- 20 ਕਰੋੜ ਰੁਪਏ ਨਾਲ ਲਗਾਇਆ ਜਾਵੇਗਾ ਫੂਡ ਪ੍ਰੋਸੈਸਿੰਗ ਪ੍ਰਾਜੈਕਟ- ਸੰਧਵਾਂ
- 350 ਕਿਸਾਨਾਂ ਦੀ ਮਦਦ ਨਾਲ ਚਲਾਇਆ ਜਾਵੇਗਾ ਇਹ ਪ੍ਰੋਜੈਕਟ
ਫਰੀਦਕੋਟ 08 ਜੁਲਾਈ
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਫਰੀਦਕੋਟ ਵਿਖੇ ਕਿਸਾਨਾਂ ਨੂੰ ਸੰਬੋਧਨ ਹੁੰਦੇ ਹੋਏ ਦੱਸਿਆ ਕਿ ਜਲਦੀ ਹੀ ਇਸ ਜ਼ਿਲ੍ਹੇ ਅਤੇ ਆਸ-ਪਾਸ ਦੇ ਇਲਾਕੇ ਲਈ 20 ਕਰੋੜ ਰੁਪਏ ਦਾ ਇੱਕ ਯੂਨਿਟ ਸਥਾਪਿਤ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਯੂਨਿਟ ਨੂੰ 350 ਕਿਸਾਨਾਂ ਦੇ ਇੱਕ ਗਰੁੱਪ ਰਾਹੀਂ ਚਲਾਇਆ ਜਾਵੇਗਾ। ਜਿਸ ਵਿੱਚ ਸੀਤਾਫਲ ਤੋਂ ਇਲਾਵਾ ਹਰ ਕਿਸਮ ਦੇ ਫਲ ਅਤੇ ਸਬਜ਼ੀਆਂ ਨੂੰ ਡੱਬਾਬੰਦ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪ੍ਰੋਜੈਕਟ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗਾ। ਜਿਸ ਨਾਲ ਫਲ ਅਤੇ ਸਬਜ਼ੀਆਂ ਨੂੰ ਸਟੋਰ ਕਰਕੇ ਢੁੱਕਵਾਂ ਸਮਾਂ ਆਉਣ ਤੇ ਵੇਚਿਆ ਜਾ ਸਕੇਗਾ।
ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਸੁਪਨਾ ਹੈ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣਾ। ਪਰ ਇਹ ਓਨੀ ਦੇਰ ਸੰਭਵ ਨਹੀਂ ਹੈ ਜਦੋਂ ਤਕ ਖੇਤਾਂ ਤੇ ਕਿਸਾਨਾਂ ਦੀ ਨੁਹਾਰ ਨਾ ਬਦਲੀ ਜਾ ਸਕੇ। ਉਨ੍ਹਾਂ ਦੱਸਿਆ ਕਿ ਰੰਗਲਾ ਪੰਜਾਬ ਬਣਾਉਣ ਲਈ ਅਜਿਹੇ ਪ੍ਰੋਜੈਕਟ ਸਹਾਈ ਸਿੱਧ ਹੋਣਗੇ। ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲਗਾਤਾਰ ਮੁਫਤ ਬਿਜਲੀ ਪ੍ਰਾਪਤ ਹੋ ਰਹੀ ਹੈ, ਜਿੱਥੇ ਪਾਣੀ ਨਹੀਂ ਆ ਰਿਹਾ ਸੀ ਉਥੇ ਪਾਣੀ ਪਹੁੰਚਦਾ ਕਰ ਦਿੱਤਾ ਗਿਆ ਹੈ ਅਤੇ ਹੋਰ ਵੀ ਅਜਿਹੇ ਕੰਮ ਕਰਨ ਵਿੱਚ ਪੰਜਾਬ ਸਰਕਾਰ ਯਤਨਸ਼ੀਲ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਾਜੈਕਟ ਨੂੰ ਸਫਲ ਬਣਾਉਣ ਵਿਚ ਵੱਧ-ਚੜ੍ਹ ਕੇ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਕਾਗਜ਼ਾਂ ਵਿੱਚ ਇਸ ਪ੍ਰੋਜੈਕਟ ਦੀ ਰੂਪ-ਰੇਖਾ ਤਿਆਰ ਕਰ ਲਈ ਗਈ ਹੈ ਜਲਦ ਹੀ ਇਹ ਪ੍ਰੋਜੈਕਟ ਜ਼ਮੀਨੀ ਪੱਧਰ ਤੇ ਉਤਾਰਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕੋਈ ਵੀ ਢੁੱਕਵੀਂ ਥਾਂ ਇਸ ਪ੍ਰੋਜੈਕਟ ਲਈ ਲੱਭ ਲਈ ਜਾਵੇਗੀ ਜਿੱਥੇ ਕਿਸਾਨ ਪੱਖੀ ਇਸ ਯੂਨਿਟ ਦੀ ਜਲਦ ਸ਼ੁਰੂਆਤ ਕੀਤੀ ਜਾਵੇਗੀ।
ਇਸ ਮੌਕੇ ਗੁਰਸੇਵਕ ਸਿੰਘ ਸਿੱਧੂ ਪ੍ਰਧਾਨ, ਜਰਨੈਲ ਸਿੰਘ, ਨੈਬ ਸਿੰਘ ਖਾਲਸਾ ਕੰਮਿਆਣਾ, ਹਰਜੀਤ ਸਿੰਘ, ਬਲਦੇਵ ਸਿੰਘ ਸਿੱਖਾਂਵਾਲਾ ਮੀਤ ਪ੍ਰਧਾਨ, ਬਲਬੀਰ ਸਿੰਘ ਬਰਾੜ, ਪ੍ਰਕਾਸ਼ ਸਿੰਘ ਘਾਰੂ ਬਲਾਕ ਪ੍ਰਧਾਨ ਅਤੇ ਹੋਰ ਹਾਜ਼ਰ ਸਨ।
0 comments:
Post a Comment