--ਕਿਹਾ ਆਮ ਆਦਮੀ ਕਲੀਨਿਕ ਆਮ ਲੋਕਾਂ ਲਈ ਹੋ ਰਹੇ ਹਨ ਲਾਹੇਵੰਦ ਸਾਬਤ
--ਆਮ ਆਦਮੀ ਕਲੀਨਿਕਾਂ ਦੀ ਕੀਤੀ ਸ਼ੁਰੂਆਤ
ਬਠਿੰਡਾ, 27 ਜਨਵਰੀ : ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਸ਼ਲਾਘਾਯੋਗ ਕਦਮ ਪੁੱਟ ਰਹੀ ਹੈ। ਇਹ ਜਾਣਕਾਰੀ ਹਲਕਾ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਇੱਥੇ ਲਾਲ ਸਿੰਘ ਬਸਤੀ ਵਿਖੇ ਨਵੇਂ ਸਥਾਪਿਤ ਕੀਤੇ ਗਏ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕਰਨ ਉਪਰੰਤ ਸਾਂਝੀ ਕੀਤੀ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਮੌਜੂਦ ਰਹੇ।
ਇਸ ਮੌਕੇ ਵਿਧਾਇਕ ਗਿੱਲ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਦਿੱਤੇ ਗਏ ਇੰਨੇ ਵੱਡੇ ਫ਼ਤਵੇ ਨੂੰ ਕਿਸੇ ਵੀ ਕੀਮਤ ਤੇ ਟੁੱਟਣ ਨਹੀਂ ਦਿੱਤਾ ਜਾਵੇਗਾ ਅਤੇ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।
ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਵੱਲੋਂ ਆਪਣੇ ਵਾਅਦੇ ਅਨੁਸਾਰ ਸਿੱਖਿਆ ਤੇ ਸਿਹਤ ਖੇਤਰ ਵਿੱਚ ਲੋਕ ਪੱਖੀ ਤੇ ਬੇਹਤਰ ਪੁਲਾਘਾਂ ਪੁੱਟੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਮੁਢਲੀਆਂ ਸਿਹਤ ਸੇਵਾਵਾਂ ਉਨ੍ਹਾਂ ਦੇ ਦਰਾਂ ਨੇੜੇ ਮੁਫ਼ਤ ਤੇ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਉਣ ਲਈ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਲਾਹੇਵੰਦ ਸਾਬਤ ਹੋ ਰਹੇ ਹਨ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸਰਕਾਰ ਵੱਲੋਂ ਸੂਬੇ ਅੰਦਰ 117 ’ਸਕੂਲ ਆਫ਼ ਐਮੀਨੈਂਸ’ਖੋਲ੍ਹੇ ਜਾ ਰਹੇ ਹਨ। ਇਹ ਸਕੂਲ ਵਿਦਿਆਰਥੀਆਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਲਈ ਤਿਆਰ ਕਰਨਗੇ। ਇਨ੍ਹਾਂ ਸਕੂਲਾਂ ਦਾ ਮੁੱਖ ਮੰਤਵ ਸਿਰਫ਼ ਪੜ੍ਹਾਈ ਹੋਵੇਗਾ। ਇਨ੍ਹਾਂ ਸਕੂਲਾਂ ਵਿਚ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਦੇ ਸਾਰੇ ਟੈਸਟ ਅਤੇ ਦਵਾਈਆਂ ਮੁਫ਼ਤ ਹੋਣਗੇ ਅਤੇ ਡਾਕਟਰੀ ਸਟਾਫ਼ ਆਦਿ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਦੌਰਾਨ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ 8 ਆਮ ਆਦਮੀ ਕਲੀਨਿਕ (ਬਸਤੀ ਖੇਤਾ ਸਿੰਘ, ਊਧਮ ਸਿੰਘ ਨਗਰ, ਅਕਲੀਆਂ ਕਲਾਂ, ਬੀੜ ਬਹਿਮਣ, ਕੋਟਫ਼ੱਤਾ, ਤਲਵੰਡੀ ਸਾਬੋ, ਮੌੜ ਤੇ ਰਾਮਾਂ) ਪਹਿਲਾਂ ਹੀ ਚੱਲ ਰਹੇ ਹਨ ਅਤੇ 16 ਅੱਜ ਨਵੇਂ ਆਮ ਆਦਮੀ ਕਲੀਨਿਕਾਂ (ਬੱਲੂਆਣਾ, ਚੱਕ ਅਤਰ ਸਿੰਘ ਵਾਲਾ, ਦਿਆਲਪੁਰਾ ਮਿਰਜਾ, ਜੋਧਪੁਰ ਪਾਖਰ, ਕਰਾੜਵਾਲਾ, ਲਹਿਰਾ ਮੁਹੱਬਤ, ਪੱਕਾ ਕਲਾਂ, ਮੌੜ ਕਲਾਂ, ਮੰਡੀ ਕਲਾਂ, ਵਿਰਕ ਕਲਾਂ, ਮੰਡੀ ਫੂਲ, ਬੇਅੰਤ ਨਗਰ, ਜਨਤਾ ਨਗਰ, ਲਾਲ ਸਿੰਘ ਬਸਤੀ, ਪਰਸਰਾਮ ਨਗਰ ਅਤੇ ਗਣੇਸ਼ਾ ਬਸਤੀ) ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਕਲੀਨਿਕ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਾਹੇਵੰਦ ਸਾਬਤ ਹੋਣਗੇ।
ਇਸ ਮੌਕੇ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰ੍ਰੀਜ਼ ਡਿਵੈਲਪਮੈਂਟ ਬੋਰਡ ਸ੍ਰੀ ਨੀਲ ਗਰਗ, ਚੇਅਰਮੈਨ ਪੰਜਾਬ ਟ੍ਰੇਡਰਜ਼ ਕਮਿਸ਼ਨ ਸ਼੍ਰੀ ਅਨਿੱਲ ਠਾਕੁਰ, ਚੇਅਰਮੈਨ ਪੰਜਾਬ ਜੰਗਲਾਤ ਵਿਭਾਗ ਸ੍ਰੀ ਰਾਕੇਸ਼ ਪੁਰੀ, ਚੇਅਰਮੈਨ ਸ਼ੂਗਰਫੈਡ ਪੰਜਾਬ ਸ੍ਰੀ ਨਵਦੀਪ ਜੀਦਾ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ, ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਜ਼ਿਲ੍ਹਾ ਯੂਥ ਪ੍ਰਧਾਨ ਸ. ਅਮਰਦੀਪ ਰਾਜਨ, ਆਪ ਬੀ.ਸੀ. ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਰਾਮਗੜ੍ਹੀਆ ਅਤੇ ਆਪ ਦੇ ਬਲਾਕ ਪ੍ਰਧਾਨ ਸ਼੍ਰੀ ਬੱਲੀ ਬਲਜੀਤ ਆਦਿ ਵਿਸੇਸ਼ ਤੌਰ ਤੇ ਹਾਜ਼ਰ ਸਨ।
0 comments:
Post a Comment