Sep 4, 2023

ਜ਼ਿਲਾਂ ਫਾਜ਼ਿਲਕਾ ਦੇ 5 ਅਧਿਆਪਕਾਂ ਦੀ ਸਟੇਟ ਅਵਾਰਡ ਲਈ ਹੋਈ ਚੋਣ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਵਧਾਈਆਂ ਅਤੇ ਸ਼ੁਭਕਾਮਨਾਵਾਂ



ਫ਼ਾਜਿ਼ਲਕਾ- ਬਲਰਾਜ ਸਿੰਘ ਸਿੱਧੂ 

 ਸਰਹੱਦੀ ਜ਼ਿਲੇ ਫਾਜ਼ਿਲਕਾ ਦੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਟੇਟ ਐਵਾਰਡ ਹਾਸਿਲ ਕਰਨ ਵਿੱਚ ਝੰਡੀ ਰਹੀ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਡਾਂ ਸੁਖਵੀਰ ਸਿੰਘ ਬੱਲ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਨੇ ਦੱਸਿਆ ਕਿ ਬੀਪੀਈਓ ਅਬੋਹਰ 1 ਅਜੇ ਛਾਬੜਾ ਦੀ ਚੋਣ ਸਟੇਟ ਪ੍ਰਬੰਧਕੀ ਐਵਾਰਡ ਲਈ ਅਤੇ ਹੈੱਡ ਮਾਸਟਰ ਗੁਰਮੇਲ ਸਿੰਘ ਸਰਕਾਰੀ ਹਾਈ ਸਕੂਲ ਸ਼ੇਰਗੜ੍ਹ, ਈਟੀਟੀ ਅਧਿਆਪਕ ਜਗਦੀਸ਼ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਹਿੰਮਤਪੁਰਾ ,ਹੈੱਡ ਟੀਚਰ  ਸੁਨੀਲ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰ ਖੇੜਾ ਦੀ ਚੋਣ ਸਟੇਟ ਐਵਾਰਡ ਵਾਸਤੇ  ਅਤੇ ਮੈਡਮ ਸੋਨਿਕਾ ਰਾਣੀ ਮੈਥ ਮਿਸਟਰਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੀ ਚੋਣ ਯੰਗ ਟੀਚਰ ਅਵਾਰਡ ਵਾਸਤੇ ਹੋਈ ਹੈ। 

ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਕਿਹਾ ਕਿ ਫਾਜ਼ਿਲਕਾ ਜ਼ਿਲੇ ਲਈ ਇਹ ਬੜੇ ਮਾਣ  ਵਾਲੀ ਗੱਲ ਹੈ। ਸਾਰੇ ਅਧਿਆਪਕ ਸਾਥੀਆਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਅਪਣੇ ਕਿੱਤੇ ਨੂੰ ਪਿਆਰ ਕਰਨ ਦੇ ਨਾਲ ਨਾਲ ਕਰਮਭੂਮੀ ਨੂੰ ਸ਼ਿੰਗਾਰ ਕੇ ਨਵੀਆਂ ਕਿਸਮ ਦੀ ਦਿੱਖ ਦਿੱਤੀ ਸਕੂਲ ਵਿੱਚ ਪੜਦੇ ਬੱਚਿਆਂ ਨੂੰ ਗੁਣਾਤਮਕ ਤੇ ਨਵੀ ਤਕਨਾਲੋਜੀ ਦੀ ਸਿੱਖਿਆ ਨਾਲ ਜੋੜਿਆ। ਦਿਨ ਰਾਤ ਮਿਹਨਤ ਕਰਕੇ ਆਪਣੇ ਸਕੂਲ ਨੂੰ ਅਰਸ਼ਾਂ ਤੱਕ ਪਹੁੰਚਾਇਆ ਹੈ। ਜਿਕਰਯੋਗ ਹੈ ਕਿ ਇਹਨਾਂ ਅਧਿਆਪਕਾਂ ਨੇ ਸਿੱਖਿਆ ਦੇ ਨਾਲ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਵੱਡੇ ਪੱਧਰ ਤੇ ਕੰਮ ਕਰਕੇ ਨਾਮ ਕਮਾਇਆ ਹੈ।

 ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਬੁੱਧੀਜੀਵੀ ਵਰਗ ਦੇ ਸਮੁੰਦਰ ਵਿੱਚੋ ਮੋਤੀ ਚੁਗ ਕੇ ਉਹਨਾਂ ਦਾ ਮਾਨ ਸਨਮਾਨ ਬਿਨਾਂ ਕਿਸੇ ਪੱਖਪਾਤ ਤੋ ਕੀਤਾ ਹੈ।

 ਸੂਬਾ ਸਲਾਹਕਾਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ , ਡਾਇਟ ਪ੍ਰਿੰਸੀਪਲ ਡਾਂ ਰਚਨਾ, ਡੀਐਮ ਗੌਤਮ ਗੌੜ੍ਹ , ਬੀਪੀਈਓ ਸਤੀਸ਼ ਮਿਗਲਾਨੀ,ਨਰਿੰਦਰ ਸਿੰਘ, ਪ੍ਰਮੋਧ ਕੁਮਾਰ,ਸੁਨੀਲ ਕੁਮਾਰ, ਜਸਪਾਲ ਸਿੰਘ ,ਮੈਡਮ ਸ਼ੁਸ਼ੀਲ ਕੁਮਾਰੀ, ਪ੍ਰਿਸੀਪਲ ਹਰੀ ਚੰਦ ਕੰਬੋਜ , ਡੀਐਸਐਮ ਪ੍ਰਦੀਪ ਕੰਬੋਜ,ਏਸੀਐਸਐਸ ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ,ਪ੍ਰਿਸੀਪਲ ਸੁਖਦੇਵ ਗਿੱਲ,ਪ੍ਰਿਸੀਪਲ ਸੁਤੰਤਰ ਪਾਠਕ,ਹੈੱਡ ਮਾਸਟਰ ਸਤਿੰਦਰ ਸਚਦੇਵਾ ਅਧਿਆਪਕ  ਆਗੂ ਕੁਲਦੀਪ ਸਿੰਘ ਸੱਬਰਵਾਲ, ਸਿਮਲਜੀਤ ਸਿੰਘ,ਸਵੀਕਾਰ ਗਾਂਧੀ, ਦਪਿੰਦਰ ਢਿੱਲੋਂ, ਪ੍ਰੇਮ ਕੰਬੋਜ਼, ਸਤਿੰਦਰ ਸਚਦੇਵਾ,ਇਨਕਲਾਬ ਗਿੱਲ, ਗਗਨਦੀਪ ਕੰਬੋਜ਼, ਸੁਖਵਿੰਦਰ ਸਿੰਘ ਸਿੱਧੂ, ਸਤਿੰਦਰ ਕੰਬੋਜ, ਸੁਨੀਲ ਗਾਂਧੀ, ਸੁਖਦੇਵ ਸਿੰਘ, ਜਗਨੰਦਨ ਸਿੰਘ, ਅਸ਼ੋਕ ਸਰਾਰੀ,

 ਧਰਮਿੰਦਰ ਗੁਪਤਾ, ਦਲਜੀਤ ਸਿੰਘ ਸੱਬਰਵਾਲ, ਬਲਵਿੰਦਰ ਸਿੰਘ

 ਭਗਵੰਤ ਭਠੇਜਾ, ਪਰਮਜੀਤ ਸਿੰਘ ਸ਼ੋਰੇਵਾਲਾ,ਨਿਸ਼ਾਤ ਅਗਰਵਾਲ ਮਹਿੰਦਰ ਕੌੜਿਆਂਵਾਲੀ, ਸੁਰਿੰਦਰ ਕੰਬੋਜ, ਸੁਖਵਿੰਦਰ ਸਿੰਘ, ਰਾਜਿੰਦਰ ਸਿੰਘ ਬਰਾੜ ਨੇ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਜ਼ਿਲਾਂ ਫਾਜ਼ਿਲਕਾ ਦੇ ਸਾਰੇ ਅਧਿਆਪਕਾਂ ਨੂੰ ਵਧਾਈਆਂ, ਚੰਗੇ ਭਵਿੱਖ ਅਤੇ  ਹੋਰ ਤਰੱਕੀਆਂ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

Sep 1, 2023

ਜ਼ਿਲ੍ਹਾ ਖੇਡ ਕਮੇਟੀ ਦੀ ਮੀਟਿੰਗ ਕਰਕੇ ਕਲੱਸਟਰ ਅਤੇ ਬਲਾਕ ਪੱਧਰੀ ਖੇਡਾਂ ਦੀਆਂ ਮਿੱਤੀਆ ਦਾ ਕੀਤਾ ਐਲਾਨ




ਖੇਡ ਪਾਲਿਸੀ 2022-23 ਅਨੁਸਾਰ ਕਰਵਾਇਆ ਜਾਣਗੀਆਂ ਜ਼ਿਲ੍ਹਾ ਪ੍ਰਾਇਮਰੀ ਖੇਡਾਂ -ਡੀਈਓ ਦੌਲਤ ਰਾਮ 


ਪ੍ਰਾਇਮਰੀ ਸਕੂਲ ਖੇਡਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਣ ਲਈ ਜ਼ਿਲ੍ਹਾ ਖੇਡ ਕਮੇਟੀ ਨਿਭਾਏਗੀ ਅਹਿਮ ਭੂਮਿਕਾ 

ਫ਼ਾਜਿ਼ਲਕਾ - ਬਲਰਾਜ ਸਿੰਘ ਸਿੱਧੂ 

ਜ਼ਿਲ੍ਹਾ ਫ਼ਾਜ਼ਿਲਕਾ ਦੀਆ ਪ੍ਰਾਇਮਰੀ‌ ਸਕੂਲ ਖੇਡਾਂ 2023-24 ਦੇ ਸੰਚਾਲਨ ਲਈ ਅੱਜ ਜ਼ਿਲ੍ਹਾ ਖੇਡ ਕਮੇਟੀ ਦੀ ਜ਼ਰੂਰੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਹੋਈ। ਜਿਸ ਵਿੱਚ ਵੱਖ ਵੱਖ ਬਲਾਕਾਂ ਦੇ ਬੀਪੀਈਓ ਅਤੇ ਜ਼ਿਲ੍ਹਾ ਖੇਡ ਕਮੇਟੀ ਦੇ ਮੈਂਬਰਾਂ ਨੇ ਭਾਗ ਲਿਆ।ਜਿਸ ਵਿੱਚ ਕਲੱਸਟਰ ਅਤੇ ਬਲਾਕ ਪੱਧਰੀ ਖੇਡਾਂ ਦੀਆਂ ਮਿੱਤੀਆ ਦਾ ਐਲਾਨ ਕੀਤਾ ਗਿਆ। 

ਕਲੱਸਟਰ ਪੱਧਰੀ ਖੇਡਾਂ 17 ਸਤੰਬਰ ਤੋਂ 23 ਸਤੰਬਰ ਤੱਕ ਅਤੇ ਬਲਾਕ ਪੱਧਰੀ ਖੇਡਾਂ 24 ਸਤੰਬਰ ਤੋ 30 ਸਤੰਬਰ ਤੱਕ ਕਰਵਾਉਣ ਦਾ ਫੈਸਲਾ ਕੀਤਾ ਗਿਆ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏਈਓ ਪੰਕਜ਼ ਕੰਬੋਜ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਜ਼ਿਲ੍ਹਾ ਪੱਧਰੀ ਖੇਡ ਮਿੱਤੀਆ ਦਾ ਵੀ ਜਲਦੀ ਐਲਾਨ ਕਰ ਦਿੱਤਾ ਜਾਵੇਗਾ। 

ਡੀਈਓ ਦੌਲਤ ਰਾਮ ਨੇ ਦੱਸਿਆ ਕਿ 

ਜ਼ਿਲ੍ਹਾ ਪੱਧਰੀ ਖੇਡਾਂ ਦੇ ਸੰਚਾਲਨ ਲਈ ਬੀਪੀਈਓ ਸੁਨੀਲ ਕੁਮਾਰ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।ਖੇਡ ਪਾਲਿਸੀ 2022-23 ਅਨੁਸਾਰ ਪ੍ਰਾਇਮਰੀ ਸਕੂਲ ਖੇਡਾਂ ਲਈ 15 ਖੇਡਾਂ ਦੀ ਚੋਣ ਕੀਤੀ ਗਈ ਹੈ। ਜ਼ਿਲ੍ਹਾ ਪੱਧਰੀ ਖੇਡਾਂ ਦੇ ਸੰਚਾਲਨ ਲਈ ਹਰ ਖੇਡ ਲਈ ਤਿੰਨ ਤਿੰਨ ਅਧਿਆਪਕਾਂ ਦੀ ਵਿਸ਼ੇਸ਼ ਡਿਊਟੀ ਲਗਾਈ ਜਾਵੇਗੀ।

ਇਸ ਮੌਕੇ ਤੇ ਬੀਪੀਈਓ  ਸੁਨੀਲ ਕੁਮਾਰ, ਬੀਪੀਈਓ ਅਜੇ ਛਾਬੜਾ, ਬੀਪੀਈਓ ਭਾਲਾ ਰਾਮ,ਸੀਐਚਟੀ ਸੁਭਾਸ਼ ਕਟਾਰੀਆਂ, ਦੁਪਿੰਦਰ ਢਿੱਲੋਂ,ਸਤਿੰਦਰ ਕੰਬੋਜ, ਮੈਡਮ ਮਮਤਾ ਸਚਦੇਵਾ ਸਟੇਟ ਅਵਾਰਡੀ ,ਰਾਜੀਵ ਚਗਤੀ, ਰਜਿੰਦਰ ਕੁਮਾਰ,ਰਾਮ ਕੁਮਾਰ,ਮੈਡਮ ਅਦਿੱਤੀ ਅਨੇਜਾ‌ ਅਤੇ ਸੁਰਿੰਦਰ ਕੰਬੋਜ ਮੌਜੂਦ ਸਨ।

ਫਿ਼ਲਮ ਮਸਤਾਨੇ ਵਿਚ ਅਦਾਕਾਰੀ ਕਰਨ ਵਾਲੇ ਇਸ ਸਖ਼ਸ਼ ਦਾ ਹੋਇਆ ਸਨਮਾਨ


 

ਫ਼ਾਜਿ਼ਲਕਾ ਬਲਰਾਜ ਸਿੰਘ ਸਿੱਧੂ 

ਫਿਲਮ ਮਸਤਾਨੇ ਦੇ ਅਦਾਕਾਰ ਬਿੰਦੂ ਭੁੱਲਰ ਨੂੰ ਇਲਾਕੇ ਦੇ ਮਹਾਂ ਪੁਰਸ਼ ਸੰਤ ਬਾਬਾ ਪ੍ਰੇਮ ਸਿੰਘ ਜੀ ਵੱਲੋਂ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ

ਸਿੱਖ ਇਤਿਹਾਸ ਨਾਲ ਸੰਬੰਧਿਤ ਬਣੀ ਫਿਲਮ ਮਸਤਾਨੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸੀ ਪਰ ਆਖਿਰਕਾਰ ਇਹ  ਫਿਲਮ ਪਿੱਛਲੇ ਦਿਨੀ 25 ਅਗਸਤ ਨੂੰ ਸਿਨੇਮਾਘਰਾਂ ਵਿੱਚ ਵੱਡੇ ਪਰਦੇ ਤੇ ਰਿਲੀਜ਼ ਹੋ ਗਈ | 

ਜ਼ਿਕਰਯੋਗ ਹੈ ਕਿ ਫ਼ਿਲਮ ਨੂੰ ਵੇਖਣ ਦਾ ਉਤਸ਼ਾਹ ਜਿੱਥੇ ਦੁਨੀਆਂ ਭਰ ਵਿੱਚ ਸੀ ਉੱਥੇ ਫਿਲਮ ਦੇ ਆਉਣ ਦਾ ਇੰਤਜ਼ਾਰ ਜ਼ਿਲ੍ਹਾ ਫਾਜ਼ਿਲਕਾ ਦੇ ਰਹਿਣ ਵਾਲੇ ਲੋਕ ਵੀ ਬੇਸਬਰੀ ਨਾਲ਼ ਕਰ ਰਹੇ ਸਨ, ਕਿਉਂਕਿ ਇਸ ਇਲਾਕੇ ਦੇ ਜੰਮਪਲ ਅਦਾਕਾਰ ਬਿੰਦੂ ਭੁੱਲਰ ਵੀ ਇਸ ਫਿਲਮ ਦਾ ਹਿੱਸਾ ਹੋਣ ਕਰਕੇ ਸਭ ਮਸਤਾਨੇ ਫਿਲਮ ਨੂੰ ਵੇਖਣ ਲਈ ਉਤਾਵਲੇ ਸਨ। ਇਲਾਕ਼ਾ ਨਿਵਾਸੀਆਂ ਵੱਲੋਂ ਫਿਲਮ ਮਸਤਾਨੇ ਦੇ ਨਾਲ ਨਾਲ ਬਿੰਦੂ ਭੁੱਲਰ ਵੱਲੋਂ ਕੀਤੇ ਗਏ ਰੋਲ ਨੂੰ ਵੀ ਬਹੁਤ ਪਸੰਦ ਕੀਤਾ ਗਿਆ।

ਇਸ ਦੇ ਸਿੱਟੇ ਵਜੋਂ ਇਲਾਕੇ ਦੇ ਸ਼੍ਰੀ ਮਾਨ 108 ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਜੀ ਦੀ ਅੰਸ਼ ਬੰਸ਼ ਡੇਰਾ ਮੁਖੀ ਸੰਤ ਬਾਬਾ ਪ੍ਰੇਮ ਸਿੰਘ ਜੀ

ਨੇ ਅਦਾਕਾਰ ਬਿੰਦੂ ਭੁੱਲਰ ਨੂੰ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਅਤੇ ਹਮੇਸ਼ਾਂ ਚੜ੍ਹਦੀ ਵਿੱਚ ਰਹਿਣ ਦਾ ਆਸ਼ੀਰਵਾਦ ਦਿੱਤਾ। 

ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਕਿਹਾ ਕਿ ਬਹੁਤ ਚੰਗੀ ਗੱਲ ਹੈ ਸਿੱਖ ਕੌਮ ਨਾਲ ਸਬੰਧਿਤ ਫਿਲਮ ਮਸਤਾਨੇ ਵਿੱਚ ਇਸ ਇਲਾਕੇ ਦੇ ਬੱਚੇ ਬਿੰਦੂ ਭੁੱਲਰ ਨੇ ਅਦਾਕਾਰੀ ਕੀਤੀ ਹੈ।

ਬਾਬਾ ਜੀ ਨੇ ਕਿਹਾ ਕਿ ਮਸਤਾਨੇ ਫਿਲਮ ਬਣਾਕੇ ਸਾਰੀ ਟੀਮ ਨੇ ਉਤਮ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਗੇ ਹੋਰ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਜੋਂ ਆਪਣੇ ਸਿੱਖ ਇਤਿਹਾਸ ਦੀ ਅਣਗਿਣਤ ਵਿਰਾਸਤ ਨੂੰ ਉਜਾਗਰ ਕਰਨ। 

ਉਨ੍ਹਾਂ ਕਿਹਾ ਕਿ ਪੰਜਾਬ ਸੂਰਬੀਰ ਬਹਾਦਰਾਂ ਯੋਧਿਆਂ ਦੀ ਧਰਤੀ ਹੈ, ਇਸ ਲਈ ਅੱਗੇ ਵੀ ਫਿਲਮ ਲੇਖ਼ਕਾਂ ਅਤੇ ਡਾਇਰੈਕਟਰਾਂ ਨੂੰ ਸਿੱਖ ਇਤਿਹਾਸ ਤੇ ਹੋਰ ਫ਼ਿਲਮਾਂ ਬਣਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜ਼ੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਚੰਗਾ ਸਿਨੇਮਾ ਵੇਖਕੇ ਸਿੱਖ ਇਤਿਹਾਸ ਤੋਂ ਜਾਣੂ ਰਹਿਣ।

ਸੇਵਾਦਾਰ ਬਾਬਾ ਸੋਹਣ ਸਿੰਘ ਜੀ ਅਤੇ ਬਾਬਾ ਮੋਹਣ ਸਿੰਘ ਜੀ ਨੇ ਫਿਲਮ ਦੇ ਡਾਇਰੈਕਟਰ ਸ਼ਰਨ ਆਰਟ ਦੀ ਸਾਰੀ ਟੀਮ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਸਿੱਖ ਕੌਮ ਤੇ ਮਸਤਾਨੇ ਫਿਲਮ ਬਣਾਕੇ ਸਭ ਨੇ ਬਹੁਤ ਵਧੀਆ ਉੱਦਮ ਕੀਤਾ ਹੈ।

ਸਮਾਜਸੇਵੀ ਅਤੇ ਅਦਾਕਾਰ ਭੋਲਾ ਲਾਇਲਪੁਰੀਆ ਨੇ ਕਿਹਾ ਕਿ ਸਾਡੇ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਸਿੱਖ ਇਤਿਹਾਸ ਦੀ ਗਾਥਾ ਨੂੰ ਬਿਆਨ ਕਰਦੀ ਫਿਲਮ ਮਸਤਾਨੇ ਵਿੱਚ ਸਾਡੇ ਇਲਾਕੇ ਦੇ ਨੌਜਵਾਨ ਅਦਾਕਾਰ ਬਿੰਦੂ ਭੁੱਲਰ ਨੇ ਵਧੀਆ ਅਦਾਕਾਰੀ ਕੀਤੀ ਹੈ। ਲਾਇਲਪੁਰੀਆ ਨੇ ਕਿਹਾ ਕਿ ਅਸੀਂ ਹਮੇਸ਼ਾਂ ਹੀ ਭੁੱਲਰ ਵਰਗੇ ਹੋਣਹਾਰ ਬੱਚਿਆਂ ਨਾਲ ਖੜ੍ਹੇ ਹਾਂ ਜੋ ਆਪਣੇ ਇਲਾਕੇ ਦਾ ਨਾਂਅ ਰੌਸ਼ਨ ਕਰਨ।

ਇਸ ਮੌਕੇ ਸੇਵਾਦਾਰ ਬਾਬਾ ਸੋਹਣ ਸਿੰਘ ਜੀ,ਬਾਬਾ ਮੋਹਣ ਸਿੰਘ ਜੀ, ਸਮਾਜਸੇਵੀ ਅਤੇ ਅਦਾਕਾਰ ਭੋਲਾ ਲਾਇਲਪੁਰੀਆ, ਰਮਨ ਭੁੱਲਰ ਪੰਨੀ ਵਾਲਾ, ਸਤਨਾਮ ਸਿੰਘ ਸਰਪੰਚ ਢਿੱਪਾ ਵਾਲੀ, ਮੁੱਖਪਾਲਦੀਪ ਸਿੰਘ ਲਾਡੀ ਪਾਕਾਂ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

Aug 30, 2023

ਜ਼ਿਲ੍ਹਾ ਫ਼ਾਜ਼ਿਲਕਾ ਦੇ ਸਮੂਹ ਬਲਾਕਾਂ ਦੇ ਵੱਖ ਵੱਖ ਸਕੂਲਾਂ ਵਿੱਚ ਕਰਵਾਏ ਜਾ ਰਹੇ ਨੇ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ




ਨਿੱਕਿਆਂ ਵੱਲੋਂ ਵੱਖ ਵੱਖ ਗਤੀਵਿਧੀਆਂ ਰਾਹੀ ਸਮਾਜ ਨੂੰ ਦਿੱਤਾ ਜਾ ਰਿਹਾ ਹੈ ਸਾਰਥਕ ਸੁਨੇਹਾ


 ਫ਼ਾਜ਼ਿਲਕਾ - ਬਲਰਾਜ ਸਿੰਘ ਸਿੱਧੂ 


ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾਂ ਸੇਨੂੰ ਦੁਗਲ ਦੀ ਪ੍ਰੇਰਨਾ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਸਮੂਹ ਬਲਾਕਾਂ ਦੇ ਵੱਖ ਵੱਖ ਸਕੂਲਾਂ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਬੀਪੀਈਓ ਫਾਜ਼ਿਲਕਾ 2 ਪ੍ਰਮੋਦ ਕੁਮਾਰ ਅਤੇ ਬੀਪੀਈਓ ਅਬੋਹਰ 1 ਅਜੇ ਛਾਬੜਾ ਨੇ ਦੱਸਿਆ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਪ੍ਰੋਗਰਾਮਾਂ ਨੂੰ ਅੱਗੇ ਵਧਾਉਂਦਿਆਂ ਸਮੂਹ ਪ੍ਰਇਮਰੀ ਸਕੂਲ ਦੇ ਅਧਿਆਪਕਾਂ ਅਤੇ ਨਿੱਕੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਪ੍ਰੇਰਨਾਤਮਕ ਪ੍ਰੋਗਰਾਮਾ ਰਾਹੀਂ ਸਮਾਜ ਨੂੰ ਸਾਰਥਕ ਸੁਨੇਹਾ ਦਿੱਤਾ ਜਾ ਰਿਹਾ ਹੈ। 



ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਲਾਕ ਖੂਈਆਂ ਸਰਵਰ ਦੇ ਬੀਪੀਈਓ ਸਤੀਸ਼ ਮਿਗਲਾਨੀ ਅਤੇ ਬਲਾਕ ਫਾਜ਼ਿਲਕਾ 1ਦੇ ਬੀਪੀਈਓ ਸੁਨੀਲ ਕੁਮਾਰ ਨੇ ਕਿਹਾ ਕਿ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕਾਂ, ਪੇਂਟਿੰਗ, ਕੋਰਿਓਗ੍ਰਾਫੀ ਅਤੇ  ਭਾਵੁਕ ਤਕਰੀਰਾਂ ਰਾਹੀਂ ਸਮਾਜ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜ਼ੋ ਸਾਰਿਆਂ ਦੇ ਸਾਝੇ ਯਤਨਾਂ ਨਾਲ ਸਾਡੇ ਸਮਾਜ ਦੇ ਮੱਥੇ ਤੋਂ ਨਸ਼ਿਆਂ ਰੂਪੀ ਕਲੰਕ ਨੂੰ ਲਾਹ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।



ਇਹਨਾਂ ਪ੍ਰੋਗਰਾਮਾਂ ਤਹਿਤ ਬਲਾਕ ਫਾਜ਼ਿਲਕਾ 2 ਦੇ ਸਰਕਾਰੀ ਪ੍ਰਾਇਮਰੀ ਸਕੂਲ ਆਸਫ਼ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਅਮਰਪੁਰਾ,ਚੂਹੜੀ ਵਾਲਾ ਚਿਸ਼ਤੀ, ਬਲਾਕ ਫਾਜ਼ਿਲਕਾ 1 ਦੇ ਸਰਕਾਰੀ ਪ੍ਰਾਇਮਰੀ ਸਕੂਲ ਚੁਆੜਿਆਵਾਲੀ, ਢਾਣੀ ਅਰਜਨ ਰਾਮ,ਜੌੜਕੀ ਅੰਧੇ ਵਾਲੀ,ਚਾਹਲਾਂ ਵਾਲੀ,ਚੱਕ ਡੱਬ ਵਾਲਾ, ਬਲਾਕ ਖੂਈਆਂ ਸਰਵਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਖਿਓਵਾਲੀ,ਝੁਰੜਖੇੜਾ,ਸੱਯਦਵਾਲੀ,ਢਾਣੀ ਮਾਡਲਾਂ,ਖਿੱਪਾਵਾਲੀ,ਬਲਾਕ ਅਬੋਹਰ 1ਦੇ ਸਰਕਾਰ ਪ੍ਰਾਇਮਰੀ ਸਕੂਲ ਏਕਤਾ ਕਲੋਨੀ,ਸੀਡੀ ਫਾਰਮ ਪੱਕਾ ਅਤੇ ਅਜੀਤ ਨਗਰ ਸਾਹਿਤ ਹੋਰ ਸਕੂਲ ਵਿੱਚ ਵੀ ਵੱਖ ਵੱਖ ਗਤੀਵਿਧੀਆਂ ਰਾਹੀ ਨਸ਼ਾ ਵਿਰੋਧੀ ਜਾਗਰੂਕਤਾ ਦਾ ਪ੍ਰਚਾਰ ਕੀਤਾ ਗਿਆ।

Aug 28, 2023

ਪਾਵਰਕਾਮ ਦੇ ਜੇਈ ਦਾ ਕਾਰਨਾਮਾ



ਵਿਜੀਲੈਂਸ ਨੇ ਪਾਵਰਕਾਮ ਦੇ ਜੇ ਈ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥ  ਕੀਤਾ ਗ੍ਰਿਫਤਾਰ

ਸ੍ਰੀ ਮੁਕਤਸਰ ਸਾਹਿਬ 28 ਅਗਸਤ
ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ  ਗੁਰਭੇਜ ਸਿੰਘ ਪੁੱਤਰ ਪੂਰਨ ਸਿੰਘ ਨੇ ਵਿਭਾਗ ਪਾਸ ਸਿ਼ਕਾਇਤ  ਦਰਜ ਕਰਵਾਈ ਸੀ ਕਿ ਕਿਸੇ ਕੇਸ ਨੂੰ ਰਫਾ ਦਫਾ ਕਰਨ ਲਈ ਪਾਵਰ ਕਾਮ ਦੇ ਮੁਲਜਮ  ਜੇ.ਈ. ਸਤਨਾਮ ਸਿੰਘ ਵਲੋਂ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਮੁਲਜ਼ਮ ਨੂੰ ਵਿਜੀਲੈਂਸ ਦੀ ਸਮੁੱਚੀ ਟੀਮ ਇੰਸਪੈਕਟਰ ਅਮਨਦੀਪ ਸਿੰਘ, ਇੰਸਪੈਕਟਰ ਰੁਪਿੰਦਰਪਾਲ ਕੌਰ, ਸਬ ਇੰਸਪੈਕਟਰ ਸੁਖਮੰਦਰ ਸਿੰਘ ਏ.ਐਸ.ਆਈ ਨਰਿੰਦਰਪਾਲ ਕੌਰ, ਏ.ਐਸ.ਆਈ. ਮੁਖਤਿਆਰ ਸਿੰਘ  ਮੁੱਖ ਮੁਨਸੀ ਗੁਰਤੇਜ਼ ਸਿੰਘ, ਰੀਡਰ ਜਗਦੀਪ ਸਿੰਘ, ਐਚ.ਸੀ. ਕਰਨੈਲ ਸਿੰਘ, ਐਚ.ਸੀ. ਗੁਰਕੀਰਤ ਸਿੰਘ ਸਿਪਾਹੀ ਰਣਜੀਤ ਸਿੰਘ, ਸੁਖਚੈਨ ਸਿੰਘ ਸਮੇਤ ਸਰਕਾਰੀ ਗਵਾਹ ਦੀ ਹਜ਼ਾਰ ਵਿੱਚ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥੀ ਕਾਬੂ ਕਰ ਲਿਆ ਹੈ।
                              ਦੋਸ਼ੀ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਉਰੋ ਦੇ ਥਾਣਾ ਬਠਿੰਡਾ ਰੇਂਜ਼ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

Aug 27, 2023

ਕੁੰਡਲ ਦੇ ਵਾਟਰ ਵਰਕਸ ਕੀਤਾ ਖਾਲ੍ਹੀ, ਜਲ ਸਪਲਾਈ ਵਿਭਾਗ ਟੈਂਕਿਆਂ ਤੇ ਪਾਇਪਾਂ ਦੀ ਕਰ ਰਿਹਾ ਹੈ ਸਾਫ


—ਸਿਹਤ ਵਿਭਾਗ ਦੀ ਟੀਮ ਵੀ ਪਿੰਡ ਪੁੱਜੀ
—ਪੂਰੀ ਤਰਾਂ ਸਾਫ ਕਰਨ ਤੋਂ ਬਾਅਦ ਪਾਣੀ ਦੀ ਜਾਂਚ ਕਰਵਾ ਕੇ ਹੀ ਦਿੱਤੀ ਜਾਵੇਗੀ ਪਾਣੀ ਦੀ ਸਪਲਾਈ
ਅਬੋਹਰ (ਫਾਜਿਲਕਾ) 27 ਅਗਸਤ
ਅਬੋਹਰ ਉਪਮੰਡਲ ਦੇ ਪਿੰੰਡ ਕੁੰਡਲ ਵਿਚ ਵਾਟਰ ਵਰਕਸ ਦੇ ਪਾਣੀ ਵਿਚ ਕਿਸੇ ਸ਼ਰਾਰਤੀ ਅਨਸਰ ਵੱਲੋਂ ਜਹਿਰੀਲੀ ਵਸਤੂ ਪਾਉਣ ਦੀ ਸੂਚਨਾ ਮਿਲਣ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਟੀਮ ਵੱਲੋਂ ਪਿੰਡ ਦੇ ਵਾਟਰ ਵਰਕਸ ਨੂੰ ਖਾਲੀ ਕਰਵਾਉਣ ਦੇ ਨਾਲ ਨਾਲ ਲੋਕਾਂ ਦੇ ਘਰਾਂ ਵਿਚ ਸਟੋਰ ਕੀਤਾ ਪਾਣੀ ਦੀ ਵਰਤੋਂ ਨਾ ਕਰਨ ਲਈ ਵੀ ਸਮੂਹ ਪਿੰਡ ਵਾਸੀਆਂ ਨੂੰ ਜਾਗਰੂਕ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਇਸ ਸਬੰਧੀ ਵਿਭਾਗ ਦੀਆਂ ਟੀਮਾ ਨੂੰ ਘਰ ਘਰ ਭੇਜਿਆ ਗਿਆ ਹੈ। ਇਸੇ ਤਰਾਂ ਪਿੰਡ ਵਿਚ ਸਿਹਤ ਵਿਭਾਗ ਦੀ ਟੀਮ ਵੀ ਤਾਇਨਾਤ ਕੀਤੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਅਜਿਹੀ ਹਰਕਤ ਕਰਨ ਵਾਲੇ ਅਨਸਰ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਹੋਰ ਦੱਸਿਆ ਕਿ ਵਿਭਾਗ ਹੁਣ ਵਾਟਰ ਵਰਕਸ ਦੇ ਟੈਂਕਾਂ ਅਤੇ ਪਾਣੀ ਦੀ ਸਪਲਾਈ ਵਾਲੀਆਂ ਪਾਇਪਾਂ ਦੀ ਸੁਪਰ ਕਲੋਰੀਨੇਸ਼ਨ ਨਾਲ ਸਫਾਈ ਕਰ ਰਿਹਾ ਹੈ। ਇਸ ਤੋਂ ਬਾਅਦ ਪਾਣੀ ਦੇ ਨਮੂਨਿਆਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਇਸਤੋਂ ਬਾਅਦ ਹੀ ਲੋਕਾਂ ਨੂੰ ਪਾਣੀ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਇਹ ਕੰਮ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ।

ਫ਼ਾਜ਼ਿਲਕਾ ਦੇ ਪ੍ਰਤਾਪ ਬਾਗ ਵਿਚ ਬੱਚਿਆਂ ਲਈ ਪੀਂਘ ਭੰਗੂੜੇ ਵਾਲੀ ਥਾਂ ਤੇ ਭਰਿਆ ਪਾਣੀ

fazilka partap bag a


-ਪਾਰਕ ਅੰਦਰ ਕੰਧਾਂ ਦੇ ਨਾਲ ਘਾਹ ਫੂਸ ਉੱਘ ਕੇ ਬਣਿਆ ਜੰਗਲ 

ਬਲਰਾਜ ਸਿੰਘ ਸਿੱਧੂ  

ਫ਼ਾਜ਼ਿਲਕਾ, 27 ਅਗਸਤ 

ਇੱਥੋਂ ਦਾ ਲੋਕਾਂ ਦੇ ਸੈਰ ਅਤੇ ਘੁੰਮਣ ਲਈ ਬਣਿਆ ਪ੍ਰਤਾਪ ਬਾਗ ਅੱਜਕੱਲ੍ਹ ਕਿਸੇ ਜੰਗਲ ਤੋਂ ਘੱਟ ਨਹੀਂ ਲੱਗਦਾ। ਜਿੱਥੇ ਕੰਧਾਂ ਦੇ ਨਾਲ ਘਾਹ ਫੂਸ ਉੱਘ ਗਿਆ ਹੈ ਅਤੇ ਬੱਚਿਆਂ ਦੇ ਲਈ ਪੀਂਘ ਭੰਗੂੜਿਆਂ ਵਾਲੀ ਥਾਂ ਤੇ ਪਾਣੀ ਭਰ ਗਿਆ ਹੈ। ਇਸ ਸਬੰਧੀ ਪਾਰਕ ਸੁਧਾਰ ਕਮੇਟੀ ਵਲੋਂ ਸਮੇਂ ਸਮੇਂ ਤੇ ਇਸ ਸਬੰਧੀ ਜਾਣੂੰ ਕਰਵਾਇਆ ਜਾਂਦਾ ਰਿਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਜਾਂਦਾ ਰਿਹਾ ਹੈ। ਪਰ ਇਸ ਤੇ ਕੋਈ ਕਾਰਵਾਈ ਨਹੀਂ ਹੋਈ। ਪ੍ਰਤਾਪ ਬਾਗ ਫਾਜਿਲਕਾ ਦੀ ਸੁਧਾਰ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਖੁੰਗਰ,  ਜਨਰਲ ਸਕੱਤਰ  ਦਰਸ਼ਨ ਕਮਰਾ , ਉੱਪ ਪ੍ਰਧਾਨ ਰਾਕੇਸ਼ ਗੁਗਲਾਨੀ, ਜੀਤ ਸਿੰਘ ਛਾਬੜਾ , ਸੁਰਿੰਦਰ  ਵਾਟਸ, ਖਜਾਨਚੀ ਨੀਰਜ ਗੁਪਤਾ , ਰਾਮ ਪ੍ਰਕਾਸ਼  ਸ਼ਰਮਾ, ਮਾਸਟਰ  ਸਤਨਾਮ ਸਿੰਘ  ਨੇ ਅੱਜ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਤੋਂ ਮੰਗ ਕੀਤੀ ਕਿ ਪਾਰਕ ਨੂੰ ਸੁੰਦਰ ਤੇ ਸਾਫ਼ ਸੁਥਰਾ ਬਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ  ਦਖਲ ਦੇਵੇ , ਸ੍ਰੀ ਖੁੰਗਰ  ਨੇ ਜਿਲਾ ਪ੍ਰਸ਼ਾਸਨ  ਤੋ ਮੰਗ ਕੀਤੀ ਕਿ ਪਾਰਕ ਦੀ ਮਾੜੀ ਹਾਲਤ ਨੂੰ ਠੀਕ  ਕਰਨ ਲਈ  ਅਧਿਕਾਰੀ ਖੁਦ ਦੌਰਾ ਕਰਨ ਤੇ  ਸਵੇਰੇ ਸਵੇਰੇ ਸੈਰ ਤੇ ਆਏ ਲੋਕਾ ਨਾਲ ਸੰਵਾਦ ਕਰਨ ਤੇ ਮੁਸ਼ਕਲਾ ਦੂਰ ਕਰਨ ਲਈ ਪ੍ਰਸ਼ਾਸਨ ਨੂੰ ਪੁਖ਼ਤਾ ਕਦਮ ਚੁੱਕਣੇ ਚਾਹੀਦੇ ਹਨ। ਆਗੂਆਂ ਨੇ ਕਿਹਾ ਕਿ ਸਵੇਰੇ ਸੈਰ ਕਰਨ ਵਾਲੇ ਆਉਣ ਵਾਲੇ ਲੋਕਾਂ ਦੀਆਂ ਅੱਖਾਂ ਵਿਚ ਇੱਥੇ ਦਰਖੱਤਾਂ ਦੀਆਂ ਟਹਿਣੀਆਂ ਵੱਜਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਪਾਸੇ ਪ੍ਰਸ਼ਾਸਨ ਨੂੰ ਜਲਦ ਧਿਆਨ ਦੇਣਾ ਚਾਹੀਦਾ ਹੈ। 


ਸਰਕਾਰੀ ਪ੍ਰਾਇਮਰੀ ਸਕੂਲ ਕੋਠਾ ਦੇ ਵਿਦਿਆਰਥੀਆਂ ਰਹੇ ਵਿਕਰਮਜੀਤ ਨੂੰ ਰੇਲਵੇ ਵਿੱਚ ਨੌਕਰੀ ਮਿਲਣ ਤੇ ਸਕੂਲ ਸਟਾਫ ਵੱਲੋਂ ਕੀਤਾ ਗਿਆ ਸਨਮਾਨਿਤ




ਵਿਕਰਮਜੀਤ ਨੇ ਆਪਣੇ ਸਕੂਲ,ਪਿੰਡ ਅਤੇ ਮਾਪਿਆਂ ਦਾ ਨਾਂ ਕੀਤਾ ਰੋਸ਼ਨ - ਰਵਿੰਦਰ ਕੁਮਾਰ

 ਫ਼ਾਜਿ਼ਲਕਾ - ਬਲਰਾਜ ਸਿੰਘ ਸਿੱਧੂ 

ਬਲਾਕ ਫਾਜ਼ਿਲਕਾ 2 ਦੇ ਸਕੂਲ ਕੋਠਾ ਦੇ ਵਿਦਿਆਰਥੀਆਂ ਰਹੇ ਵਿਕਰਮਜੀਤ ਨੂੰ ਰੇਲਵੇ ਵਿੱਚ ਨੌਕਰੀ ਮਿਲਣ ਤੇ ਸਕੂਲ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਰਵਿੰਦਰ ਕੁਮਾਰ ਨੇ ਕਿਹਾ ਕਿ ਵਿਕਰਮਜੀਤ ਬਹੁਤ ਹੀ ਹੋਣਹਾਰ ਅਤੇ ਮਿਹਨਤੀ ਵਿਦਿਆਰਥੀਆਂ ਸੀ।ਜ਼ੋ ਹਮੇਸ਼ਾ ਹੀ ਆਪਣੀਆਂ ਪੜਾਈ ਪੂਰੀ ਮਿਹਨਤ ਅਤੇ ਲਗਨ ਨਾਲ ਕਰਦਾਂ ਸੀ। ਉਹਨਾਂ ਕਿਹਾ ਕਿ ਵਿਕਰਮਜੀਤ ਨੇ ਰੇਲਵੇ ਵਿੱਚ ਨੌਕਰੀ ਪ੍ਰਾਪਤ ਕਰਕੇ ਆਪਣੇ ਸਕੂਲ, ਪਿੰਡ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।

ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਆਪਣੀ ਮਿਹਨਤ ਅਤੇ ਕਾਬਲੀਅਤ ਦੇ ਬਲ ਤੇ ਵੱਖ ਵੱਖ ਵਿਭਾਗਾਂ ਵਿਚ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਰਹੇ ਹਨ।ਜ਼ੋ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਜਿਸ ਨਾਲ ਲੋਕਾਂ ਦਾ ਵਿਸ਼ਵਾਸ ਸਰਕਾਰੀ ਸਕੂਲਾਂ ਦੀ ਸਿੱਖਿਆ ਵਿੱਚ ਬਣਿਆਂ ਹੈ ਅਤੇ ਲੋਕਾਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਉਣ ਨੂੰ ਤਰਜੀਹ ਦੇ ਰਹੇ ਹਨ।

ਇਸ ਮੌਕੇ ਤੇ ਸਕੂਲ ਮੁੱਖੀ ਰਵਿੰਦਰ ਕੁਮਾਰ, ਸਟਾਫ ਮੈਂਬਰ ਅਸ਼ੋਕ ਕੁਮਾਰ, ਵਿਕਰਮਜੀਤ ਦੇ ਪਿਤਾ ਚੰਦ ਕੁਮਾਰ‌ ਅਤੇ ਮਾਤਾ ਕੈਲਾਸ਼ ਰਾਣੀ ਮੌਜੂਦ ਸਨ।

Aug 26, 2023

ਸਰਕਾਰੀ ਪ੍ਰਾਇਮਰੀ ਸਕੂਲ ਆਲਮ ਸ਼ਾਹ ਨੂੰ ਪਿੰਡ ਦੀ ਪੰਚਾਇਤ ਨੇ ਭੇਂਟ ਕੀਤਾ ਪ੍ਰਿੰਟਰ

 



 ਫ਼ਾਜਿ਼ਲਕਾ, ਬਲਰਾਜ ਸਿੰਘ ਸਿੱਧੂ 

ਪੰਚਾਇਤ ਆਲਮ ਸ਼ਾਹ  ਵਾਅਦੇ ਮੁਤਾਬਕ  ਅੱਜ ਸਰਕਾਰੀ ਪ੍ਰਾਇਮਰੀ ਸਕੂਲ ਆਲਮ ਸ਼ਾਹ ਪਹੁੰਚ ਕੇ ਕੀਤਾ ਆਪਣਾ ਵਾਅਦਾ ਪੂਰਾ ਕੀਤਾ ਹੈ। ਸਰਪੰਚ ਸ੍ਰੀਮਤੀ ਸੁਨੀਤਾ ਰਾਣੀ ਪਤਨੀ ਸੁਰਿਦਰ ਕੰਬੋਜ ਜੀ ਅਤੇ ਪੰਚਾਇਤ ਮੈਂਬਰ ਗੁਰਮੀਤ ਸਿੰਘ ,ਰਾਜ ਕੁਮਾਰ, ਪੂਰਨ ਚੰਦ ,ਪ੍ਰੇਮ ਕੌਰ, ਸਨੀਤਾ ਰਾਣੀ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਆਲਮ ਸ਼ਾਹ ਨੂੰ ਇੱਕ ਪ੍ਰਿੰਟਰ ਭੇਟ ਕੀਤਾ ਇਸ ਨਾਲ ਸਕੂਲ ਦੇ ਦਫ਼ਤਰੀ ਕੰਮ ਅਤੇ ਬੱਚਿਆਂ ਦੀ ਪੜ੍ਹਾਈ ਵਿੱਚ ਬਹੁਤ ਮਦਦ ਮਿਲੇਗੀ ਅਤੇ ਤੇਜੀ ਆਏਗੀ। ਇਹ ਵੀ ਜ਼ਿਕਰਯੋਗ ਹੈ ਕਿ ਪਿੰਡ ਦੀ ਪੰਚਾਇਤ ਪਹਿਲਾਂ ਵੀ ਸਕੂਲ ਦੇ ਕੰਮਾਂ ਵਿੱਚ ਬਹੁਤ ਵੱਧ ਚੜ ਕੇ ਸਹਿਯੋਗ ਕਰਦੀ ਹੈ ਇਸ ਦੇ ਲਈ ਸਕੂਲ ਮੁਖੀ ਮਮਤਾ ਰਾਣੀ ਅਤੇ ਸਟਾਫ  ਮੈਂਬਰ ਸ਼੍ਰੀ ਮਤੀ ਸੀਮਾਂ ਭਠੇਜਾ,ਸ਼੍ਰੀਮਤੀ ਸੀਮਾ ਰਾਣੀ ,ਮਨਦੀਪ ਸਿੰਘ ,ਸ੍ਰੀਮਤੀ ਸੁਨੀਤਾ ਰਾਣੀ ਨੇ ਸਰਪੰਚ ਅਤੇ ਸਮੂਹ ਗ੍ਰਾਮ ਪੰਚਾਇਤ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਇਸ ਨਾਲ ਸਕੂਲ ਅਤੇ ਬੱਚਿਆਂ ਦੀ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਏਗੀ।

ਰਾਜਪਾਲ ਨੇ ਰਾਸ਼ਟਰਪਤੀ ਰਾਜ ਦੀ ਧਮਕੀ ਦੇ ਕੇ ਸਾਢੇ ਤਿੰਨ ਕਰੋੜ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਨਿਰਾਦਰ ਕੀਤਾ-ਮੁੱਖ ਮੰਤਰੀ




ਅਜਿਹੀਆਂ ਧਮਕੀਆਂ ਅੱਗੇ ਝੁਕਣ ਵਾਲਾ ਨਹੀਂ ਹਾਂ, ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕੋਈ ਸਮਝੌਤਾ ਨਹੀਂ ਕਰਾਂਗਾ


ਪੰਜਾਬ ਧਾਰਾ 356 ਦੀ ਦੁਰਵਰਤੋਂ ਦਾ ਸਭ ਤੋਂ ਵੱਧ ਪੀੜਤ, ਅਮਨਪਸੰਦ ਲੋਕਾਂ ਦੇ ਜ਼ਖਮਾਂ ਉਤੇ ਨਮਕ ਛਿੜਕਣ ਦੀ ਕੋਸ਼ਿਸ਼ ਨਾ ਕਰੋ


ਆਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਦੇਣ ਵਾਲੇ ਅਤੇ ਦੇਸ਼ ਨੂੰ ਅਨਾਜ ਪੱਖੋਂ ਸੁਰੱਖਿਅਤ ਬਣਾਉਣ ਵਾਲੇ ਪੰਜਾਬੀਆਂ ਦੀ ਤੌਹੀਨ ਕਰਨ ਦਾ ਤਹਾਨੂੰ ਕੋਈ ਹੱਕ ਨਹੀਂ


ਕੇਂਦਰ ਸਰਕਾਰ ਕੋਲ ਆਰ.ਡੀ.ਐਫ., ਜੀ.ਐਸ.ਟੀ., ਕਿਸਾਨ ਮਸਲਿਆਂ ਸਮੇਤ ਪੰਜਾਬ ਦੇ ਲੰਬਿਤ ਮੁੱਦਿਆਂ ਬਾਰੇ ਰਾਜਪਾਲ ਨੇ ਕਦੇ ਚੁੱਪ ਨਹੀਂ ਤੋੜੀ


ਰਾਜਪਾਲ ਦੀਆਂ ਚਿੱਠੀਆਂ ਦਾ ਜਵਾਬ ਦੇਣ ਲਈ ਵਚਨਬੱਧ ਹਾਂ ਪਰ ਬਾਂਹ ਮਰੋੜਨ ਦੀ ਕੋਸ਼ਿਸ਼ ਕਰਨਾ ਮੰਦਭਾਗਾ

ਚੰਡੀਗੜ੍ਹ, 26 ਅਗਸਤ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫਾਰਸ਼ ਕਰਨ ਦੀ ਧਮਕੀ ਭਰੀ ਚਿੱਠੀ ਨੂੰ ਸਾਢੇ ਤਿੰਨ ਕਰੋੜ ਪੰਜਾਬੀਆਂ ਦੀ ਤੌਹੀਨ ਦੱਸਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਰਾਜਪਾਲ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਲਾਮਿਸਾਲ ਕੁਰਬਾਨੀਆਂ ਦੇਣ ਅਤੇ ਮੁਲਕ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾਉਣ ਵਾਲੇ ਅਮਨਪਸੰਦ ਅਤੇ ਮਿਹਨਤਕਸ਼ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਅੱਗੇ ਝੁਕਣ ਵਾਲੇ ਨਹੀਂ ਹਨ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕੋਈ ਸਮਝੌਤਾ ਨਹੀਂ ਕਰਾਂਗਾ।

ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੱਚ ਤਾਂ ਰਾਜਪਾਲ ਜਾਣਦੇ ਹਨ ਕਿ ਉਨ੍ਹਾਂ ਨੇ ਕਿਸ ਦੇ ਦਬਾਅ ਹੇਠ ਇਹ ਚਿੱਠੀ ਲਿਖੀ ਹੈ ਪਰ ਇਸ ਚਿੱਠੀ ਦੀ ਇਬਾਰਤ ਸਿੱਧੇ ਤੌਰ ਉਤੇ ਪੰਜਾਬੀਆਂ ਦੀ ਹੇਠੀ ਕਰਦੀ ਹੈ ਕਿਉਂਕਿ ਜਮਹੂਰੀਅਤ ਪਸੰਦ ਪੰਜਾਬੀਆਂ ਨੇ ਅਜੇ ਡੇਢ ਸਾਲ ਪਹਿਲਾਂ ਵੱਡਾ ਫਤਵਾ ਦੇ ਕੇ ਸਰਕਾਰ ਚੁਣੀ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਨੂੰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਗੱਦੀ ਉਤੋਂ ਲਾਹੁਣ ਦੀਆਂ ਧਮਕੀਆਂ ਦੇਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਮੁਤਾਬਕ ਲੋਕਾਂ ਨੂੰ ਆਪਣੀ ਮਰਜ਼ੀ ਦੀ ਸਰਕਾਰ ਚੁਣਨ ਦਾ ਪੂਰਾ ਹੱਕ ਹੁੰਦਾ ਹੈ ਪਰ ਕੇਂਦਰ ਸਰਕਾਰ ਦੇ ਇਸ਼ਾਰੇ ਉਤੇ ਦੇਸ਼ ਵਿਚ ਦਿੱਲੀ, ਪੱਛਮੀ ਬੰਗਾਲ, ਕੇਰਲਾ, ਤਾਮਿਲਨਾਡੂ ਸਮੇਤ ਹੋਰ ਗੈਰ-ਭਾਜਪਾ ਸਰਕਾਰਾਂ ਨੂੰ ਉਥੋਂ ਦੇ ਰਾਜਪਾਲਾਂ ਵੱਲੋਂ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। 

ਭਗਵੰਤ ਸਿੰਘ ਮਾਨ ਨੇ ਕਿਹਾ, “ਰਾਜਪਾਲ ਨੇ ਧਾਰਾ 356 ਤਹਿਤ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਧਮਕੀ ਦਿੱਤੀ ਹੈ ਪਰ ਦੇਸ਼ ਵਿਚ ਪੰਜਾਬ ਅਜਿਹਾ ਸੂਬਾ ਹੈ ਜਿਸ ਨੂੰ ਧਾਰਾ 356 ਦੀ ਦੁਰਵਰਤੋਂ ਦਾ ਖਮਿਆਜ਼ਾ ਸਭ ਤੋਂ ਵੱਧ ਭੁਗਤਣਾ ਪਿਆ ਹੈ। ਇਹ ਬੜੇ ਦੁੱਖ ਦੀ ਗੱਲ ਹੈ ਕਿ ਬੀਤੇ ਸਮੇਂ ਵਿੱਚ ਕੇਂਦਰ ਸਰਕਾਰਾਂ ਦੇ ਆਪਹੁਦਰੇਪਣ ਤੇ ਧੱਕੇਸ਼ਾਹੀ ਪੰਜਾਬ ਨੇ ਆਪਣੇ ਪਿੰਡੇ ਉਤੇ ਹੰਢਾਈ ਹੈ ਅਤੇ ਹੁਣ ਇਕ ਵਾਰ ਫੇਰ ਕੇਂਦਰ ਸਰਕਾਰ ਨੇ ਰਾਜਪਾਲ ਰਾਹੀਂ ਪੰਜਾਬ ਵਿਚ ਜਮਹੂਰੀ ਕਦਰਾਂ-ਕੀਮਤਾਂ ਨੂੰ ਮੁੜ ਛਿੱਕੇ ਟੰਗਣ ਦੀ ਕੋਸ਼ਿਸ਼ ਕੀਤੀ ਹੈ।” 

ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿਚ ਰਾਜਪਾਲ ਸੱਤਾ ਦੀ ਵਾਗਡੋਰ ਆਪਣੇ ਹੱਥ ਵਿਚ ਲੈਣ ਲਈ ਸਾਜ਼ਿਸ਼ਾਂ ਰਚ ਰਹੇ ਹਨ ਜਿਸ ਕਰਕੇ ਉਨ੍ਹਾਂ ਦੀ ਸਰਕਾਰ ਨੂੰ ਸੱਤਾ ਤੋਂ ਲਾਹੁਣ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਨੇ ਰਾਜਪਾਲ ਨੂੰ ਰਾਜਸਥਾਨ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਆਪਣੀ ਕਿਸਮਤ ਅਜ਼ਮਾਉਣ ਦੀ ਸਲਾਹ ਦਿੱਤੀ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਸਮੇਂ-ਸਮੇਂ ਸਿਰ ਰਾਜਪਾਲ ਦੀਆਂ ਚਿੱਠੀਆਂ ਦਾ ਜਵਾਬ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਹੁਣ ਤੱਕ 16 ਚਿੱਠੀਆਂ ਪ੍ਰਾਪਤ ਹੋਈਆਂ ਹਨ ਜਿਸ ਵਿੱਚੋਂ 9 ਚਿੱਠੀਆਂ ਦਾ ਜਵਾਬ ਦੇ ਚੁੱਕੇ ਹਨ ਅਤੇ ਬਾਕੀ ਚਿੱਠੀਆਂ ਦਾ ਜਵਾਬ ਛੇਤੀ ਦੇਣਗੇ ਪਰ ਰਾਜਪਾਲ ਵੱਲੋਂ ਚੁਣੀ ਹੋਈ ਸਰਕਾਰ ਦੇ ਮੁਖੀ ਦੀ ਬਾਂਹ ਮਰੋੜਨ ਦੀ ਕੋਸ਼ਿਸ਼ ਕਰਨਾ ਗੈਰ-ਸੰਵਿਧਾਨਕ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਦੇ ਹਿੱਤ ਵਿਚ ਪਿਛਲੇ ਡੇਢ ਸਾਲ ਵਿਚ ਛੇ ਬਿੱਲ ਵਿਧਾਨ ਸਭਾ ਵਿਚ ਪਾਸ ਕੀਤੇ ਹਨ ਪਰ ਰਾਜਪਾਲ ਨੇ ਅਜੇ ਤੱਕ ਇਨ੍ਹਾਂ ਬਿੱਲਾਂ ਨੂੰ ਪਾਸ ਕਰਨ ਦੀ ਬਜਾਏ ਠੰਢੇ ਬਸਤੇ ਵਿਚ ਪਾਇਆ ਹੋਇਆ ਹੈ।

ਕੇਂਦਰ ਸਰਕਾਰ ਕੋਲ ਲੰਬਿਤ ਪੰਜਾਬ ਦੇ ਮਸਲਿਆਂ ਬਾਰੇ ਰਾਜਪਾਲ ਵੱਲੋਂ ਚੁੱਪ ਸਾਧ ਲੈਣ ਉਤੇ ਸਵਾਲ ਚੁੱਕਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦਾ ਆਰ.ਡੀ.ਐਫ., ਜੀ.ਐਸ.ਟੀ. ਦਾ ਕਰੋੜਾਂ ਰੁਪਏ ਦਾ ਬਕਾਇਆ ਰੋਕਿਆ ਹੋਇਆ ਹੈ। ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸੂਬੇ ਦੇ ਰਾਜਪਾਲ ਨੇ ਅੱਜ ਤੱਕ ਇਕ ਵੀ ਚਿੱਠੀ ਪੰਜਾਬ ਦੇ ਮਸਲਿਆਂ ਬਾਰੇ ਕੇਂਦਰ ਸਰਕਾਰ ਨੂੰ ਨਹੀਂ ਲਿਖੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਜੋੜਨ ਬਾਰੇ ਹੋਈ ਮੀਟਿੰਗ ਵਿਚ ਵੀ ਪੰਜਾਬ ਦੇ ਰਾਜਪਾਲ ਹਰਿਆਣਾ ਦੇ ਹੱਕ ਵਿਚ ਭੁਗਤਦੇ ਰਹੇ ਜਿਸ ਤੋਂ ਉਨ੍ਹਾਂ ਦੀ ਪੰਜਾਬੀਆਂ ਪ੍ਰਤੀ ਵਫਾਦਾਰੀ ਨਾ ਹੋਣ ਦਾ ਪਤਾ ਲਗਦਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਰਾਜਪਾਲ ਨੇ ਚੰਡੀਗੜ੍ਹ ਵਿਚ ਤਾਇਨਾਤ ਪੰਜਾਬ ਕਾਡਰ ਦੇ ਐਸ.ਐਸ.ਪੀ. ਨੂੰ ਰਾਤੋ-ਰਾਤ ਅਹੁਦੇ ਤੋਂ ਲਾਹ ਦਿੱਤਾ ਅਤੇ ਛੇ ਮਹੀਨੇ ਇਸ ਅਹੁਦੇ ਤੋਂ ਪੰਜਾਬ ਨੂੰ ਮਹਿਰੂਮ ਰੱਖਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਦੇ ਨੂਹ ਵਿੱਚ ਭੜਕੀ ਅੱਗ ਨਾਲ ਵੱਡੀ ਪੱਧਰ ਉਤੇ ਹੋਏ ਜਾਨੀ ਤੇ ਮਾਲੀ ਨੁਕਸਾਨ ਬਾਰੇ ਹਰਿਆਣਾ ਦੇ ਰਾਜਪਾਲ ਨੇ ਚੁੱਪ ਵੀ ਨਹੀਂ ਤੋੜੀ। ਇੱਥੋਂ ਤੱਕ ਕਿ ਅੱਗ ਦੀ ਭੱਠੀ ਵਿਚ ਝੋਕੇ ਗਏ ਸੂਬੇ ਮਨੀਪੁਰ ਦੇ ਸੰਵੇਦਨਸ਼ੀਲ ਹਾਲਤਾਂ ਬਾਰੇ ਵੀ ਉਥੋਂ ਦੇ ਰਾਜਪਾਲ ਨੇ ਕੋਈ ਉਜਰ ਨਹੀਂ ਕੀਤਾ ਪਰ ਪੰਜਾਬ ਦੇ ਰਾਜਪਾਲ ਸੂਬੇ ਦੇ ਲੋਕਾਂ ਦੇ ਹੱਕ ਵਿਚ ਲਗਾਤਾਰ ਉਪਰਾਲੇ ਕਰ ਰਹੀ ਸਰਕਾਰ ਨੂੰ ਡੇਗਣ ਦੀਆਂ ਧਮਕੀਆਂ ਦੇ ਰਹੇ ਹਨ। 

ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਸੂਬੇ ਦੀ ਸਰਕਾਰ ਲੋਕਾਂ ਨੂੰ ਮੁਫ਼ਤ ਬਿਜਲੀ, ਚੰਗੀ ਸਿੱਖਿਆ, ਸਿਹਤ ਸੇਵਾਵਾਂ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਏਜੰਡੇ ਉਤੇ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਉਸ ਸੂਬੇ ਦਾ ਰਾਜਪਾਲ ਸਰਕਾਰ ਨੂੰ ਡੇਗਣ ਦੀਆਂ ਚਾਲਾਂ ਚੱਲ ਰਹੇ ਹਨ।”

ਹੜ੍ਹਾਂ ਦੇ ਮੁਆਵਜ਼ੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਪਾਸੋਂ ਸੂਬਾਈ ਆਫ਼ਤ ਰਾਹਤ ਫੰਡ ਜਿਸ ਵਿਚ 9600 ਕਰੋੜ ਰੁਪਏ ਦਾ ਫੰਡ ਹੈ, ਦੇ ਨਿਯਮਾਂ ਵਿੱਚ ਢਿੱਲ ਦੇਣ ਲਈ ਕਈ ਵਾਰ ਮੰਗ ਕੀਤੀ ਹੈ ਪਰ ਅਜੇ ਤੱਕ ਕੇਂਦਰ ਨੇ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ। ਉਨ੍ਹਾਂ ਕਿਹਾ ਕਿ ਰਾਜਪਾਲ ਨੂੰ ਇਸ ਬਾਰੇ ਵੀ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ। 

----

Aug 25, 2023

ਮੁਸੀਬਤਾਂ ਦੇ ਸਾਏ :-ਹੜ੍ਹਾਂ ਦੇ ਮਾਰੇ ਲੋਕਾਂ ਲਈ ਘਰਾਂ ਨੂੰ ਛੱਡਣਾ ਵੱਡਾ ਦੁੱਖ



ਬਲਰਾਜ ਸਿੰਘ ਸਿੱਧੂ 

ਕਾਵਾਂਵਾਲੀ ਪੱਤਣ (ਫ਼ਾਜ਼ਿਲਕਾ)

ਹੜ੍ਹਾਂ ਦੀ ਤਰਾਸਦੀ ਨੇ ਜ਼ਿੰਦਗੀ ਦੀ ਗੱਡੀ ਲੀਹ ਤੋਂ ਲਾਹ ਦਿੱਤੀ ਹੈ, ਕੱਲ੍ਹ ਤੱਕ ਆਪਣੇ ਘਰਾਂ ਵਿਚ ਜ਼ਿੰਦਗੀ ਦੀਆਂ ਖੁਸ਼ੀਆਂ ਮਾਣ ਰਹੇ ਲੋਕ ਕੁਝ ਘੰਟਿਆਂ ਵਿਚ ਹੀ ਰਾਹਤ ਕੈਂਪਾਂ ਵਿਚ ਆ ਗਏ ਹਨ। ਅੱਖਾਂ ਵਿਚ ਦਰਦ ਅਤੇ ਮੂੰਹ ਤੇ ਛਾਈ ਚਿੰਤਾ ਦਾ ਦੁੱਖ ਸਾਫ਼ ਝਲਕ ਰਿਹਾ ਹੈ। ਪਿੱਛਲੇ ਦੋ ਦਿਨਾਂ ਤੋਂ ਕਾਂਵਾਵਾਲੀ ਪੱਤਣ ਤੋਂ ਪਾਰਲੇ ਪਿੰਡਾਂ ਦੇ ਲੋਕਾਂ ਨੁੂੰ ਰਿਸਕਿਊ ਕੀਤਾ ਜਾ ਰਿਹਾ ਹੈ। ਪਰ ਮੌਸਮ ਵਿਭਾਗ ਦੀ ਚਿਤਾਵਨੀ ਨੇ ਇਕ ਵਾਰ ਫਿਰ ਲੋਕਾਂ ਸਾਹਮਣੇ ਇਕ ਵੱਡਾ ਦੁਖਾਂਤ ਖੜ੍ਹਾ ਕਰ ਦਿੱਤਾ ਹੈ।

ਸਿੱਖ ਇਤਿਹਾਸ ਦੀ ਗਾਥਾ ਨੂੰ ਬਿਆਨ ਕਰਦੀ ਫਿਲਮ ਮਸਤਾਨੇ ਵਿੱਚ ਨਜ਼ਰ ਆਉਣਗੇ ਜ਼ਿਲ੍ਹਾ ਫਾਜ਼ਿਲਕਾ ਦੇ ਨੋਜਵਾਨ :- ਅਦਾਕਾਰ ਬਿੰਦੂ ਭੁੱਲਰ

 ਹੱਥਾਂ ਵਿਚ ਸਿਰਫ਼ ਤਨ ਤੇ ਪਾਉਣ ਦੇ ਕੱਪੜੇ ਲੈ ਕੇ ਕਾਵਾਂਵਾਲੀ ਪੱਤਣ ਤੇ ਪਹੁੰਚੀ ਕਰਮ ਬਾਈ ਬੇੜੀ ਤੋਂ ਉਤਰ ਕੇ ਇਕ ਵਾਰ ਤਾਂ ਪਿੱਛੇ ਮੁੜ ਕੇ ਦੇਖਦੀ ਹੈ ਕਿ ਉਸ ਨੇ ਅੱਜ ਸਤਲੁਜ ਦਰਿਆ ਪਾਰ ਕੀਤਾ ਹੈ ਅਤੇ ਕਿੰਨਾ ਵੱਡਾ ਡਰ ਦਿਲ ਵਿਚ ਲੈ ਕੇ ਉਹ ਕਿਸ਼ਤੀ ਵਿਚ ਬੈਠੀ ਹੋਵੇਗੀ, ਉਸ ਦੀਆਂ ਅੱਖਾਂ ਕਿੰਨੀ ਦੇਰ ਤੱਕ ਤੈਅ ਕਰਕੇ ਆਏ ਪੈਂਡੇ ਨੂੰ ਦੇਖਦੀਆਂ ਹਨ। ਰਾਹਤ ਕੈਂਪਾਂ ਵਿਚ ਜਿਹੜੇ ਲੋਕ ਪਹੁੰਚ ਰਹੇ ਹਨ, ਉਨ੍ਹਾਂ ਸਾਹਮਣੇ ਵੱਡਾ ਦੁਖਾਂਤ ਹੈ, ਦਿਲ ਵਿਚ ਦਰਦ ਐ ਤੇ ਕੁਦਰਤ ਪ੍ਰਤੀ ਉਲਾਂਭਾ , ਕਿ ਕਿੰਨਾ ਵੱਡਾ ਬਖੇੜਾ ਉਨ੍ਹਾਂ ਦੀ ਜ਼ਿੰਦਗੀ ਵਿਚ ਖੜ੍ਹਾ ਕਰ ਦਿੱਤਾ, ਕਾਵਾਂਵਾਲੀ ਪੱਤਣ ਤੇ ਬੈਠਾ ਲਖਵਿੰਦਰ ਸਿੰਘ ਆਖਦਾ, ਕੁਦਰਤ ਨਾਲ ਛੇੜ ਛਾੜ ਦਾ ਨਤੀਜਾ ਤਾਂ ਸਾਹਮਣੇ ਆ ਗਿਆ। ਮੀਂਹ ਪਹਾੜਾਂ ਤੇ ਵਰਿ੍ਹਆ ਤੇ ਡੋਬ ਮੈਦਾਨ ਦਿੱਤੇ, ਉਹ ਕਹਿੰਦਾ ਕਿ ਕਿਸ਼ਤੀਆਂ ਨਾਲ ਏਨੇ ਲੋਕਾਂ ਨੂੰ ਨਹੀਂ ਬਚਾਇਆ ਜਾ ਸਕਦਾ, ਉਹ ਕਹਿੰਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਨ੍ਹਾਂ ਲੋਕਾਂ ਨੂੰ ਰਿਸਕਿਊ ਕਰਨ ਲਈ ਜਹਾਜ ਭੇਜਣੇ ਚਾਹੀਦੇ ਹਨ।

ਲਾਲ ਲਕੀਰ ਦੇ ਅੰਦਰ ਰਹਿ ਰਹੇ ਲੋਕਾਂ ਲਈ ਹੁਣ ਸਰਕਾਰ ਦਾ ਆ ਗਈ ਆਹ ਸਕੀਮ

 ਉਨ੍ਹਾਂ ਦੀ ਨਜ਼ਰ ਦਰਿਆ ਦੇ ਚੜ੍ਹਦੇ ਵਾਲੇ ਪਾਸੇ ਪੈਂਦੇ ਪਿੰਡਾਂ ਤੇ ਵੀ ਹੈ। ਜਿੱਥੇ ਉਸਦੀਆਂ ਅੱਖਾਂ ਬੰਨ੍ਹਾਂ ਨੂੰ ਹਰ ਵੇਲੇ ਨਿਹਾਰਦੀਆਂ ਹਨ। ਘਰਾਂ ਤੋਂ ਉਜੜੇ ਲੋਕਾਂ ਲਈ ਇਹ ਦਰਦ ਬਹੁਤ ਵੱਡਾ ਹੈ, ਜਿਹੜਾ ਉਨ੍ਹਾਂ ਨੂੰ ਸ਼ਾਇਦ ਜ਼ਿੰਦਗੀ ਭਰ ਨਹੀਂ ਭੁਲੇਗਾ, ਜੇਕਰ ਦੇਸ਼ ਦੀ ਵੰਡ ਵੇਲੇ , ਸਾਰਾ ਕੁਝ ਘਰਾਂ ਵਿਚ ਛੱਡਿਆ ਸੀ ਤਾਂ ਅੱਜ ਕੁਦਰਤ ਦੀ ਕਰੋਪੀ ਨੇ ਵੀ ਸਾਰਾ ਕੁਝ ਘਰਾਂ ਵਿਚ ਛੁਡਾ ਦਿੱਤਾ ਹੈ। 


ਸਿੱਖ ਇਤਿਹਾਸ ਦੀ ਗਾਥਾ ਨੂੰ ਬਿਆਨ ਕਰਦੀ ਫਿਲਮ ਮਸਤਾਨੇ ਵਿੱਚ ਨਜ਼ਰ ਆਉਣਗੇ ਜ਼ਿਲ੍ਹਾ ਫਾਜ਼ਿਲਕਾ ਦੇ ਨੋਜਵਾਨ :- ਅਦਾਕਾਰ ਬਿੰਦੂ ਭੁੱਲਰ




ਅਮਿੱਟ ਹੋਂਸਲੇ, ਕੁਰਬਾਨੀ ਦੇ ਯੁੱਗ ਨੂੰ,  ਸਿੱਖ ਬਹਾਦਰੀ ਅਤੇ ਹੌਂਸਲਿਆਂ  ਦੇ ਮਨਮੋਹਕ  ਬਿਰਤਾਂਤ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰਨ ਲਈ ਆ ਰਹੀ ਹੈ ਫਿਲਮ ਮਸਤਾਨੇ।

"ਮਸਤਾਨੇ"   ਸਿੱਖ ਕੌਮ ਦੀ ਅਣਗਿਣਤ ਵਿਰਾਸਤ ਨੂੰ ਉਜਾਗਰ ਕਰਦੀ ਹੈ, ਨਿਆਂ ਅਤੇ ਆਜ਼ਾਦੀ ਦੇ ਰਾਖਿਆਂ ਵਜੋਂ ਉਹਨਾਂ ਦੇ ਇਤਿਹਾਸ ਵਿੱਚ ਡੂੰਘਾਈ ਨਾਲ ਖੋਜ ਕਰਦੀ ਹੈ।

18ਵੀਂ ਸਦੀ ਵਿੱਚ ਸੈਂਟ ਕੀਤੀ ਗਈ ਫ਼ਿਲਮ ਮਸਤਾਨੇ ਇਹ ਦਰਸਾਉਂਦੀ ਹੈ ਕਿ ਸਿੱਖ ਕੀ ਹਨ ਅਤੇ ਉਹ ਸਾਰੀਆਂ ਮੁਸ਼ਕਲਾ ਦੇ ਵਿਰੁੱਧ ਕਿਸ ਲਈ ਖੜੇ ਸਨ।

ਇਤਿਹਾਸ ਦੌਰਾਨ ਸਿੱਖਾਂ ਨੇ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਹੈ, ਆਪਣੇ ਵਿਸ਼ਵਾਸ ਦੀ ਰੱਖਿਆ ਕਰਨ ਅਤੇ ਦੂਜਿਆਂ ਦੇ ਹੱਕਾਂ ਦੀ ਰਾਖੀ ਲਈ ਡੂੰਘੀਆਂ ਕੁਰਬਾਨੀਆ ਕੀਤੀਆਂ ਹਨ। ਸਿੱਖ ਇਤਿਹਾਸ ਦੀ ਭਰਪੂਰ ਕਹਾਣੀ ਮੁਸੀਬਤਾਂ ਦੇ ਸਾਹਮਣੇ ਨਿਆਂ, ਹਮਦਰਦੀ ਅਤੇ ਨਿਰਸਵਾਰਥਤਾ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ।

ਇਸ ਫਿਲਮ ਵਿੱਚ ਕਿਰਦਾਰ ਕਰ ਰਹੇ ਜ਼ਿਲ੍ਹਾ ਫਾਜ਼ਿਲਕਾ ਪਿੰਡ ਬੰਨਾਂ ਵਾਲਾ ਦੇ ਜੰਮਪਲ ਅਦਾਕਾਰ ਬਿੰਦੂ ਭੁੱਲਰ ਨੇ ਕਿਹਾ ਕਿ ਨਿਰਦੇਸ਼ਕ ਸ਼ਰਨ ਆਰਟ ਦੀ ਅਗਵਾਈ ਵਿੱਚ ਬਣੀ ਫਿਲਮ ਮਸਤਾਨੇ ਸਿੱਖ ਭਾਈਚਾਰਕ ਦੀ ਅਟੱਲ ਹਿੰਮਤ ਅਤੇ ਕੁਰਬਾਨੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੈ।

ਬਿੰਦੂ ਭੁੱਲਰ ਨੇ ਕਿਹਾ ਮਸਤਾਨੇ ਰਾਹੀਂ ਸਾਰੀ ਟੀਮ ਨੇ ਸਿੱਖਾਂ ਦੇ ਅਦੁੱਤੀ ਜਜ਼ਬੇ ਨੂੰ ਉਜਾਗਰ ਕਰਨਾਂ  ਚਾਹਿਆ ਹੈ। ਉਨ੍ਹਾਂ ਕਿਹਾ ਇਹ ਫ਼ਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਜਦੋਂ ਨਾਦਰ ਸ਼ਾਹ ਦੇ ਜ਼ੁਲਮਾਂ ਵਿਰੁੱਧ ਬੇਕਸੂਰ ਜਾਨਾਂ ਲਈ ਸਿੱਖ ਯੋਧੇ ਢਾਲ ਬਣ ਗਏ ਸਨ।

 ਭੁੱਲਰ ਨੇ ਦੱਸਿਆ ਕਿ ਵੇਹਲੀ ਜਨਤਾ ਫ਼ਿਲਮਜ਼ ਅਤੇ ਓਮਜੀਜ਼ ਸਿਨੇ ਵਰਲਡ ਦੁਆਰਾ ਪੇਸ਼ ਕੀਤੀ ਗਈ ਹੈ।

ਇਸ ਪ੍ਰੋਜੈਕਟ ਦਾ ਨਿਰਮਾਣ ਮਨਪ੍ਰੀਤ ਜੌਹਲ, ਆਸ਼ੂ ਮੁਨਸ਼ੀ ਸਾਹਨੀ ਅਤੇ ਕਰਮਜੀਤ ਸਿੰਘ ਜੌਹਲ ਦੇ ਮਿਲਕੇ ਕੀਤਾ ਹੈ। 

ਬਿੰਦੂ ਭੁੱਲਰ ਨੇ ਕਿਹਾ ਇਹ ਮਸਤਾਨੇ ਫਿਲਮ ਬਹੁਤ ਨੇਕਦਿਲ ਇਨਸਾਨ ਸ਼ਰਨ ਆਰਟ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਉਹਨਾਂ ਦੇ ਨਾਲ ਐਸੋਸੀਏਟ ਡਾਇਰੈਕਟਰ ਦੀ ਭੂਮਿਕਾ ਇੰਦਰ ਸੇਖੌਂ ਨੇ ਬਖੂਬੀ ਨਿਭਾਈ ਹੈ।

ਮਸਤਾਨੇ ਫਿਲਮ ਵਿੱਚ ਅਦਾਕਾਰੀ ਦੇ ਤੌਰ ਤੇ ਨਜ਼ਰ ਆਉਣਗੇ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ, ਬਨਿੰਦਰ ਬੰਨੀ, ਬਿੰਦੂ ਭੁੱਲਰ, ਹਰਦੀਪ ਭਾਈਕਾ, ਭਾਰਤੀ ਦੱਤ, ਸੂਫ਼ੀ ਗੂਜਰ, ਇਹਨਾਂ ਸਾਰੇ ਹੀ ਕਲਾਕਾਰਾਂ ਨੇ ਮਨਮੋਹਕ ਪੇਸ਼ਕਾਰੀਆਂ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੀਆਂ ਉਮੀਦਾਂ ਤੇ 25 ਅਗਸਤ ਨੂੰ ਖਰੇ ਉਤਰਨਗੇ।

ਸਰਕਾਰੀ ਆਈ ਟੀ ਆਈ ਫ਼ਾਜ਼ਿਲਕਾ ਵਿੱਚ ਲੱਗਿਆ ਪਲੇਸਮੈਂਟ ਕੈਂਪ

ਸਰਕਾਰੀ ਆਈ ਟੀ ਫ਼ਾਜ਼ਿਲਕਾ ਵਿੱਚ ਲੱਗਿਆ ਪਲੇਸਮੈਂਟ ਕੈਂਪ ਜਿਸ ਵਿੱਚ ITC ਕੰਪਨੀ ਕਪੂਰਥਲਾ ਵਿਸ਼ੇਸ਼ ਤੌਰ ਤੇ ਪਹੁੰਚੀ ਇਸ ਰੋਜ਼ਗਾਰ ਮੇਲੇ ਵਿਚ ਪਲੇਸਮੈਂਟ ਅਫਸਰ ਰਾਏ ਸਾਹਿਬ ਨੇ ਦੱਸਿਆ ਕਿ 70 ਉਮੀਦਵਾਰਾ ਨੇ ਇਸ ਮੇਲੇ ਵਿੱਚ ਭਾਗ ਲਿਆ ਅਤੇ 19ਉਮੀਦਵਾਰਾ ਨੇ ਟੈਸਟ ਪਾਸ ਕੀਤਾ।ਸਿਖਿਆਰਥੀਆਂ ਦੀ ਪਲੇਸਮੈਂਟ ਮੁਹਿੰਮ ਤਹਿਤ ਸਮੇਂ ਸਮੇਂ ਤੇ ਸਰਕਾਰੀ ਆਈ ਟੀ ਆਈ ਫਾਜ਼ਿਲਕਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾਂਦਾ ਹੈ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਵਲੋ ਭਾਗ ਲਿਆ ਜਾਂਦਾ ਹੈ । ਸੰਸਥਾ ਦੇ ਪ੍ਰਿੰਸੀਪਲ ਹਰਦੀਪ ਕੁਮਾਰ , ਟ੍ਰੇਨਿੰਗ ਅਫ਼ਸਰ ਅੰਗਰੇਜ਼ ਸਿੰਘ ਅਤੇ ਟ੍ਰੇਨਿੰਗ ਅਫ਼ਸਰ ਸ੍ਰੀਮਤੀ ਪੁਨੀਤਾ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋਇਆ ਇਸ ਮੇਲੇ ਵਿੱਚ ਸਭ ਤੋਂ ਪਹਿਲਾਂ ਕੈਂਡੀਡੇਟ ਦੀ ਰਜਿਸਟ੍ਰੇਸ਼ਨ ਕੀਤੀ ਗਈ ਜਿਸ ਵਿੱਚ ਪ੍ਰੋਗਰਾਮ ਅਫਸਰ ਸਰਦਾਰ ਗੁਰਜੰਟ ਸਿੰਘ , ਸ੍ਰੀਮਤੀ ਨਵਜੋਤ ਕੌਰ ਅਤੇ ਆਈ ਟੀ ਆਈ ਸਿਖਿਆਰਥੀਆ ਦਾ ਉੱਘਾ ਯੋਗਦਾਨ ਰਿਹਾ ਕੰਪਨੀ ਤੋਂ ਆਏ ਹੋਏ ਸ੍ਰੀ ਗੁਰਜੰਟ ਸਿੰਘ,ਸ੍ਰੀ ਪੰਕਜ ਸ਼ਰਮਾ ਐਚ ਆਰ ਨੇ ਸਭ ਤੋਂ ਪਹਿਲਾਂ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲਈ ਅਤੇ ਬਾਅਦ ਵਿੱਚ ਇੰਟਰਵਿਊ ਕੀਤੀ ਗਈ ਜਿਸ ਵਿਚ ਮਕੈਨਿਕ ਮੋਟਰ ਵਹੀਕਲ ,ਮਸ਼ੀਨਿਸ਼ਟ, ਫਿਟਰ, ਇਲੈਟ੍ਰੀਸ਼ਨ ਅਤੇ ਬਾਹਰਲੀਆ ਆਈ ਟੀ ਆਈ ਦੇ ਉਮੀਦਵਾਰਾਂ ਨੇ ਵੀ ਭਾਗ ਲਿਆ।ਇਸ ਮੌਕੇ ਤੇ ਟ੍ਰੇਨਿੰਗ ਅਫਸਰ ਸ੍ਰੀ ਮਦਨ ਲਾਲ ਟ੍ਰੇਨਿੰਗ ਅਫਸਰ ਜਲਾਲਾਬਾਦ ਵਿਸ਼ੇਸ਼ ਤੋਰ ਤੇ ਪਾਉਚੇ। ਸ਼੍ਰੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਇਸ ਮੇਲੇ ਵਿਚ ਮੌਜੂਦਾ ਸਿਖਿਆਰਥੀ ਨੇ ਵੀ ਅਨੁਸ਼ਾਸਨ ਅਤੇ ਇਸ ਮੇਲੇ ਦੀ ਐਡ ਕਰਨ ਵਿਚ ਉਘਾ ਯੋਗਦਾਨ ਦਿੱਤਾ ਅਤੇ ਇਸ ਮੌਕੇ ITC ਕੰਪਨੀ ਕਪੂਰਥਲਾ ਨੇ ਉਮੀਦਵਾਰਾ ਦੀ ਚੋਣ ਕੀਤੀ ਗਈ ।ਇਸ ਮੇਲੇ ਦੌਰਾਨ ਸਮੂਹ ਸਟਾਫ ਹਾਜ਼ਰ ਸੀ।