punjabfly

Jan 14, 2023

1 ਅਪ੍ਰੈਲ 2022 ਤੋਂ ਜਿ਼ਲ੍ਹੇ ਵਿਚ ਨਸਿ਼ਆਂ ਖਿਲਾਫ 253 ਕੇਸ਼ ਰਜਿਸਟਰ, 385 ਦੋਸ਼ੀ ਕਾਬੂ—ਐਸਐਸਪੀ ਭੁਪਿੰਦਰ ਸਿੰਘ ਸਿੱਧੂ



—1,48,15,620 ਰੁਪਏ ਦੀ ਡਰੱਗ ਮਨੀ ਜਬਤ
ਫਾਜਿ਼ਲਕਾ, 14 ਜਨਵਰੀ
ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸਿ਼ਆਂ ਨੂੰ ਰੋਕਣ ਲਈ ਅਪਨਾਈ ਸਖ਼ਤ ਨੀਤੀ ਤਹਿਤ ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਫਾਜਿ਼ਲਕਾ ਪੁਲਿਸ ਨੇ ਨਸਿ਼ਆਂ ਖਿਲਾਫ ਵਿੱਢੀ ਮੁਹਿੰਮ ਦੇ ਸਾਰਥਕ ਨਤੀਜੇ ਨਿਕਲੇ ਰਹੇ ਹਨ। ਫਾਜਿਲ਼ਕਾ ਦੇ ਐਸ ਐਸ ਪੀ ਸ: ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਬੀਤੀ 1 ਅਪ੍ਰੈਲ 2022 ਤੋਂ ਲੈਕੇ ਹੁਣ ਤੱਕ ਜਿ਼ਲ੍ਹਾ ਪੁਲਿਸ ਵੱਲੋਂ ਨਸਿ਼ਆਂ ਖਿਲਾਫ 253 ਕੇਸ ਰਜਿਸਟਰਡ ਕਰਕੇ 385 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਐਸਐਸਪੀ ਸ: ਭੁਪਿੰਦਰ ਸਿੰਘ ਨੇ ਕਿਹਾ ਕਿ ਫਾਜਿ਼ਲਕਾ ਇਕ ਸਰਹੱਦੀ ਜਿ਼ਲ੍ਹਾ ਹੈ ਅਤੇ ਇਸਦੀ ਲੰਬੀ ਹੱਦ ਪਾਕਿਸਤਾਨ ਨਾਲ ਲੱਗਦੀ ਹੈ। ਦੁਸ਼ਮਣ ਦੇਸ਼ ਵੱਲੋਂ ਡ੍ਰੋਨ ਰਾਹੀਂ ਜਾਂ ਹੋਰ ਤਰੀਕਿਆਂ ਨਾਲ ਨਸ਼ੇ ਦੀ ਤਸਕਰੀ ਦੀਆਂ ਕੋਸਿ਼ਸਾਂ ਕੀਤੀਆਂ ਜਾਂਦੀਆਂ ਹਨ ਪਰ ਜਿ਼ਲ੍ਹਾ ਪੁਲਿਸ ਲਗਾਤਾਰ ਚੌਕਸੀ ਰੱਖ ਕੇ ਦੁ਼ਸਮਣ ਦੇਸ਼ ਦੇ ਭੈੜੇ ਇਰਾਦਿਆਂ ਨੂੰ ਨਾਕਾਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਸਿ਼ਆਂ ਦੀ ਰੋਕਥਾਮ ਲਈ ਸਖ਼ਤ ਨੀਤੀ ਤਹਿਤ ਪੁਲਿਸ ਨੂੰ ਇਸ ਮੁਹਿੰਮ ਵਿਚ ਲੋਕਾਂ ਤੋਂ ਵੀ ਭਰਪੂਰ ਸਹਿਯੋਗ ਮਿਲ ਰਿਹਾ ਹੈ।
ਐਸਐਸਪੀ ਸ: ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ 1 ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਜਿ਼ਲ੍ਹਾ ਪੁਲਿਸ ਵੱਲੋਂ 29 ਕਿਲੋ 680 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ।ਇਸੇ ਤਰਾਂ 2964 ਕਿਲੋ 500 ਗ੍ਰਾਮ ਪੋਸਤ ਵੱਖ ਵੱਖ ਮਾਮਲਿਆਂ ਵਿਚ ਜਬਤ ਕੀਤਾ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਤਾਰ ਪਾਰੋਂ ਹੈਰੋਇਨ ਭੇਜਣ ਦੀਆਂ ਦੁ਼ਸਮਣ ਦੀਆਂ ਕਈ ਕੋਸਿ਼ਸਾਂ ਨੂੰ ਨਾਕਾਮ ਕਰਦਿਆਂ ਪੁਲਿਸ ਨੇ ਇਸ ਸਮੇਂ ਦੌਰਾਨ 64 ਕਿਲੋ 178 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਵਿਚੋਂ 31 ਕਿਲੋ 42 ਗ੍ਰਾਮ ਤਾਂ ਸਾਲ 2023 ਦੇ ਦੌਰਾਨ ਹੀ ਬਰਾਮਦ ਕੀਤੀ ਹੈ।ਇਸ ਤੋਂ ਬਿਨ੍ਹਾਂ 25 ਗ੍ਰਾਮ ਸਮੈਕ ਅਤੇ 4 ਕਿਲੋ 543 ਗ੍ਰਾਮ ਗਾਂਜਾ ਵੀ ਪੁਲਿਸ ਨੇ ਫੜਿਆ ਹੈ।
ਹੋਰ ਜਾਣਕਾਰੀ ਦਿੰਦਿਆਂ ਐਸਪੀ ਡੀ ਸ: ਜੀ ਐਸ ਸੰਘਾ ਨੇ ਦੱਸਿਆ ਕਿ 166024 ਨਸ਼ੇ ਦੀਆਂ ਗੋਲੀਆਂ ਅਤੇ 382 ਸੀਸ਼ੀਆਂ ਨਸ਼ੀਲੀ ਦਵਾਈ ਦੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ 1,48,15,620 ਰੁਪਏ ਦੀ ਡਰੱਗ ਮਨੀ ਇਸ ਸਮੇਂ ਦੌਰਾਨ ਪੁਲਿਸ ਨੇ ਦੋਸ਼ੀਆਂ ਤੋਂ ਕਾਬੂ ਕੀਤੀ ਹੈ।

ਲੋਕਾਂ ਤੋਂ ਸਹਿਯੋਗ ਦੀ ਅਪੀਲ
ਐਸਐਸਪੀ ਸ: ਭੁਪਿੰਦਰ ਸਿੰਘ ਸਿੱਧੂ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜ਼ੇਕਰ ਕਿਤੇ ਵੀ ਨਸ਼ੇ ਦੀ ਖਰੀਦ ਵੇਚ ਸਬੰਧੀ ਕੋਈ ਸੂਚਨਾ ਹੋਵੇ ਤਾਂ ਲੋਕ ਬਿਨ੍ਹਾਂ ਕਿਸੇ ਡਰ ਭੈਅ ਦੇ ਇਸਦੀ ਸੂਚਨਾ ਪੁਲਿਸ ਨੂੰ ਦੇਣ। ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤਾ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਅਸੀਂ ਨਸ਼ੇ ਦੇ ਕੋਹੜ ਨੂੰ ਬਹੁਤ ਜਲਦੀ ਖਤਮ ਕਰਨ ਵਿਚ ਸਫਲ ਹੋ ਸਕਾਂਗੇ।

Share:

0 comments:

Post a Comment

Definition List

blogger/disqus/facebook

Unordered List

Support