--ਸ਼ਹਿਰ ਵਾਸੀਆਂ ਨੂੰ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਮਿਲੇਗੀ ਨਿਜਾਤ
--ਮਲੋਟ ਰੋਡ ਤੇ ਹੀ ਬਣੇਗਾ ਨਵਾਂ ਬੱਸ ਸਟੈਂਡ
--ਜਲਦ ਅਵਾਰਾ ਪਸ਼ੂਆਂ ਤੋਂ ਬਠਿੰਡਾ ਹੋਵੇਗਾ ਰਹਿਤ
ਬਠਿੰਡਾ, 6 ਜੁਲਾਈ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੀਤੇ ਜਾ ਰਹੇ ਰਿਕਾਰਡ ਕੰਮਾਂ ਦੇ ਨਾਲ-ਨਾਲ ਸੂਬੇ ਦੀ ਭਲਾਈ ਲਈ ਹੋਰ ਵੀ ਵਿਕਾਸ ਕਾਰਜਾਂ ਦੇ ਕੰਮ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਤੋਂ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਮੌਕੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਠਿੰਡਾ ਨੂੰ ਟੂਰਿਸਟ ਹੱਬ ਵਜੋਂ ਵਿਕਸਿਤ ਕਰਦਿਆਂ ਇਸ ਦਾ ਵਿਕਾਸ ਜੰਗੀ ਪੱਧਰ ਤੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਸਥਾਨਕ ਜਨਤਾ ਨਗਰ ਨੂੰ ਜਾਣ ਵਾਲੇ ਰਸਤੇ ਤੇ ਓਵਰ ਬ੍ਰਿਜ ਬਣਾਇਆ ਜਾਵੇਗਾ ਅਤੇ ਇਸ ਪੁਲ ਲਈ ਖਰਚੇ ਜਾਣ ਵਾਲੇ 50 ਕਰੋੜ ਰੁਪਏ ਦੀ ਮੰਨਜ਼ੂਰੀ ਪ੍ਰਾਪਤ ਹੋ ਗਈ ਹੈ ਅਤੇ ਇਸ ਪੁਲ ਦੇ ਖਰਚੇ ਸਬੰਧੀ ਭਾਰਤ ਸਰਕਾਰ ਦੇ ਰੇਲਵੇ ਵਿਭਾਗ ਨੂੰ ਭੇਜੀ ਜਾਣ ਵਾਲੀ ਰਾਸ਼ੀ ਜੋ ਕਿ 50 ਲੱਖ ਬਣਦੀ ਸੀ, ਉਹ ਵੀ ਭੇਜੀ ਜਾ ਚੁੱਕੀ ਹੈ ਅਤੇ ਰੇਲਵੇ ਵਿਭਾਗ ਦੀ ਪੱਤਰ ਪ੍ਰਾਪਤ ਹੋਣ ਉਪਰੰਤ ਟੈਂਡਰ ਕਾਲ ਕਰਕੇ ਕੰਮ ਸ਼ੁਰੂ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਹੀ ਨਹਿਰ ਦੀ ਪਟੜੀ ਲਈ 5 ਕਰੋੜ ਰੁਪਏ ਦੀ ਰਾਸ਼ੀ ਖਰਚ ਕਰਦਿਆਂ 30 ਫੁੱਟ ਚੌੜੀ ਕਰਕੇ ਰਿੰਗ ਰੋਡ ਟੂ ਨਾਲ ਮਿਲਾਇਆ ਜਾਵੇਗਾ। ਇਸ ਨਾਲ ਟ੍ਰੈਫ਼ਿਕ ਦੀ ਸਮੱਸਿਆ ਦਾ ਹੱਲ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਮੁਲਾਤਾਨੀਆਂ ਰੋਡ ਤੇ ਬਣੇ ਪੁਰਾਣੇ ਪੁਲ ਦੀ ਥਾਂ ਤੇ ਨਵੇਂ ਪੁਲ ਨੂੰ ਬਣਾਉਣ ਲਈ 36 ਕਰੋੜ ਰੁਪਏ ਮੰਨਜ਼ੂਰ ਹੋ ਗਏ ਹਨ ਅਤੇ ਇਸ ਸਬੰਧੀ ਟੈਂਡਰ ਵੀ ਹੋ ਚੁੱਕੇ ਹਨ ਅਤੇ ਇਸ ਤੇ ਜਲਦ ਹੀ ਕੰਮ ਸ਼ੁਰੂ ਕੀਤਾ ਜਾਵੇਗਾ।
ਇਸ ਦੌਰਾਨ ਵਿਧਾਇਕ ਸ. ਗਿੱਲ ਨੇ ਕਿਹਾ ਕਿ ਮਲੋਟ ਰੋਡ ਤੇ ਕਰੀਬ 100 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਬੱਸ ਅੱਡਾ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਕਰੀਬ 16 ਏਕੜ ਜ਼ਮੀਨ ਲਈ ਜਾ ਚੁੱਕੀ ਹੈ। ਇਸ ਬੱਸ ਸਟੈਂਡ ਦਾ ਨੀਂਹ ਪੱਥਰ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਠਿੰਡੇ ਦਾ ਪੁਰਾਣਾ ਬੱਸ ਸਟੈਂਡ ਇਸੇ ਤਰ੍ਹਾਂ ਹੀ ਚਲਦਾ ਰਹੇਗਾ ਅਤੇ ਇਸ ਪੁਰਾਣੇ ਬੱਸ ਸਟੈਂਡ ਤੋਂ ਮਾਨਸਾ ਅਤੇ ਡੱਬਵਾਲੀ ਨੂੰ ਜਾਣ ਵਾਲੀਆਂ ਬੱਸਾਂ ਚੱਲਿਆ ਕਰਨਗੀਆਂ। ਇਸ ਪੁਰਾਣੇ ਬੱਸ ਅੱਡੇ ਤੋਂ ਨਵੇਂ ਬੱਸ ਅੱਡੇ ਤੇ ਸਵਾਰੀਆਂ ਨੂੰ ਲਿਜਾਣ-ਲਿਆਉਣ ਲਈ ਇਲੈਕਟ੍ਰਿਕ ਵਹੀਕਲ ਰਾਹੀਂ ਮੁਫ਼ਤ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਪੰਜਾਬ ਦਾ ਪਹਿਲਾ ਪ੍ਰੋਜੈਕਟ ਹੋਵੇਗਾ।
ਸ. ਗਿੱਲ ਨੇ ਦੱਸਿਆ ਕਿ ਰਿੰਗ ਰੋਡ-1 ਦਾ ਕੰਮ ਜੋ ਕਿ ਬਹੁਤ ਲੰਮੇ ਸਮੇਂ ਤੋਂ ਰੁਕਿਆ ਪਿਆ ਸੀ, ਨੂੰ ਵੀ ਅਸੀਂ ਹੱਲ ਕਰ ਲਿਆ ਹੈ ਅਤੇ ਅਗਸਤ ਦੀ ਅਖੀਰ ਤੱਕ ਇਸ ਨੂੰ ਚਾਲੂ ਕਰਵਾ ਕੇ ਸ਼ਹਿਰ ਦੀ ਟ੍ਰੈਫ਼ਿਕ ਸਬੰਧੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਸ਼ਹਿਰ ਨੂੰ ਨਹਿਰੀ ਪਾਣੀ ਦੀ ਸਮੱਸਿਆ ਤੋਂ ਨਿਯਾਤ ਦਿਵਾਉਣ ਲਈ ਕਰੀਬ 40 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪ੍ਰੋਜੈਕਟ ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਨਹਿਰੀ ਬੰਦੀ ਦੇ ਸਮੇਂ ਦੌਰਾਨ ਵੀ 25 ਤੋਂ 30 ਦਿਨਾਂ ਲਈ ਰਿਹਾਇਸ਼ੀ ਏਰੀਏ ਨੂੰ ਦਿੱਤੀ ਜਾਂਦੀ ਪਾਣੀ ਸਪਲਾਈ ਦਾ ਪ੍ਰਬੰਧ ਹੋ ਸਕੇਗਾ। ਬਠਿੰਡਾ ਥਰਮਲ ਦੀਆਂ 2 ਅਤੇ 3 ਨੰਬਰ ਝੀਲਾਂ ਨੂੰ ਵਾਟਰ ਗੇਮਸ ਅਤੇ ਆਸਪਾਸ ਦੀ ਜਗ੍ਹਾ ਵਿੱਚ ਫੂਡ ਪਾਰਕ ਬਣਾਇਆ ਜਾਵੇਗਾ ਅਤੇ ਥਰਮਲ ਦੇ ਟਾਵਰਾਂ ਨੂੰ ਵੀ ਸੁੰਦਰਤਾ ਵਜੋਂ ਵਿਕਸਿਤ ਕੀਤਾ ਜਾਵੇਗਾ।
ਵਿਧਾਇਕ ਸ. ਗਿੱਲ ਨੇ ਅਵਾਰਾ ਪਸ਼ੂਆਂ ਦੇ ਹੱਲ ਲਈ ਕਿਹਾ ਕਿ ਆਉਣ ਵਾਲੇ 4-5 ਮਹੀਨਿਆਂ ਤੱਕ ਬਠਿੰਡਾ ਸ਼ਹਿਰ ਅਵਾਰਾ ਪਸ਼ੂਆਂ ਤੋਂ ਰਹਿਤ ਹੋ ਜਾਵੇਗਾ ਅਤੇ ਅਵਾਰਾ ਪਸ਼ੂਆਂ ਦੇ ਕਾਰਣ ਵਾਪਰਨ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਥਰਮਲ ਪਲਾਂਟ ਦੇ ਗਰਾਊਂਡ ਅਤੇ ਆਸਪਾਸ ਦੀ ਜਗ੍ਹਾ ਤੇ ਆਉਣ ਵਾਲੇ ਸਮੇਂ ਚ 18.30 ਕਰੋੜ ਰੁਪਏ ਦੀ ਲਾਗਤ ਨਾਲ ਇਨਡੋਰ ਸਟੇਡੀਅਮ ਅਤੇ ਸਿੰਥੈਟਿਕ ਟਰੈਕ ਤਿਆਰ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਸਥਾਨਕ ਸਿਵਲ ਹਸਪਤਾਲ ਨੂੰ ਰੈਨੋਵੇਟ ਕਰਦਿਆਂ ਕਾਰਪੋਰੇਟ ਹਸਪਤਾਲਾਂ ਦੀ ਤਰ੍ਹਾਂ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿਖੇ ਨਵੀਂਆਂ ਡਾਇਲਸੈਸ ਮਸ਼ੀਨਾਂ ਲਗਵਾਈਆਂ ਗਈਆਂ ਹਨ, ਜਿੰਨ੍ਹਾਂ ਦਾ ਫ਼ਾਇਦਾ ਬਠਿੰਡਾ ਅਤੇ ਆਸਪਾਸ ਦੇ ਇਲਾਕੇ ਦੇ ਮਰੀਜ਼ਾਂ ਨੂੰ ਮਿਲ ਰਿਹਾ ਹੈ।
ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਸ਼ਿਰਕੀ ਬਜ਼ਾਰ, ਪਾਵਰ ਹਾਊਸ ਰੋਡ, ਕਮਲਾ ਨਹਿਰੂ ਕਲੋਨੀ ਅਤੇ ਆਲਮ ਬਸਤੀ ਵਿਖੇ ਖੜ੍ਹਨ ਵਾਲੇ ਬਰਸਾਤੀ ਪਾਣੀ ਦੇ ਹੱਲ ਲਈ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਵੀ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕੌਂਸਲਰ ਸਾਹਿਬਾਨ ਨੂੰ ਪਾਣੀ ਦੇ ਨਿਕਾਸ ਲਈ ਯਤਨ ਕਰਨ ਲਈ ਕਿਹਾ ਸੀ ਅਤੇ ਹੁਣ ਦੁਬਾਰਾ ਵੀ ਕਹਿ ਰਹੇ ਹਨ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾ ਸਕੇ।
0 comments:
Post a Comment