punjabfly

Mar 2, 2023

ਪੰਜਾਬ ਸਰਕਾਰ ਤੁਹਾਡੇ ਦੁਆਰ" ਤਹਿਤ ਢਿਪਾਲੀ ਵਿਖੇ ਕੈਂਪ ਆਯੋਜਿਤ


--ਸੂਬਾ ਸਰਕਾਰ ਲੋਕਾਂ ਦੇ ਦਰਾਂ ਤੇ ਜਾ ਕੇ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ : ਜਤਿੰਦਰ ਭੱਲਾ



ਰਾਮਪੁਰਾ (ਬਠਿੰਡਾ), 

                ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਲੀ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ 

ਨਿਪਟਾਰਾ ਉਨ੍ਹਾਂ ਦੇ ਦਰਾਂ ਤੇ ਜਾ ਕੇ ਹੱਲ ਕਰਨ ਲਈ ਯਤਨਸ਼ੀਲ ਤੇ ਵਚਨਬੱਧ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੈਅਰਮੇਨ ਨਗਰ ਸੁਧਾਰ ਟਰਸਟ ਬਠਿੰਡਾ ਸ੍ਰੀ ਜਤਿੰਦਰ ਸਿੰਘ ਭੱਲਾ ਨੇ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾ ਰਹੇ ਕੈਂਪਾਂ "ਪੰਜਾਬ ਸਰਕਾਰ ਤੁਹਾਡੇ ਦੁਆਰ" ਦੀ ਲੜੀ ਤਹਿਤ ਪਿੰਡ ਢਿਪਾਲੀ ਵਿਖੇ ਤਹਿਤ ਲਗਾਏ ਗਏ ਕੈਂਪ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਮੌਕੇ ਕੀਤਾ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ ਸ੍ਰੀ ਓਮ ਪ੍ਰਕਾਸ਼ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

          ਕੈਂਪ ਦੌਰਾਨ ਚੈਅਰਮੇਨ ਨਗਰ ਸੁਧਾਰ ਟਰਸਟ ਬਠਿੰਡਾ ਸ੍ਰੀ ਜਤਿੰਦਰ ਸਿੰਘ ਭੱਲਾ ਨੇ ਅਤੇ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਓਮ ਪ੍ਰਕਾਸ਼ ਵੱਲੋਂ ਪਿੰਡ ਸੰਧੂ ਖੁਰਦ, ਘੰਡਾਬੰਨਾ, ਢਿਪਾਲੀ ਅਤੇ ਫੂਲੇਵਾਲਾ ਦੇ ਲੋਕਾਂ ਦੀਆਂ ਸਾਂਝੀਆਂ ਅਤੇ ਨਿੱਜੀ ਸਮੱਸਿਆਵਾਂ ਸੁਣੀਆਂ ਗਈਆਂ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਕਾਊਂਟਰ ਲਗਾ ਕੇ ਆਪੋ-ਆਪਣੇ ਵਿਭਾਗ ਨਾਲ ਸਬੰਧਤ ਲੋਕ ਭਲਾਈ ਸਕੀਮਾਂ ਬਾਰੇ ਵੀ ਆਮ ਲੋਕਾਂ ਨੂੰ ਜਾਗਰੂਕ ਕਰਵਾਉਣ ਦੇ ਨਾਲ-ਨਾਲ ਲੋੜਵੰਦ ਲੋਕਾਂ ਦੇ ਮੌਕੇ ਤੇ ਫਾਰਮ ਵੀ ਭਰੇ ਗਏ।

          ਇਸ ਤੋਂ ਇਲਾਵਾ ਚੈਅਰਮੇਨ ਸ੍ਰੀ ਜਤਿੰਦਰ ਸਿੰਘ ਭੱਲਾ ਵੱਲੋਂ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਜਿੰਨ੍ਹਾਂ ਵਿੱਚ ਪਿੰਡ ਢਿਪਾਲੀ ਵਿਖੇ ਬਣ ਰਹੇ ਇਨਡੋਰ ਸਟੇਡੀਅਮ ਅਤੇ ਢਿਪਾਲੀ ਤੋਂ ਸੇਲਬਰਾਹ ਤੱਕ ਪਾਈ ਜਾ ਰਹੀ ਪਾਈਪਲਾਈਨ, ਪਿੰਡ ਘੰਡਾਬੰਨਾ ਵਿਖੇ ਬਣ ਰਹੀ ਨਵੀਂ ਪਾਣੀ ਵਾਲੀ ਟੈਂਕੀ, ਪਿੰਡ ਘੰਡਾਬੰਨਾ ਤੋਂ ਭਦੌੜ ਨਾਲ ਮਿਲਾਉਣ ਵਾਲੇ ਕੱਚੇ ਰਸਤੇ ਦਾ ਮੌਕਾ ਦੇਖਣ ਤੋਂ ਇਲਾਵਾ ਅੰਮ੍ਰਿਤ ਸਰੋਵਰ ਸਕੀਮ ਤਹਿਤ ਬਣਾਏ ਜਾ ਰਹੇ ਛੱਪੜ ਦਾ ਮੌਕਾ ਦੇਖਿਆ ਅਤੇ ਇਨ੍ਹਾਂ ਸਾਰੇ ਕੰਮਾਂ ਨੂੰ ਤੈਅ ਸਮੇਂ ਅਨੁਸਾਰ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।

          ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ ਸ੍ਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਆਮ ਲੋਕਾਂ ਵੱਲੋਂ 31 ਦਰਖ਼ਾਸਤਾਂ ਪ੍ਰਾਪਤ ਹੋਈਆਂ, ਜਿੰਨ੍ਹਾਂ ਵਿੱਚੋਂ ਬਹੁਤੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਅਤੇ ਬਾਕੀ ਦੀਆਂ ਰਹਿੰਦੀਆਂ ਸਮੱਸਿਆਵਾਂ ਦਾ ਇੱਕ ਹਫ਼ਤੇ ਅੰਦਰ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ।

          ਇਸ ਮੌਕੇ ਨਾਇਬ ਤਹਿਸੀਲਦਾਰ ਰਾਮਪੁਰਾ ਫੂਲ ਸ਼੍ਰੀ ਅਵਤਾਰ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਫੂਲ ਸ਼੍ਰੀ ਪ੍ਰਭਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਉਨ੍ਹਾਂ ਦੇ ਨੁਮਾਇੰਦੇ ਤੇ ਸਬੰਧਤ ਪਿੰਡਾਂ ਦੇ ਪੰਚ, ਸਰਪੰਚ ਅਤੇ ਹੋਰ ਮੋਹਤਬਰ ਤੇ ਪਿੰਡ ਵਾਸੀ ਆਦਿ ਹਾਜ਼ਰ ਸਨ।

Share:

0 comments:

Post a Comment

Definition List

blogger/disqus/facebook

Unordered List

Support