punjabfly

Jul 25, 2023

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 2025 ਤੱਕ ‘‘ਟੀ.ਬੀ-ਮੁਕਤ ਪੰਜਾਬ’’ ਦਾ ਟੀਚਾ ਮਿੱਥਿਆ, ਪਿੰਡਾਂ ਵਿੱਚੋਂ ਟੀ.ਬੀ. ਦੇ ਖ਼ਾਤਮੇ ਲਈ ਪੰਚਾਇਤਾਂ ਨੂੰ ਸੌਂਪੀ ਜ਼ਿੰਮੇਵਾਰੀ


Cabinet Minister Laljit Singh Bhullar has set the target of "TB-free Punjab" by 2025. The responsibility assigned to the Panchayats for the elimination of


ਡਿਪਟੀ ਕਮਿਸ਼ਨਰਾਂ ਨੂੰ ‘‘ਟੀ.ਬੀ-ਮੁਕਤ ਪਿੰਡ’’ ਐਲਾਨਣ ਸਬੰਧੀ ਮੁਹਿੰਮ ਦੇ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ




ਚੰਡੀਗੜ੍ਹ, 25 ਜੁਲਾਈ:


ਪੰਜਾਬ ਨੂੰ 2025 ਤੱਕ ‘‘ਟੀ.ਬੀ-ਮੁਕਤ’’ ਬਣਾਉਣ ਦਾ ਟੀਚਾ ਮਿੱਥਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਸੂਬੇ ਦੀਆਂ ਸਮੂਹ ਪੰਚਾਇਤਾਂ ਨੂੰ ਪਿੰਡਾਂ ਵਿੱਚੋਂ ਟੀ.ਬੀ. ਦੇ ਖ਼ਾਤਮੇ ਦੀ ਜ਼ਿੰਮੇਵਾਰੀ ਸੌਂਪੀ ਜਿਸ ਤਹਿਤ ਪੰਚਾਇਤਾਂ ਪੇਂਡੂ ਖੇਤਰ ਵਿੱਚੋਂ ਟੀ.ਬੀ. ਦੇ ਖ਼ਾਤਮੇ ਲਈ ਵਿਆਪਕ ਪਹੁੰਚ ਅਪਣਾਉਂਦਿਆਂ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ, ਪਿੰਡਾਂ ਵਿੱਚ ਕੈਂਪਾਂ ਲਾਉਣ ਅਤੇ "ਟੀਬੀ-ਮੁਕਤ ਪਿੰਡ" ਐਲਾਨਣ ਸਬੰਧੀ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਪੂਰੀ ਕਰਨ ਲਈ ਪਾਬੰਦ ਹੋਣਗੀਆਂ।


ਇੱਥੇ ਆਪਣੇ ਦਫ਼ਤਰ ਵਿਖੇ ਸਿਹਤ ਵਿਭਾਗ ਦੇ ਸਟੇਟ ਟੀ.ਬੀ. ਸੈੱਲ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਟੀ.ਬੀ (ਤਪਦਿਕ) ਦੀ ਰੋਕਥਾਮ ਲਈ ਇਹ ਮਿਸਾਲੀ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਅਤੇ ਸਿਹਤ ਵਿਭਾਗ ਦੇ ਆਪਸੀ ਸਹਿਯੋਗ ਨਾਲ ਸੂਬੇ ਦੇ ਹਰ ਪਿੰਡ ਵਿੱਚ ਇਹ ਸਮਰਪਿਤ ਮੁਹਿੰਮ ਚਲਾਈ ਜਾਵੇਗੀ।


ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ‘‘ਟੀ.ਬੀ-ਮੁਕਤ ਪਿੰਡ ਮੁਹਿੰਮ’’ ਤਹਿਤ ਸਾਰੀਆਂ ਪੰਚਾਇਤਾਂ ਆਪੋ-ਆਪਣੇ ਪਿੰਡਾਂ ਵਿੱਚ ਲੋਕਾਂ ਨੂੰ ਟੀ.ਬੀ ਦੀ ਬੀਮਾਰੀ ਬਾਰੇ ਜਾਗਰੂਕ ਕਰਨਗੀਆਂ ਅਤੇ ਪ੍ਰਭਾਵਿਤ ਵਿਅਕਤੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦਾ ਛੇਤੀ ਤੋਂ ਛੇਤੀ ਇਲਾਜ ਯਕੀਨੀ ਬਣਾਉਣਗੀਆਂ। ਇਸ ਤੋਂ ਇਲਾਵਾ ਬੀਮਾਰੀ ਨਾਲ ਜੁੜੇ ਭਰਮ-ਭੁਲੇਖਿਆਂ ਨਾਲ ਨਜਿੱਠਣ ਲਈ ਵਿਭਾਗ ਦੀ ਸਹਾਇਤਾ ਕਰਨਗੀਆਂ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ‘‘ਟੀ.ਬੀ-ਮੁਕਤ ਪੰਜਾਬ ਮੁਹਿੰਮ’’ ਤਹਿਤ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਪੰਚਾਇਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।


ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਆਪਣੇ ਅਧੀਨ ਜ਼ਿਲ੍ਹਾ ਅਧਿਕਾਰੀਆਂ ਨੂੰ ਸਮੂਹ ਪੰਚਾਇਤਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਨ। ਕੈਬਨਿਟ ਮੰਤਰੀ ਨੇ ਟੀ.ਬੀ ਦੇ ਖ਼ਾਤਮੇ ਵਿੱਚ ਪੰਚਾਇਤਾਂ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੰਦਿਆਂ ਇਸ ਅਹਿਮ ਮਿਸ਼ਨ ਵਿੱਚ ਸਮੁੱਚੇ ਭਾਈਚਾਰੇ ਨੂੰ ਸ਼ਾਮਲ ਕਰਨ ਦੀ ਮਹੱਤਤਾ ’ਤੇ ਵੀ ਵਿਸ਼ੇਸ਼ ਧਿਆਨ ਦਿਵਾਇਆ।


ਉਨ੍ਹਾਂ ਕਿਹਾ ਕਿ ਸਾਰੀਆਂ ਪੰਚਾਇਤਾਂ ਦੇ ਮੈਂਬਰ ਪਿੰਡ ਵਾਸੀਆਂ ਨੂੰ ਟੀ.ਬੀ ਦੇ ਕਾਰਨਾਂ, ਲੱਛਣਾਂ ਅਤੇ ਇਲਾਜ ਲਈ ਨੇੜਲੀਆਂ ਸਿਹਤ ਸੰਸਥਾਵਾਂ ਬਾਰੇ ਜਾਣਕਾਰੀ ਦੇਣ ਲਈ ਪਿੰਡਾਂ ਵਿੱਚ ਕੈਂਪ ਤੇ ਵਰਕਸ਼ਾਪ ਲਾਉਣ, ਜਾਗਰੂਕਤਾ ਮੁਹਿੰਮਾਂ ਚਲਾਉਣ ਅਤੇ ਸਕੂਲਾਂ ਵਿੱਚ ਵਿੱਦਿਅਕ ਪ੍ਰੋਗਰਾਮ ਕਰਾਉਣ ਲਈ ਸਰਗਰਮੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਟੀ.ਬੀ. ਸਬੰਧੀ ਭਰਮ-ਭੁਲੇਖੇ ਅਤੇ ਗੁਮਰਾਹਕੁੰਨ ਧਾਰਨਾਵਾਂ ਨੂੰ ਦੂਰ ਕਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।


ਕੈਬਨਿਟ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਸਿਹਤ ਵਿਭਾਗ ਨਾਲ ਮਿਲ ਕੇ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਉਣਗੀਆਂ ਤਾਂ ਜੋ ਟੀ.ਬੀ. ਦੇ ਕੇਸਾਂ ਦੀ ਸ਼ਨਾਖ਼ਤ ਕੀਤੀ ਜਾ ਸਕੇ ਅਤੇ ਪੀੜਤਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਮਿਲਣੀ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਮਾਂ ਰਹਿੰਦਿਆਂ ਬੀਮਾਰੀ ਦੀ ਸ਼ਨਾਖ਼ਤ ਸਫ਼ਲ ਇਲਾਜ ਦੀਆਂ ਸੰਭਾਵਨਾਵਾਂ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ।


ਉਨ੍ਹਾਂ ਕਿਹਾ ਕਿ ਪੰਚਾਇਤਾਂ ਆਪੋ-ਆਪਣੇ ਪਿੰਡਾਂ ਨੂੰ "ਟੀ.ਬੀ ਮੁਕਤ" ਐਲਾਨਣ ਲਈ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕਰਨ ਲਈ ਤਨਦੇਹੀ ਨਾਲ ਕੰਮ ਕਰਨਗੀਆਂ ਜਿਸ ਵਿੱਚ ਟੀ.ਬੀ ਦੇ ਕੇਸਾਂ ਵਿੱਚ ਵੱਡੇ ਪੱਧਰ ’ਤੇ ਕਮੀ ਲਿਆਉਣਾ, ਪ੍ਰਭਾਵਿਤ ਵਿਅਕਤੀਆਂ ਦਾ ਸਹੀ ਇਲਾਜ ਅਤੇ ਫਾਲੋ-ਅਪ ਯਕੀਨੀ ਬਣਾਉਣਾ ਅਤੇ ਉੱਚ-ਪੱਧਰੀ ਸਵੱਛਤਾ ਤੇ ਸਫ਼ਾਈ ਬਰਕਰਾਰ ਰੱਖਣਾ, ਮਰੀਜ਼ਾਂ ਨੂੰ ਦਵਾਈਆਂ ਅਤੇ ਜ਼ਰੂਰੀ ਪੌਸ਼ਟਿਕ ਆਹਾਰ ਪ੍ਰਦਾਨ ਕਰਨਾ ਸ਼ਾਮਲ ਹੈ।


ਕੈਬਨਿਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਨ ਤਾਂ ਜੋ ਉਹ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਪਿੰਡਾਂ ਵਿੱਚ ਇਸ ਮੁਹਿੰਮ ਦੇ ਲਾਗੂਕਰਨ ਸਬੰਧੀ ਨਜ਼ਰਸਾਨੀ ਕਰਨ। ਉਨ੍ਹਾਂ ਮੁਹਿੰਮ ਦੀ ਗਤੀਸ਼ੀਲਤਾ ਨੂੰ ਟਰੈਕ ਕਰਨ ਲਈ ਨਿਯਮਤ ਨਿਗਰਾਨੀ ਅਤੇ ਮੁਲਾਂਕਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਬਿਹਤਰ ਨਤੀਜਿਆਂ ਲਈ ਸੁਚੱਜੀ ਯੋਜਨਾਬੰਦੀ ਕਰਨ ਲਈ ਵੀ ਕਿਹਾ।


ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਟੀ.ਬੀ-ਮੁਕਤ ਸੂਬੇ ਦੀ ਦੂਰਅੰਦੇਸ਼ ਸੋਚ ਸਾਡੇ ਸਭਨਾਂ ਦੇ ਸਾਂਝੇ ਯਤਨਾਂ ’ਤੇ ਨਿਰਭਰ ਕਰਦੀ ਹੈ, ਇਸ ਲਈ ਹਰ ਨਾਗਰਿਕ ਨੂੰ ਇਸ ਨੇਕ ਕਾਰਜ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਇਸ ਉਪਰਾਲੇ ਨੂੰ ਪੂਰਨ ਰੂਪ ’ਚ ਸਫ਼ਲ ਬਣਾਉਣ ਲਈ ਪੰਚਾਇਤਾਂ ਦੇ ਸਮਰਪਣ ਅਤੇ ਲੋਕਾਂ ਦੀ ਸੁਹਿਰਦਤਾ ’ਤੇ ਭਰੋਸਾ ਪ੍ਰਗਟਾਇਆ।


ਉਨ੍ਹਾਂ ਕਿਹਾ ਕਿ ਸਾਰੇ ਭਾਈਵਾਲਾਂ ਦੇ ਸਾਂਝੇ ਯਤਨਾਂ ਸਦਕਾ ਪੰਜਾਬ ਸਰਕਾਰ ਸੂਬੇ ਦੇ ਸਮੂਹ ਪਿੰਡਾਂ ਵਿੱਚੋਂ ਟੀ.ਬੀ. ਨੂੰ ਖ਼ਤਮ ਕਰੇਗੀ ਅਤੇ ਪੰਜਾਬ ਦੇ ਲੋਕਾਂ ਲਈ ਸਿਹਤਮੰਦ ਅਤੇ ਖ਼ੁਸ਼ਹਾਲ ਭਵਿੱਖ ਯਕੀਨੀ ਬਣਾਏਗੀ।


ਮੀਟਿੰਗ ਦੌਰਾਨ ਸਟੇਟ ਟੀ.ਬੀ ਸੈੱਲ  ਦੇ ਸਟੇਟ ਟੀ.ਬੀ ਅਫ਼ਸਰ ਡਾ. ਰਾਜੇਸ਼ ਭਾਸਕਰ, ਡਾ. ਪੂਜਾ ਕਪੂਰ, ਡਾ. ਵਸੁਧਾ ਚੌਧਰੀ ਅਤੇ ਡਾ. ਪਾਰੀਤੋਸ਼ ਧਵਨ ਹਾਜ਼ਰ ਸਨ।

Share:

0 comments:

Post a Comment

Definition List

blogger/disqus/facebook

Unordered List

Support