ਫਾਜਿ਼ਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਹਰੇ ਚਾਰੇ ਦੀ ਵੰਡ ਜਾਰੀ
—ਸਰਕਾਰ ਲੋਕਾਂ ਦੇ ਨਾਲ, ਹੋਵੇਗੀ ਹਰ ਸੰਭਵ ਮਦਦ—ਨਰਿੰਦਰ ਪਾਲ ਸਿੰਘ ਸਵਨਾ
—ਪਸੂ ਪਾਲਣ ਵਿਭਾਗ ਦੀਆਂ ਟੀਮਾਂ ਵੀ ਤਾਇਨਾਤ—ਡਿਪਟੀ ਕਮਿਸ਼ਨਰ
ਫਾਜਿ਼ਲਕਾ, 15 ਜੁਲਾਈ
ਫਾਜਿ਼ਲਕਾ ਦੇ ਸਤਲੁਜ਼ ਕਰੀਕ ਦੇ ਪਾਰ ਦੇ ਪਿੰਡ ਜਿੱਥੇ ਖੇਤਾਂ ਵਿਚ ਮੀਂਹ ਦਾ ਪਾਣੀ ਭਰ ਗਿਆ ਹੈ, ਵਿਚ ਸਰਕਾਰ ਵੱਲੋਂ ਮਨੁੱਖਾਂ ਦੇ ਨਾਲ ਨਾਲ ਜਾਨਵਰਾਂ ਦੀ ਮਦਦ ਲਈ ਵੀ ਉਪਰਾਲੇ ਆਰੰਭੇ ਗਏ ਹਨ। ਜਿੰਨ੍ਹਾਂ ਖੇਤਾਂ ਵਿਚ ਪਾਣੀ ਭਰ ਗਿਆ ਉਥੇ ਖੜੇ ਹਰੇ ਚਾਰੇ ਦੀ ਕਟਾਈ ਸੰਭਵ ਨਹੀਂ ਰਹੀ ਹੈ ਉਥੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲਗਾਤਾਰ ਪਸ਼ੂ ਪਾਲਕਾਂ ਨੂੰ ਹਰਾ ਚਾਰਾ ਮੁਹਈਆ ਕਰਵਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਫਾਜਿਲ਼ਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦਿੱਤੀ। ਉਨ੍ਹਾਂ ਨੇ ਆਪ ਵੱਖ ਵੱਖ ਪਿੰਡਾਂ ਵਿਚ ਆਪ ਜਾ ਕੇ ਹਰਾ ਚਾਰਾ ਵੰਡਵਾਇਆ। ਹਰੇ ਚਾਰੇ ਦੀ ਵੰਡ ਜਿ਼ੱਥੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਉਥੇ ਬਹੁਤ ਸਾਰੇ ਹੋਰ ਆਸ ਪਾਸ ਦੇ ਪਿੰਡਾਂ ਤੋਂ ਵੀ ਕਿਸਾਨ ਵੀਰ ਮਦਦ ਲਈ ਹਰਾ ਚਾਰਾ ਲੈ ਕੇ ਪੁੱਜੇ ਹਨ।
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਨਾਲ ਗਲਬਾਤ ਕਰਕੇ ਉਨ੍ਹਾਂ ਨੂੰ ਕਿਹਾ ਕਿ ਇਸ ਮੁਸਕਿਲ ਘੜੀ ਵਿਚ ਸਰਕਾਰ ਲੋਕਾਂ ਦੇ ਨਾਲ ਹੈ ਅਤੇ ਵੱਧ ਤੋਂ ਵੱਧ ਮਦਦ ਮੁਹਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਿੱਥੇ ਉਹ ਖੁਦ ਲਗਾਤਾਰ ਪ੍ਰਭਾਵਿਤ ਪਿੰਡਾਂ ਵਿਚ ਵਿਚਰ ਕੇ ਮਦਦ ਪਹੁੰਚਾ ਰਹੇ ਹਨ ਉਥੇ ਜਿ਼ਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੀ ਲਗਾਤਾਰ ਕੰਮ ਕਰ ਰਹੀਆਂ ਹਨ।
ਦੂਜੇ ਪਾਸੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੀ ਇੰਨ੍ਹਾਂ ਪਿੰਡਾਂ ਵਿਚ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਬਿਮਾਰ ਪਸੂਆਂ ਦਾ ਨਾਲੋ ਨਾਲ ਇਲਾਜ ਕੀਤਾ ਜਾ ਰਿਹਾ ਹੈ। ਪਸੂਆਂ ਦੇ ਇਲਾਜ ਲਈ ਫੌਰੀ ਜਰੂਰਤ ਲਈ ਸਰਕਾਰ ਵੱਲੋਂ 50 ਹਜਾਰ ਰੁਪਏ ਦਵਾਈਆਂ ਦੀ ਖਰੀਦ ਲਈ ਭੇਜੇ ਗਏ ਸਨ ਜਿਸ ਨਾਲ ਵਿਭਾਗ ਨੇ ਦਵਾਈ ਦੀ ਖਰੀਦ ਕਰਕੇ ਇਲਾਕੇ ਵਿਚ ਭੇਜ਼ ਦਿੱਤੀ ਹੈ ਜਦ ਕਿ 50 ਹਜਾਰ ਰੁਪਏ ਹੋਰ ਦਵਾਈ ਲਈ ਸਰਕਾਰ ਨੇ ਜਿ਼ਲ੍ਹੇ ਨੂੰ ਭੇਜੇ ਹਨ।
ਪਸੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਇਸਤੋਂ ਪਹਿਲਾਂ ਖਤਰੇ ਵਾਲੇ ਪਿੰਡਾਂ ਵਿਚ ਗਲਘੋਟੂ ਰੋਕੂ ਵੈਕਸੀਨ ਪਹਿਲਾਂ ਹੀ ਜਾਨਵਰਾਂ ਨੂੰ ਲਗਾ ਦਿੱਤੀ ਸੀ।
----
ਬਕੈਣ ਵਾਲਿਆਂ ਨੇ ਹੁਣ ਭੇਜਿਆ ਹਰਾ ਚਾਰਾ
ਮਾਰਚ ਮਹੀਨੇ ਜਿ਼ਲ੍ਹੇ ਦੇ ਪਿੰਡ ਬਕੈਣਵਾਲਾ ਵਿਚ ਟਾਰਨੇਡੋ ਤੁਫਾਨ ਨੇ ਵੱਡੀ ਤਬਾਹੀ ਮਚਾਈ ਸੀ। ਤਦ ਸਰਕਾਰ ਦੇ ਨਾਲ ਨਾਲ ਵੱਖ ਵੱਖ ਸਮਾਜ ਸੇਵੀਆਂ ਅਤੇ ਹੋਰ ਪਿੰਡਾਂ ਦੇ ਲੋਕਾਂ ਨੇ ਵੀ ਇਸ ਪਿੰਡ ਦੇ ਲੋਕਾਂ ਲਈ ਮਦਦ ਦਾ ਹੱਥ ਵਧਾਇਆ ਸੀ। ਅੱਜ ਹੁਣ ਜਦ ਫਾਜਿ਼ਲਕਾ ਦੇ ਸਰਹੱਦੀ ਪਿੰਡਾਂ ਵਿਚ ਹੜ੍ਹ ਵਰਗੇ ਹਾਲਾਤ ਬਣੇ ਤਾਂ ਇਸ ਪਿੰਡ ਦੇ ਲੋਕਾਂ ਨੇ ਮਾਨਵਤਾ ਦਾ ਸਬੂਤ ਦਿੰਦੀਆਂ ਆਪਣੇ ਪਿੰਡੋਂ ਦੋ ਪਿੱਕਅੱਪ ਹਰੇ ਚਾਰੇ ਦੀ ਭਰਕੇ ਲਿਆ ਕੇ ਪ੍ਰਭਾਵਿਤ ਪਿੰਡਾਂ ਵਿਚ ਵੰਡੀ। ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਹੁਣ ਮਦਦ ਕਰਨ ਦੀ ਸਾਡੀ ਵਾਰੀ ਹੈ ਕਿਉਂਕਿ ਸਾਡੇ ਮਾੜੇ ਸਮੇਂ ਵਿਚ ਲੋਕਾਂ ਸਾਡੀ ਮਦਦ ਕੀਤੀ ਸੀ ਅਤੇ ਅੱਜ ਅਸੀਂ ਸਾਡੇ ਸਿਰ ਚੜੇ ਕਰਜ ਦਾ ਭਾਰ ਆਪਣੇ ਪਿੰਡੋਂ ਮਦਦ ਭੇਜ਼ ਉਤਾਰ ਰਹੇ ਹਾਂ।
0 comments:
Post a Comment