ਸਾਥੀਆਂ ਤੇ ਅਹੁਦੇਦਾਰਾਂ ਵੱਲੋਂ ਵਧਾਈਆਂ ਤੇ ਸ਼ੁੱਭ ਕਾਮਨਾਵਾਂ
ਫ਼ਾਜਿ਼ਲਕਾ, 25 ਜਨਵਰੀ (ਬਲਰਾਜ ਸਿੰਘ ਸਿੱਧੂ )
ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਵੱਲੋਂ ਭਾਰਤ ਵਿੱਚ ਗੱਤਕਾ ਸਿਖਲਾਈ ਤੇ ਵੱਖ-ਵੱਖ ਪੱਧਰ ਦੇ ਟੂਰਨਾਮੈਂਟਾਂ ਦੇ ਆਯੋਜਨ ਨੂੰ ਵਧੇਰੇ ਪ੍ਰਗਤੀਸ਼ੀਲ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ 'ਖੇਡ ਡਾਇਰੈਕਟੋਰੇਟ' ਸਥਾਪਿਤ ਕੀਤਾ ਗਿਆ ਹੈ l ਜੋ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦੀ ਪ੍ਰਮਾਣਿਤ ਗੱਤਕਾ ਨਿਯਮਾਂਵਲੀ ਮੁਤਾਬਿਕ ਨੈਸ਼ਨਲ ਪੱਧਰ 'ਤੇ ਮੁਕਾਬਲੇ ਕਰਵਾਉਣ ਅਤੇ ਗੱਤਕਾ ਖੇਡ ਦੀ ਸਿਖਲਾਈ ਇੱਕ ਬਰਾਬਰ ਦਿੱਤੀ ਜਾ ਸਕੇ। ਉਕਤ ਕਾਰਜਾਂ ਨੂੰ ਸਹੀ ਢੰਗ ਨਾਲ ਨੇਪਰੇ ਚਾੜਨ ਲਈ ਨੈਸ਼ਨਲ ਗੱਤਕਾ ਕੋਚ ਪ੍ਰੋ. ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਨੂੰ ਐਸੋਸੀਏਸ਼ਨ ਦੇ 'ਖੇਡ ਡਾਇਰੈਕਟੋਰੇਟ' ਵਿੱਚ ਬਤੌਰ ਡਾਇਰੈਕਟਰ ਵਜੋਂ ਨਾਮਜਦ ਕੀਤਾ ਗਿਆ ਹੈ। ਗੱਤਕਾ ਖੇਡ ਦੀ ਪ੍ਰਫੁੱਲਤਾ ਵਜੋਂ ਪਿਛਲੇ ਇੱਕ ਦਹਾਕੇ ਤੋਂ ਵੱਧ ਕਾਰਜਸ਼ੀਲ ਪ੍ਰੋ. ਰਾਮਗੜ੍ਹੀਆ ਨੂੰ ਸੌਂਪੇ ਨਿਯੁਕਤੀ ਪੱਤਰ ਅਨੁਸਾਰ, ਉਹ ਉਕਤ ਡਾਇਰੈਕਟੋਰੇਟ ਦੇ ਹੋਰਨਾਂ ਡਾਇਰੈਕਟਰਾਂ ਅਤੇ ਪ੍ਰਸਾਸ਼ਨਿਕ ਡਾਇਰੈਕਟੋਰੇਟ ਨਾਲ ਤਾਲਮੇਲ ਕਰਕੇ ਵੱਖ-ਵੱਖ ਪੱਧਰ ਦੇ ਟੂਰਨਾਮੈਂਟਾਂ ਦੀ ਯੋਜਨਾ ਬਣਾਉਣਾ, ਪ੍ਰਬੰਧ ਜੁਟਾਉਣੇ, ਮੁਕਾਬਲੇ ਕਰਵਾਉਣ ਅਤੇ ਟੂਰਨਾਮੈਂਟ ਨੇਪਰੇ ਚਾੜ੍ਹਨ ਲਈ ਜਿੰਮੇਵਾਰ ਹੋਣਗੇ। ਇਸ ਤੋਂ ਇਲਾਵਾ ਗੱਤਕਾ ਮੁਕਾਬਲਿਆਂ ਦੌਰਾਨ ਕੰਪਿਊਟਰਾਈਜਡ ‘ਗੱਤਕਾ ਮੈਨੇਜਮੈਂਟ ਟੀ.ਐੱਸ.ਆਰ. ਸਿਸਟਮ’ ਨੂੰ ਲਾਗੂ ਕਰਨਾ ਅਤੇ ਗੱਤਕਾ ਖੇਡ ਦੇ ਸਾਜੋ-ਸਮਾਨ (ਸ਼ਸ਼ਤਰਾਂ) ਦੇ ਮਿਆਰੀਕਰਨ ਨੂੰ ਕੰਟਰੋਲ ਕਰਨ ਦੀ ਜਿੰਮੇਵਾਰੀ ਵੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨਾਂ ਨੂੰ 'ਸਿਖਲਾਈ ਤੇ ਕੋਚਿੰਗ ਡਾਇਰੈਕਟੋਰੇਟ' ਦੀ ਵੀ ਜਿੰਮੇਵਾਰੀ ਦਿੱਤੀ ਗਈ ਹੈ। ਜਿਸ ਵਿੱਚ ਗੱਤਕਾ ਕੋਚਿੰਗ ਸਬੰਧੀ ਮੌਜੂਦਾ ਤੇ ਭਵਿੱਖਤ ਲੋੜਾਂ ਦਾ ਵਿਸਲੇਸ਼ਣ ਕਰਦੇ ਹੋਏ ਰੈਫਰੀਆਂ, ਕੋਚਾਂ ਤੇ ਤਕਨੀਕੀ ਅਧਿਕਾਰੀਆਂ ਦੀ ਮੁਹਾਰਤ ਅਤੇ ਵਿਕਾਸ ਲਈ ਕਾਰਜ ਕਰਨਗੇ। ਇਸ ਤੋਂ ਇਲਾਵਾ ਕੋਚਿੰਗ ਸੇਵਾਵਾਂ ਨੂੰ ਵਧੇਰੇ ਵਿਕਸਤ ਕਰਨਾ, ਪ੍ਰਮਾਣਿਤ ਕਰਨਾ, ਪ੍ਰਦਾਨ ਕਰਨਾ ਅਤੇ ਮੁਲਾਂਕਣ ਕਰਨਾ ਹੋਵੇਗਾ। ਵੱਖ-ਵੱਖ ਕਿਸਮ ਅਤੇ ਪੱਧਰ ਦੇ ਗੱਤਕਾ ਸਿਖਲਾਈ ਕੈਂਪ, ਰਿਫਰੈਸ਼ਰ ਕੋਰਸ/ਕਲੀਨਕ ਲਾਉਣ ਦੀ ਯੋਜਨਾ ਬਣਾਉਣਾ, ਪ੍ਰਬੰਧ ਜੁਟਾਉਣੇ, ਆਯੋਜਿਤ ਕਰਨੇ ਅਤੇ ਉਨਾਂ ਨੂੰ ਨੇਪਰੇ ਚਾੜ੍ਹਨ ਲਈ ਵੀ ਅਧਿਕਾਰਿਤ ਕੀਤਾ ਗਿਆ ਹੈ। ਇਸ ਨਿਯੁਕਤੀ ਉਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਜਰਨਲ ਸੈਕਟਰੀ ਡਾ. ਪੰਕਜ ਧਮੀਜਾ ਅਤੇ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ. ਹਰਬੀਰ ਸਿੰਘ ਦੁੱਗਲ, ਭਾਈ ਮਹਾਂ ਸਿੰਘ ਖਾਲਸਾ ਪਬਲਿਕ ਸਕੂਲ ਜਲਾਲਾਬਾਦ ਦੇ ਪ੍ਰਿੰਸੀਪਲ ਸ. ਗੁਰਮੀਤ ਸਿੰਘ ਅਤੇ ਸਮੂਹ ਸਟਾਫ, ਆਲ ਇੰਡੀਆ ਰਾਮਗੜ੍ਹੀਆ ਫੈਡਰੇਸ਼ਨ ਅਤੇ ਪਾਵਰ ਟੂ ਸੇਵ ਹਿਊਮਨ ਰਾਈਟਸ ਦੇ ਕੌਮੀ ਪ੍ਰਧਾਨ ਸ. ਪਰਮਜੀਤ ਸਿੰਘ ਭਾਰਜ, ਐਂਟੀ ਕੁਰੱਪਸ਼ਨ ਦੇ ਪ੍ਰਧਾਨ ਸ. ਸੁਖਵਿੰਦਰ ਸਿੰਘ ਛਿੰਦੀ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ, ਸ਼ਾਨ-ਏ-ਖਾਲਸਾ ਗੱਤਕਾ ਅਕੈਡਮੀ ਫਾਜ਼ਿਲਕਾ ਦੇ ਸਕੱਤਰ ਸਿਮਰਜੀਤ ਸਿੰਘ ਅਨੇਜਾ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਕਿਹਾ ਪ੍ਰੋ. ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਵੱਲੋਂ ਗੱਤਕੇ ਦੀ ਪ੍ਰਫੁੱਲਤਾ ਲਈ ਕੀਤੀ ਅਣਥੱਕ ਮਿਹਨਤ ਸਦਕਾ ਹੀ ਉਨ੍ਹਾ ਨੂੰ ਇਹ ਮੁਕਾਮ ਹਾਸਲ ਹੋਇਆ ਹੈ। ਇਸ ਮੌਕੇ ਇਹ ਵੱਡੀ ਜਿੰਮੇਵਾਰੀ ਸੌਂਪਣ ਲਈ ਦੇਸ਼ ਦੀ ਸਭ ਤੋਂ ਪੁਰਾਤਨ ਰਜਿਸਟਰਡ ਗੱਤਕਾ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ (ਸਟੇਟ ਐਵਾਰਡੀ) ਦਾ ਧੰਨਵਾਦ ਕਰਦਿਆਂ ਪ੍ਰੋ. ਰਾਮਗੜ੍ਹੀਆ ਨੇ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ।
0 comments:
Post a Comment