ਬਠਿੰਡਾ, 4 ਜਨਵਰੀ : ਮੌਸਮੀ ਚੁਣੌਤੀਆਂ, ਕੀੜੇ ਤੇ ਬਿਮਾਰੀਆਂ ਦੇ ਹਮਲੇ ਦੇ ਬਾਵਜੂਦ ਨਰਮੇ ਦੇ ਉਤਪਾਦਨ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਇਸ ਦਾ ਸਿਹਰਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਬਠਿੰਡਾ ਨੂੰ ਜਾਂਦਾ ਹੈ। ਇਹ ਜਾਣਕਾਰੀ ਖੋਜ ਕੇਂਦਰ ਬਠਿੰਡਾ ਦੇ ਦੌਰੇ ਤੇ ਆਏ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਸਾਂਝੀ ਕੀਤੀ।
ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਪੰਜਾਬ ਵਿੱਚ ਸਾਲ 2019-20 ਦੌਰਾਨ 651 ਕਿਲੋਗ੍ਰਾਮ ਪ੍ਰਤੀ ਹੈਕਟੇਅਰ, ਸਾਲ 2020-21 ਵਿੱਚ 690 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਅਤੇ ਸਾਲ 2021-22 ਚ 652 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਨਰਮੇ ਦੇ ਉਤਪਾਦਨ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਹੁਣ ਤੱਕ ਨਰਮੇ ਤੇ ਕਪਾਹ ਦੀਆਂ 57 ਕਿਸਮਾਂ ਵਿਕਸਤ ਕਰ ਚੁੱਕਿਆ ਹੈ। ਇਨ੍ਹਾਂ ਵਿੱਚੋਂ 17 ਕਿਸਮਾਂ ਅਮਰੀਕਰਨ ਨਰਮੇ ਅਤੇ 5 ਦੇਸੀ ਕਪਾਹ ਦੀਆਂ ਕਿਸਮਾਂ ਹਨ। ਇਸ ਕੇਂਦਰ ਉੱਪਰ ਨਾ ਕੇਵਲ ਨਰਮੇ ਨਾਲ ਸਬੰਧਿਤ ਖੋਜ ਕੀਤੀ ਜਾਂਦੀ ਹੈ ਸਗੋਂ ਖੇਤੀ ਵਿਗਿਆਨੀ ਕਣਕ, ਝੋਨਾ, ਛੋਲੇ, ਸਰੋਂ, ਮੂੰਗੀ, ਟਿੰਡਾ, ਪਿਆਜ, ਲੈਟੂਸ, ਅੰਗੂਰ, ਅਮਰੂਦ, ਕਿੰਨੂ, ਨਿੰਬੂ ਅਤੇ ਅਨਾਰ ਤੋਂ ਇਲਾਵਾ ਵਣ ਖੇਤੀ ਲਈ ਪਾਪਲਰ ਅਤੇ ਡੇਕ ਦੀਆਂ ਕਿਸਮਾਂ ਵਿਕਸਤ ਕਰਨ ਲਈ ਖੋਜ ਉਪਰਾਲੇ ਕਰ ਰਹੇ ਹਨ। ਇਸ ਤੋਂ ਇਲਾਵਾ ਖੇਤੀ ਵਿਗਿਆਨੀਆਂ ਨੇ 43 ਸੁਧਰੀਆਂ ਉਤਪਾਦਨ ਤਕਨੀਕਾਂ ਅਤੇ 36 ਪੌਦ ਸੁਰੱਖਿਅਣ ਤਕਨੀਕਾਂ ਵਿਕਸਤ ਕੀਤੀਆਂ ਹਨ।
ਇਸ ਦੌਰਾਨ ਨਿਰਦੇਸ਼ਕ (ਖੋਜ) ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਇੱਥੇ ਸਥਾਪਿਤ ਨਰਸਰੀ ਦੁਆਰਾ 20 ਹਜ਼ਾਰ ਤੋਂ ਵਧੇਰੇ ਕਿੰਨੂ, ਅੰਗੂਰ, ਅਮਰੂਦ ਅਤੇ ਬੇਰ ਆਦਿ ਫਲਾਂ ਦੇ ਪੌਦੇ, 10 ਹਜ਼ਾਰ ਪਾਪਲਰ ਅਤੇ ਸਬਜ਼ੀਆਂ ਦੀ ਪੌਦ ਤੋਂ ਇਲਾਵਾ ਖੋਜ ਕੇਂਦਰ ਦੁਆਰਾ ਇਲਾਕੇ ਦੇ ਕਿਸਾਨਾਂ ਨੂੰ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਲਈ ਉੱਚਤਮ ਮਿਆਰ ਦਾ ਤਕਰੀਬਨ 2000 ਕੁਇੰਟਲ ਬੀਜ ਹਰ ਸਾਲ ਮੁਹੱਈਆ ਕਰਵਾਇਆ ਜਾਂਦਾ ਹੈ। ਜਿਕਰਯੋਗ ਹੈ ਕਿ ਇਸ ਕੇਂਦਰ ਵਿੱਚ ਖੁਰਾਕੀ ਵਸਤਾਂ ਦੀ ਕੁਆਲਿਟੀ ਪਰਖ ਕਰਨ ਅਤੇ ਫਸਲਾਂ ਲਈ ਖਾਦ ਅਤੇ ਪਾਣੀ ਦੀ ਸੁਚੱਜੀ ਵਰਤੋਂ ਲਈ ਮਿੱਟੀ ਅਤੇ ਪਾਣੀ ਪਰਖ ਕਰਨ ਲਈ ਲੈਬਾਰਟਰੀਆਂ ਕਾਰਜਸ਼ੀਲ ਹਨ।
ਇਸ ਦੌਰਾਨ ਕੇਂਦਰ ਨਿਰਦੇਸ਼ਕ ਡਾ. ਜਦਗੀਸ ਗਰੋਵਰ ਨੇ ਦੱਸਿਆ ਕਿ ਨਰਮੇ ਦੀ ਮਸ਼ੀਨੀ ਚੁਗਾਈ ਦੇ ਯੋਗ ਬੀਟੀ ਕਿਸਮਾਂ ਵਿਕਸਤ ਕਰਨ ਦੇ ਨਾਲ-ਨਾਲ ਨਰਮੇ ਦੇ ਕੀੜੇ-ਮਕੌੜੇ, ਗੁਲਾਬੀ ਸੁੰਡੀ ਤੇ ਵਾਇਰਲ ਰੋਗਾਂ ਦੀ ਪਹਿਚਾਣ ਅਤੇ ਇਲਾਜ ਉੱਪਰ ਵੀ ਖੋਜ ਕੀਤੀ ਜਾ ਰਹੀ ਹੈ।
0 comments:
Post a Comment