punjabfly

This is default featured slide 1 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 2 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 3 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 4 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 5 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

Jul 28, 2023

ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਪੰਜਾਬ ਸਰਕਾਰ ਨੇ ਲਿਆ ਇਤਿਹਾਸਕ ਫੈਸਲਾ- ਵਿਧਾਇਕ ਨਰਿੰਦਰਪਾਲ ਸਿੰਘ ਸਵਨਾਂ

 


ਜ਼ਿਲ੍ਹਾ ਫ਼ਾਜ਼ਿਲਕਾ ਦੇ 506 ਕੱਚੇ ਅਧਿਆਪਕਾਂ ਹੋਏ ਪੱਕੇ- ਡੀਈਓ ਦੌਲਤ ਰਾਮ

ਕੱਚੇ ਅਧਿਆਪਕਾਂ ਦਾ ਪੱਕੇ ਹੋਣ ਲਈ ਦਹਾਕਿਆਂ ਦਾ ਇੰਤਜਾਰ ਹੋਇਆਂ ਖ਼ਤਮ

ਕੱਚੇ ਅਧਿਆਪਕਾਂ ਦੇ ਪੱਕੇ ਹੋਣ ਨਾਲ ਭਵਿੱਖ ਹੋਇਆ ਸੁਰੱਖਿਅਤ

ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਵੱਖ ਵੱਖ ਸਕੂਲਾਂ ਵਿੱਚ ਸਮਾਗਮ ਕਰਵਾ ਕੇ ਦਿੱਤੇ ਗਏ ਰੈਗੂਲੇਸ਼ਨ ਆਰਡਰ

ਫਾਜ਼ਿਲਕਾ, 28 ਜੁਲਾਈ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਵੱਲੋਂ ਇਤਿਹਾਸਕ ਫੈਸਲਾ ਲਿਆ ਗਿਆ ਹੈ।  ਪੰਜਾਬ ਦੇ ਸਰਕਾਰੀ ਸਕੂਲਾਂ ਇੱਕ ਦਹਾਕੇ ਤੋਂ ਠੇਕੇ 'ਤੇ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰ, ਆਈ. ਈ, ਈ.ਜੀ.ਐਸ, ਐਸ. ਟੀ. ਆਰ, ਏ.ਆਈ. ਈ, ਅਤੇ ਸਪੈਸ਼ਲ ਇਨਕਲੂਸਿਵ ਟੀਚਰਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਸਕੂਲ ਨੰ 3 ਫਾਜ਼ਿਲਕਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮੌਕੇ ਮੁੱਖ ਮੰਤਰੀ ਠੇਕੇ 'ਤੇ ਕੰਮ ਕਰ ਰਹੇ ਇਨ੍ਹਾਂ 12,500 ਅਧਿਆਪਕਾਂ ਨੂੰ ਸਰਵਿਸ ਰੈਗੂਲਰਾਈਜ਼ੇਸ਼ਨ ਲੈਟਰ ਸੌਂਪੇ ਗਏ ਅਤੇ ਇਹ ਸਮਾਗਮ ਸੂਬੇ ਭਰ ਦੇ ਸਕੂਲਾਂ ਵਿੱਚ ਵੀ ਇੱਕੋ ਸਮੇਂ ਕਰਵਾਇਆ ਗਿਆ ਹੈ।

ਵਿਧਾਇਕ ਫਾਜ਼ਿਲਕਾ ਨਰਿੰਦਰਪਾਲ ਸਿੰਘ ਸਵਨਾਂ ਨੇ ਅੱਗੇ ਕਿਹਾ ਕਿ ਇਹਨਾਂ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਸਾਡੀ ਸਰਕਾਰ ਨੇ ਵਾਅਦਾ ਕੀਤਾ ਸੀ ਜਿਸ ਨੂੰ ਹੁਣ ਪੂਰਾ ਕੀਤਾ ਜਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਵੱਲੋਂ ਦਹਾਕਿਆਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਕਦਰ ਕਰਦਿਆਂ ਸਰਕਾਰ ਵੱਲੋਂ ਇਹਨਾਂ ਅਧਿਆਪਕਾਂ ਨੂੰ ਪੱਕੇ ਕਰਕੇ ਇਹਨਾਂ ਦਾ ਭਵਿੱਖ ਸੁਰੱਖਿਅਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਆਪਣੇ ਭਵਿੱਖ ਵੱਲੋਂ ਨਿਸ਼ਚਿੰਤ ਹੋ ਕੇ ਇਹ ਅਧਿਆਪਕ ਆਪਣੀਆਂ ਸੇਵਾਵਾਂ ਹੋਰ ਵਧੀਆ ਤਰੀਕੇ ਨਾਲ ਨਿਭਾਉਣਗੇ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਨੇ ਕਿਹਾ ਕਿ ਸਮੁੱਚੇ ਪੰਜਾਬ ਵਿੱਚ 12500 ਅਧਿਆਪਕਾਂ ਨੂੰ ਪੱਕੇ ਕੀਤਾ ਗਿਆ ਹੈ। ਇਸ ਲੜੀ ਵਿਚ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਸੇਵਾਵਾਂ ਨਿਭਾ ਰਹੇ ਏ ਆਈ ਵੀ, ਵਲੰਟੀਅਰ 93, ਈਜੀਐਸ ਵਲੰਟੀਅਰ ,223,ਐਸ ਟੀ ਆਰ 20,ਆਈ ਹੈ ਵੀ 50, ਸਿੱਖਿਆ ਪ੍ਰੋਵਾਇਡਰ120 ਕੁੱਲ  506 ਅਧਿਆਪਕਾਂ ਨੂੰ ਪੱਕੇ ਕੀਤਾ ਗਿਆ ਹੈ।

ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜ਼ਿਲਕਾ 2 ਪ੍ਰਮੋਦ ਕੁਮਾਰ ਨੇ ਕਿਹਾ ਕਿ ਇਹਨਾਂ ਅਧਿਆਪਕਾਂ ਦੀਆ ਸੇਵਾਵਾਂ ਦੀ ਕਦਰ ਕਰਦਿਆਂ  ਹਰੇਕ ਸਕੂਲ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ ਹਨ।ਵੱਖ ਵੱਖ ਸਕੂਲਾਂ ਵਿੱਚ ਪ੍ਰਿੰਸੀਪਲ, ਸਕੂਲ ਕਮੇਟੀਆਂ ਦੇ ਮੈਂਬਰ, ਪੰਚਾਇਤਾਂ ਅਤੇ ਸ਼ਹਿਰੀ ਸੰਸਥਾਵਾਂ ਦੇ ਪ੍ਰਤੀਨਿਧਾਂ ਸਮੇਤ ਸਿੱਖਿਆ ਅਧਿਕਾਰੀਆਂ ਸਮਾਜ ਸੇਵੀਆਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਿਰਕਤ ਕਰਕੇ ਇਹਨਾਂ ਅਧਿਆਪਕਾਂ ਦੀਆਂ ਖੁਸ਼ੀਆਂ ਵਿੱਚ ਵਾਧਾ ਕੀਤਾ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ, ਅਧਿਆਪਕ ਆਗੂ ਦੁਪਿੰਦਰ ਢਿੱਲੋਂ, ਕੁਲਦੀਪ ਸੱਭਰਵਾਲ, ਇਨਕਲਾਬ ਗਿੱਲ, ਧਰਮਿੰਦਰ ਗੁਪਤਾ, ਜਗਨੰਦਨ ਸਿੰਘ, ਜ਼ਿਲ੍ਹੇ ਦੇ ਸਮੂਹ ਬੀਪੀਈਓ, ਬੀਐਨਓ ਵੱਖ ਵੱਖ ਸਕੂਲ ਮੁਖੀਆਂ, ਅਧਿਆਪਕ ਆਗੂਆਂ ਅਤੇ ਸਮੂਹ ਅਧਿਆਪਕਾਂ ਨੇ ਪੱਕੇ ਹੋਣ ਵਾਲੇ ਸਾਰੇ ਅਧਿਆਪਕਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਨੰ 3 ਦੇ ਸੀਐਚਟੀ ਮੈਡਮ ਪੁਸ਼ਪਾ ਕੁਮਾਰੀ, ਅਧਿਆਪਕ ਨੀਰਜ ਕੁਮਾਰ, ਸੁਰਿੰਦਰ ਕੰਬੋਜ, ਸੌਰਭ ਧੂੜੀਆ,ਸਾਜਨ ਅਤੇ ਅਨਿਲ ਜਾਸੂਜਾ ਵੱਲੋਂ ਪ੍ਰੋਗਰਾਮ ਦੀ ਸਫਲਤਾ ਲਈ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।

Share:

ਨਵੇਂ ਯੁੱਗ ਦੀ ਸ਼ੁਰੂਆਤ: ਮੁੱਖ ਮੰਤਰੀ ਨੇ 12,710 ਅਧਿਆਪਕਾਂ ਨਾਲ ਜੁੜਿਆ ‘ਕੱਚਾ’ ਸ਼ਬਦ ਹਟਾਇਆ


The beginning of a new era: Chief Minister removed the word 'raw' associated with 12,710 teachers


ਠੇਕਾ ਆਧਾਰਤ ਅਧਿਆਪਕਾਂ ਨੂੰ ਰੈਗੂਲਰ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ

ਅਧਿਆਪਕ ਵਰਗ ਨਾਲ ਕੀਤਾ ਵੱਡਾ ਵਾਅਦਾ ਪੁਗਾਇਆ

ਕਿਹਾ; “ਮੈਂ ਅਧਿਆਪਕ ਵਰਗ ਨੂੰ ਦਰਪੇਸ਼ ਹਰ ਮੁੱਦੇ ਦੇ ਹੱਲ ਲਈ ਮੌਜੂਦ”

ਪੁਰਾਣੇ ਆਗੂਆਂ ਦੇ ਮਹਿਲਨੁਮਾ ਘਰਾਂ ਦੇ ਉਲਟ, ਲੋਕਾਂ ਦਾ ਅਥਾਹ ਪਿਆਰ ਅਤੇ ਵਿਸ਼ਵਾਸ ਹੀ ਮੇਰੀ ਜਾਇਦਾਦ: ਮੁੱਖ ਮੰਤਰੀ

ਸਰਕਾਰੀ ਸਕੂਲਾਂ ਦੇ 20,000 ਵਿਦਿਆਰਥੀਆਂ ਲਈ ਮੁਫ਼ਤ ਬੱਸ ਸੇਵਾ ਸ਼ੁਰੂ ਕਰਨ ਦੇ ਪਾਇਲਟ ਪ੍ਰਾਜੈਕਟ ਲਈ 21 ਕਰੋੜ ਰੁਪਏ ਜਾਰੀ


ਚੰਡੀਗੜ੍ਹ, 28 ਜੁਲਾਈ


ਸੂਬੇ ਵਿੱਚ ‘ਨਵੇਂ ਯੁੱਗ ਦੀ ਸ਼ੁਰੂਆਤ’ ਦੀ ਦਿਸ਼ਾ ਵਿੱਚ ਕਦਮ ਪੁੱਟਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ 12,710 ਠੇਕਾ ਆਧਾਰਤ ਅਧਿਆਪਕਾਂ ਨੂੰ ਰੈਗੂਲਰ ਨਿਯੁਕਤੀ ਦੇ ਪੱਤਰ ਸੌਂਪ ਕੇ ਅਧਿਆਪਕ ਵਰਗ ਨਾਲ ਕੀਤੇ ਵੱਡੇ ਵਾਅਦਾ ਨੂੰ ਪੂਰਾ ਕਰ ਦਿਖਾਇਆ ਹੈ।


ਇੱਥੇ ਟੈਗੋਰ ਥੀਏਟਰ ਵਿਖੇ ਹੋਏ ਇਕ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਬਾਅਦ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਨਿਕ ਅੜਚਣਾਂ ਨੂੰ ਪਾਰ ਕਰਦਿਆਂ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ `ਤੇ ਜ਼ੋਰ ਦਿੱਤਾ ਹੈ।ਭਗਵੰਤ ਮਾਨ ਨੇ ਕਿਹਾ ਕਿ ਇਸ ਫੈਸਲੇ ਦਾ ਮੰਤਵ ਅਧਿਆਪਕਾਂ ਦੇ ਸੁਰੱਖਿਅਤ ਭਵਿੱਖ ਨੂੰ ਯਕੀਨੀ ਬਣਾਉਣਾ ਹੈ ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਜੇ ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਹੈ ਤਾਂ ਹੀ ਉਹ ਵਿਦਿਆਰਥੀਆਂ ਦੀ ਕਿਸਮਤ ਨੂੰ ਬਦਲ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੇ ਗਏ ਠੋਸ ਉਪਰਾਲਿਆਂ ਸਦਕਾ ਹੀ ਅੱਜ ਇਹ ਇਤਿਹਾਸਕ ਦਿਨ ਦੇਖਣ ਨੂੰ ਮਿਲ ਰਿਹਾ ਹੈ।



ਹੋਰ ਮੁਲਾਜ਼ਮਾਂ ਨਾਲ ਆਪਣੀ ਭਾਵੁਕ ਸਾਂਝ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰ ਮੁਲਾਜ਼ਮ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ, ਜਿਸ ਲਈ ਸੂਬਾ ਸਰਕਾਰ ਪਹਿਲਾਂ ਹੀ ਹਰ ਸੰਭਵ ਯਤਨ ਕਰ ਰਹੀ ਹੈ। ਇਹ ਆਖਦਿਆਂ ਕਿ ਉਹ ਅਧਿਆਪਕ ਵਰਗ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਮੌਜੂਦ ਹਨ, ਭਗਵੰਤ ਮਾਨ ਨੇ ਕਿਹਾ ਕਿ ਉਹ ਇੱਕ ਅਧਿਆਪਕ ਦੇ ਪੁੱਤਰ ਹੋਣ ਦੇ ਨਾਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਅਧਿਆਪਕਾਂ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਉਨ੍ਹਾਂ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖਜ਼ਾਨਾ ਲੋਕਾਂ ਦਾ ਹੈ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਇਕ-ਇਕ ਪੈਸਾ ਸਮਝਦਾਰੀ ਨਾਲ ਵਰਤਿਆ ਜਾਵੇਗਾ।


ਇਕ ਕਲਾਕਾਰ ਵਜੋਂ ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਸਰਹੱਦੀ ਪਿੰਡ ਦੀ ਇਕ ਲੜਕੀ ਦੀ ਜ਼ਿੰਦਗੀ ਬਦਲਣ ਦਾ ਕਿੱਸਾ ਸੁਣਾਉਂਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਉਸ ਲੜਕੀ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਉਨ੍ਹਾਂ ਦੇ ਨਿਮਾਣੇ ਯਤਨਾਂ ਸਦਕਾ ਉਸ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਅਤੇ ਉਸ ਨੇ ਸਫ਼ਲਤਾ ਦੀ ਨਵੀਂ ਕਹਾਣੀ ਲਿਖੀ। ਉਨ੍ਹਾਂ ਕਿਹਾ ਕਿ ਜੇ ਇਕ ਕਲਾਕਾਰ ਅਜਿਹਾ ਕਰ ਸਕਦਾ ਹੈ ਤਾਂ ਸੂਬੇ ਦਾ ਮੁਖੀ ਤਾਂ ਹੋਰ ਵੀ ਬਹੁਤ ਕੁਝ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ ਨਿਗੂਣੀਆਂ ਤਨਖ਼ਾਹਾਂ `ਤੇ ਕੰਮ ਕਰਨਾ ਪਿਆ ਅਤੇ ਪੁਰਾਣੀਆਂ ਸਰਕਾਰਾਂ ਦੀ ਬੇਰੁਖ਼ੀ ਕਾਰਨ ਉਨ੍ਹਾਂ ਨੂੰ ਆਪਣੇ ਜਾਇਜ਼ ਹੱਕਾਂ ਲਈ ਪ੍ਰਦਰਸ਼ਨ ਕਰਨਾ ਪਿਆ। ਭਗਵੰਤ ਮਾਨ ਨੇ ਕਿਹਾ ਕਿ ਮਨਰੇਗਾ ਅਧੀਨ ਕੰਮ ਕਰਦੇ ਮਜ਼ਦੂਰਾਂ ਨੂੰ ਵੀ ਅਧਿਆਪਕਾਂ ਨਾਲੋਂ ਵੱਧ ਤਨਖਾਹਾਂ ਮਿਲਦੀਆਂ ਸਨ। ਉਨ੍ਹਾਂ ਨੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਇਹ ਕੌਮ ਨਿਰਮਾਤਾਵਾਂ `ਤੇ ਅੱਤਿਆਚਾਰ ਨਹੀਂ ਤਾਂ ਹੋਰ ਕੀ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿਸੇ `ਤੇ ਕੋਈ ਅਹਿਸਾਨ ਨਹੀਂ ਹੈ, ਸਗੋਂ ਸੂਬੇ ਅਤੇ ਜਨਤਾ ਦੀ ਸੇਵਾ ਕਰਨਾ ਉਨ੍ਹਾਂ ਦਾ ਮੁੱਢਲਾ ਫ਼ਰਜ਼ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਖ਼ੁਸ਼ ਹਨ ਕਿ ਸੂਬੇ ਦੇ ਲੋਕਾਂ ਨੇ ਉਨ੍ਹਾਂ `ਤੇ ਇੰਨਾ ਭਰੋਸਾ ਜਤਾਇਆ ਹੈ ਅਤੇ ਉਹ ਇਸ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੋਂ ਇਨ੍ਹਾਂ ਅਧਿਆਪਕਾਂ ਦੇ ਨਾਂ ਅੱਗਿਓਂ ‘ਕੱਚੇ’ ਸ਼ਬਦ ਹਮੇਸ਼ਾ ਲਈ ਹਟ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੂੰ ਹਰ ਸਾਲ ਪੰਜ ਫੀਸਦੀ ਤਨਖ਼ਾਹ ਵਾਧੇ ਦੇ ਨਾਲ-ਨਾਲ ਛੁੱਟੀਆਂ ਸਮੇਤ ਹੋਰ ਲਾਭ ਵੀ ਦਿੱਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਕ ਹੋਰ ਇਤਿਹਾਸਕ ਪਹਿਲਕਦਮੀ ਕਰਦਿਆਂ ਫੈਸਲਾ ਕੀਤਾ ਹੈ ਕਿ ਅਧਿਆਪਕ ਸਿਰਫ਼ ਅਧਿਆਪਨ ਕਾਰਜ ਨਾਲ ਸਬੰਧਤ ਸੇਵਾ ਨਿਭਾਉਣਗੇ ਅਤੇ ਉਨ੍ਹਾਂ ਦੀ ਕਿਸੇ ਗੈਰ-ਅਧਿਆਪਨ ਕਾਰਜ ਲਈ ਡਿਊਟੀ ਨਹੀਂ ਲਗਾਈ ਜਾਵੇਗੀ।


ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ ਮਰਦਮਸ਼ੁਮਾਰੀ ਲਈ 66,000 ਅਧਿਆਪਕਾਂ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਉਨ੍ਹਾਂ ਵੱਲੋਂ ਸਪੱਸ਼ਟ ਸ਼ਬਦਾਂ ਵਿੱਚ ਇਨਕਾਰ ਕਰ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਨੂੰ ਇਸ ਮੰਤਵ ਲਈ ਬੇਰੋਜ਼ਗਾਰ ਨੌਜਵਾਨਾਂ ਨੂੰ ਭਰਤੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਸਰਕਾਰੀ ਕੰਮਕਾਜ ਕਰਨ ਬਾਰੇ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਹੁਨਰ ਵਿਕਾਸ ਵਿੱਚ ਵੀ ਮਦਦ ਮਿਲੇਗੀ। ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਫੈਸਲੇ ਸਿਰਫ਼ ਉਹੀ ਵਿਅਕਤੀ ਲੈ ਸਕਦਾ ਹੈ ਜੋ ਜ਼ਮੀਨੀ ਪੱਧਰ `ਤੇ ਲੋਕਾਂ ਨਾਲ ਜੁੜਿਆ ਹੋਵੇ।


ਮੁੱਖ ਮੰਤਰੀ ਨੇ ਕਿਹਾ ਕਿ ਵੱਡੇ-ਵੱਡੇ ਘਰਾਂ ਵਿੱਚ ਰਹਿਣ ਵਾਲੇ ਆਗੂ ਅਜਿਹੇ ਫੈਸਲੇ ਨਹੀਂ ਲੈ ਸਕਦੇ ਕਿਉਂਕਿ ਉਹ ਜ਼ਮੀਨੀ ਹਕੀਕਤਾਂ ਤੋਂ ਜਾਣੂੰ ਨਹੀਂ ਹਨ। ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਉਨ੍ਹਾਂ ਕੋਲ ਇੰਨੇ ਵੱਡੇ ਘਰ ਨਹੀਂ ਹਨ ਪਰ ਲੋਕਾਂ ਦਾ ਅਥਾਹ ਪਿਆਰ ਅਤੇ ਵਿਸ਼ਵਾਸ ਹੀ ਉਨ੍ਹਾਂ ਦੀ ਸਾਰੀ ਜਾਇਦਾਦ ਅਤੇ ਖ਼ਜ਼ਾਨਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸੂਬੇ ਦੇ ਲੋਕ ਉਨ੍ਹਾਂ ਦੇ ਨਾਲ ਹਨ ਤਾਂ ਪੈਸੇ ਅਤੇ ਧਨ-ਦੌਲਤ ਦੇ ਰੂਪ ਵਿੱਚ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸੂਬਾ ਸਰਕਾਰਾਂ ਨੇ ਆਪਣੇ ਕਾਰਜਕਾਲਾਂ ਦੇ ਆਖ਼ਰੀ ਸਮੇਂ ਥੋੜ੍ਹੀਆਂ-ਬਹੁਤੀਆਂ ਰਿਆਇਤਾਂ ਦੇ ਕੇ ਲੋਕਾਂ ਨੂੰ ਮੂਰਖ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਪਣੇ ਸ਼ਾਸਨ ਦੌਰਾਨ ਲੋਕਾਂ ਨੂੰ ਲੁੱਟਿਆ ਹੈ ਅਤੇ ਕਦੇ ਵੀ ਉਨ੍ਹਾਂ ਦੀ ਭਲਾਈ ਲਈ ਕੋਈ ਵਿਸ਼ੇਸ਼ ਫੈਸਲੇ ਨਹੀਂ ਲਏ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸੱਤਾ ਵਿੱਚ ਆਉਣ ਦੇ ਪਹਿਲੇ ਦਿਨ ਤੋਂ ਹੀ ਲਗਾਤਾਰ ਕੰਮ ਕਰ ਰਹੀ ਹੈ।


ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਇਹ ਅਧਿਆਪਕ ਸੂਬੇ ਵਿੱਚ ਸਿੱਖਿਆ ਪ੍ਰਦਾਨ ਕਰਨ ਲਈ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਸਰਕਾਰ ਅਤੇ ਅਧਿਆਪਕਾਂ ਦੇ ਸਾਂਝੇ ਯਤਨਾਂ ਸਦਕਾ ਪੰਜਾਬ ਮਿਆਰੀ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣ ਕੇ ਉਭਰੇਗਾ। ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਦੇਖਣ ਨੂੰ ਮਿਲ ਰਹੀ ਹੈ ਅਤੇ ਅਸੀਂ ਸਾਰੇ ਖ਼ੁਸ਼ਕਿਸਮਤ ਹਾਂ ਕਿ ਅਸੀਂ ਇਸ ਉੱਦਮ ਦਾ ਹਿੱਸਾ ਹਾਂ।


ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਹਵਾਈ ਅੱਡਿਆਂ `ਤੇ ਰਨਵੇਅ ਹਵਾਈ ਜਹਾਜ਼ ਨੂੰ ਸੁਚਾਰੂ ਢੰਗ ਨਾਲ ਉਡਾਣ ਭਰਨ ਦੀ ਸਹੂਲਤ ਦਿੰਦੇ ਹਨ, ਉਸੇ ਤਰ੍ਹਾਂ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਦਿਆਰਥੀਆਂ ਦੇ ਵਿਚਾਰਾਂ ਨੂੰ ਪ੍ਰਫੁੱਲਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚ ਨੌਜਵਾਨਾਂ ਦੀ ਆਪਣੀ ਵੱਖਰੀ ਪਛਾਣ ਬਣਾਉਣ ਲਈ ਉਨ੍ਹਾਂ ਦੀ ਮਦਦ ਕਰਨ ਲਈ ਹਰ ਸੰਭਵ ਯਤਨ ਕਰਨ।


ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਲਈ ਬੱਸ ਸੇਵਾ ਸ਼਼ੁਰੂ ਕਰੇਗੀ ਅਤੇ ਇਸ ਲਈ 20,000 ਵਿਦਿਆਰਥੀਆਂ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ 12,000 ਲੜਕੀਆਂ ਅਤੇ 8,000 ਲੜਕੇ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਲਈ 21 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਜਾ ਚੁੱਕਾ ਹੈ, ਜਿਸ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਬੱਸਾਂ ਨੂੰ ਜੀ.ਪੀ.ਐੱਸ. ਸਿਸਟਮ ਨਾਲ ਲੈੱਸ ਕੀਤਾ ਜਾਵੇਗਾ ਤਾਂ ਜੋ ਮਾਪੇ ਬੱਸਾਂ ਦੀ ਆਵਾਜਾਈ `ਤੇ ਨਜ਼ਰ ਰੱਖ ਸਕਣ। ਉਨ੍ਹਾਂ ਅੱਗੇ ਕਿਹਾ ਕਿ ਇਹ ਕਦਮ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਦਿਸ਼ਾ ਵੱਲ ਅਹਿਮ ਭੂਮਿਕਾ ਨਿਭਾਏਗਾ। 


Share:

Jul 27, 2023

ਭਾਰਤੀ ਹਵਾਈ ਸੈਨਾ ਦੀ ਭਰਤੀ ਲਈ 17 ਅਗਸਤ 2023 ਤੱਕ ਕੀਤੀ ਜਾ ਸਕਦੀ ਆਨਲਾਈਨ ਰਜਿਸਟ੍ਰੇਸ਼ਨ-ਡਿਪਟੀ ਕਮਿਸ਼ਨਰ


ਫਾਜਿਲਕਾ  27 ਜੁਲਾਈ 

ਸਰਕਾਰ ਵੱਲੋਂ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਕਰਨ ਲਈ ਅਗਨੀਵੀਰ ਵਾਯੂ ਯੋਜਨਾ ਸ਼ੁਰੂ ਕੀਤੀ ਗਈ ਹੈਜਿਸ ਅਧੀਨ ਹਵਾਈ ਸੈਨਾ ਵੱਲੋਂ ਭਰਤੀ ਚਾਲੂ ਹੋ ਚੁੱਕੀ ਹੈ। ਇਸ ਭਰਤੀ ਮੁਹਿੰਮ ਅਧੀਨ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾ ਨੂੰ ਮੌਕਾ ਦਿੱਤਾ ਜਾਵੇਗਾ।

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ ਇਸ ਭਰਤੀ ਲਈ 13 ਅਕਤੂਬਰ 2023 ਨੂੰ ਆਨ-ਲਾਇਨ ਪ੍ਰੀਖਿਆ ਆਯੋਜਿਤ ਕੀਤੀ ਜਾ ਰਹੀ ਹੈ। ਇਸ ਭਰਤੀ ਵਿੱਚ ਸ਼ਾਮਿਲ ਹੋਣ ਲਈ ਪ੍ਰਾਰਥੀ 17 ਅਗਸਤ 2023 ਤੱਕ ਆਨਲਾਈਨ ਵੈਬਸਾਈਟ https://agnipathvayu.cdac.in   'ਤੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਨੂੰ ਅਪਲਾਈ ਕਰਨ ਲਈ ਨੌਜਵਾਨਾਂ ਦੀ ਉਮਰ 27 ਜੂਨ 2003 ਤੋਂ 27 ਦਸੰਬਰ 2006 ਵਿਚਕਾਰ ਹੋਣੀ ਚਾਹੀਦੀ ਹੈ ਅਤੇ ਨੌਜਵਾਨਾਂ ਦਾ 12 ਵੀਂ ਜਮਾਤ ਵਿੱਚੋਂ 50 ਫੀਸਦੀ ਅੰਕਾਂ ਨਾਲ ਜਾਂ ਤਿੰਨ ਸਾਲਾ ਡਿਪਲੋਮਾ ਜਾਂ ਸਾਲਾਂ ਵੋਕੇਸ਼ਨਲ ਕੋਰਸ ਦਾ 50 ਫੀਸਦੀ ਅੰਕਾਂ ਨਾਲ ਪਾਸ ਹੋਣਾ ਲਾਜ਼ਮੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਭਰਤੀ ਨੂੰ ਕੁਆਰੇ ਲੜਕੇ ਅਤੇ ਲੜਕੀਆਂ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਵੈਬਸਾਇਟ https://agnipathvayu.cdac.in  ਤੇ ਵਿਜਿਟ ਵੀ ਕੀਤਾ ਜਾ ਸਕਦਾ ਹੈ।

Share:

Jul 26, 2023

ਰਾਤ 10 ਵਜੇ ਤੋਂ ਬਾਅਦ ਆਵਾਜ਼ ਪ੍ਰਦੂਸ਼ਣ ਕਰਨ ਵਾਲਿਆ ਤੇ ਹੋਵੇਗਾ 188 ਆਈ.ਪੀ.ਸੀ ਤਹਿਤ ਪਰਚਾ ਦਰਜ

 

After 10 o'clock in the night, the noise polluter will be booked under 188 IPC

ਸਮੂਹ ਐਸ.ਡੀ.ਐਮ ਇਲਾਕੇ ਦੇ ਡੀ.ਐਸ.ਪੀ ਨਾਲ ਮਿਲ ਕੇ ਕਾਰਵਾਈ ਅਮਲ ਵਿੱਚ ਲਿਆਉਣ-ਡੀ.ਸੀ. ਫਰੀਦਕੋਟ

ਸਕੂਲਾਂ, ਹਸਪਤਾਲਾਂ  ਅਤੇ ਕੋਰਟ ਦੇ 100 ਮੀਟਰ ਦਾ ਘੇਰਾ ਹੋਵੇਗਾ ਸਾਈਲੈਂਸ ਜੋਨ

ਫਰੀਦਕੋਟ 26 ਜੁਲਾਈ

ਰਾਤ ਵੇਲੇ ਲਾਊਡ ਸਪੀਕਰਾਂ ਰਾਹੀਂ ਸ਼ਹਿਰੀ ਅਤੇ ਪੇਂਡੂ ਇਲਾਕੇ ਦੀ ਅਮਨ ਸ਼ਾਂਤੀ ਭੰਗ ਕਰਨ ਵਾਲਿਆਂ ਖਿਲਾਫ ਹੁਣ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਸਬੰਧੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਸਮੂਹ ਐਸ.ਡੀ.ਐਮਜ਼ ਨੂੰ ਲਿਖਤੀ ਹਦਾਇਤ ਕਰਦਿਆਂ ਕਿਹਾ ਗਿਆ ਹੈ ਕਿ ਆਪਣੇ ਇਲਾਕੇ ਦੇ ਡੀ.ਐਸ.ਪੀ ਨਾਲ ਤਾਲਮੇਲ ਕਰਕੇ ਕਾਰਵਾਈ ਵਿੱਢੀ ਜਾਵੇ।  ਇਸ ਦੇ ਨਾਲ ਹੀ ਬੱਸਾਂ ਅਤੇ ਤਿੰਨ ਪਹੀਆਂ ਵਾਲੇ ਮੋਟਰ ਚਾਲਕਾਂ ਦੀ ਤੇਜ਼ ਰਫਤਾਰੀ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ।

          ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਮੂਹ ਐਸ.ਡੀ.ਐਮਜ਼ ਆਪਣੇ ਇਲਾਕੇ ਦੇ ਸਬੰਧਤ ਡੀ.ਜੇ ਫਰਮਾਂ, ਮੈਰੇਜ ਪੈਲੇਸਾਂ ਅਤੇ ਹੋਟਲ ਮਾਲਕਾਂ ਦੇ ਨਾਲ ਰਾਬਤਾ ਕਾਇਮ ਕਰਨ ਅਤੇ ਉਨ੍ਹਾਂ ਨੂੰ ਇਸ ਮੁੱਦੇ ਤੇ ਆਮ ਲੋਕਾਂ, ਬਜ਼ੁਰਗਾਂ, ਬੱਚਿਆਂ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਸਹਿਯੋਗ ਦੇਣ ਦੀ ਅਪੀਲ ਕਰਨ।

          ਇਸ ਸਬੰਧੀ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਐਕਸੀਅਨ ਦਲਜੀਤ ਸਿੰਘ ਨੇ ਦੱਸਿਆ ਕਿ  ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ  ਕੀਤੇ ਗਏ ਫੈਸਲੇ ਅਨੁਸਾਰ  ਸ਼ਹਿਰ ਨੂੰ ਚਾਰ ਹਿੱਸਿਆ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਇੰਡਸਟੀਰੀਅਲ, ਕਮਰਸ਼ੀਅਲ, ਰੈਂਜੀਡੈਂਸ਼ਲ ਅਤ ਸਾਈਲੈਂਸ ਜੋਨ ਸ਼ਾਮਿਲ ਹਨ। ਸਾਈਲੈਂਸ ਜੋਨ ਵਿੱਚ ਸਕੂਲ, ਹਸਪਤਾਲ ਅਤੇ ਕਚਹਿਰੀਆਂ ਦਾ ਨਾਲ ਲੱਗਦਾ 100 ਮੀਟਰ ਦਾ ਘੇਰਾ ਹੈ।ਇਸ ਫੈਸਲੇ ਅਨੁਸਾਰ ਜਿੱਥੇ ਇਨ੍ਹਾਂ ਅਦਾਰਿਆਂ ਵੱਲੋਂ ਆਪਣੀਆਂ ਇਮਾਰਤਾਂ ਤੇ ਜਿੱਥੇ ਸਾਈਲੈਂਜ ਜੋਨ ਦੇ ਨੋਟਿਸ ਬੋਰਡ ਲਗਾਏ ਜਾਣ ਦੀ ਤਜਵੀਜ਼ ਹੈ, ਉੱਥੇ ਨਾਲ ਹੀ ਹਰ ਆਮ ਅਤੇ ਖਾਸ ਨੂੰ ਹਦਾਇਤ ਹੈ ਕਿ ਉਹ ਇਮਾਰਤਾਂ ਦੇ ਉਸਾਰੀਕਰਨ, ਗੱਡੀਆਂ ਦੇ ਹਾਰਨ, ਪਟਾਖੇ ਜਾਂ ਲਾਊਡ ਸਪੀਕਰਾਂ ਰਾਹੀਂ ਆਵਾਜ਼ ਪ੍ਰਦੂਸ਼ਣ ਨਾ ਕਰਨ।

ਇਸ ਤੋਂ ਇਲਾਵਾ ਸਬੰਧਤ ਐਸ.ਡੀ.ਐਮ ਦਫਤਰ ਤੋਂ ਲਿਖਤੀ ਪ੍ਰਵਾਨਗੀ ਤੋਂ ਬਿਨ੍ਹਾ ਰਾਤ 10 ਵਜੇ ਤੋਂ ਸਵੇਰ 6 ਵਜੇ ਤੱਕ ਲਾਊਂਡ ਸਪੀਕਰਾਂ ਰਾਹੀਂ ਸਮਾਜਿਕ ਜਾਂ ਵਿਆਹ ਦੇ ਸਮਾਗਮਾਂ ਦੌਰਾਨ ਲਾਊਂਡ ਸਪੀਕਰ ਦਾ ਇਸਤੇਮਾਲ ਕਰਨ ਵਾਲਿਆਂ ਤੇ ਧਾਰਾ 188 ਆਈ.ਪੀ.ਸੀ. ਦੀ ਧਾਰਾ ਦੇ ਤਹਿਤ ਪਰਚਾ ਦਰਜ ਹੋਵੇਗਾ।

 ਉਨ੍ਹਾਂ ਦੱਸਿਆ ਕਿ ਬੱਚਿਆ ਦੇ ਬੋਰਡ ਦੇ ਪੇਪਰਾਂ ਦੌਰਾਨ ਖੁੱਲ੍ਹੇ ਏਰੀਏ ਵਿੱਚ ਲਾਊਡ ਸਪੀਕਰ ਲਗਾਉਣ ਤੇ ਮਨਾਹੀ ਹੋਵੇਗੀ। ਇਹ ਮਨਾਹੀ ਪੇਪਰਾਂ ( ਬੋਰਡ, ਸੈਕੰਡਰੀ, ਸੀਨੀਅਰ ਸੈਕੰਡਰੀ, ਜੇ.ਈ.ਟੀ  ਅਤੇ ਹੋਰ ਕੰਪੀਟੀਸ਼ਨ ਆਦਿ ਪੇਪਰਾਂ) ਤੋਂ 3 ਦਿਨ ਪਹਿਲਾਂ ਤੋਂ ਸ਼ੁਰੂ ਹੋ ਕੇ ਪੇਪਰ ਖਤਮ ਹੋਣ ਤੱਕ ਜਾਰੀ ਰਹੇਗੀ।

 ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇੰਡਸਟਰੀਅਲ ਏਰੀਏ ਵਿੱਚ ਆਵਾਜ ਦਿਨ ਵੇਲੇ 75 ਡੈਸੀਬਲ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ ਅਤੇ ਰਾਤ ਵੇਲੇ 70 ਡੈਸੀਬਲ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਕਮਰਸ਼ੀਅਲ ਏਰੀਏ ਵਿੱਚ ਆਵਾਜ ਦਿਨ ਵੇਲੇ 65 ਡੈਸੀਬਲ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ ਅਤੇ ਰਾਤ ਵੇਲੇ 55 ਡੈਸੀਬਲ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ। ਰੈਜੀਡੈਂਸ਼ਿਅਲ ਏਰੀਏ ਵਿੱਚ ਆਵਾਜ ਦਿਨ ਵੇਲੇ 55 ਡੈਸੀਬਲ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ ਅਤੇ ਰਾਤ ਵੇਲੇ 45 ਡੈਸੀਬਲ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ। ਸਾਈਲੈਂਸ ਜੋਨ ਵਿੱਚ ਆਵਾਜ ਦਿਨ ਵੇਲੇ 50 ਡੈਸੀਬਲ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ ਅਤੇ ਰਾਤ ਵੇਲੇ 40 ਡੈਸੀਬਲ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ। 


Share:

ਸੋਸ਼ਲ ਮੀਡੀਆ 'ਤੇ ਹੜ੍ਹਾਂ ਸਬੰਧੀ ਗ਼ਲਤ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਡੀ.ਸੀ.



ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਬੰਨ੍ਹ ਨੂੰ ਕਿਸੇ ਤਰ੍ਹਾਂ ਦਾ ਵੀ ਖ਼ਤਰਾ ਨਹੀਂ

ਅਧਿਕਾਰੀ 24 ਘੰਟੇ ਰੱਖ ਰਹੇ ਹਨ ਸਥਿਤੀ 'ਤੇ ਨਜ਼ਰ

ਜ਼ਿਲ੍ਹਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਸੁਚੇਤ ਰਹਿਣ ਦੀ ਅਪੀਲ

ਫਿਰੋਜ਼ਪੁਰ, 26 ਜੁਲਾਈ 

            ਸੋਸ਼ਲ ਮੀਡੀਆ 'ਤੇ ਹੜ੍ਹਾਂ ਸਬੰਧੀ ਗ਼ਲਤ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ ਹੋਵੇਗੀ। ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਤੇ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਬੰਨ੍ਹ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਖ਼ਤਰਾ ਨਹੀਂ ਹੈ। ਪ੍ਰਸ਼ਾਸਨਿਕ ਅਧਿਕਾਰੀ 24 ਘੰਟੇ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਕੀਤਾ। 

            ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਚ ਪਹਿਲਾਂ ਦੇ ਮੁਕਾਬਲੇ ਪਾਣੀ ਦਾ ਪੱਧਰ ਘੱਟ ਹੋਇਆ ਹੈ। ਹਰੀ ਕੇ ਹੈਡਵਰਕਸ ਤੋਂ ਪਾਣੀ ਦੀ ਨਿਕਾਸੀ 87800 ਕਸਿਕ ਅਤੇ ਹੁਸੈਨੀਵਾਲਾ ਹੈਡ ਵਰਕਸ ਤੋਂ 94741 ਕਿਸਿਕ ਰਹਿ ਗਈ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਲਗਾਤਾਰ ਜਾਰੀ ਹਨ ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਟੀਮਾਂ ਤੇ ਵੈਟਨਰੀ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।

            ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਹੜ੍ਹ ਪੀੜ੍ਹਤ ਨੂੰ ਲੋੜੀਂਦੇ ਸਮਾਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵਿਧਾਇਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲਗਾਤਾਰ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਰਾਹਤ ਸਮੱਗਰੀ ਪਿੰਡਾਂ ਦੇ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਤੇ ਪ੍ਰਸ਼ਾਸਨ ਹਰ ਵੇਲੇ ਉਨ੍ਹਾਂ ਦੀ ਮਦਦ ਲਈ ਤਤਪਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਤੋਂ ਇਲਾਵਾ ਕਈ ਧਾਰਮਿਕ ਤੇ ਸਮਾਜਸੇਵੀ ਸੰਸਥਾਵਾਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੱਡੀ ਪੱਧਰ ਤੇ ਲੋਕਾਂ ਦੀ ਮਦਦ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਬਾਰਿਸ਼ਾਂ ਅਤੇ ਹੜ੍ਹ ਨਾਲ ਨੁਕਸਾਨੇ ਗਏ ਰਕਬੇ ਦੀ ਛੇਤੀ ਹੀ ਭਰਪਾਈ ਕੀਤੀ ਜਾਵੇਗੀ।

            ਡਿਪਟੀ ਕਮਿਸ਼ਨਰ ਨੇ ਹੜ੍ਹਾਂ ਸਬੰਧੀ ਸੋਸ਼ਲ ਮੀਡੀਆ ਤੇ ਗ਼ਲਤ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਅਤੇ ਜ਼ਿਲ੍ਹਾ ਵਾਸੀਆਂ ਨੂੰ ਅਜਿਹੀ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਬਚਣ ਲਈ ਕਿਹਾ। ਉਨ੍ਹਾਂ ਕਿਹਾ ਕਿ ਹੜ੍ਹਾਂ ਬਾਰੇ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਨੰਬਰ 01632-244017, ਤਹਿਸੀਲ ਫ਼ਿਰੋਜ਼ਪੁਰ ਵਿਖੇ ਫਲੱਡ ਕੰਟਰੋਲ ਰੂਮ ਨੰਬਰ 01632-244019, ਤਹਿਸੀਲ ਜ਼ੀਰਾ ਵਿਖੇ ਫਲੱਡ ਕੰਟਰੋਲ ਰੂਮ ਨੰਬਰ 01682-250169, ਤਹਿਸੀਲ ਗੁਰੂਹਰਸਹਾਏ ਵਿਖੇ ਫਲੱਡ ਕੰਟਰੋਲ ਰੂਮ ਨੰਬਰ 01685-231010 ਤੋਂ ਇਲਾਵਾ ਐਕਸੀਐਨ ਡਰੇਨੇਜ਼ ਫ਼ਿਰੋਜ਼ਪੁਰ ਦਾ ਕੰਟਰੋਲ ਰੂਮ ਨੰਬਰ 01632-245366 'ਤੇ ਜ਼ਿਲ੍ਹਾ ਵਾਸੀ ਬਰਸਾਤੀ ਪਾਣੀ/ ਹੜ੍ਹ ਨਾਲ ਸਬੰਧਤ ਸਥਿਤੀ ਬਾਰੇ ਸੰਪਰਕ ਕਰਕੇ ਜਾਣਕਾਰੀ /ਮਦਦ ਲੈ ਸਕਦੇ ਹਨ।  ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਹੜ੍ਹਾਂ ਸਬੰਧੀ ਦਰਆ ਦਾ ਬੰਨ੍ਹ ਟੁੱਟਣ ਸਬੰਧੀ ਗਲਤ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਲਈ ਪੁਲੀਸ ਵਿਭਾਗ ਨੂੰ ਕਿਹਾ ਗਿਆ ਹੈ। 


--
Share:

ਐਸ.ਡੀ.ਐਮ. ਫਾਜ਼ਿਲਕਾ ਵੱਲੋਂ ਜਮੀਨੀ ਪੱਧਰ `ਤੇ ਜਾ ਕੇ ਸਰਹੱਦੀ ਪਿੰਡਾਂ ਦੀ ਸਥਿਤੀ ਦਾ ਲਿਆ ਜਾ ਰਿਹੈ ਜਾਇਜਾ

SDM Fazilka is going to the ground level to assess the condition of the border villages



ਜ਼ਿਲ੍ਹਾ ਪ੍ਰਸ਼ਾਸਨ ਕਾਰਜਸ਼ੀਲ, ਪਿੰਡ ਵਾਸੀਆਂ ਨੂੰ ਪਹੁੰਚਾਈ ਜਾ ਰਹੀ ਨਿਰਵਿਘਨ ਰਾਹਤ ਸਮੱਗਰੀ
ਫਾਜ਼ਿਲਕਾ, 26 ਜ਼ੁਲਾਈ-( ਹਰਵੀਰ ਬੁਰਜਾਂ )
ਐਸ.ਡੀ.ਐਮ. ਫਾਜ਼ਿਲਕਾ ਸ੍ਰੀ ਨਿਕਾਸ ਖੀਚੜ ਵੱਲੋਂ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਲਗਾਤਾਰ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ।ਉਨ੍ਹਾਂ ਫਾਜ਼ਿਲਕਾ ਦੇ ਸਰਹੱਦੀ ਪਿੰਡ ਕਾਵਾਂ ਵਾਲੀ, ਰੇਤੇ ਵਾਲੀ ਭੈਣੀ, ਢਾਣੀ ਸੱਦਾ ਸਿੰਘ, ਚੱਕ ਰੁਹੇਲਾ ਅਤੇ ਤੇਜਾ ਰੁਹੇਲਾ ਆਦਿ ਪਿੰਡਾਂ ਵਿਖੇ ਖੁਦ ਨਿਜੀ ਤੌਰ `ਤੇ ਪਹੁੰਚ ਕੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ।
ਐਸ.ਡੀ.ਐਮ. ਫਾਜ਼ਿਲਕਾ ਸ੍ਰੀ ਖੀਚੜ ਵੱਲੋਂ ਖੁਦ ਪਿੰਡ ਤੇਜਾ ਰੁਹੇਲਾ ਵਿਖੇ ਟਰੈਕਟਰ `ਤੇ ਚੜ੍ਹ ਕੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਲਈ ਰਾਹਤ ਕੈਂਪ ਬਣਾਏ ਗਏ ਹਨ ਤੇ ਲੋੜ ਪੈਣ `ਤੇ ਪਿੰਡ ਵਾਸੀ ਰਾਹਤ ਕੈਂਪਾਂ ਵਿਚ ਸ਼ਿਫਟ ਹੋ ਸਕਦੇ ਹਨ।ਉਨ੍ਹਾਂ ਕਿਹਾ ਕਿ ਰਾਹਤ ਕੈਂਪਾਂ ਵਿਖੇ ਹਰ ਯੋਗ ਪ੍ਰਬੰਧ ਕੀਤੇ ਗਏ ਹਨ।
ਐਸ.ਡੀ.ਐਮ ਨੇ ਲੋਕਾ ਨੂੰ ਸੁਚੇਤ ਕਰਦਿਆਂ ਕਿਹਾ ਕਿ ਉੱਪਰਲੇ ਹਿੱਸਿਆਂ ਵਿਚ ਬਾਰਿਸ਼ ਹੋਣ ਕਰਕੇ ਸਰਹੱਦੀ ਪਿੰਡਾਂ ਵਿਚ ਪਾਣੀ ਦਾ ਪੱਧਰ ਵਧਿਆ ਹੈ ਜਿਸ ਕਾਰਨ ਪਿੰਡਾਂ ਵਿਚ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਪਿੰਡ ਦੇ ਲੋਕਾਂ ਨੂੰ ਲਗਾਤਾਰ ਅਪੀਲ ਕਰ ਰਹੇ ਹਨ ਜੇਕਰ ਹੜ੍ਹ ਪ੍ਰਭਾਵਿਤ ਪਿੰਡ ਵਾਸੀਆਂ ਨੂੰ ਪਿੰਡ ਵਿਚ ਰਹਿਣ ਵਿਚ ਕੋਈ ਪ੍ਰੇਸ਼ਾਨੀ ਆ ਰਹੀ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਰਾਹਤ ਕੈਂਪਾਂ ਵਿਚ ਪਹੁੰਚ ਕਰ ਸਕਦੇ ਹਨ।
ਐਸ.ਡੀ.ਐਮ. ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਹੱਦੀ ਪਿੰਡਾਂ ਦੇ ਲੋਕਾਂ ਲਈ ਹਰ ਤਰ੍ਹਾਂ ਨਾਲ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਨੁੱਖਾਂ ਦੇ ਨਾਲ-ਨਾਲ ਪਸ਼ੂਆਂ ਲਈ ਰਾਹਤ ਸਮੱਗਰੀ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਸਹੂਲਤ ਲਈ ਰਾਹਤ ਕੈਂਪਾਂ ਵਿਚ ਮੈਡੀਕਲ ਟੀਮਾਂ ਮੌਜ਼ੂਦ ਹਨ ਜਿਸ `ਤੇ ਪਿੰਡ ਵਾਸੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਹਰਾ ਚਾਰਾ, ਪਠੇ ਲੋੜ ਮੁਤਾਬਕ ਮੁਹੱਈਆ ਕਰਵਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੀ ਪਿੰਡਾਂ ਵਿਖੇ ਮੌਜ਼ੂਦ ਹਨ ਤਾਂ ਜ਼ੋ ਕੋਈ ਵੀ ਪਸ਼ੂ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਵੇ।
ਇਸ ਮੌਕੇ ਐਸ.ਡੀ.ਐਮ. ਨੇ ਹੜ੍ਹ ਪ੍ਰਭਾਵਿਤ ਪਿੰਡ ਤੇਜਾ ਰੁਹੇਲਾ ਤੋਂ ਰਾਹਤ ਕੈਂਪ ਹਸਤਾ ਕਲਾਂ ਵਿਖੇ ਪਹੁੰਚੇ ਪਰਿਵਾਰ ਦਾ ਹਾਲ-ਚਾਲ ਜਾਣਿਆ ਤੇ ਪਰਿਵਾਰ ਨੂੰ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਉਣ ਲਈ ਤਾਇਨਾਤ ਅਧਿਕਾਰੀਆ ਨੂੰ ਆਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆ ਦੇ ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ, ਤਹਿਸੀਲ ਪੱਧਰ `ਤੇ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਦਫਤਰਾਂ ਵਿਖੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।
  ਇਸ ਮੌਕੇ ਨਾਇਬ ਤਹਿਸੀਲਦਾਰ ਅਵਿਨਾਸ਼ ਚੰਦਰ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜ਼ੂਦ ਸਨ।

Share:

ਪੰਜਾਬ ਸਰਕਾਰ ਵੱਲੋਂ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਦਾ ਕੀਤਾ ਪਰਦਾਫਾਸ਼: ਦੋ ਹੋਰ ਸਰਟੀਫਿਕੇਟ ਕੀਤੇ ਰੱਦ: ਡਾ. ਬਲਜੀਤ ਕੌਰ

Fake Scheduled Caste Certificate exposed by Punjab Government: Two more certificates cancelled: Dr. Baljit Kaur


ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਨੁਸੂਚਿਤ ਜਾਤੀ ਦੇ ਹਿੱਤਾਂ ਦੀ ਰਾਖੀ ਲਈ ਲਗਾਤਾਰ ਕਾਰਜਸ਼ੀਲ
ਚੰਡੀਗੜ੍ਹ, 26 ਜੁਲਾਈ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰਾਖੀ ਲਈ ਲਗਾਤਾਰ ਕਾਰਜਸ਼ੀਲ ਹੈ। ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸ੍ਰੀ ਬਲਵਿੰਦਰ ਕੁਮਾਰ ਪੁੱਤਰ ਸ੍ਰੀ ਚਮਨ ਲਾਲ ਵਾਸੀ ਮਮਦੋਟ, ਜ਼ਿਲ੍ਹਾ ਫਿਰੋਜ਼ਪੁਰ  ਅਤੇ ਸ੍ਰੀਮਤੀ ਜਸਵੀਰ ਕੌਰ ਪੁੱਤਰੀ ਸ੍ਰੀ ਕੇਹਰ ਸਿੰਘ, ਹਿੰਦੀ ਮਿਸਟ੍ਰੈਸ, ਸਰਕਾਰੀ ਮਿਡਲ ਸਕੂਲ ਜੰਡਪੁਰ, ਜ਼ਿਲ੍ਹਾ ਐਸ.ਏ.ਐਸ ਨਗਰ ਦਾ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਸਰਕਾਰ ਪੱਧਰ ’ਤੇ ਗਠਿਤ ਰਾਜ ਪੱਧਰੀ ਸਕਰੂਟਨੀ ਕਮੇਟੀ ਵੱਲੋਂ ਰੱਦ ਕਰ ਦਿੱਤਾ ਗਿਆ ਹੈ। 
ਵਧੇਰੇ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸ੍ਰੀ ਜਸਵੀਰ ਸਿੰਘ ਪਮਾਲੀ ਮੈਂਬਰ ਕੋਰ ਕਮੇਟੀ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ, ਪਿੰਡ ਪਮਾਲੀ, ਜ਼ਿਲ੍ਹਾ ਲੁਧਿਆਣਾ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ ਜ਼ਿਲ੍ਹਾ ਫਿਰੋਜ਼ਪੁਰ ਮਮਦੋਟ ਦੇ ਵਾਸੀ ਬਲਵਿੰਦਰ ਕੁਮਾਰ ਨੇ ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਾਇਆ ਹੈ। ਇਸ ਅਧਾਰ ਤੇ ਉਸ ਨੇ ਬੀ.ਐਸਸੀ(ਖੇਤੀਬਾੜੀ) ਦੀ ਡਿਗਰੀ ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਆਫ ਵੈਟਨਰੀ ਸਾਇੰਸਜ਼ ਲੁਧਿਆਣਾ ਵਿਖੇ ਨੋਕਰੀ ਪ੍ਰਾਪਤ ਕੀਤੀ ਹੋਈ ਹੈ।
ਇਸ ਤੋਂ ਇਲਾਵਾ ਬਲਵੀਰ ਸਿੰਘ ਪੁੱਤਰ ਸ੍ਰੀ ਨਿਰਮਲ ਸਿੰਘ ਪਿੰਡ ਆਲਮਪੁਰ ਡਾ. ਕੌਲੀ ਜ਼ਿਲ੍ਹਾ ਪਟਿਆਲਾ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਪਿੰਡ ਜੰਡਪੁਰ ਦੇ ਸਰਕਾਰੀ ਮਿਡਲ ਸਕੂਲ ਦੀ ਹਿੰਦੀ ਮਿਸਟ੍ਰੈਸ ਸ੍ਰੀਮਤੀ ਜਸਵੀਰ ਕੌਰ ਨੇ ਜੱਟ ਸਿੱਖ ਜਾਤੀ ਨਾਲ ਸਬੰਧਤ ਹੋਣ ਦੇ ਬਾਵਜੂਦ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਬਣਾਇਆ ਹੈ।
ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਇਹਨਾਂ ਸ਼ਿਕਾਇਤਾਂ ਨੂੰ ਜਾਂਚ ਲਈ ਸਮਾਜਿਕ ਨਿਆਂ, ਅਧਿਕਾਰਤਾ ਵਿਭਾਗ ਨੂੰ ਭੇਜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਰਾਜ ਪੱਧਰੀ ਸਕਰੂਟਨੀ ਕਮੇਟੀ ਵੱਲੋਂ ਵਿਜਿਲੈਂਸ ਸੈਲ ਦੀ ਰਿਪੋਰਟ ਵਿਚਾਰਦੇ ਹੋਏ ਸ੍ਰੀ ਬਲਵਿੰਦਰ ਕੁਮਾਰ ਅਤੇ ਸ੍ਰੀਮਤੀ ਜਸਵੀਰ ਕੌਰ ਦੇ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਜਾਅਲੀ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਮੰਤਰੀ ਨੇ ਦੱਸਿਆ ਕਿ ਵਿਭਾਗ ਨੇ ਫਿਰੋਜਪੁਰ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਸ੍ਰੀ ਬਲਵਿੰਦਰ ਕੁਮਾਰ ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਨੰਬਰ 471 ਮਿਤੀ 14.01.1993 ਅਤੇ ਐਸ.ਏ.ਐਸ ਨਗਰ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਸ੍ਰੀਮਤੀ ਜਸਵੀਰ ਕੌਰ ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਨੰਬਰ 151 ਮਿਤੀ 20.07.1990 ਨੂੰ ਰੱਦ ਅਤੇ ਜ਼ਬਤ ਕਰਨ ਲਈ ਕਿਹਾ ਹੈ।
Share:

ਏਸ਼ੀਅਨ ਗੱਤਕਾ ਫੈਡਰੇਸ਼ਨ ਵੱਲੋਂ ਗੱਤਕੇ ਨੂੰ ਭਾਰਤ ਦੀਆਂ ਰਾਸ਼ਟਰੀ ਖੇਡਾਂ 'ਚ ਸ਼ਾਮਲ ਕਰਨ ਲਈ ਖੁਸ਼ੀ ਦਾ ਪ੍ਰਗਟਾਵਾ


 

The Asian Gatka Federation is happy to include Gatka in the national games of India

ਭਵਿੱਖ ਗੱਤਕਾ ਬਣੇਗਾ ਅੰਤਰਰਾਸ਼ਟਰੀ ਖੇਡ : ਜਸਵੰਤ ਸਿੰਘ ਗੋਗਾ

 

ਚੰਡੀਗੜ੍ਹ, 26 ਜੁਲਾਈ, 2023 : ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਏਸ਼ੀਅਨ ਗੱਤਕਾ ਫੈਡਰੇਸ਼ਨ ਨੇ ਭਾਰਤ ਦੀਆਂ 37ਵੀਆਂ ਰਾਸ਼ਟਰੀ ਖੇਡਾਂ ਵਿੱਚ ਗੱਤਕਾ ਖੇਡ ਨੂੰ ਸ਼ਾਮਲ ਕਰਨ ਲਈ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਮਾਨਤਾ ਮਿਲਣ ਨਾਲ ਹੁਣ ਵਿਦੇਸ਼ਾਂ ਵਿੱਚ ਵੀ ਗੱਤਕਾ ਖੇਡ ਨੂੰ ਪ੍ਰਫੁੱਲਤ ਕਰਨ ਵਿੱਚ ਮੱਦਦ ਮਿਲੇਗੀ ਅਤੇ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਮਾਨਤਾ ਦਿਵਾਉਣੀ ਸੁਖਾਲੀ ਹੋ ਜਾਵੇਗੀ।

                ਇੱਕ ਬਿਆਨ ਵਿੱਚ ਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਗੋਗਾ ਨੇ ਕਿਹਾ ਕਿ ਇਸ ਪ੍ਰਾਪਤੀ ਨਾਲ ਵਿਸ਼ਵ ਭਰ ਦੇ ਗੱਤਕਾ ਖਿਡਾਰੀਆਂਤਕਨੀਕੀ ਅਧਿਕਾਰੀਆਂ ਅਤੇ ਪ੍ਰਮੋਟਰਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ।

ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਵੱਡੇ ਯਤਨਾਂ ਦੀ ਸ਼ਲਾਘਾ ਕਰਦੇ ਹੋਏਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਨੇ ਗੱਤਕੇ ਨੂੰ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਕਰਨ ਲਈ ਕੇਂਦਰੀ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀਅਨੁਰਾਗ ਠਾਕੁਰ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਉਹ ਇਸ ਪ੍ਰਾਚੀਨ ਭਾਰਤੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਭਵਿੱਖ ਵਿੱਚ ਵੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਨੂੰ ਹਰ ਤਰ੍ਹਾਂ ਦੀ ਸਹਾਇਤਾ ਅਤੇ ਹੋਰ ਮੌਕੇ ਪ੍ਰਦਾਨ ਕਰਦੇ ਰਹਿਣਗੇ।

                ਜਸਵੰਤ ਸਿੰਘ ਗੋਗਾ ਨੇ ਇਸ ਇਤਿਹਾਸਕ ਪ੍ਰਾਪਤੀ 'ਤੇ ਦੁਨੀਆ ਭਰ ਦੇ ਸਾਰੇ ਗੱਤਕਾ ਖਿਡਾਰੀਆਂ ਅਤੇ ਤਕਨੀਕੀ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਇਹ ਮਹੱਤਵਪੂਰਨ ਮੀਲ ਪੱਥਰ ਹਾਸਲ ਕਰਨ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਵੱਲੋਂ ਪਿਛਲੇ ਡੇਢ ਦਹਾਕੇ ਤੋਂ ਕੀਤੇ ਜਾ ਰਹੇ ਨਿਰੰਤਰ ਅਣਥੱਕ ਯਤਨਾਂ ਦੀ ਵੀ ਸ਼ਲਾਘਾ ਕੀਤੀ ਹੈ।

                ਉਨ੍ਹਾਂ ਖੁਲਾਸਾ ਕੀਤਾ ਕਿ ਗੱਤਕਾ ਖੇਡ ਦੀ ਸਿਖਰਲੀ ਗਵਰਨਿੰਗ ਬਾਡੀ ਵਜੋਂ ਕਾਰਜਸ਼ੀਲ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਗੱਤਕੇ ਨੂੰ ਵਿਸ਼ਵ ਪੱਧਰ 'ਤੇ ਪ੍ਰਫੁੱਲਤ ਕਰਨ ਅਤੇ ਮਾਨਤਾ ਦਿਵਾਉਣ ਲਈ "ਵਿਜ਼ਨ ਡਾਕੂਮੈਂਟ-2030" ਨਾਮਕ ਇੱਕ ਰੋਡਮੈਪ ਤਿਆਰ ਕੀਤਾ ਗਿਆ ਹੈ ਅਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਇਸ ਰੋਡਮੈਪ ਨੂੰ ਏਸ਼ੀਅਨ ਮੁਲਕਾਂ ਵਿੱਚ ਲਾਗੂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜਸਵੰਤ ਸਿੰਘ ਨੇ ਦੱਸਿਆ ਕਿ ਇਸ ਰੋਡਮੈਪ ਵਿੱਚ ਅਗਲਾ ਟੀਚਾ ਗੱਤਕੇ ਨੂੰ ਏਸ਼ੀਅਨ ਖੇਡਾਂਸੈਫ ਖੇਡਾਂਰਾਸ਼ਟਰਮੰਡਲ ਖੇਡਾਂ ਅਤੇ ਫਿਰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਾਉਣਾ ਹੈ।

                ਉਨ੍ਹਾਂ ਇਸ ਟੀਚੇ ਨੂੰ ਪ੍ਰਾਪਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੰਦਿਆ ਕਿਹਾ ਕਿ ਗੱਤਕੇ ਦੇ ਨਾਲ ਦੀਆਂ ਹੋਰ ਸਮਕਾਲੀ ਖੇਡਾਂ ਪਹਿਲਾਂ ਹੀ ਉਪਰੋਕਤ ਅੰਤਰਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਹੋ ਚੁੱਕੀਆਂ ਹਨ। ਜਸਵੰਤ ਸਿੰਘ ਨੇ ਦੱਸਿਆ ਕਿ ਏਸ਼ੀਅਨ ਗੱਤਕਾ ਫੈਡਰੇਸ਼ਨ ਪਰਵਾਸੀ ਭਾਈਚਾਰੇ ਦੇ ਨਿਰੰਤਰ ਸਹਿਯੋਗ ਨਾਲ ਗੱਤਕੇ ਨੂੰ ਜਲਦੀ ਹੀ ਇੱਕ ਵਿਸ਼ਵ ਪੱਧਰੀ ਖੇਡ ਵਜੋਂ ਮਾਨਤਾ ਦਿਵਾਏਗੀ। ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਮਿਥੇ ਉਦੇਸ਼ ਲਈ ਹਰ ਪੱਖੋਂ ਮੱਦਦ ਕਰਨ ਅਤੇ ਇੱਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ ਤਾਂ ਜੋ ਇਸ ਟੀਚੇ ਨੂੰ ਹਕੀਕਤ ਵਿੱਚ ਬਦਲਿਆ ਜਾ ਸਕੇ।

Share:

Jul 25, 2023

1000 ਅਰਜੀਆਂ ਪ੍ਰਾਪਤ ਕਰਨ ਵਾਲਾ ਬਠਿੰਡਾ ਬਣਿਆ ਪੰਜਾਬ ਦਾ ਪਹਿਲਾ ਜ਼ਿਲ੍ਹਾ : ਡਿਪਟੀ ਡਾਇਰੈਕਟਰ ਬਾਗਬਾਨੀ


--ਕਰੀਬ 205 ਕਰੋੜ ਰੁਪਏ ਦੀ ਕਰਜ਼ਾ ਰਾਸ਼ੀ ਹੋ ਚੁੱਕੀ ਹੈ ਮੰਨਜ਼ੂਰ

ਬਠਿੰਡਾ, 25 ਜੁਲਾਈ : ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਪੰਜਾਬ ਵਿੱਚ ਖੇਤੀਬਾੜੀ ਫਸਲਾਂ ਦੀ ਵਾਢੀ/ਤੁੜਾਈ ਤੋਂ ਬਾਅਦ ਸਾਂਭ-ਸੰਭਾਲ ਅਤੇ ਪ੍ਰੋਸੈਸਿੰਗ ਲਈ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਭਾਈਚਾਰਕ ਖੇਤੀ ਸੰਪਤੀਆਂ ਦੀ ਸਿਰਜਣਾ ਕਰਨ ਵਿੱਚ ਤੇਜੀ ਨਾਲ ਅੱਗੇ ਵੱਧ ਰਹੀ ਹੈ। ਬਾਗਬਾਨੀ ਵਿਭਾਗ, ਪੰਜਾਬ ਇਸ ਯੋਜਨਾ ਨੂੰ ਰਾਜ ਵਿੱਚ ਲਾਗੂ ਕਰਵਾਉਣ ਲਈ ਬਤੌਰ ਨੋਡਲ ਏਜੰਸੀ ਕੰਮ ਕਰ ਰਿਹਾ ਹੈ। ਇਹ ਜਾਣਕਾਰੀ ਸ੍ਰੀ ਗੁਰਸ਼ਰਨ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਬਠਿੰਡਾ ਸਾਂਝੀ ਕੀਤੀ।

ਸ੍ਰੀ ਗੁਰਸ਼ਰਨ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ 20 ਜੁਲਾਈ 2023 ਤੱਕ ਪੰਜਾਬ ਨੂੰ 4353.66 ਕਰੋੜ ਰੁਪੈ ਦੇ ਪ੍ਰੋਜੈਕਟਾਂ ਲਈ ਕੁੱਲ 8124 ਅਰਜੀਆਂ ਪ੍ਰਾਪਤ ਹੋਈਆਂ ਹਨ, ਜਿਸ ਵਿੱਚੋ 2345.67 ਕਰੋੜ ਰੁਪੈ ਦੇ ਕਰਜੇ ਦੀ ਰਕਮ ਹੈ ਅਤੇ 1259.17 ਕਰੋੜ ਰੁਪੈ ਦੇ ਕਰਜੇ ਮੰਨਜ਼ੂਰ ਹੋ ਚੁੱਕੇ ਹਨ।

          ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਸਮੂਹ ਜਿਲ੍ਹਿਆਂ ਵਿੱਚੋ ਜ਼ਿਲ੍ਹਾ ਬਠਿੰਡਾ ਇਸ ਸਕੀਮ ਤਹਿਤ 1000 ਤੋ ਵੱਧ ਅਰਜੀਆਂ ਪ੍ਰਾਪਤ ਕਰਨ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। 20 ਜੁਲਾਈ 2023 ਤੱਕ ਜ਼ਿਲ੍ਹਾ ਬਠਿੰਡਾ ਨੂੰ 318.22 ਕਰੋੜ ਦੇ ਪ੍ਰੋਜੈਕਟਾਂ ਲਈ ਕੁੱਲ 1064 ਅਰਜੀਆਂ ਪ੍ਰਾਪਤ ਹੋਈਆਂ ਹਨ, ਜਿਸ ਵਿੱਚੋ 205.56 ਕਰੋੜ ਰੁਪੈ ਕਰਜਾ ਰਾਸ਼ੀ ਹੈ ਅਤੇ 104.77 ਕਰੋੜ ਰੁਪੈ ਮੰਨਜ਼ੂਰ ਹੋ ਚੁੱਕੇ ਹਨ। ਇਸ ਸਕੀਮ ਤਹਿਤ ਕਸਟਮ ਹਾਇਰਿੰਗ ਸੈਂਟਰ, ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ, ਪੋਸਟ ਹਾਰਵੈਸਟ ਇੰਨਫਰਾਸਟਰਕਚਰ, ਗਰੇਡਿੰਗ ਯੂਨਿਟ, ਸੋਲਰ ਪੈਨਲ ਆਦਿ ਪ੍ਰਮੁੱਖ ਬੁਨਿਆਂਦੀ ਢਾਂਚੇ ਸਥਾਪਿਤ ਕੀਤੇ ਜਾ ਰਹੇ ਹਨ।

          ਉਨ੍ਹਾਂ ਦੱਸਿਆ ਕਿ ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਤਹਿਤ 2 ਕਰੋੜ ਰੁਪੈ ਦੀ ਕਰਜਾ ਰਾਸ਼ੀ ਤੇ 7 ਸਾਲਾਂ ਲਈ 3 ਪ੍ਰਤੀਸ਼ਤ ਵਿਆਜ ਤੇ ਛੋਟ ਦਿੱਤੀ ਜਾਂਦੀ ਹੈ। ਇਸ ਸਕੀਮ ਨੂੰ ਯੋਗ ਪ੍ਰੋਜੈਕਟਾਂ ਲਈ ਸਾਰੀਆਂ ਰਾਜ ਅਤੇ ਕੇਂਦਰੀ ਸਕੀਮਾਂ ਦੇ ਨਾਲ ਜੋੜਿਆ ਜਾ ਸਕਦਾ ਹੈ। ਇਸ ਸਕੀਮ ਤਹਿਤ ਕਿਸੇ ਵੀ ਤਰ੍ਹਾਂ ਦੇ ਸਵਾਲ ਪੁੱਛਣ ਲਈ ਇੱਕ ਵਟਸਐਪ ਨੰਬਰ 9056092906 ਸਥਾਪਿਤ ਕੀਤਾ ਗਿਆ ਹੈ।

Share:

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 2025 ਤੱਕ ‘‘ਟੀ.ਬੀ-ਮੁਕਤ ਪੰਜਾਬ’’ ਦਾ ਟੀਚਾ ਮਿੱਥਿਆ, ਪਿੰਡਾਂ ਵਿੱਚੋਂ ਟੀ.ਬੀ. ਦੇ ਖ਼ਾਤਮੇ ਲਈ ਪੰਚਾਇਤਾਂ ਨੂੰ ਸੌਂਪੀ ਜ਼ਿੰਮੇਵਾਰੀ


Cabinet Minister Laljit Singh Bhullar has set the target of "TB-free Punjab" by 2025. The responsibility assigned to the Panchayats for the elimination of


ਡਿਪਟੀ ਕਮਿਸ਼ਨਰਾਂ ਨੂੰ ‘‘ਟੀ.ਬੀ-ਮੁਕਤ ਪਿੰਡ’’ ਐਲਾਨਣ ਸਬੰਧੀ ਮੁਹਿੰਮ ਦੇ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ




ਚੰਡੀਗੜ੍ਹ, 25 ਜੁਲਾਈ:


ਪੰਜਾਬ ਨੂੰ 2025 ਤੱਕ ‘‘ਟੀ.ਬੀ-ਮੁਕਤ’’ ਬਣਾਉਣ ਦਾ ਟੀਚਾ ਮਿੱਥਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਸੂਬੇ ਦੀਆਂ ਸਮੂਹ ਪੰਚਾਇਤਾਂ ਨੂੰ ਪਿੰਡਾਂ ਵਿੱਚੋਂ ਟੀ.ਬੀ. ਦੇ ਖ਼ਾਤਮੇ ਦੀ ਜ਼ਿੰਮੇਵਾਰੀ ਸੌਂਪੀ ਜਿਸ ਤਹਿਤ ਪੰਚਾਇਤਾਂ ਪੇਂਡੂ ਖੇਤਰ ਵਿੱਚੋਂ ਟੀ.ਬੀ. ਦੇ ਖ਼ਾਤਮੇ ਲਈ ਵਿਆਪਕ ਪਹੁੰਚ ਅਪਣਾਉਂਦਿਆਂ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ, ਪਿੰਡਾਂ ਵਿੱਚ ਕੈਂਪਾਂ ਲਾਉਣ ਅਤੇ "ਟੀਬੀ-ਮੁਕਤ ਪਿੰਡ" ਐਲਾਨਣ ਸਬੰਧੀ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਪੂਰੀ ਕਰਨ ਲਈ ਪਾਬੰਦ ਹੋਣਗੀਆਂ।


ਇੱਥੇ ਆਪਣੇ ਦਫ਼ਤਰ ਵਿਖੇ ਸਿਹਤ ਵਿਭਾਗ ਦੇ ਸਟੇਟ ਟੀ.ਬੀ. ਸੈੱਲ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਟੀ.ਬੀ (ਤਪਦਿਕ) ਦੀ ਰੋਕਥਾਮ ਲਈ ਇਹ ਮਿਸਾਲੀ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਅਤੇ ਸਿਹਤ ਵਿਭਾਗ ਦੇ ਆਪਸੀ ਸਹਿਯੋਗ ਨਾਲ ਸੂਬੇ ਦੇ ਹਰ ਪਿੰਡ ਵਿੱਚ ਇਹ ਸਮਰਪਿਤ ਮੁਹਿੰਮ ਚਲਾਈ ਜਾਵੇਗੀ।


ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ‘‘ਟੀ.ਬੀ-ਮੁਕਤ ਪਿੰਡ ਮੁਹਿੰਮ’’ ਤਹਿਤ ਸਾਰੀਆਂ ਪੰਚਾਇਤਾਂ ਆਪੋ-ਆਪਣੇ ਪਿੰਡਾਂ ਵਿੱਚ ਲੋਕਾਂ ਨੂੰ ਟੀ.ਬੀ ਦੀ ਬੀਮਾਰੀ ਬਾਰੇ ਜਾਗਰੂਕ ਕਰਨਗੀਆਂ ਅਤੇ ਪ੍ਰਭਾਵਿਤ ਵਿਅਕਤੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦਾ ਛੇਤੀ ਤੋਂ ਛੇਤੀ ਇਲਾਜ ਯਕੀਨੀ ਬਣਾਉਣਗੀਆਂ। ਇਸ ਤੋਂ ਇਲਾਵਾ ਬੀਮਾਰੀ ਨਾਲ ਜੁੜੇ ਭਰਮ-ਭੁਲੇਖਿਆਂ ਨਾਲ ਨਜਿੱਠਣ ਲਈ ਵਿਭਾਗ ਦੀ ਸਹਾਇਤਾ ਕਰਨਗੀਆਂ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ‘‘ਟੀ.ਬੀ-ਮੁਕਤ ਪੰਜਾਬ ਮੁਹਿੰਮ’’ ਤਹਿਤ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਪੰਚਾਇਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।


ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਆਪਣੇ ਅਧੀਨ ਜ਼ਿਲ੍ਹਾ ਅਧਿਕਾਰੀਆਂ ਨੂੰ ਸਮੂਹ ਪੰਚਾਇਤਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਨ। ਕੈਬਨਿਟ ਮੰਤਰੀ ਨੇ ਟੀ.ਬੀ ਦੇ ਖ਼ਾਤਮੇ ਵਿੱਚ ਪੰਚਾਇਤਾਂ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੰਦਿਆਂ ਇਸ ਅਹਿਮ ਮਿਸ਼ਨ ਵਿੱਚ ਸਮੁੱਚੇ ਭਾਈਚਾਰੇ ਨੂੰ ਸ਼ਾਮਲ ਕਰਨ ਦੀ ਮਹੱਤਤਾ ’ਤੇ ਵੀ ਵਿਸ਼ੇਸ਼ ਧਿਆਨ ਦਿਵਾਇਆ।


ਉਨ੍ਹਾਂ ਕਿਹਾ ਕਿ ਸਾਰੀਆਂ ਪੰਚਾਇਤਾਂ ਦੇ ਮੈਂਬਰ ਪਿੰਡ ਵਾਸੀਆਂ ਨੂੰ ਟੀ.ਬੀ ਦੇ ਕਾਰਨਾਂ, ਲੱਛਣਾਂ ਅਤੇ ਇਲਾਜ ਲਈ ਨੇੜਲੀਆਂ ਸਿਹਤ ਸੰਸਥਾਵਾਂ ਬਾਰੇ ਜਾਣਕਾਰੀ ਦੇਣ ਲਈ ਪਿੰਡਾਂ ਵਿੱਚ ਕੈਂਪ ਤੇ ਵਰਕਸ਼ਾਪ ਲਾਉਣ, ਜਾਗਰੂਕਤਾ ਮੁਹਿੰਮਾਂ ਚਲਾਉਣ ਅਤੇ ਸਕੂਲਾਂ ਵਿੱਚ ਵਿੱਦਿਅਕ ਪ੍ਰੋਗਰਾਮ ਕਰਾਉਣ ਲਈ ਸਰਗਰਮੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਟੀ.ਬੀ. ਸਬੰਧੀ ਭਰਮ-ਭੁਲੇਖੇ ਅਤੇ ਗੁਮਰਾਹਕੁੰਨ ਧਾਰਨਾਵਾਂ ਨੂੰ ਦੂਰ ਕਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।


ਕੈਬਨਿਟ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਸਿਹਤ ਵਿਭਾਗ ਨਾਲ ਮਿਲ ਕੇ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਉਣਗੀਆਂ ਤਾਂ ਜੋ ਟੀ.ਬੀ. ਦੇ ਕੇਸਾਂ ਦੀ ਸ਼ਨਾਖ਼ਤ ਕੀਤੀ ਜਾ ਸਕੇ ਅਤੇ ਪੀੜਤਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਮਿਲਣੀ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਮਾਂ ਰਹਿੰਦਿਆਂ ਬੀਮਾਰੀ ਦੀ ਸ਼ਨਾਖ਼ਤ ਸਫ਼ਲ ਇਲਾਜ ਦੀਆਂ ਸੰਭਾਵਨਾਵਾਂ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ।


ਉਨ੍ਹਾਂ ਕਿਹਾ ਕਿ ਪੰਚਾਇਤਾਂ ਆਪੋ-ਆਪਣੇ ਪਿੰਡਾਂ ਨੂੰ "ਟੀ.ਬੀ ਮੁਕਤ" ਐਲਾਨਣ ਲਈ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕਰਨ ਲਈ ਤਨਦੇਹੀ ਨਾਲ ਕੰਮ ਕਰਨਗੀਆਂ ਜਿਸ ਵਿੱਚ ਟੀ.ਬੀ ਦੇ ਕੇਸਾਂ ਵਿੱਚ ਵੱਡੇ ਪੱਧਰ ’ਤੇ ਕਮੀ ਲਿਆਉਣਾ, ਪ੍ਰਭਾਵਿਤ ਵਿਅਕਤੀਆਂ ਦਾ ਸਹੀ ਇਲਾਜ ਅਤੇ ਫਾਲੋ-ਅਪ ਯਕੀਨੀ ਬਣਾਉਣਾ ਅਤੇ ਉੱਚ-ਪੱਧਰੀ ਸਵੱਛਤਾ ਤੇ ਸਫ਼ਾਈ ਬਰਕਰਾਰ ਰੱਖਣਾ, ਮਰੀਜ਼ਾਂ ਨੂੰ ਦਵਾਈਆਂ ਅਤੇ ਜ਼ਰੂਰੀ ਪੌਸ਼ਟਿਕ ਆਹਾਰ ਪ੍ਰਦਾਨ ਕਰਨਾ ਸ਼ਾਮਲ ਹੈ।


ਕੈਬਨਿਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਨ ਤਾਂ ਜੋ ਉਹ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਪਿੰਡਾਂ ਵਿੱਚ ਇਸ ਮੁਹਿੰਮ ਦੇ ਲਾਗੂਕਰਨ ਸਬੰਧੀ ਨਜ਼ਰਸਾਨੀ ਕਰਨ। ਉਨ੍ਹਾਂ ਮੁਹਿੰਮ ਦੀ ਗਤੀਸ਼ੀਲਤਾ ਨੂੰ ਟਰੈਕ ਕਰਨ ਲਈ ਨਿਯਮਤ ਨਿਗਰਾਨੀ ਅਤੇ ਮੁਲਾਂਕਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਬਿਹਤਰ ਨਤੀਜਿਆਂ ਲਈ ਸੁਚੱਜੀ ਯੋਜਨਾਬੰਦੀ ਕਰਨ ਲਈ ਵੀ ਕਿਹਾ।


ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਟੀ.ਬੀ-ਮੁਕਤ ਸੂਬੇ ਦੀ ਦੂਰਅੰਦੇਸ਼ ਸੋਚ ਸਾਡੇ ਸਭਨਾਂ ਦੇ ਸਾਂਝੇ ਯਤਨਾਂ ’ਤੇ ਨਿਰਭਰ ਕਰਦੀ ਹੈ, ਇਸ ਲਈ ਹਰ ਨਾਗਰਿਕ ਨੂੰ ਇਸ ਨੇਕ ਕਾਰਜ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਇਸ ਉਪਰਾਲੇ ਨੂੰ ਪੂਰਨ ਰੂਪ ’ਚ ਸਫ਼ਲ ਬਣਾਉਣ ਲਈ ਪੰਚਾਇਤਾਂ ਦੇ ਸਮਰਪਣ ਅਤੇ ਲੋਕਾਂ ਦੀ ਸੁਹਿਰਦਤਾ ’ਤੇ ਭਰੋਸਾ ਪ੍ਰਗਟਾਇਆ।


ਉਨ੍ਹਾਂ ਕਿਹਾ ਕਿ ਸਾਰੇ ਭਾਈਵਾਲਾਂ ਦੇ ਸਾਂਝੇ ਯਤਨਾਂ ਸਦਕਾ ਪੰਜਾਬ ਸਰਕਾਰ ਸੂਬੇ ਦੇ ਸਮੂਹ ਪਿੰਡਾਂ ਵਿੱਚੋਂ ਟੀ.ਬੀ. ਨੂੰ ਖ਼ਤਮ ਕਰੇਗੀ ਅਤੇ ਪੰਜਾਬ ਦੇ ਲੋਕਾਂ ਲਈ ਸਿਹਤਮੰਦ ਅਤੇ ਖ਼ੁਸ਼ਹਾਲ ਭਵਿੱਖ ਯਕੀਨੀ ਬਣਾਏਗੀ।


ਮੀਟਿੰਗ ਦੌਰਾਨ ਸਟੇਟ ਟੀ.ਬੀ ਸੈੱਲ  ਦੇ ਸਟੇਟ ਟੀ.ਬੀ ਅਫ਼ਸਰ ਡਾ. ਰਾਜੇਸ਼ ਭਾਸਕਰ, ਡਾ. ਪੂਜਾ ਕਪੂਰ, ਡਾ. ਵਸੁਧਾ ਚੌਧਰੀ ਅਤੇ ਡਾ. ਪਾਰੀਤੋਸ਼ ਧਵਨ ਹਾਜ਼ਰ ਸਨ।

Share:

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਇਕਾਂ ਵੱਲੋਂ ਸਾਹਮਣੇ ਲਿਆਂਦੀਆਂ ਵੱਖ-ਵੱਖ ਸਮੱਸਿਆਵਾਂ ਦਾ ਛੇਤੀ ਤੇ ਢੁੱਕਵਾਂ ਹੱਲ ਕਰਨ ‘ਤੇ ਦਿੱਤਾ ਜ਼ੋਰ



• ਪੰਜਾਬ ਦੇ ਵਿੱਤ, ਟਰਾਂਸਪੋਰਟ, ਸਿਹਤ ਅਤੇ ਗ੍ਰਹਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਵੱਖ-ਵੱਖ ਬੈਂਕਾਂ ਦੇ ਜ਼ੋਨਲ ਮੈਨੇਜਰਾਂ ਨਾਲ ਕੀਤੀ ਮੀਟਿੰਗ


ਚੰਡੀਗੜ, 25 ਜੁਲਾਈ:


ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਈ ਵਿਧਾਇਕਾਂ ਵੱਲੋਂ ਸਾਹਮਣੇ ਲਿਆਂਦੀਆਂ ਆਮ ਲੋਕਾਂ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਦਾ ਛੇਤੀ ਤੇ ਢੁੱਕਵਾਂ ਹੱਲ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਹੈ। ਸ. ਸੰਧਵਾਂ ਨੇ ਅੱਜ ਇੱਥੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਪੰਜਾਬ ਦੇ ਵਿੱਤ, ਟਰਾਂਸਪੋਰਟ, ਸਿਹਤ ਅਤੇ ਗ੍ਰਹਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਵੱਖ-ਵੱਖ ਬੈਂਕਾਂ ਦੇ ਜ਼ੋਨਲ ਮੈਨੇਜਰਾਂ ਨਾਲ ਇਨ੍ਹਾਂ ਸਮੱਸਿਆਵਾਂ ਦਾ ਸੁਯੋਗ ਨਿਪਟਾਰਾ ਕਰਨ ਲਈ ਵਿਚਾਰ-ਵਟਾਂਦਰਾ ਕੀਤਾ।


ਸ. ਸੰਧਵਾਂ ਨੇ ਦੱਸਿਆ ਕਿ ਸਰਕਾਰੀ ਅਤੇ ਨਿੱਜੀ ਬੈਂਕਾਂ ਵੱਲੋਂ ਕਰਜਾ ਮਨਜ਼ੂਰੀ/ਵੰਡਣ ਸਮੇਂ ਕਰਜ਼ਾ ਲੈਣ ਵਾਲੇ ਵਿਅਕਤੀ ਦਾ ਜਬਰਦਸਤੀ ਬੀਮਾ ਕਰਵਾਇਆ ਜਾਂਦਾ ਹੈ, ਜਦਕਿ ਅਜਿਹਾ ਕੋਈ ਕਾਨੂੰਨ ਨਹੀਂ। ਉਨ੍ਹਾਂ ਜ਼ੋਨਲ ਬੈਂਕ ਮੈਨੇਜ਼ਰਾਂ ਨੂੰ ਕਿਹਾ ਕਿ ਆਮ ਲੋਕਾਂ ਅਤੇ ਕਿਸਾਨਾਂ ਵੱਲੋਂ ਵੱਖ-ਵੱਖ ਕਰਜ਼ੇ ਲੈਣ ਮੌਕੇ ਜਬਰਦਸਤੀ ਬੀਮਾ ਨਾ ਕੀਤਾ ਜਾਵੇ।ਵਿਚਾਰ-ਵਟਾਂਦਰੇ ਦੌਰਾਨ ਬੈਂਕ ਮੈਨੇਜਰਾਂ ਨੇ ਸਪੀਕਰ ਨੂੰ ਦੱਸਿਆ ਕਿਹਾ ਕਿ ਕਰਜ਼ਾ ਲੈਣ ਲਈ ਅਜਿਹੀ ਕੋਈ ਸ਼ਰਤ ਲਾਜ਼ਮੀ ਨਹੀਂ ਕੀਤੀ ਹੈ।


ਸ. ਸੰਧਵਾਂ ਨੇ ਵੱਖ-ਵੱਖ ਬੈਂਕਾਂ ਦੇ ਜ਼ੋਨਲ ਮੈਨੇਜਰਾਂ ਨੂੰ ਕਿਹਾ ਕਿ ਉਹ ਆਪਣੀਆਂ ਸਬੰਧਤ ਬੈਂਕਾਂ ‘ਚ ਕਰਜ਼ਾ ਲੈਣ ਲਈ ਬੀਮਾ ਕਰਵਾਉਣਾ ਲਾਜ਼ਮੀ ਨਹੀਂ ਹੈ, ਆਦਿ ਲਿਖ ਕੇ ਸਹੀ ਢੰਗ ਨਾਲ, ਢੁਕਵੀਂ ਥਾਂ ‘ਤੇ ਡਿਸਪਲੇਅ ਕਰਨ ਅਤੇ ਕਰਜ਼ਾ ਲੈਣ ਲਈ ਸਬੰਧਤ ਹਦਾਇਤਾਂ ਦਾ ਪੰਜਾਬੀ ਅਨੁਵਾਦ ਕਰਕੇ ਕਰਜ਼ਾ ਲੈਣ ਵਾਲੇ ਵਿਅਕਤੀ ਨੂੰ ਦੇਣਾ ਯਕੀਨੀ ਬਣਾਉਣ।


ਇਸ ਮੌਕੇ ਵਿਧਾਇਕ ਅਮੋਲਕ ਸਿੰਘ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ, ਵਿਧਾਇਕ ਸ. ਬਲਕਾਰ ਸਿੱਧੂ, ਪ੍ਰਮੁੱਖ ਸਕੱਤਰ ਵਿੱਤ ਸ੍ਰੀ ਅਜੌਏ ਸਿਨਹਾ, ਪ੍ਰਮੁੱਖ ਸਕੱਤਰ ਸਿਹਤ ਸ੍ਰੀ ਵਿਵੇਕ ਪ੍ਰਤਾਪ ਸਿੰਘ, ਸਕੱਤਰ ਟਰਾਂਸਪੋਰਟ ਸ੍ਰੀ ਦਿਲਰਾਜ ਸਿੰਘ ਸੰਧਾਵਾਲੀਆ, ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ, ਆਈ.ਜੀ. ਸੁਰੱਖਿਆ ਸ੍ਰੀ ਸ਼ਿਵ ਕੁਮਾਰ ਵਰਮਾ, ਪੰਜਾਬ ਵਿਧਾਨ ਸਭਾ ਸਕੱਤਰ ਸ੍ਰੀ ਰਾਮ ਲੋਕ ਖਟਾਣਾ, ਰਜਿਸਟਰਾਰ ਕੋਪ੍ਰੇਟਿਵ ਸੁਸਾਇਟਜ਼਼, ਐਮ.ਡੀ. ਪੰਜਾਬ ਰਾਜ ਸਹਿਕਾਰੀ ਬੈਂਕ, ਜ਼ੋਨਲ ਮੈਨਜਰ ਸਟੇਟ ਬੈਂਕ ਆਫ਼ ਇੰਡੀਆ, ਜ਼ੋਨਲ ਮੈਨਜਰ ਪੰਜਾਬ ਨੈਸ਼ਨਲ ਬੈਂਕ, ਜ਼ੋਨਲ ਮੈਨਜਰ ਐਚ.ਡੀ.ਐਫ.ਸੀ. ਅਤੇ ਜ਼ੋਨਲ ਮੈਨਜਰ ਆਈ.ਸੀ.ਆਈ.ਸੀ.ਆਈ. ਆਦਿ ਹਾਜ਼ਰ ਸਨ।


Share:

ਹੜ੍ਹਾਂ ਨਾਲ ਪ੍ਰਭਾਵਿਤ ਸਾਰੀਆਂ 595 ਥਾਵਾਂ 'ਤੇ ਬਿਜਲੀ ਸਪਲਾਈ ਬਹਾਲ: ਹਰਭਜਨ ਸਿੰਘ ਈ.ਟੀ.ਓ



ਹੜ੍ਹਾਂ ਕਾਰਨ ਪੀ.ਐਸ.ਪੀ.ਸੀ.ਐਲ ਨੂੰ 16 ਕਰੋੜ ਰੁਪਏ ਦਾ ਨੁਕਸਾਨ ਹੋਇਆ


ਰੂਪਨਗਰ, ਐਸ.ਏ.ਐਸ.ਨਗਰ, ਪਟਿਆਲਾ ਅਤੇ ਸੰਗਰੂਰ ਸਭ ਤੋਂ ਵੱਧ ਪ੍ਰਭਾਵਿਤ ਹੋਏ


ਚੰਡੀਗੜ੍ਹ, 25 ਜੁਲਾਈ


ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਦੱਸਿਆ ਕਿ ਰਾਜ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਸਾਰੇ 595 ਸਥਾਨਾਂ 'ਤੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਰੂਪਨਗਰ, ਐਸ.ਏ.ਐਸ ਨਗਰ, ਪਟਿਆਲਾ ਅਤੇ ਸੰਗਰੂਰ ਹਨ।

 

ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀ.ਐਸ.ਪੀ.ਸੀ.ਐਲ.) ਦੇ ਬੁਨਿਆਦੀ ਢਾਂਚੇ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਨੁਕਸਾਨ ਕਾਰਨ ਪ੍ਰਭਾਵਿਤ ਖੇਤਰਾਂ ਵਿੱਚ ਬਿਜਲੀ ਸਪਲਾਈ 'ਤੇ ਕਾਫੀ ਪ੍ਰਭਾਵ ਪਿਆ ਅਤੇ ਜ਼ਰੂਰੀ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਦੇ ਕਰਮਚਾਰੀਆਂ ਨੇ ਪ੍ਰਭਾਵਿਤ ਖੇਤਰਾਂ ਵਿੱਚ ਬਿਜਲੀ ਸਪਲਾਈ ਬਹਾਲ ਕਰਨ ਲਈ ਦਿਨ ਰਾਤ ਕੰਮ ਕੀਤਾ ਅਤੇ ਇਸ ਦੌਰਾਨ ਪੀਐਸਪੀਸੀਐਲ ਦੇ ਅਧਿਕਾਰੀਆਂ ਨੇ ਹਸਪਤਾਲਾਂ, ਮੈਡੀਕਲ ਸਹੂਲਤਾਂ, ਦੂਰਸੰਚਾਰ ਅਤੇ ਜਲ ਸਪਲਾਈ ਵਰਗੇ ਨਾਜ਼ੁਕ ਬੁਨਿਆਦੀ ਢਾਂਚੇ ਨੂੰ ਸਭ ਤੋਂ ਵੱਧ ਤਰਜੀਹ ਦਿੰਦਿਆਂ ਇਨ੍ਹਾਂ ਸਥਾਨਾਂ ‘ਤੇ ਬਿਜਲੀ ਬਹਾਲ ਕਰਨ ਨੂੰ ਪਹਿਲ ਦਿੱਤੀ।


ਹੜ੍ਹਾਂ ਕਾਰਨ ਪੀਐਸਪੀਸੀਐਲ ਨੂੰ ਹੋਏ ਨੁਕਸਾਨ ਦੇ ਵੇਰਵੇ ਦਿੰਦਿਆਂ ਸ. ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਕੁੱਲ 16 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ, ਜਿਸ ਵਿੱਚ 11 ਕੇਵੀ/ਐਲਟੀ ਬੁਨਿਆਦੀ ਢਾਂਚੇ ਨੂੰ ਲਗਭਗ 9 ਕਰੋੜ ਰੁਪਏ ਦਾ, ਪੀਐਸਪੀਸੀਐਲ ਦਫ਼ਤਰ ਦੇ ਬੁਨਿਆਦੀ ਢਾਂਚੇ, ਸਾਜੋ ਸਮਾਨ ਅਤੇ ਰਿਕਾਰਡ ਨੂੰ ਲਗਭਗ 1.5 ਕਰੋੜ ਰੁਪਏ ਦਾ, ਅਤੇ 66ਕੇਵੀ ਸਬਸਟੇਸ਼ਨਾਂ ਨੂੰ ਕਰੀਬ 5.5 ਕਰੋੜ ਰੁਪਏ ਦਾ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਨੁਕਸਾਨ ਵਿੱਚ ਮੁੱਖ ਤੌਰ ‘ਤੇ ਉਖੜੇ ਖੰਭੇ, ਖਰਾਬ ਹੋਏ ਟਰਾਂਸਫਾਰਮਰ, ਅਤੇ ਹੜ੍ਹਾਂ ਨਾਲ ਭਰੇ ਸਬਸਟੇਸ਼ਨ ਸ਼ਾਮਲ ਹਨ ਜਿੱਥੇ ਉਪਕਰਣਾਂ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਿਆ। ਉਨ੍ਹਾਂ ਕਿਹਾ ਕਿ ਸੂਬੇ ਭਰ ਦੇ  66 ਕੇਵੀ ਦੇ 20 ਸਬ-ਸਟੇਸ਼ਨਾਂ ਵਿੱਚ ਪਾਣੀ ਭਰ ਗਿਆ ਸੀ ਜਿਸ ਕਾਰਨ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪੁੱਜਾ।


ਹੋਰ ਜਾਣਕਾਰੀ ਦਿੰਦਿਆਂ ਸ. ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਹੜ੍ਹਾਂ ਦਾ ਪਾਣੀ ਚਾਰਦੀਵਾਰੀ ਤੋੜ ਕੇ ਸਬ ਸਟੇਸ਼ਨਾਂ ਵਿੱਚ ਦਾਖਲ ਹੋ ਗਿਆ ਸੀ ਅਤੇ ਕੰਟਰੋਲ ਰੂਮਾਂ ਦੀਆਂ ਇਮਾਰਤਾਂ ਅਤੇ ਪਾਵਰ ਟਰਾਂਸਫਾਰਮਰ ਯਾਰਡਾਂ ਦੇ ਅੰਦਰ ਪਾਈਆਂ ਕੇਬਲਾਂ ਵਿੱਚ ਪਾਣੀ ਦਾਖਲ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਸਬਸਟੇਸ਼ਨਾਂ ਅਤੇ ਦਫਤਰਾਂ ਦੀਆਂ ਇਮਾਰਤਾਂ ਦੀਆਂ ਛੱਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਤ ਸਬਸਟੇਸ਼ਨਾਂ ਵਿੱਚੋਂ ਪਾਣੀ ਕੱਢਣ ਲਈ ਪੰਪ ਲਗਾਏ ਗਏ ਸਨ ਅਤੇ ਜਨਤਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਸੀ।


ਬਿਜਲੀ ਮੰਤਰੀ ਨੇ ਪੀ.ਐੱਸ.ਪੀ.ਸੀ.ਐੱਲ. ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਬਿਜਲੀ ਬਹਾਲ ਕਰਨ ਲਈ ਪੇਸ਼ੇਵਰ ਪਹੁੰਚ ਦਿਖਾਉਣ ਲਈ ਵਧਾਈ ਦਿੱਤੀ। ਉਨ੍ਹਾਂ ਇਸ ਔਖੀ ਘੜੀ ਦੌਰਾਨ ਸਹਿਯੋਗ ਦੇਣ ਲਈ ਆਮ ਲੋਕਾਂ ਦਾ ਵੀ ਧੰਨਵਾਦ ਕੀਤਾ।

Share:

ਬ੍ਰਮ ਸ਼ੰਕਰ ਜਿੰਪਾ ਨੇ ਜਲ ਸਪਲਾਈ ਸਕੀਮਾਂ ਦੀ ਪ੍ਰਗਤੀ ਵਿਚ ਤੇਜ਼ੀ ਲਿਆਉਣ ਲਈ ਜੰਗਲਾਤ ਮੰਤਰੀ ਨਾਲ ਕੀਤੀ ਉੱਚ ਪੱਧਰੀ ਮੀਟਿੰਗ



- ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼  



ਚੰਡੀਗੜ੍ਹ, 25 ਜੁਲਾਈ: 

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਦੋਵਾਂ ਵਿਭਾਗਾਂ ਦੇ ਸਾਂਝੇ ਮੁੱਦਿਆਂ ਦੇ ਹੱਲ ਲਈ ਇਕ ਅਹਿਮ ਮੀਟਿੰਗ ਕੀਤੀ। ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀ ਹਾਜ਼ਰ ਸਨ। 


ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਸਾਰੇ ਪਿੰਡਾਂ ਨੂੰ ਸਾਫ ਪੀਣ ਯੋਗ ਪਾਣੀ ਦੇਣ ਲਈ ਸਾਰਥਕ ਯਤਨ ਕਰ ਰਹੀ ਹੈ। ਇਸ ਮਕਸਦ ਲਈ ਬਹੁਤ ਸਾਰੀਆਂ ਜਲ ਸਪਲਾਈ ਸਕੀਮਾਂ ਕਾਰਜਸ਼ੀਲ ਹਨ ਅਤੇ ਕਈ ਸਕੀਮਾਂ ਨਵੀਆਂ/ਉਸਾਰੀ ਅਧੀਨ ਹਨ। ਉਨ੍ਹਾਂ ਕਿਹਾ ਕਿ ਜਲ ਸਪਲਾਈ ਸਕੀਮਾਂ ਦੀਆਂ ਪਾਈਪ ਲਾਈਨਾਂ ਵਿਛਾਉਣ ਲਈ ਕਈ ਥਾਂਵਾਂ ‘ਤੇ ਜੰਗਲਾਤ ਵਿਭਾਗ ਦੀ ਪ੍ਰਵਾਨਗੀ ਲੋਂੜੀਦੀ ਹੁੰਦੀ ਹੈ ਜਿਸਨੂੰ ਸਮਾਂਬੱਧ ਤਰੀਕੇ ਨਾਲ ਮੰਜ਼ੂਰ ਕਰਨ ਦੀ ਲੋੜ ਹੁੰਦੀ ਹੈ ਤਾਂ ਕਿ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿਚ ਦੇਰੀ ਨਾ ਹੋਵੇ।  


ਜਿੰਪਾ ਨੇ ਇਸ ਮੌਕੇ ਪੱਤਰੇ ਵਾਲਾ (ਮੁਕਤਸਰ), ਕੱਟਿਆਵਾਲੀ (ਫਾਜ਼ਿਲਕਾ), ਸੋਹਣਗੜ੍ਹ (ਫਿਰੋਜ਼ਪੁਰ), ਚਵਿੰਡਾ ਕਲਾਂ ਤੇ ਕੰਦੋਵਾਲੀ (ਅੰਮ੍ਰਿਤਸਰ), ਤਲਵਾੜਾ (ਹੁਸ਼ਿਆਰਪੁਰ), ਭੁੱਚਰ ਕਲਾਂ (ਤਰਨ ਤਾਰਨ), ਮਾਣਕਪੁਰ (ਰੂਪਨਗਰ) ਸਮੇਤ ਕਰੀਬ 17 ਨਹਿਰੀ ਜਲ ਸਪਲਾਈ ਸਕੀਮਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਲਈ ਜੰਗਲਾਤ ਵਿਭਾਗ ਦੀ ਕਲੀਰਐਂਸ ਲਾਜ਼ਮੀ ਹੈ। 


ਜੰਗਲਾਤ ਮੰਤਰੀ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਅਜਿਹੀਆਂ ਸਾਰੀਆਂ ਸਕੀਮਾਂ ਲਈ ਸਮਾਂਬੱਧ ਤਰੀਕੇ ਨਾਲ ਕਲੀਐਂਸ ਜਾਰੀ ਕੀਤੀ ਜਾਵੇ ਤਾਂ ਜੋ ਇਨ੍ਹਾਂ ਸਕੀਮਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਦੋਵਾਂ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸਾਂਝੇ ਮੁੱਦਿਆਂ ਨੂੰ ਹੱਲ ਕੀਤਾ ਜਾਵੇਗਾ। 


ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ ਤਿਵਾੜੀ ਤੇ ਵਿਭਾਗ ਮੁਖੀ ਮੁਹੰਮਦ ਇਸ਼ਫਾਕ, ਵਿੱਤ ਕਮਿਸ਼ਨਰ (ਜੰਗਲਾਤ) ਵਿਕਾਸ ਗਰਗ, ਪੀਸੀਸੀਐਫ ਆਰ.ਕੇ ਮਿਸ਼ਰਾ ਅਤੇ ਮੁੱਖ ਵਣਪਾਲ ਬਸੰਤਾ ਰਾਜ ਕੁਮਾਰ ਹਾਜ਼ਰ ਸਨ। 


Share:

Definition List

blogger/disqus/facebook

Unordered List

Support