ਪੰਜਾਬ ਦੇ ਮੁੱਖ ਮੰਤਰੀ ਦੇ ਮਾਤਾ ਜੀ ਅਤੇ ਭੈਣ ਜੀ ਸਮੇਤ, ਸਪੀਕਰ ਵਿਧਾਨ ਸਭਾ ਅਤੇ ਖੇਡ ਮੰਤਰੀ ਨੇ ਵੀ ਭਰੀ ਹਾਜ਼ਰੀ
ਚਾਲੀ ਮੁਕਤਿਆਂ ਦੀ ਲਾਸਾਨੀ ਕੁਰਬਾਨੀ ਦੀ ਅਮਿੱਟ ਯਾਦਗਾਰ ਹੈ ਮਾਘੀ ਮੇਲਾ, ਕੁਲਤਾਰ ਸੰਧਵਾਂ
ਸ਼੍ਰੀ ਮੁਕਤਸਰ ਸਹਿਬ 14 ਜਨਵਰੀ :
ਜਿੱਥੇ ਦੇਸ਼ ਦੁਨੀਆ ਵਿੱਚ ਵਸਦੇ ਸ਼ਰਧਾਲੂਆਂ ਦਾ ਜਨ ਸੈਲਾਬ ਅੱਜ ਗੁਰੁਦੁਆਰਾ ਟੂਟੀ ਗੰਢੀ ਸਹਿਬ ਵਿਖੇ ਪਹੁੰਚ ਕੇ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਮਾਘੀ ਮੇਲੇ ਤੇ ਨਤਮਸਤਕ ਹੋਇਆ, ਉਥੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਪਰਿਵਾਰਕ ਮੈਂਬਰ, ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਖੇਡ ਮੰਤਰੀ ਅਤੇ ਐਮ.ਐਲ.ਏਜ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ।
ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਮਾਤਾ ਜੀ, ਸਰਦਾਰਨੀ ਹਰਪਾਲ ਕੌਰ ਅਤੇ ਭੈਣ ਜੀ ਸਰਦਾਰਨੀ ਮਨਪ੍ਰੀਤ ਕੌਰ ਨੇ ਸ਼੍ਰੀ ਦਰਬਾਰ ਸਹਿਬ ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਾਲੀ ਮੁਕਤਿਆਂ ਦਾ ਜੀਵਨ ਅੱਜ ਵੀ ਸਾਡੇ ਲਈ ਪ੍ਰੇਰਣਾ ਦਾ ਸ਼ੋ੍ਰਤ ਹੈ ਅਤੇ ਸਾਨੂੰ ਆਪਣੇ ਗੁਰੂ ਪ੍ਰਤੀ ਸਮਰਪਨ ਦੀ ਅਗਵਾਈ ਦਿੰਦਾ ਹੈ ਅਤੇ ਸਾਨੂੰ ਚੰਗਿਆਈ ਅਤੇ ਸੱਚਾਈ ਦੇ ਮਾਰਗ ਤੇ ਚੱਲਣ ਲਈ ਵੀ ਪ੍ਰੇਰਿਤ ਕਰਦਾ ਹੈ।
ਇਸ ਉਪਰੰਤ ਸ.ਕੁਲਤਾਰ ਸਿੰਘ ਸੰਧਵਾ, ਸਪੀਕਰ ਪੰਜਾਬ ਵਿਧਾਨ ਸਭਾ, ਡਾ.ਬਲਜੀਤ ਕੌਰ ਸਮਾਜਿਕ ਨਿਆਂ, ਅਧਿਕਾਰਤਾ,ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ, ਸ੍ਰੀ ਗੁਰਮੀਤ ਸਿੰਘ ਮੀਤ ਹੇਅਰ, ਪ੍ਰਸ਼ਾਸ਼ਕੀ ਸੁਧਾਰ, ਜਲ ਸਰੋਤ, ਖਣਨ ਤੇ ਭੂ ਵਿਗਿਆਨ, ਸਾਇੰਸ ਤਕਨਾਲੋਜੀ ਤੇ ਵਾਤਾਵਰਣ ਅਤੇ ਖੇਡਾਂ ਤੇ ਯੁਵਕ ਸੇਵਾਵਾਂ, ਮੰਤਰੀ ਪੰਜਾਬ, ਸ.ਜਗਦੀਪ ਸਿੰਘ ਕਾਕਾ ਬਰਾੜ ਹਲਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਸ.ਗੁਰਮੀਤ ਸਿੰਘ ਖੁੱਡੀਆ ਹਲਕਾ ਵਿਧਾਇਕ ਲੰਬੀ ਨੇ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ।
ਸ. ਸੰਧਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਾਲੀ ਮੁਕਤਿਆਂ ਦੀ ਲਾਸਾਨੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਇਸ ਮੌਕੇ ਤੇ ਆਪਸੀ ਪਿਆਰ ਬਣਾਈ ਰੱਖਣ, ਪੰਜਾਬ ਦੀ ਚੜ੍ਹਦੀਕਲਾ, ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਦੀ ਸਲਾਮਤੀ ਦੀ ਵੀ ਅਰਦਾਸ ਕੀਤੀ।
ਇਸ ਮੌਕੇ ਤੇ ਕੈਬਨਿਟ ਮੰਤਰੀ ਸ੍ਰੀ ਮੀਤ ਹੇਅਰ ਨੇ ਪੱਤਰਕਾਰਾਂ ਦੇ ਇੱਕ ਸਵਾਲ ਦਾ ਜਵਾਬ ਦਿੰਦਿਆ
ਕਿਹਾ ਕਿ ਪੰਜਾਬ ਸਰਕਾਰ ਵਲੋਂ ਜਲਦੀ ਹੀ ਮੇਲਾ ਮਾਘੀ ਦੇ ਲਈ ਸਰਕਾਰੀ ਢੁਕਵੀਂ ਥਾਂ ਦਾ ਵੀ ਪ੍ਰਬੰਧ ਕਰਨ ਦੀ ਚਾਰਾਜੋਈ ਕੀਤੀ ਜਾਵੇਗੀ।
ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ, ਸ੍ਰੀ ਉਪਿੰਦਰਜੀਤ ਸਿੰਘ ਘੁੰਮਣ ਐਸ.ਐਸ.ਪੀ., ਸ੍ਰੀ ਰਵਿੰਦਰ ਸਿੰਘ ਐਡੀਸ਼ਨਲ ਡਿਪਟੀ ਕਮਿਸ਼ਨਰ, ਸ੍ਰੀ ਕੰਵਰਜੀਤ ਸਿੰਘ ਐਸ.ਡੀ.ਐਮ., ਸ੍ਰੀ ਗੁਰਦੀਪ ਸਿੰਘ ਮਾਨ ਜਿਲ੍ਹਾ ਲੋਕ ਸੰਪਰਕ ਅਫਸਰ ਅਤੇ ਅਨਿੰਦਰਵੀਰ ਕੌਰ ਜਿ਼ਲ੍ਹਾ ਖੇਡ ਅਫਸਰ ਵੀ ਮੌਜੂਦ ਸਨ।
0 comments:
Post a Comment