ਪੰਜਾਬ ਦੇ ਮੁੱਖ ਮੰਤਰੀ ਦੇ ਮਾਤਾ ਜੀ ਅਤੇ ਭੈਣ ਜੀ ਸਮੇਤ, ਸਪੀਕਰ ਵਿਧਾਨ ਸਭਾ ਅਤੇ ਖੇਡ ਮੰਤਰੀ ਨੇ ਵੀ ਭਰੀ ਹਾਜ਼ਰੀ
Jan 14, 2023
ਦੇਸ਼ ਦੁਨੀਆ ਵਿੱਚ ਵਸਦੀਆਂ ਸੰਗਤਾਂ ਮਾਘੀ ਮੇਲੇ ਤੇ ਹੋਈਆ ਨਤਮਸਤਕ
1 ਅਪ੍ਰੈਲ 2022 ਤੋਂ ਜਿ਼ਲ੍ਹੇ ਵਿਚ ਨਸਿ਼ਆਂ ਖਿਲਾਫ 253 ਕੇਸ਼ ਰਜਿਸਟਰ, 385 ਦੋਸ਼ੀ ਕਾਬੂ—ਐਸਐਸਪੀ ਭੁਪਿੰਦਰ ਸਿੰਘ ਸਿੱਧੂ
ਫਾਜਿ਼ਲਕਾ, 14 ਜਨਵਰੀ
ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸਿ਼ਆਂ ਨੂੰ ਰੋਕਣ ਲਈ ਅਪਨਾਈ ਸਖ਼ਤ ਨੀਤੀ ਤਹਿਤ ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਫਾਜਿ਼ਲਕਾ ਪੁਲਿਸ ਨੇ ਨਸਿ਼ਆਂ ਖਿਲਾਫ ਵਿੱਢੀ ਮੁਹਿੰਮ ਦੇ ਸਾਰਥਕ ਨਤੀਜੇ ਨਿਕਲੇ ਰਹੇ ਹਨ। ਫਾਜਿਲ਼ਕਾ ਦੇ ਐਸ ਐਸ ਪੀ ਸ: ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਬੀਤੀ 1 ਅਪ੍ਰੈਲ 2022 ਤੋਂ ਲੈਕੇ ਹੁਣ ਤੱਕ ਜਿ਼ਲ੍ਹਾ ਪੁਲਿਸ ਵੱਲੋਂ ਨਸਿ਼ਆਂ ਖਿਲਾਫ 253 ਕੇਸ ਰਜਿਸਟਰਡ ਕਰਕੇ 385 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਐਸਐਸਪੀ ਸ: ਭੁਪਿੰਦਰ ਸਿੰਘ ਨੇ ਕਿਹਾ ਕਿ ਫਾਜਿ਼ਲਕਾ ਇਕ ਸਰਹੱਦੀ ਜਿ਼ਲ੍ਹਾ ਹੈ ਅਤੇ ਇਸਦੀ ਲੰਬੀ ਹੱਦ ਪਾਕਿਸਤਾਨ ਨਾਲ ਲੱਗਦੀ ਹੈ। ਦੁਸ਼ਮਣ ਦੇਸ਼ ਵੱਲੋਂ ਡ੍ਰੋਨ ਰਾਹੀਂ ਜਾਂ ਹੋਰ ਤਰੀਕਿਆਂ ਨਾਲ ਨਸ਼ੇ ਦੀ ਤਸਕਰੀ ਦੀਆਂ ਕੋਸਿ਼ਸਾਂ ਕੀਤੀਆਂ ਜਾਂਦੀਆਂ ਹਨ ਪਰ ਜਿ਼ਲ੍ਹਾ ਪੁਲਿਸ ਲਗਾਤਾਰ ਚੌਕਸੀ ਰੱਖ ਕੇ ਦੁ਼ਸਮਣ ਦੇਸ਼ ਦੇ ਭੈੜੇ ਇਰਾਦਿਆਂ ਨੂੰ ਨਾਕਾਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਸਿ਼ਆਂ ਦੀ ਰੋਕਥਾਮ ਲਈ ਸਖ਼ਤ ਨੀਤੀ ਤਹਿਤ ਪੁਲਿਸ ਨੂੰ ਇਸ ਮੁਹਿੰਮ ਵਿਚ ਲੋਕਾਂ ਤੋਂ ਵੀ ਭਰਪੂਰ ਸਹਿਯੋਗ ਮਿਲ ਰਿਹਾ ਹੈ।
ਐਸਐਸਪੀ ਸ: ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ 1 ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਜਿ਼ਲ੍ਹਾ ਪੁਲਿਸ ਵੱਲੋਂ 29 ਕਿਲੋ 680 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ।ਇਸੇ ਤਰਾਂ 2964 ਕਿਲੋ 500 ਗ੍ਰਾਮ ਪੋਸਤ ਵੱਖ ਵੱਖ ਮਾਮਲਿਆਂ ਵਿਚ ਜਬਤ ਕੀਤਾ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਤਾਰ ਪਾਰੋਂ ਹੈਰੋਇਨ ਭੇਜਣ ਦੀਆਂ ਦੁ਼ਸਮਣ ਦੀਆਂ ਕਈ ਕੋਸਿ਼ਸਾਂ ਨੂੰ ਨਾਕਾਮ ਕਰਦਿਆਂ ਪੁਲਿਸ ਨੇ ਇਸ ਸਮੇਂ ਦੌਰਾਨ 64 ਕਿਲੋ 178 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਵਿਚੋਂ 31 ਕਿਲੋ 42 ਗ੍ਰਾਮ ਤਾਂ ਸਾਲ 2023 ਦੇ ਦੌਰਾਨ ਹੀ ਬਰਾਮਦ ਕੀਤੀ ਹੈ।ਇਸ ਤੋਂ ਬਿਨ੍ਹਾਂ 25 ਗ੍ਰਾਮ ਸਮੈਕ ਅਤੇ 4 ਕਿਲੋ 543 ਗ੍ਰਾਮ ਗਾਂਜਾ ਵੀ ਪੁਲਿਸ ਨੇ ਫੜਿਆ ਹੈ।
ਹੋਰ ਜਾਣਕਾਰੀ ਦਿੰਦਿਆਂ ਐਸਪੀ ਡੀ ਸ: ਜੀ ਐਸ ਸੰਘਾ ਨੇ ਦੱਸਿਆ ਕਿ 166024 ਨਸ਼ੇ ਦੀਆਂ ਗੋਲੀਆਂ ਅਤੇ 382 ਸੀਸ਼ੀਆਂ ਨਸ਼ੀਲੀ ਦਵਾਈ ਦੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ 1,48,15,620 ਰੁਪਏ ਦੀ ਡਰੱਗ ਮਨੀ ਇਸ ਸਮੇਂ ਦੌਰਾਨ ਪੁਲਿਸ ਨੇ ਦੋਸ਼ੀਆਂ ਤੋਂ ਕਾਬੂ ਕੀਤੀ ਹੈ।
ਲੋਕਾਂ ਤੋਂ ਸਹਿਯੋਗ ਦੀ ਅਪੀਲ
ਐਸਐਸਪੀ ਸ: ਭੁਪਿੰਦਰ ਸਿੰਘ ਸਿੱਧੂ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜ਼ੇਕਰ ਕਿਤੇ ਵੀ ਨਸ਼ੇ ਦੀ ਖਰੀਦ ਵੇਚ ਸਬੰਧੀ ਕੋਈ ਸੂਚਨਾ ਹੋਵੇ ਤਾਂ ਲੋਕ ਬਿਨ੍ਹਾਂ ਕਿਸੇ ਡਰ ਭੈਅ ਦੇ ਇਸਦੀ ਸੂਚਨਾ ਪੁਲਿਸ ਨੂੰ ਦੇਣ। ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤਾ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਅਸੀਂ ਨਸ਼ੇ ਦੇ ਕੋਹੜ ਨੂੰ ਬਹੁਤ ਜਲਦੀ ਖਤਮ ਕਰਨ ਵਿਚ ਸਫਲ ਹੋ ਸਕਾਂਗੇ।
ਪੀ ਸੀ ਐਸ ਔਫੀਸਰ ਐਸੋਸੀਏਸ਼ਨ ਦੇ ਫੈਸਲੇ ਅਨੁਸਾਰ ਛੁੱਟੀ ਵਾਲੇ ਦਿਨ ਅਧਿਕਾਰੀਆਂ ਨੇ ਕੀਤਾ ਦਫਤਰੀ ਕੰਮਕਾਜ
ਪੀ ਸੀ ਐਸ ਔਫੀਸਰ ਐਸੋਸੀਏਸ਼ਨ ਦੇ ਫੈਸਲੇ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਮਨਦੀਪ ਕੌਰ ਅਤੇ ਜਲਾਲਾਬਾਦ ਦੇ ਐਸ ਡੀ ਐਮ ਅਤੇ ਜ਼ਿਲੇ ਵਿਚ ਮੁੱਖ ਮੰਤਰੀ ਦਫ਼ਤਰ ਦੇ ਪ੍ਰਭਾਰੀ ਸ ਰਵਿੰਦਰ ਸਿੰਘ ਅਰੋੜਾ ਨੇ ਛੁੱਟੀ ਵਾਲੇ ਦਿਨ ਦਫਤਰੀ ਕੰਮਕਾਜ ਕੀਤਾ। ਐਸੋਸੀਏਸ਼ਨ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਬਕਾਇਆ ਕੰਮ ਛੁੱਟੀ ਵਾਲੇ ਦਿਨ ਮੁਕੰਮਲ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਸਰਕਾਰੀ ਸੇਵਾਵਾਂ ਮਿਲ ਸਕਣ। ਇਸੇ ਤਹਿਤ ਜ਼ਿਲ੍ਹੇ ਵਿੱਚ ਤਾਇਨਾਤ ਪੀਸੀਐਸ ਅਧਿਕਾਰੀਆਂ ਵੱਲੋਂ ਅੱਜ ਆਪਣੇ ਦਫ਼ਤਰਾਂ ਵਿੱਚ ਰੋਜ਼-ਮੱਰਾ ਵਾਂਗ ਬੈਠ ਕੇ ਬਕਾਇਆ ਕੰਮ ਨੂੰ ਪੂਰਾ ਕੀਤਾ ਗਿਆ।
18ਵੀਂ ਨੈਸ਼ਨਲ ਜੰਬੂਰੀ ਵਿੱਚ ਫਿਰੋਜ਼ਪੁਰ ਨੇ ਪ੍ਰਾਪਤ ਕੀਤਾ ਨੈਸ਼ਨਲ ਜੰਬੂਰੀ ਅਵਾਰਡ ਅਤੇ ਗੋਲਡ ਮੈਡਲ
ਫਿਰੋਜ਼ਪੁਰ
18ਵੀਂ ਨੈਸ਼ਨਲ ਜੰਬੂਰੀ ਕੈਂਪ ਭਾਰਤ ਸਕਾਊਟਸ ਐਂਡ ਗਾਈਡਜ ਜੋ ਕਿ ਰਾਜਸਥਾਨ ਸਰਕਾਰ ਦੇ ਸਹਿਯੋਗ ਨਾਲ ਜ਼ਿਲਾ ਪਾਲੀ ਤਹਿਸੀਲ ਰੋਹਟ ਰਾਜਸਥਾਨ ਵਿਖੇ ਮਿਤੀ 3 ਜਨਵਰੀ ਤੋਂ ਮਿਤੀ 10 ਜਨਵਰੀ ਤੱਕ ਲਗਾਈਆਂ ਗਈ । ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ,ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਪੰਜਾਬ ਓਂਕਾਰ ਸਿੰਘ, ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਕੰਵਲਜੀਤ ਸਿੰਘ ਧੰਜੂ , ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਜੀਵ ਛਾਬੜਾ, ਜ਼ਿਲ੍ਹਾ ਸਕੱਤਰ ਕਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਨੈਸ਼ਨਲ ਪੱਧਰ ਦੇ ਸਮਾਰੋਹ ਵਿਚ ਫਿਰੋਜ਼ਪੁਰ ਦੇ 68 ਸਕਾਊਟਸ ਐਂਡ ਗਾਈਡਜ ਨੇ ਭਾਗ ਲਿਆ ।ਚਰਨਜੀਤ ਸਿੰਘ ਚਹਿਲ ਡੀ ਓ ਸੀ ਸਕਾਊਟ ਫਿਰੋਜ਼ਪੁਰ, ਸਰਬਜੀਤ ਕੌਰ ਡੀਟੀਸੀ ਗਾਈਡ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਨੈਸ਼ਨਲ ਪੱਧਰ ਦੇ ਸਮਾਗਮ ਵਿੱਚ ਭਾਰਤ ਦੇ ਸਾਰੇ ਰਾਜਾਂ ਤੌਂ ਲਗਭਗ 37000 ਵਿਦਿਆਰਥੀ ਨੇ ਭਾਗ ਲਿਆ। ਇਸ ਰਾਸ਼ਟਰੀ ਜੰਬੂਰੀ ਦਾ ਉਦਘਾਟਨ ਮਾਨਯੋਗ ਭਾਰਤ ਦੀ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਜੀ ਨੇ ਕੀਤਾ ।ਇਸ ਰਾਸ਼ਟਰੀ ਜੰਬੂਰੀ ਵਿੱਚ ਫਿਰੋਜ਼ਪੁਰ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਲੋਹਾ ਮਨਵਾਇਆ ।ਵਿਦਿਆਰਥੀਆਂ ਨੂੰ ਜਿੱਥੇ ਵੱਖ ਵੱਖ ਰਾਜਾਂ ਦੇ ਕਲਚਰ , ਰਹਿਣ ਸਹਿਣ ਅਤੇ ਖਾਣ ਪੀਣ ਬਾਰੇ ਜਾਣਕਾਰੀ ਮਿਲੀ ਨੈਸ਼ਨਲ ਜ਼ੰਬੂਰੀ ਰਾਜਸਥਾਨ ਵਿੱਚ ਫਿਰੋਜ਼ਪੁਰ ਦੀ ਟੀਮ ਨੇ ਅਡਵੈਂਚਰ ਗਤੀਵਿਧੀਆਂ, ਲੋਕ ਨਾਚ ਭੰਗੜਾ, ਗਤਕਾ ਅਤੇ ਪਰੇਡ ਵਿਚ ਦਿਖਾਏ ਆਪਣੇ ਜੌਹਰ ਅਤੇ ਨੈਸ਼ਨਲ ਜ਼ੰਬੂਰੀ ਅਵਾਰਡ ਪ੍ਰਾਪਤ ਕੀਤਾ
ਇਹ ਅਵਾਰਡ ਓਹਨਾਂ ਵਿਦਿਆਰਥੀਆਂ ਨੂੰ ਮਿਲਿਆ ਜਿਨ੍ਹਾਂ ਨੇ 42 ਅਡਵੈਂਚਰ ਗਤੀਵਿਧੀਆਂ ਵਿੱਚੋਂ 32 ਗਤੀਵਿਧੀਆਂ ਨੂੰ ਪਾਸ ਕੀਤਾ । ਫਿਰੋਜ਼ਪੁਰ ਦੇ ਸਾਰੇ ਵਿਦਿਆਰਥੀਆਂ ਲਈ ਔਸਤ 38 ਗਤੀਵਿਧੀਆਂ ਕਰ ਕੇ ਜੰਬੂਰੀ ਅਵਾਰਡ ਅਤੇ ਗੋਲਡ ਮੈਡਲ ਪ੍ਰਾਪਤ ਕੀਤਾ। ਅਧਿਆਪਕਾਂ ਤੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਲੋਕਨਾਚ ਮੁਕਾਬਲੇ ਵਿਚ A ਗਰੇਡ , ਮਾਰਚ ਪਾਸਟ ਵਿੱਚ A ਗਰੇਡ, ਬੈਂਡ ਮੁਕਾਬਲੇ ਵਿਚ A ਗਰੇਡ ,ਰਾਜ ਦੀ ਪ੍ਰਦਰਸ਼ਨੀ ਵਿੱਚ A ਗਰੇਡ, ਕੈਂਪ ਫਾਇਰ ਮੁਕਾਬਲੇ ਵਿਚ A ਗਰੇਡ ਤੇ ਫੈਸ਼ਨ ਸ਼ੋਅ ਮੁਕਾਬਲੇ ਵਿਚ A ਗਰੇਡ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ।
ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਕੀਤਾ ਗਿਆ ਜਾਗਰੂਕ
ਪੁਲਿਸ ਅਤੇ ਆਰਟੀਏ ਦਫਤਰ ਦੀ ਟੀਮ ਵੱਲੋ ਵੱਖ ਵੱਖ ਥਾਵਾਂ ਤੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਦਿੱਤੀ ਗਈ ਜਾਣਕਾਰੀ
ਸਕੂਲਾਂ/ਕਾਲਜਾਂ ਵਿਚ ਜਾਗਰੂਕਤਾ ਸੈਮੀਨਾਰ ਸਮੇਤ ਵਾਹਨਾਂ ਤੇ ਰਿਫਲੈਕਟਰ ਵੀ ਲਗਾਏ ਗਏ
ਫਿਰੋਜ਼ਪੁਰ 14 ਜਨਵਰੀ ( )ਪੰਜਾਬ ਸਰਕਾਰ ਵੱਲੋ 17 ਜਨਵਰੀ ਤੱਕ ਮਨਾਏ ਜਾ ਰਹੇ ਸੜਕ ਸੁਰੱਖਿਆ ਜਾਗਰੂਕਤਾ ਸਪਤਾਹ ਦੇ ਸਬੰਧ ਵਿਚ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਵੀ ਵੱਡੇ ਪੱਧਰ ਤੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਐਸਐਸਪੀ ਫਿਰੋਜ਼ਪੁਰ ਮੈਡਮ ਕੰਵਰਦੀਪ ਕੌਰ ਦੀ ਅਗਵਾਈ ਹੇਠ ਪੁਲਿਸ ਅਤੇ ਆਰਟੀਏ ਦਫਤਰ ਦੀ ਟੀਮ ਵੱਲੋਂ ਜ਼ਿਲ੍ਹੇ ਦੀਆਂ ਵੱਖ ਵੱਖ ਥਾਵਾਂ ਤੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਟੀਏ ਫਿਰੋਜ਼ਪੁਰ ਸ੍ਰੀ ਕਰਨਵੀਰ ਸਿੰਘ ਛੀਨਾ ਨੇ ਦੱਸਿਆ ਕਿ ਸੜਕ ਸੁਰੱਖਿਆ ਸਪਤਾਹ ਦੌਰਾਨ ਜਿੱਥੇ ਲੋਕਾਂ ਨੂੰ ਟਰੈਫਿਕ ਦੇ ਨਿਯਮਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਉਥੇ ਨਾਲ ਹੀ ਸੜਕੀ ਦੁਰਘੱਟਨਾਵਾਂ ਰੋਕਣ ਦੇ ਮਕਸਦ ਨਾਲ ਵਾਹਨਾਂ ਤੇ ਰਿਫਲੈਕਟਰ ਵੀ ਲਗਾਏ ਜਾ ਰਹੇ ਹਨ। ਜਿਸ ਤਹਿਤ ਸ਼ੇਰ ਸ਼ਾਹ ਵਾਲੀ ਚੋਕ ਫਿਰੋਜ਼ਪੁਰ ਕੈਟ ਵਿਖੇ ਵਾਹਨਾਂ ਤੇ ਰਿਫਲੈਕਟਰ ਲਾਗਏ ਅਤੇ ਨਾਲ ਹੀ ਧੁੰਦ ਦੇ ਮੋਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਨਹਿਰਾ ਦੇ ਪੁੱਲਾ ਤੇ ਰੇਡੀਅਮ ਟੇਪ ਵੀ ਲਗਾਈ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਟੀਮਾਂ ਵੱਲੋਂ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਵਿੱਚ ਜਾਕੇ ਵੀ ਵਿਦਿਆਰਥੀਆਂ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਦੇਵ ਸਮਾਜ ਸੀਨੀਅਰ ਸਕੈਡਰੀ ਸਕੂਲ ਸਮੇਤ ਫਿਰੋਜ਼ਪੁਰ ਦੇ ਹੋਰਨਾਂ ਸਕੂਲਾਂ ਦੇ ਡਰਾਇਵਰਾ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਵੀ ਲਗਾਇਆ ਗਿਆ ਹੈ ਅਤੇ ਰੈਲੀ ਵੀ ਕੱਢੀ ਗਈ।
ਉਨ੍ਹਾਂ ਦੱਸਿਆ ਕਿ ਟ੍ਰੈਫ਼ਿਕ ਨਿਯਮਾਂ ਨੂੰ ਅਣਗੋਲਿਆ ਕਰਨ ਤੇ ਕਈ ਤਰਾਂ ਦੇ ਸੜਕੀ ਹਾਦਸੇ ਵਾਪਰਦੇ ਹਨ ਜਿਸ ਨਾਲ ਵੱਡੀ ਪੱਧਰ ਤੇ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ, ਇਸ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹਰੇਕ ਨਾਗਰਿਕ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ 17 ਜਨਵਰੀ ਤੱਕ ਚੱਲ ਰਹੇ ਵਿਸ਼ੇਸ਼ ਸੜਕ ਸੁਰੱਖਿਆ ਸਪਤਾਹ ਦੌਰਾਨ ਜ਼ਿਲ੍ਹੇ ਵਿਚ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ/ਸੈਮੀਨਾਰ ਅਤੇ ਕੈਂਪ ਆਦਿ ਲਗਾ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਸੜਕੀ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ।
ਇਸ ਦੌਰਾਨ ਡੀਐਸਪੀ ਮਨਜੀਤ ਸਿੰਘ ਨੇ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਵਿਅਕਤੀ ਨੂੰ ਕਾਰ ਚਲਾਉਣ ਸਮੇਂ ਸੀਟ ਬੈਲਟ ਲਾਉਣੀ ਜਰੂਰੀ ਹੈ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਪਹਿਨਣਾ ਜਰੂਰੀ ਹੈ। ਇਸ ਤੋਂ ਇਲਾਵਾ ਟਰੈਫਿਕ ਲਾਈਟਾਂ 'ਤੇ ਹਰੀ ਬੱਤੀ ਹੋਣ ਤੱਕ ਇੰਤਜਾਰ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਕਿਸੇ ਵਾਹਨ ਨੂੰ ਗਲਤ ਸਾਈਡ ਤੋਂ ਓਵਰਟੇਕ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਗੱਡੀਆਂ ਪਾਰਕ ਕਰਨ ਸਮੇਂ ਵੀ ਸਹੀ ਸਥਾਨ 'ਤੇ ਹੀ ਗੱਡੀਆਂ ਪਾਰਕ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਆਉਣ ਜਾਣ ਵਾਲੀ ਟਰੈਫਿਕ ਵਿੱਚ ਵਿਘਨ ਨਾ ਪਵੇ।
ਇਸ ਮੌਕੇ ਇੰਸਪੈਕਟਰ ਪੁਸ਼ਪਿੰਦਰ ਪਾਲ ਇੰਚਾਰਜ ਜ਼ਿਲ੍ਹਾ ਟਰੈਫਿਕ ਪੁਲਿਸ, ਏਐਸਆਈ ਗੁਰਮੀਤ ਸਿੰਘ, ਏਐਸਆਈ ਰਾਜਿੰਦਰ ਸਿੰਘ, ਐਚਸੀ ਬੱਚਿਤਰ ਸਿੰਘ, ਤਰਸੇਮ ਰਾਜ ਸਮੇਤ ਆਰਟੀਏ ਦਫਤਰ ਦੇ ਨੀਰਜ ਕੁਮਾਰ, ਗੁਰਮੀਤ ਸਿੰਘ ਅਤੇ ਅੰਕੁਸ਼ ਕੁਮਾਰ ਆਦਿ ਹਾਜ਼ਰ ਸਨ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
· ਜ਼ਿਲ੍ਹੇ ਦੀ ਹਦੂਦ ਅੰਦਰ ਹੁੱਕਾ ਬਾਰ ਚਲਾਉਣ 'ਤੇ ਪਾਬੰਦੀ
· ਕੌਮਾਂਤਰੀ ਸਰਹੱਦ ਨੇੜੇ ਉੱਚੀਆਂ ਵਧਣ ਵਾਲੀਆਂ ਫ਼ਸਲਾਂ ਬੀਜਣ ਦੀ ਮਨਾਹੀ
· ਜ਼ਿਲ੍ਹਾ ਫਿਰੋਜ਼ਪੁਰ ਦੇ ਮੈਰਿਜ ਪੈਲੇਸ, ਹੋਟਲ,ਰੈਸਟੋਰੈਂਟ ਅਤੇ ਸਿਨੇਮਾ ਹਾਲ ਮਾਲਕ ਇਤਰਾਜਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ
· ਮਕਾਨ ਮਾਲਕਾਂ ਨੂੰ ਕਿਰਾਏਦਾਰਾਂ ਦੀ ਸੂਚਨਾ ਨਜ਼ਦੀਕੀ ਥਾਣਿਆਂ ਨੂੰ ਦਰਜ ਕਰਵਾਉਣ ਦੀ ਹਦਾਇਤ
· ਪ੍ਰਵਾਸੀ ਮਜਦੂਰਾਂ ਦੀ ਸੂਚਨਾ ਪੁਲਿਸ ਥਾਣਿਆਂ ਵਿਚ ਜਮ੍ਹਾਂ ਕਰਵਾਉਣ ਸਬੰਧੀ ਹੁਕਮ
ਫ਼ਿਰੋਜ਼ਪੁਰ 14 ਜਨਵਰੀ 2023.
ਜ਼ਿਲ੍ਹਾ ਮੈਜਿਸਟਰੇਟ ਅਮ੍ਰਿਤ ਸਿੰਘ ਆਈ.ਏ.ਐਸ. ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਜਾਰੀ ਹੋਣ ਦੀ ਮਿਤੀ ਤੋਂ 2 ਮਹੀਨੇ ਤੱਕ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਫਿਰੋਜ਼ਪੁਰ ਜ਼ਿਲ੍ਹੇ ਦੀ ਹਦੂਦ ਅੰਦਰ ਹੁੱਕਾ ਬਾਰ ਚਲਾਉਣ 'ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਫਿਰੋਜ਼ਪੁਰ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਅੰਦਰ ਕਾਫ਼ੀ ਗਿਣਤੀ 'ਚ ਹੁੱਕਾ ਬਾਰ ਚੱਲ ਰਹੇ ਹਨ ਅਤੇ ਇਨ੍ਹਾਂ ਹੁੱਕਾਂ ਬਾਰਾਂ ਵਿੱਚ ਆਮ ਤੌਰ 'ਤੇ ਵੱਖ-ਵੱਖ ਫਲੇਵਰਾਂ ਦੇ ਨਾਲ ਨਿਕੋਟਿਨ, ਤੰਬਾਕੂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਸਿਹਤ ਲਈ ਖ਼ਤਰਨਾਕ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਅਤੇ ਨੌਜਵਾਨਾਂ ਤੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ਇਸ ਮਾੜੀ ਲਤ ਤੋਂ ਬਚਾਉਣ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ।
ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜਪੁਰ ਵੱਲੋਂ ਜਾਰੀ ਮਨਾਹੀ ਦੇ ਹੁਕਮ ਅਨੁਸਾਰ ਅੰਤਰ-ਰਾਸ਼ਟਰੀ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਦੇ ਅੰਦਰ ਅਤੇ ਸਰਹੱਦ ਦੇ ਨੇੜੇ ਬੀ.ਟੀ. ਕਾਟਨ ਅਤੇ ਹੋਰ ਉੱਚੀਆਂ ਫ਼ਸਲਾਂ ਬੀਜਣ ਤੇ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਬਾਰਡਰ ਸੁਰੱਖਿਆ ਫੋਰਸ ਦੀ 143 ਵੀਂ ਬਟਾਲੀਅਨ ਕਮਾਡੈਂਟ . ਕੇ.ਐਮ.ਐਸ. ਵਾਲਾ ਨੇ ਜ਼ਿਲ੍ਹਾ ਮੈਜਿਸਟ੍ਰੇਟ ਫ਼ਿਰੋਜ਼ਪੁਰ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕੁੱਝ ਕਿਸਾਨਾਂ ਵੱਲੋਂ ਭਾਰਤ-ਪਾਕਿ ਦੇ ਅੰਤਰਰਾਸ਼ਟਰੀ ਬਾਰਡਰ ਅਤੇ ਕੰਡਿਆਲੀਆਂ ਤਾਰਾਂ ਨੇੜੇ ਬੀ.ਟੀ. ਕਾਟਨ ਅਤੇ ਹੋਰ ਉੱਚੀਆਂ ਫ਼ਸਲਾਂ ਦੀ ਬਿਜਾਈ ਕੀਤੀ ਜਾਂਦੀ ਹੈ, ਜਿਸ ਦਾ ਫ਼ਾਇਦਾ ਉਠਾ ਕੇ ਅੱਤਵਾਦੀ ਭਾਰਤ-ਪਾਕਿਸਤਾਨ ਦੇ ਬਾਰਡਰ ਨੂੰ ਕਰਾਸ ਕਰ ਜਾਂਦੇ ਹਨ। ਜਿਸ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਹ ਹੁਕਮ ਜਾਰੀ ਕੀਤੇ ਗਏ ਹਨ।
ਜਿਲ੍ਹਾ ਮੈਜਿਸਟਰੇਟ, ਫਿਰੋਜਪੁਰ ਅਮ੍ਰਿਤ ਸਿੰਘ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡਾਂ/ਸ਼ਹਿਰਾਂ ਵਿੱਚ ਚਲ ਰਹੇ ਮੈਰਿਜ ਪੈਲੇਸ, ਹੋਟਲ, ਰੈਸਟੋਰੈਂਟ ਅਤੇ ਸਿਨੇਮਾ ਆਦਿ ਨੂੰ ਇਤਰਾਜਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਦਸਤਾਵੇਜ ਇਸ ਹੁਕਮ ਦੇ ਜਾਰੀ ਹੋਣ ਤੋਂ 15 ਦਿਨਾਂ ਦੇ ਅੰਦਰ-ਅੰਦਰ ਸਮਰੱਥ ਅਧਿਕਾਰੀ ਨੂੰ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ (ਜੇਕਰ ਉਹਨਾਂ ਵੱਲੋਂ ਪਹਿਲਾਂ ਇਤਰਾਜਹੀਣਤਾ ਸਰਟੀਫਿਕੇਟ ਪ੍ਰਾਪਤ ਨਹੀਂ ਕੀਤਾ ਗਿਆ) ਤਾਂ ਜੋ ਇਸ ਬਾਰੇ ਯੋਗ ਫੈਸਲਾ ਲਿਆ ਜਾ ਸਕੇ। ਇਤਰਾਜਹੀਣਤਾ ਸਰਟੀਫਿਕੇਟ ਦੀ ਕਾਪੀ, ਮੈਰਿਜ਼ ਪੈਲੇਸ, ਹੋਟਲ, ਰੈਸਟੋ
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡਾਂ/ਸ਼ਹਿਰਾਂ ਵਿਚ ਕਈ ਮੈਰਿਜ ਪੈਲਸ, ਹੋਟਲ, ਰੈਸਟੋਰੈਂਟ ਅਤੇ ਸਿਨੇਮਾ ਆਦਿ ਚੱਲ ਰਹੇ ਹਨ ਜਾਂ ਨਵੇਂ ਬਣਾਏ ਜਾ ਰਹੇ ਹਨ। ਇਹਨਾਂ ਵਿੱਚ ਕਈ ਤਰ੍ਹਾਂ ਨਾਲ ਤਕਨੀਕੀ ਪੱਖਾਂ ਤੋਂ ਕਮੀਆਂ ਰਹਿ ਜਾਂਦੀਆਂ ਹਨ, ਜੋ ਉਥੇ ਆਉਣ ਵਾਲੀ ਜਨਤਾ ਲਈ ਖ਼ਤਰੇ ਦਾ ਕਾਰਨ ਬਣ ਜਾਂਦੀਆਂ ਹਨ, ਜਿਸ ਤੋਂ ਜਾਨ ਅਤੇ ਮਾਲ ਦਾ ਨੁਕਸਾਨ ਹੋ ਸਕਦਾ ਹੈ। ਇਹਨਾਂ ਮੈਰਿਜ ਪੈਲੇਸ, ਹੋਟਲ, ਰੈਸਟੋਰੈਂਟ ਅਤੇ ਸਿਨੇਮਾ ਆਦਿ ਦੀ ਤਾਮੀਰ ਕਈ ਪ੍ਰਕਾਰ ਦੇ ਮੁੱਢਲੇ ਪੱਖਾਂ, ਜਿਵੇਂ ਇਮਾਰਤਾਂ ਦੀ ਬਣਤਰ, ਬਿਜਲੀ ਫਿਟਿੰਗ ਸਾਈਟ ਲਈ ਢੁੱਕਵੀਂ ਜਗ੍ਹਾ, ਪਾਰਕਿੰਗ ਨਾਲ ਲਗਦੀਆਂ ਸੜਕਾਂ ਤੇ ਜਾਇਜ਼ ਦੂਰੀ, ਸੁਰੱਖਿਆ ਆਦਿ ਦੀ ਪੁਸ਼ਟੀ ਜ਼ਰੂਰੀ ਬਣ ਜਾਂਦੀ ਹੈ। ਇਹਨਾਂ ਦੇ ਮਾਲਕ ਅਜਿਹੀ ਤਾਮੀਰ ਤੋਂ ਪਹਿਲਾਂ ਸਮਰਥ ਅਧਿਕਾਰੀ ਤੋਂ ਲੋੜੀਂਦਾ ਇਤਰਾਜਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਸਾਈਟ ਪਲਾਨ ਅਤੇ ਨਕਸ਼ੇ (10 ਕਾਪੀਆਂ ਵਿੱਚ) ਪੇਸ਼ ਕਰਨ ਤਾਂ ਜੋ ਸਬੰਧਤ ਅਧਿਕਾਰੀਆਂ ਜਿਵੇਂ ਕਿ ਸੀਨੀਅਰ ਕਪਤਾਨ ਪੁਲਿਸ, ਕਾਰਜਕਾਰੀ ਇੰਜੀਨੀਅਰ ਪ੍ਰਾਂਤਕ ਮੰਡਲ ਭ ਤੇ ਮ ਸ਼ਾਖਾ, ਲੋਕ ਨਿਰਮਾਣ ਵਿਭਾਗ, ਜਿਲ੍ਹਾ ਨਗਰ ਯੋਜਨਾਕਾਰ, ਈ.ਓ. ਪੁੱਡਾ, ਫਿਰੋਜ਼ਪੁਰ ਸਬੰਧਤ ਉਪ ਮੰਡਲ ਮੈਜਿਸਟਰੇਟ/ਨਗਰ ਕੌਂਸਲਾਂ ਅਤੇ ਫਾਇਰ ਅਫਸਰ ਤੋਂ ਇਤਰਾਜਹੀਣਤਾ ਸਰਟੀਫਿਕੇਟ ਪ੍ਰਾਪਤ ਹੋਣ ਤੋਂ ਬਾਅਦ ਲੋੜੀਂਦੀ ਪ੍ਰਵਾਨਗੀ ਦਿੱਤੇ ਜਾਣ ਲਈ ਹੁਕਮ ਜਾਰੀ ਕੀਤਾ ਜਾ ਸਕੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਇੱਕ ਹੋਰ ਹੁਕਮ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹਾ ਫਿਰੋਜਪੁਰ ਦੀ ਹਦੂਦ ਅੰਦਰ ਰਹਿੰਦੇ ਮਕਾਨ ਮਾਲਕਾਂ ਵੱਲੋਂ ਆਪਣੇ ਘਰਾਂ ਵਿੱਚ ਜੋ ਕਿਰਾਏਦਾਰ ਬਿਠਾਏ ਜਾਂਦੇ ਹਨ ਉਨ੍ਹਾਂ ਦੀ ਸੂਚਨਾ ਸਬੰਧਿਤ ਥਾਣੇ ਵਿੱਚ ਨਹੀਂ ਦਿੱਤੀ ਜਾਂਦੀ, ਜਿਸ ਕਾਰਨ ਜ਼ਿਲ੍ਹੇ ਵਿੱਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਮਾਲਕ ਮਕਾਨਾਂ ਤੋਂ ਮਕਾਨ ਕਿਰਾਏ ਤੇ ਲੈ ਕੇ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਅਮਨ ਭੰਗ ਹੋਣ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ। ਇਸ ਲਈ ਵਧਦੇ ਜੁਰਮਾਂ ਨੂੰ ਰੋਕਣ ਲਈ ਜ਼ਿਲ੍ਹੇ ਦੇ ਸਮੂਹ ਮਕਾਨ ਮਾਲਕਾਂ ਅਤੇ ਮਕਾਨ ਦੇ ਇੰਚਾਰਜਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਘਰਾਂ ਵਿੱਚ ਬਿਠਾਏ ਕਿਰਾਏਦਾਰਾਂ ਦੇ ਨਾਮ ਅਤੇ ਪਤੇ ਆਪਣੇ ਨਜ਼ਦੀਕੀ ਥਾਣੇ/ਪੁਲਿਸ ਚੌਂਕੀ ਵਿੱਚ ਤੁਰੰਤ ਦਰਜ ਕਰਾਉਣ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇੱਕ ਹੋਰ ਮਨਾਹੀ ਦਾ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਰਖਾਨੇਦਾਰ, ਵਪਾਰੀ ਜਾਂ ਕਿਸਾਨ ਜਿਹੜੇ ਆਪਣੇ ਕਾਰੋਬਾਰ ਨੂੰ ਚਲਾਉਣ ਲਈ ਪ੍ਰਵਾਸੀ ਮਜਦੂਰਾਂ ਨੂੰ ਰੋਜਗਾਰ ਦਿੰਦੇ ਹਨ ਜਾਂ ਆਪਣੇ ਘਰੇਲੂ ਕੰਮਾਂ ਵਿੱਚ ਨੌਕਰੀ ਦਿੰਦੇ ਹਨ, ਉਨੀ ਦੇਰ ਇਨ੍ਹਾਂ ਮਜ਼ਦੂਰਾਂ ਨੁੰ ਕੰਮ ਤੇ ਨਹੀਂ ਰੱਖਣਗੇ ਜਿੰਨੀ ਦੇਰ ਤੱਕ ਇੰਨ੍ਹਾਂ ਦੀ ਸੂਚਨਾਂ, ਨਾਮ, ਪਤਾ, ਠਿਕਾਣਾ ਨੇੜੇ ਦੇ ਪੁਲਿਸ ਥਾਣੇ ਵਿੱਚ ਨਹੀਂ ਦਿੰਦੇ। ਪਿੰਡ ਦੇ ਸਰਪੰਚ ਇਸ ਸਬੰਧੀ ਪਹਿਲਾਂ ਤੋਂ ਭੇਜੇ ਪ੍ਰਫਾਰਮੇ ਵਿੱਚ ਪ੍ਰਵਾਸੀ ਮਜਦੂਰਾਂ ਬਾਰੇ ਸੂਚਨਾਂ ਇਕੱਤਰ ਕਰਕੇ, ਸਮੇਤ ਫੋਟੋਗ੍ਰਾਫਰ ਸਬੰਧਿਤ ਪੁਲਿਸ ਸਟੇਸ਼ਨਾਂ ਵਿੱਚ ਦੇਣਗੇ ਤੇ ਉਹ ਇਹ ਵੀ ਯਕੀਨੀ ਬਣਾਉਣਗੇ ਕਿ ਪ੍ਰਵਾਸੀ ਮਜ਼ਦੂਰਾਂ ਦੇ ਘਰ ਦੇ ਪਤੇ ਤੇ ਉਨ੍ਹਾਂ ਦੀ ਤਨਖਾਹ ਵਿੱਚੋਂ ਕੁਝ ਰਕਮ ਮਨੀਆਰਡਰ ਰਾਹੀਂ ਭੇਜੀ ਜਾਵੇ ਤਾਂ ਜੋ ਉਨ੍ਹਾਂ ਦੇ ਘਰ ਦੇ ਪਤੇ ਬਾਰੇ ਤਸੱਲੀ ਹੋ ਸਕੇ।
ਇਹ ਹੁਕਮ ਜਾਰੀ ਹੋਣ ਦੀ ਮਿਤੀ ਤੋਂ 2 ਮਹੀਨੇ ਤੱਕ ਲਾਗੂ ਰਹਿਣਗੇ।