"ਗਰਭਾਵਸਥਾ ਅਤੇ ਜਣੇਪੇ ਸਮੇਂ ਦੌਰਾਨ ਖੂਨ ਦੀ ਕਮੀ ਜੱਚਾ-ਬੱਚਾ ਲਈ ਖ਼ਤਰਨਾਕ - ਐਸ.ਐਮ.ਓ ਡਾ. ਕੁੱਲਤਾਰ ਸਿੰਘ"
"ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਪੈਂਦੀ ਹੈ ਖੂਨ ਚੜਵਾਉਣ ਦੀ ਲੋੜ"
"ਸਿਹਤ ਵਿਭਾਗ ਜੱਚਾ-ਬੱਚਾ ਦੋਵਾਂ ਦੀ ਤੰਦਰੁਸਤੀ ਲਈ ਪ੍ਰਤੀਬੱਧ"
"ਗਰਭਵਤੀ ਦੇ ਨਾਲ-ਨਾਲ ਪੂਰੇ ਪਰਿਵਾਰ ਨੂੰ ਮਨਾਉਣਾ ਕਈ ਵਾਰ ਹੋ ਜਾਂਦਾ ਹੈ ਔਖਾ - ਸਿਹਤ ਕਰਮੀ"
"ਇਹਨਾਂ ਗੰਭੀਰ ਹਾਲਾਤਾਂ ਨਾਲ ਨਜਿੱਠਣ ਲਈ ਸਟਾਫ ਨੂੰ ਕੀਤਾ ਜਾਂਦਾ ਹੈ ਤਿਆਰ"
"ਖੂਨ ਦੀ ਕਮੀ ਨੂੰ ਪੂਰਾ ਕਰਕੇ ਬਚਾਈ ਜਾ ਸਕਦੀ ਹੈ ਜੱਚਾ-ਬੱਚਾ ਦੋਵਾਂ ਦੀ ਜਾਨ - ਬੀ.ਈ.ਈ ਮਨਬੀਰ ਸਿੰਘ"
ਸ੍ਰੀ ਮੁਕਤਸਰ ਸਾਹਿਬ- ਬਲਰਾਜ ਸਿੰਘ ਸਿੱਧੂ
ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸੈਣੀ ਅਤੇ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੀਟਾ ਬਾਲਾ ਦੇ ਨਿਰਦੇਸ਼ਾਂ ਅਤੇ ਸੀ.ਐਚ.ਸੀ ਚੱਕ ਸ਼ੇਰੇ ਵਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕੁਲਤਾਰ ਸਿੰਘ ਦੀ ਅਗਵਾਈ ਹੇਠ ਸਿਹਤ ਕਰਮੀਆਂ ਵਲੋਂ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਹਰੇਕ ਉਪਰਾਲਾ ਕੀਤਾ ਜਾ ਰਿਹਾ ਹੈ। ਜੱਚਾ-ਬੱਚਾ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਗਰਭਾਵਸਥਾ ਦੌਰਾਨ ਨਿਯਮਿਤ ਜਾਂਚ ਅਤੇ ਲੋੜੀਂਦੀ ਦਵਾਈਆਂ ਉਪਲਬਧ ਕਰਵਾਉਣ ਦੇ ਨਾਲ-ਨਾਲ ਐਮਰਜੰਸੀ ਜਾਂ ਖ਼ਤਰਨਾਕ ਲੱਛਣਾਂ ਦੇ ਉਚਿਤ ਇਲਾਜ ਦਵਾਉਣ ਦੇ ਲਈ ਵੀ ਮੁਕੰਮਲ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ ਡਾ. ਕੁਲਤਾਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਔਰਤਾਂ ਵਿਚ ਖੂਨ ਦੀ ਘਾਟ ਇੱਕ ਆਮ ਸਮੱਸਿਆ ਬਣੀ ਹੋਈ ਹੈ ਜੋ ਕਿ ਬੱਚੇ ਨੂੰ ਜਨਮ ਦੇਣ ਦੇ ਸਮੇਂ ਬਹੁਤ ਹੀ ਗੰਭੀਰ ਹੋ ਸਕਦੀ ਹੈ। ਉਹਨਾਂ ਦਸਿਆ ਕਿ ਗਰਭਾਵਸਥਾ ਅਤੇ ਜਣੇਪੇ ਸਮੇਂ ਦੌਰਾਨ ਖੂਨ ਵਗਣਾ ਅਤੇ ਖੂਨ ਦੀ ਕਮੀ ਹੋਣਾ ਗਰਭਪਾਤ, ਪਲੈਸੈਂਟਾ ਪ੍ਰੀਵੀਆ ਜਾਂ ਪਲੈਸੈਂਟਾ ਦੀ ਰੁਕਾਵਟ ਦਾ ਕਾਰਨ ਬਣ ਸਕਦਾ ਹੈ। ਇਹ ਸਮਸਿਆ ਮਾਵਾਂ ਅਤੇ ਭਰੂਣ ਦੀ ਮੌਤ ਦਰ ਨਾਲ ਜੁੜੀ ਹੋਈ ਹੈ ਅਤੇ ਇਸ ਕਾਰਨ ਹੀ ਜਿਆਦਾਤਰ ਕੇਸਾਂ ਵਿੱਚ ਜਣੇਪੇ ਦੌਰਾਨ ਸਰਜਰੀ ਦੀ ਲੋੜ ਪੈਂਦੀ ਹੈ। ਖੂਨ ਚੜ੍ਹਾਉਣਾ ਹੈਮਰੇਜ ਦੇ ਕਾਰਨਾਂ ਅਤੇ ਇਲਾਜ ਲਈ ਸਰਜਰੀ ਦੌਰਾਨ ਹੋਏ ਖੂਨ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦਾ ਹੈ। ਮੈਡੀਕਲ ਅਫਸਰ ਡਾ. ਜਤਿੰਦਰ ਪਾਲ ਸਿੰਘ ਅਤੇ ਡਾ. ਨਿਧੀ ਗੁਪਤਾ ਨੇ ਦਸਿਆ ਕਿ ਬਹੁਤ ਜ਼ਿਆਦਾ ਖੂਨ ਦੀ ਕਮੀ ਨੂੰ ਰੋਕਣ ਅਤੇ ਪੂਰਾ ਕਰਨ ਲਈ ਅਕਸਰ ਟ੍ਰਾਂਸਫਿਊਜ਼ਨ ਦੀ ਲੋੜ ਹੁੰਦੀ ਹੈ।
ਜਿਸ ਨੂੰ ਆਮ ਭਾਸ਼ਾ ਵਿੱਚ ਖੂਨ ਚੜਾਉਣਾ ਕਿਹਾ ਜਾਂਦਾ ਹੈ। ਗਰਭਪਾਤ ਜਾਂ ਐਕਟੋਪਿਕ ਗਰਭ ਅਵਸਥਾ ਦੀ ਹਾਲਤ ਵਿਚ ਗਰਭ ਅਵਸਥਾ ਦੇ ਸ਼ੁਰੂ ਵਿੱਚ ਖੂਨ ਵਗਣਾ ਸ਼ੁਰੂ ਹੋ ਸਕਦਾ ਹੈ। ਗਰਭ ਅਵਸਥਾ ਦੇ 24ਵੇਂ ਹਫ਼ਤੇ ਤੋਂ ਬਾਅਦ ਖੂਨ ਵਗਣਾ ਵੀ ਸੰਭਵ ਹੈ। ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਥੇ ਨਾਰਮਲ ਡਿਲੀਵਰੀ ਵਿੱਚ ਬੱਚੇ ਦੇ ਜਨਮ ਤੋਂ ਬਾਅਦ ਖੂਨ ਦੀ ਕਮੀ ਦੀ ਔਸਤ ਮਾਤਰਾ ਲਗਭਗ 500 ਮਿਲੀਲੀਟਰ (ਜਾਂ ਇੱਕ ਗੈਲਨ ਦਾ ਅੱਧਾ ਚੌਥਾਈ) ਹੁੰਦੀ ਹੈ। ਓਥੇ ਹੀ ਸਿਜੇਰੀਅਨ ਡਿਲੀਵਰੀ ਵਿੱਚ ਖੂਨ ਦੇ ਨੁਕਸਾਨ ਦੀ ਔਸਤ ਮਾਤਰਾ ਲਗਭਗ 1,000 ਮਿਲੀਲੀਟਰ (ਜਾਂ ਇੱਕ ਗੈਲਨ ਦਾ ਇੱਕ ਚੌਥਾਈ) ਤੱਕ ਵੱਧ ਜਾਂਦੀ ਹੈ। ਬੀ.ਈ.ਈ ਮਨਬੀਰ ਸਿੰਘ ਨੇ ਦਸਿਆ ਕਿ ਏ.ਐਨ.ਐਮ ਸਟਾਫ ਅਤੇ ਆਸ਼ਾ ਵਰਕਰਾਂ ਨੂੰ ਵਿਭਾਗ ਦੇ ਮਾਸ ਮੀਡਿਆ ਵਿੰਗ ਵਲੋਂ ਇਹਨਾਂ ਗੰਭੀਰ ਸਥਿਤੀਆਂ ਨਾਲ ਨਜਿੱਠਣ ਲਈ ਸਮੇਂ-ਸਮੇਂ ਤੇ ਟਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਉਹ ਫੀਲਡ ਵਿਚੋਂ ਇਸ ਤਰਾਂ ਦੇ ਕੇਸ ਆਉਣ ਤੇ ਤੁਰੰਤ ਸਮੇਂ ਰਹਿੰਦੇ ਕਾਰਵਾਈ ਕਰ ਸਕਣ। ਉਹਨਾਂ ਕਿਹਾ ਕਿ ਏ.ਐਨ.ਐਮ ਸਟਾਫ ਅਤੇ ਆਸ਼ਾ ਵਰਕਰਾਂ ਖੂਨ ਚੜਵਾਉਣ ਲਈ ਗਰਭਵਤੀ ਔਰਤਾਂ ਨੂੰ ਨਾ ਸਿਰਫ ਪ੍ਰੇਰਿਤ ਕਰ ਕੇ ਬਲਕਿ ਉਹਨਾਂ ਨਾਲ ਨੇੜੇ ਦੇ ਹਸਪਤਾਲ ਜਾ ਕੇ ਬਲੱਡ ਬੈਂਕ ਤੋਂ ਬਲੱਡ ਟ੍ਰਾਂਸਫਿਊਜ਼ਨ ਕਰਵਾਉਂਦੀਆਂ ਹਨ।
ਹੈਲਥ ਵੈਲਨੈਸ ਸੈਂਟਰ ਰਹੁੜਿਆਂਵਾਲੀ ਦੀ ਏ.ਐਨ.ਐਮ ਬਲਜੀਤ ਕੌਰ ਨੇ ਦੱਸਿਆ ਕਿ ਆਮਤੌਰ ਤੇ ਜਿਨ੍ਹਾਂ ਔਰਤਾਂ ਵਿਚ ਖੂਨ ਦੀ ਮਾਤਰਾ ਜਾਂ ਐਚ.ਬੀ 7 ਗ੍ਰਾਮ ਜਾਂ ਇਸ ਤੋਂ ਵੱਧ ਹੋਵੇ ਉਸ ਨੂੰ ਆਇਰਨ ਦੀ ਗੋਲੀਆਂ ਅਤੇ ਪੋਸ਼ਟਿਕ ਖੁਰਾਕ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਜਣੇਪੇ ਤੋਂ ਪਹਿਲਾਂ ਖੂਨ ਦੀ ਮਾਤਰਾ ਵਧਾਈ ਜਾ ਸਕੇ। ਪਰੰਤੂ ਜੇਕਰ ਐਚ.ਬੀ 6 ਗ੍ਰਾਮ ਜਾਂ ਇਸ ਤੋਂ ਵੀ ਘੱਟ ਹੋਵੇ ਤਾਂ ਖੂਨ ਚੜਾਉਣ ਦੀ ਲੋੜ ਪੈਂਦੀ ਹੈ ਅਤੇ ਇਸ ਲਈ ਗਰਭਵਤੀ ਔਰਤ ਦੇ ਨਾਲ-ਨਾਲ ਉਸ ਦੇ ਪੂਰੇ ਪਰਿਵਾਰ ਨੂੰ ਪ੍ਰੇਰਿਤ ਕਰਨਾ ਪੈਂਦਾ ਹੈ ਜਿਸ ਵਿਚ ਬਹੁਤ ਵਾਰ ਪ੍ਰੇਸ਼ਾਨੀ ਵੀ ਆਉਂਦੀ ਹੈ। ਇੱਕ ਯੂਨਿਟ ਬਲੱਡ ਚੜਵਾਉਣ ਨਾਲ ਇੱਕ ਗ੍ਰਾਮ ਐਚ.ਬੀ ਤੱਕ ਦਾ ਵਾਧਾ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਪਿੰਡ ਗੋਨਿਆਣਾ ਦੀ ਇੱਕ ਗਰਭਵਤੀ ਔਰਤ ਦਾ ਐਚ.ਬੀ 5.8 ਗ੍ਰਾਮ ਤੋਂ ਘੱਟ ਹੋਣ ਤੇ ਉਸ ਨੂੰ ਪ੍ਰੇਰਿਤ ਕਰ ਕੇ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਤੋਂ ਖੂਨ ਚੜਵਾਇਆ ਗਿਆ। ਇਸ ਤਰਾਂ ਦੇ ਹੋਰ ਵੀ ਕੇਸ ਸਮੇਂ-ਸਮੇਂ ਤੇ ਸਟਾਫ ਦੇ ਸਾਹਮਣੇ ਆਉਂਦੇ ਹਨ। ਬੀ.ਈ.ਈ ਮਨਬੀਰ ਸਿੰਘ ਨੇ ਕਿਹਾ ਕਿ ਖੂਨ ਕਿਸੇ ਸਰਕਾਰੀ ਜਾਂ ਮਨਜ਼ੂਰਸ਼ੁਦਾ ਹਸਪਤਾਲ ਦੇ ਬਲੱਡ ਬੈਂਕ ਤੋਂ ਹੀ ਚੜਵਾਉਣਾ ਚਾਹੀਦਾ ਹੈ ਜਿਸ ਦੀ ਉਚਿਤ ਜਾਂਚ ਹੋਈ ਹੋਵੇ। ਉਹਨਾਂ ਕਿਹਾ ਕਿ ਖੂਨ ਦੀ ਕਮੀ ਨੂੰ ਪੂਰਾ ਕਰਕੇ ਜੱਚਾ-ਬੱਚਾ ਦੋਵਾਂ ਦੀ ਜਾਨ ਬਚਾਈ ਜਾ ਸਕਦੀ ਹੈ।
0 comments:
Post a Comment