- ਬਿਜਲੀ ਘਰਾਂ ਦੀ ਸਮਰੱਥਾ ਵਧਾਉਣ ਲਈ ਨਵੀਆਂ ਕੇਬਲਾਂ, ਟਰਾਂਸਫਾਰਮਰਾਂ ਦੀ ਗਿਣਤੀ ਵਿੱਚ ਹੋਵੇਗਾ ਵਾਧਾ
- ਨਿਰਵਿਘਣ ਬਿਜਲੀ ਸਪਲਾਈ ਲਈ ਮੋਬਾਇਲ ਟਰਾਂਸਫਾਰਮਰਾਂ ਦੀ ਗਿਣਤੀ ਦੁੱਗਣੀ ਕੀਤੀ ਜਾਵੇਗੀ
ਫਿਰੋਜ਼ਪੁਰ, 4 ਜਨਵਰੀ 2023:
ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਿੱਚ ਬਿਜਲੀ ਸਿਸਟਮ ਦਾ ਨਵੀਨੀਕਰਨ ਰੀਵੈਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ.ਡੀ.ਐਸ.ਐਸ.) ਅਧੀਨ ਜਲਦੀ ਸ਼ੁਰੂ ਕੀਤਾ ਰਿਹਾ ਹੈ। ਜਿਸ ਲਈ 106 ਕਰੋੜ ਰੁਪਏ ਦੇ ਫੰਡ ਜਾਰੀ ਹੋ ਚੁੱਕੇ ਹਨ। ਇਹ ਜਾਣਕਾਰੀ ਸ. ਰਣਬੀਰ ਸਿੰਘ ਭੁੱਲਰ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਨੇ ਦਿੱਤੀ।
ਸ. ਰਣਬੀਰ ਸਿੰਘ ਭੁੱਲਰ ਨੇ ਇਸ ਉਪਰਾਲੇ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਖੇਤਰ ਵਿੱਚ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਵਿੱਚ ਵੱਡੀ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਬਿਜਲੀ ਦੀ ਮੰਗ ਨੂੰ ਦੇਖਦੇ ਹੋਏ ਇਸ ਸਕੀਮ ਤਹਿਤ ਸ਼ਹਿਰ ਦੇ ਐਫ.ਸੀ.ਆਈ. ਬਿਜਲੀਘਰ ਦੇ ਪਾਵਰ ਟਰਾਂਸਫਾਰਮਰ 12.5 ਐਮਵੀਏ ਤੋਂ ਵਧਾ ਕੇ 20 ਐਮਵੀਏ ਕਰਕੇ ਸ਼ਹਿਰ ਦੇ ਬਿਜਲੀ ਘਰ ਨੂੰ 66 ਕੇ.ਵੀ ਡਬਲ ਸਰਕਟ ਦੇ ਕੇ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਵੱਖ-ਵੱਖ ਇਲਾਕੇ ਵਿੱਚ ਲੱਗੇ ਹੋਏ ਟਰਾਂਸਫਾਰਮਰਾਂ ਦੀ ਸਮਰਥਾ ਦੁੱਗਣੀ ਕੀਤੀ ਜਾਵੇਗੀ ਅਤੇ ਨਵੇਂ ਟਰਾਂਸਫਾਰਮਰ ਰੱਖ ਕੇ ਸੁਧਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲਗਭਗ 35 ਕਿਮੀ. ਪੁਰਾਣੀਆਂ ਤਾਰਾਂ ਬਦਲੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 12 ਕੇਐਮ ਐਚ.ਟੀ. ਅਤੇ 30 ਕੇਐਮ ਐਲ.ਟੀ. ਨਵੀਆਂ ਕੇਬਲਾਂ ਪਾ ਕੇ ਬਿਜਲੀ ਸਪਲਾਈ ਵਿੱਚ ਸੁਧਾਰ ਕੀਤਾ ਜਾਵੇਗਾ। ਇਸ ਨਾਲ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਖਪਤਕਾਰਾਂ ਨੂੰ ਨਿਰਵਿਘਨ ਅਤੇ ਕੁਆਲਟੀ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਸਕੇਗੀ। ਇਸ ਤੋਂ ਇਲਾਵਾ ਐਮਰਜੈਂਸੀ ਟਰਾਂਸਫਾਰਮਰ ਸੜਨ ਦੀ ਸੂਰਤ ਵਿੱਚ ਮੋਬਾਇਲ ਟਰਾਂਸਫਾਰਮਰਾਂ ਦੀ ਗਿਣਤੀ ਦੁੱਗਣੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਇਹ ਸਕੀਮ ਫਿਰੋਜ਼ਪੁਰ ਵਿੱਚ ਬਿਜਲੀ ਦੀ ਸਪਲਾਈ ਲਈ ਮੀਲ ਦਾ ਪੱਥਰ ਸਾਬਿਤ ਹੋਵੇਗੀ।