ਇਲਾਕੇ ਦੇ ਲੋਕਾਂ, ਕਿਸਾਨਾਂ ਤੇ ਫੈਕਟਰੀ ਦੇ ਨੁਮਾਇੰਦਿਆਂ ਦੇ ਬਿਆਨ ਕੀਤੇ ਕਲਮਬੱਧ
ਕਮੇਟੀ ਜਲਦੀ ਆਪਣੀ ਰਿਪੋਰਟ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪੇਸ਼ ਕਰੇਗੀ: ਜਸਟਿਸ (ਰਿਟਾ.) ਆਰ.ਕੇ.ਨਹਿਰੂ
ਜ਼ੀਰਾ (ਫਿਰੋਜ਼ਪੁਰ), 17 ਜਨਵਰੀ
ਸ਼ਰਾਬ ਫੈਕਟਰੀ ਪਿੰਡ ਮਨਸੂਰਵਾਲ ਕਲਾਂ (ਜ਼ੀਰਾ) ਸਬੰਧੀ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਗਠਿਤ ਜਸਟਿਸ ਆਰ.ਕੇ.ਨਹਿਰੂ ਅਧਾਰਤ ਕਮੇਟੀ ਜਿਸ ਵਲੋਂ ਧਰਨੇ, ਸ਼ਰਾਬ ਫੈਕਟਰੀ ਕਿਸਾਨਾਂ ਨੂੰ ਹੋ ਰਹੇ ਵਿੱਤੀ ਨੁਕਸਾਨ ਆਦਿ ਬਾਰੇ ਜਾਣਕਾਰੀ ਲੈਣ ਲਈ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ ਮਨਸੂਰਵਾਲ ਕਲਾਂ (ਸ਼ਰਾਬ ਫੈਕਟਰੀ ਜ਼ੀਰਾ) ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਕਮੇਟੀ ਮੈਂਬਰ ਐਡਵੋਕੇਟ ਸ੍ਰੀ ਬੱਬਰ ਭਾਨ ਸਮੇਤ ਹੋਰ ਸਰਕਾਰੀ ਤੇ ਗੈਰ ਸਰਕਾਰੀ ਮੈਂਬਰਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ, ਐਸ.ਐਸ.ਪੀ. ਸ੍ਰੀਮਤੀ ਕੰਵਰਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਕੁਮਾਰ, ਐਸ.ਡੀ.ਐਮ. ਜ਼ੀਰਾ ਸ੍ਰੀ ਗਗਨਦੀਪ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਜਸਟਿਸ (ਰਿਟਾ.) ਸ੍ਰੀ ਆਰ.ਕੇ.ਨਹਿਰੂ ਅਤੇ ਕਮੇਟੀ ਮੈਂਬਰਾਂ ਵੱਲੋਂ ਇਲਾਕੇ ਦੇ ਲੋਕਾਂ, ਕਿਸਾਨ, ਜਥੇਬੰਦੀਆਂ, ਕਿਸਾਨਾਂ ਦੇ ਵਕੀਲਾਂ ਅਤੇ ਫੈਕਟਰੀ ਦੇ ਅਧਿਕਾਰੀਆ ਆਦਿ ਤੋਂ ਜਾਣਕਾਰੀ ਲਈ ਅਤੇ ਉਪਰੋਕਤ ਧਿਰਾਂ ਦੇ ਬਿਆਨ ਕਲਮਬੱਧ ਕੀਤੇ।
ਇਸ ਮੌਕੇ ਜਸਟਿਸ (ਰਿਟਾ.) ਸ੍ਰੀ ਆਰ.ਕੇ.ਨਹਿਰੂ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਜ਼ੀਰਾ ਵਿਖੇ ਸਥਿਤ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ (ਸ਼ਰਾਬ ਫੈਕਟਰੀ) ਦਾ ਦੌਰਾ ਕੀਤਾ ਗਿਆ ਹੈ ਅਤੇ ਇਥੋਂ ਦੇ ਕਿਸਾਨਾਂ, ਇਲਾਕਾ ਨਵਾਸੀਆਂ ਤੇ ਫੈਕਟਰੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਬੀਤੀ ਸ਼ਾਮ ਉਨ੍ਹਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਸ ਮਾਮਲੇ ਸਬੰਧੀ ਮੀਟਿੰਗ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਹ ਜਲਦੀ ਹੀ ਆਪਣੀ ਰਿਪੋਰਟ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਸੌਂਪਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਮੈਡਮ ਅਮ੍ਰਿਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ੀਰਾ ਸਥਿਤ ਸ਼ਰਾਬ ਫੈਕਟਰੀ ਦੇ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਅੱਜ ਉਸ ਕਮੇਟੀ ਦੇ ਚੇਅਰਮੈਨ ਸ੍ਰੀ ਆਰ.ਕੇ.ਨਹਿਰੂ ਵੱਲੋਂ ਦੌਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੇਅਰਮੈਨ ਸ੍ਰੀ ਆਰ.ਕੇ.ਨਹਿਰੂ ਵੱਲੋਂ ਫੈਕਟਰੀ ਦੇ ਨੁਮਾਇੰਦਿਆਂ, ਕਿਸਾਨ ਜੱਥੇਬੰਦੀਆਂ, ਕਿਸਾਨਾਂ ਦੇ ਵਕੀਲਾਂ ਅਤੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਦੇ ਚੇਅਰਮੈਨ ਵੱਲੋਂ ਦੋਵਾਂ ਪੱਖਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਤੱਥਾ ਸਹਿਤ ਸਬੂਤ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪੇਸ਼ ਕਰਨ ਤਾਂ ਜੋ ਇਸ ਕੇਸ ਦਾ ਬਿਲਕੁਲ ਸਹੀ ਫੈਸਲਾ ਕੀਤਾ ਜਾ ਸਕੇ
0 comments:
Post a Comment