ਖਾਣ ਪੀਣ ਵਾਲੀਆਂ ਵਸਤੂਆਂ ਦਾ ਵਪਾਰ ਕਰਨ ਵਾਲੇ ਸਾਰੇ ਲੋਕ ਜਰੂਰ ਕਰਵਾਉਣ ਆਪਣੀ ਫੂਡ ਸੇਫਟੀ ਸਬੰਧੀ ਰਜਿਸਟ੍ਰੇਸ਼ਨ
ਸ੍ਰੀ ਮੁਕਤਸਰ ਸਾਹਿਬ 11 ਜਨਵਰੀ
ਦਫਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਫੂਡ ਸੇਫਟੀ ਅਤੇ ਹੈਲਥੀ ਡਾਇਟ ਸਬੰਧੀ ਜਿਲ੍ਹਾ ਲੈਵਲ ਸਲਾਹਕਾਰ ਕਮੇਟੀ ਦੀ ਵਿਸ਼ੇਸ਼ ਮੀਟਿੰਗ ਸ਼੍ਰੀ ਵਿਨੀਤ ਕੁਮਾਰ ਆਈ.ਏ.ਐਸ. ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਅਤੇ ਖਾਣ ਪੀਣ ਵਾਲੀਆਂ ਵਸਤੂਆਂ ਦਾ ਵਪਾਰ ਕਰਨ ਵਾਲੀਆਂ ਸੰਸਥਾਵਾਂ ਦੇ ਮੈਂਬਰਾ ਵੱਲੋਂ ਭਾਗ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਫੂਡ ਸੇਫਟੀ ਅਧੀਨ ਖਾਣ ਪੀਣ ਵਾਲੀਆਂ ਵਸਤੂਆਂ ਦਾ ਵਪਾਰ ਕਰਨ ਵਾਲਿਆਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਆਨ-ਲਾਇਨ ਐਫ.ਐਸ.ਐਸ.ਆਈ. ਦੇ ਪੋਰਟਲ ਤੇ ਜਾ ਕੇ ਕੋਈ ਵੀ ਵਿਅਕਤੀ ਖੁਦ ਰਜਿਸਟ੍ਰੇਸ਼ਨ ਲਈ ਅਪਲਾਈ ਕਰ ਸਕਦਾ ਹੈ ਅਤੇ ਅਪਲਾਈ ਕਰਨ ਉਪਰੰਤ 2 ਦਿਨਾਂ ਦੇ ਅੰਦਰ-ਅੰਦਰ ਉਸ ਨੂੰ ਉਸ ਦੇ ਮੋਬਾਇਲ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਾਪਤ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਖਾਣ ਪੀਣ ਦਾ ਸਮਾਨ ਤਿਆਰ ਕਰਨ ਵਾਲੇ ਸਾਰੇ ਦੁਕਾਨਦਾਰਾਂ ਜਾਂ ਰੇਹੜੀ ਵਾਲਿਆਂ ਨੂੰ ਫੌਸ ਟੈਕ ਟ੍ਰੇਨਿੰਗ ਪ੍ਰਾਪਤ ਕਰਨੀ ਜਰੂਰੀ ਕੀਤੀ ਗਈ ਹੈ। ਜੋ ਕਿ ਸਰਕਾਰ ਵੱਲੋਂ ਕਰਵਾਈ ਜਾ ਰਹੀ ਹੈ।
ਉਨ੍ਹਾਂ ਸਾਰੇ ਫੂਡ ਵਿਕਰੇਤਾ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫੂਡ ਤਿਆਰ ਕਰਨ ਵਾਲੇ ਮਾਲਿਕ ਜਾਂ ਮੁਲਾਜਮਾਂ ਨੂੰ ਇਹ ਟ੍ਰੇਨਿੰਗ ਜਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੀਆਂ ਵੱਖ-ਵੱਖ ਜਗ੍ਹਾ ਤੇ ਈਟ ਰਾਈਟ ਕੈਂਪਸ ਬਣਾਏ ਜਾਣਗੇ ਅਤੇ ਜਿਲ੍ਹਾ ਜੇਲ੍ਹ ਸ਼੍ਰੀ ਮੁਕਤਸਰ ਸਾਹਿਬ ਨੂੰ ਪਹਿਲਾ ਈਟ ਰਾਇਟ ਕੈਂਪ ਬਣਾਇਆ ਜਾਵੇਗਾ।ਇਸ ਮੌਕੇ ਡਾ. ਊਸ਼ਾ ਗੋਇਲ ਜਿਲ੍ਹਾ ਸਿਹਤ ਅਫਸਰ ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਫੂਡ ਸੇਫਟੀ ਐਕਟ ਨੂੰ ਜਿਲ੍ਹੇ ਵਿੱਚ ਪੂਰਨ ਤੌਰ ਤੇ ਲਾਗੂ ਕੀਤਾ ਜਾਵੇਗਾ ਅਤੇ ਮਾਘੀ ਮੇਲੇ ਦੋਰਾਨ ਖਾਣ ਪੀਣ ਵਾਲੀਆਂ ਸਾਰੀਆਂ ਵਸਤੂਆਂ ਤੇ ਵਿਸ਼ੇਸ਼ ਧਿਆਨ ਰੱਖਣ ਲਈ ਮੁਹਿੰਮ ਚਲਾਈ ਜਾਵੇਗੀ ਅਤੇ ਸਮੇਂ ਸਮੇਂ ਤੇ ਖਾਣ ਪੀਣ ਵਾਲੀਆਂ ਵਸਤੂਆਂ ਦੀ ਚੈਕਿੰਗ ਫੂਡ ਸੇਫਟੀ ਟੀਮ ਵੱਲੋਂ ਕੀਤੀ ਜਾਵੇਗੀ। ਜਿਥੇ ਕਿਤੇ ਕੋਈ ਮਿਲਾਵਟ ਦਾ ਸ਼ੱਕ ਹੋਵੇਗਾ ਤਾਂ ਉਸ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾਣਗੇ ਅਤੇ ਮਿਲਾਵਟ ਖੋਰਾ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾਘੀ ਮੇਲੇ ਦੌਰਾਨ ਖਾਣ ਪੀਣ ਵਾਲੀਆਂ ਵਸਤੂਆਂ ਦੀ ਖ੍ਰੀਦ ਕਰਨ ਸਮੇਂ ਧਿਆਨ ਰੱਖਿਆ ਜਾਵੇ ਅਤੇ ਸਾਫ ਸੁਧਰੀਆਂ ਅਤੇ ਮਿਆਰੀ ਚੀਜਾਂ ਦੀ ਹੀ ਵਰਤੋਂ ਕੀਤੀ ਜਾਵੇ।
ਇਸ ਮੌਕੇ ਅਭਿਨਵ ਖੋਸਲਾ ਫੂਡ ਸੇਫਟੀ ਅਫਸਰ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਸਰਬਜੀਤ ਸਿੰਘ ਫੂਡ ਕਲਰਕ ਹਾਜਰ ਸਨ।
0 comments:
Post a Comment