕਰੋੜ ਨਾਲ ਬਣ ਰਹੇ ਵਾਟਰ ਵਰਕਸਾਂ ਨੂੰ ਵੀ ਲੋਕ ਸਮਰਪਿਤ ਕੀਤਾ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਿੰਨ੍ਹਾਂ ਇਲਾਕਿਆਂ ਵਿਚ ਪੀਣ ਦੇ ਪਾਣੀ ਦੀ ਗੁਣਵਤਾ ਠੀਕ ਨਹੀਂ ਹੈ ਉਥੇ ਆਰ.ਓ. ਪਲਾਂਟ ਲਗਾਉਣ ਦੀਆਂ ਸੰਭਾਵਨਾਵਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ ਅਤੇ ਹੋਰ ਵੀ ਕਈ ਜਿ਼ਲ੍ਹੇ ਜਿਵੇਂ ਬਠਿੰਡਾ ਦੇ ਕਈ ਇਲਾਕਿਆਂ ਦਾ ਜ਼ਮੀਨੀ ਪਾਣੀ ਪੀਣਯੋਗ ਨਹੀਂ ਹੈ। ਪਾਣੀ ਵਿਚ ਹੈਵੀ ਮੈਟਲ ਅਤੇ ਯੂਰੇਨੀਅਮ ਵਰਗੇ ਤੱਤ ਪਾਏ ਜਾ ਰਹੇ ਹਨ ਜਿਸ ਕਰਕੇ ਬਹੁਤ ਸਾਰੇ ਲੋਕ ਕੈਂਸਰ ਨਾਲ ਜੂਝ ਰਹੇ ਹਨ। ਛੋਟੇ—ਛੋਟੇ ਬੱਚਿਆਂ ਦੇ ਵਾਲ ਸਫੇਦ ਹੋ ਰਹੇ ਹਨ ਅਤੇ ਹੋਰ ਵੀ ਕਈ ਬਿਮਾਰੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿਚ ਮਾਨ ਸਰਕਾਰ ਬਹੁਤ ਸਾਰਾ ਕੰਮ ਕਰ ਰਹੀ ਹੈ ਅਤੇ ਅੱਜ ਸ਼ੁਰੂ ਕੀਤੇ ਪ੍ਰੋਜ਼ੈਕਟ ਇੰਨ੍ਹਾਂ ਕੰਮਾਂ ਦਾ ਹੀ ਇਕ ਹਿੱਸਾ ਹੈ।
ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਇਸ ਮੌਕੇ ਦੱਸਿਆ ਕਿ ਰਾਜ ਸਰਕਾਰ ਨੇ ਇਸ ਸਾਲ ਕੋਈ 125 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਾ ਮੁਆਵਜਾ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਲਈ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੱਲੂਆਣਾ ਹਲਕੇ ਦੇ ਕਿਸਾਨਾਂ ਲਈ 2020 ਵਿਚ ਫਸਲਾਂ ਦੇ ਹੋਏ ਖਰਾਬੇ ਦਾ ਮੁਆਵਜਾ ਮੰਜੂਰ ਹੋ ਚੁੱਕਾ ਹੈ ਅਤੇ ਇਹ ਮੁਆਵਜਾ ਲੋਕਾਂ ਨੂੰ ਵੰਡਨ ਲਈ ਜਲਦ ਹੀ ਮੁੱਖ ਮੰਤਰੀ ਸ: ਭਗਵੰਤ ਮਾਨ ਹਲਕੇ ਦਾ ਦੌਰਾ ਕਰਨਗੇ। ਕੈਬਨਿਟ ਮੰਤਰੀ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਰਹੀ ਹੈ।
ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਕਿਹਾ ਕਿ ਬੱਲੂਆਣਾ ਹਲਕਾ ਪਿੱਛਲੀਆਂ ਸਰਕਾਰਾਂ ਸਮੇਂ ਭੇਦਭਾਵ ਦਾ ਸ਼ਿਕਾਰ ਰਿਹਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਨੇ ਹਲਕੇ ਵਿਚ ਛਿਪੀ ਬੇਰੁਜਗਾਰੀ ਦੇ ਹਲ ਲਈ ਸਹਾਇਕ ਕਿੱਤੇ ਅਤੇ ਲਘੂ ਉਦਯੋਗ ਸ਼ੁਰੂ ਕਰਵਾਉਣ ਦੀ ਗੱਲ ਵੀ ਆਖੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹਲਕੇ ਦੀ ਪ੍ਰਮੁੱਖ ਰਾਮਸਰਾ ਨਹਿਰ ਨੂੰ ਪੱਕਾ ਕਰਨ ਲਈ 9.5 ਕਰੋੜ ਰੁਪਏ ਪ੍ਰਵਾਨ ਕੀਤੇ ਹਨ ਅਤੇ 5 ਹੋਰ ਆਮ ਆਦਮੀ ਕਲੀਨਿਕ ਵੀ ਹਲਕੇ ਵਿਚ ਖੁੱਲਣ ਜਾ ਰਹੇ ਹਨ। ਇਸ ਤੋਂ ਬਿਨ੍ਹਾਂ 15.38 ਕਰੋੜ ਨਾਲ ਹਲਕੇ ਦੇ ਪਿੰਡ ਸੁਖਚੈਨ ਵਿਚ ਸਰਕਾਰੀ ਕਾਲਜ ਦਾ ਨਿਰਮਾਣ ਵੀ ਪੰਜਾਬ ਸਰਕਾਰ ਕਰਵਾ ਰਹੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਮਨਦੀਪ ਕੌਰ, ਐਸਡੀਐਮ ਸ੍ਰੀ ਅਕਾਸ਼ ਬਾਂਸਲ, ਕਾਰਕਜਾਰੀ ਇੰਜਨੀਅਰ ਜਲ ਸਪਲਾਈ ਸ੍ਰੀ ਅੰਮ੍ਰਿਤਦੀਪ ਸਿੰਘ ਭੱਠਲ, ਸ੍ਰੀ  ਕੁਲਦੀਪ ਕੁਮਾਰ ਦੀਪ ਕੰਬੋਜ਼ (ਅਬੋਹਰ), ਸ੍ਰੀ  ਕਰਨ ਗਿਲਹੋਤਰਾ, ਸ੍ਰੀ  ਉਪਕਾਰ ਸਿੰਘ ਜਾਖੜ, ਸ੍ਰੀ  ਧਰਮਵੀਰ ਗੋਦਾਰਾ, ਸ੍ਰੀ  ਮਨੋਜ਼ ਗੋਦਾਰਾ, ਸ੍ਰੀ  ਅੰਗਰੇਜ਼ ਸਿੰਘ, ਸ੍ਰੀ  ਬਲਦੇਵ ਸਿੰਘ, ਸ੍ਰੀ  ਸੁਖਵਿੰਦਰ ਸਿੰਘ ਆਦਿ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਹਾਜਰ ਸਨ।

Share:

0 comments:

Post a Comment

Definition List

blogger/disqus/facebook

Unordered List

Support