ਜਨਮ ਦਿਨ ਤੇ ਵਿਸ਼ੇਸ਼ - ਪੰਜਾਬੀ ਗੀਤਾਂ ਦੀ ਪਵਿੱਤਰਾ ਨੂੰ ਕਾਇਮ ਰੱਖਦੀ ਹੋਈ ਤੁਰ ਗਈ ਇਹ ਗਾਇਕਾ



 ਜੇ ਕਿਸੇ ਕਲਾਕਾਰ ਨੇ ਪੰਜਾਬੀ ਗੀਤਾਂ ਦੀ ਪਵਿੱਤਰਾ ਨੂੰ ਕਾਇਮ ਰੱਖਿਆ ਹੈ ਤਾਂ ਉਹਨਾਂ ਵਿਚ ਸੁਰਿੰਦਰ ਕੌਰ ਦਾ ਨਾਂਅ ਮੋਹਰੀ ਕਤਾਰ ਵਿਚ ਆਉਂਦਾ ਹੈ। ਮਿੱਠੀ ਆਵਾਜ਼ ਕੋਇਲ ਵਰਗੀ, ਤਾਹਿਓ ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਕਿਹਾ ਜਾਂਦਾ ਹੈ। ਗਾਣਾ ਭਾਵੇਂ ਆਪਣੀ ਭੈਣ ਪ੍ਰਕਾਸ਼ ਕੌਰ ਨਾਲ 1943 ਵਿਚ ਲਾਹੌਰ  ਰੇਡਿਉ ਤੇ ਗਾਇਆ ਗਿਆ ' ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ' ਹੋਵੇ ਜਾਂ ਫਿਰ ਬਾਅਦ 'ਚ ਗਾਇਆ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ, ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੰਘ ਮਾਹੀਆ ... ਹਰੇਕ ਨੇ ਉਸ ਦੇ ਇਸ ਸਫ਼ਰ ਦਾ ਸ਼ਲਾਘਾ ਕੀਤੀ ਹੈ। 

ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਨੂੰ ਪਿਤਾ ਬਿਸ਼ਨ ਦਾਸ ਦੇ ਘਰ ਮਾਇਆ ਦੇਵੀ ਦੇ ਕੁੱਖੋਂ ਹੋਇਆ। ਛੋਟੀ ਉਮਰੇ ਹੀ ਉਸ ਨੇ ਆਪਣੀ ਭੈਣ ਪ੍ਰਕਾਸ਼ ਕੌਰ ਦੇ ਨਾਲ ਉਸਤਾਦ ਇਨਾਇਤ ਹੁਸੈਨ ਅਤੇ ਪੰਡਿਤ ਮਨੀ ਪ੍ਰਸ਼ਾਦ ਤੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ। ਦੋਵਾਂ ਭੈਣਾਂ ਦੇ ਪਹਿਲੇ ਗੀਤ ' ਮਾਵਾਂ ਤੇ ਧੀਆਂ ਰਲ ਬੈਠੀਆਂ ' ਨੇ ਇਹਨਾਂ ਨੂੰ ਸਟਾਰ ਕਲਾਕਾਰਾਂ ਦੀ ਲਾਈਨ ਵਿਚ ਖੜਾ ਕਰ ਦਿੱਤਾ। ਦੇਸ਼ ਦੀ ਵੰਡ ਹੋਈ ਤਾਂ ਉਹ ਪਰਿਵਾਰ ਨਾਲ ਗਾਜ਼ੀਆਬਾਦ ਆ ਗਏ। ਫਿਰ ਮੁੰਬਈ ਚਲੇ ਗਏ, ਜਿੱਥੇ ਪਲ਼ੇ ਬੈਕ ਸਿੰਗਰ ਦੇ ਰੂਪ ਵਿਚ ਫ਼ਿਲਮ ' ਸ਼ਹੀਦ ' ਲਈ ਗੀਤ -ਬਦਨਾਮ ਨਾ ਹੋ ਜਾਏ ਮੁਹੱਬਤ ਕਾ ਫਸਾਨਾ ਗਾਇਆ। ਸੁਰਿੰਦਰ ਕੌਰ ਦਾ ਵਿਆਹ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਸਾਹਿੱਤ ਦੇ ਲੈਕਚਰਾਰ ਜੋਗਿੰਦਰ ਸਿੰਘ ਸੋਢੀ ਨਾਲ ਹੋਇਆ।
 ਆਪ ਦੇ ਘਰ 3 ਲੜਕੀਆਂ ਵਿਚੋਂ ਸਭ ਤੋਂ ਵੱਡੀ ਲੜਕੀ ਡੋਲੀ ਗੁਲੇਰੀਆ ਪੰਜਾਬ ਦੀ ਨਾਮਵਰ ਗਾਇਕਾ ਹੈ। 15 ਜੂਨ 2006 ਨੂੰ ਇਹ ਮਹਾਨ ਗਾਇਕਾ ਸਦਾ ਲਈ ਅਲਵਿਦਾ ਤਾਂ ਕਹਿ ਗਈ, ਪਰ ਉਹਨਾਂ ਦੇ ਗੀਤਾ ਉਸ ਦੀ ਯਾਦ ਨੂੰ ਹਮੇਸ਼ਾ ਜਿੰਦਾ ਰੱਖੇ ਹੋਏ ਹਨ।

ਪੰਜਾਬ ਦੀ ਕੋਇਲ - ਸੁਰਿੰਦਰ ਕੌਰ

ਜੁੱਤੀ ਕਸੂਰੀ ਪੈਰੀਂ ਨਾ ਪੂਰੀ
ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ।
ਜਿਹਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ
ਉਹਨੀਂ ਰਾਹੀਂ ਵੇ ਸਾਨੂੰ ਮੁੜਨਾ ਪਿਆ।

-------------------

ਨੀ ਇਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ
ਨੀ ਸ਼ੀਸ਼ੇ ਨੂੰ ਤਰੇੜ ਪੈ ਗਈ
ਵਾਲ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ
ਪੰਜਾਬ ਦੀ ਕੋਇਲ - ਸੁਰਿੰਦਰ ਕੌਰ
ਸੂਹੇ ਵੀ ਚੀਰੇ ਵਾਲਿਆ ਮੈਂ ਕਹਿਣੀ ਆਂ
ਕਰ ਛੱਤਰੀ ਦੀ ਛਾਂ ਮੈਂ ਛਾਵੇਂ ਬਹਿਣੀ ਆਂ
ਸੂਹੇ ਵੇ ਚੀਰੇ ਵਾਲਿਆ ਫਲ ਕਿੱਕਰਾਂ ਦੇ
ਕਿੱਕਰਾਂ ਲਾਈ ਬਹਾਰ ਮੇਲੇ ਮਿੱਤਰਾਂ ਦੇ

-------------

ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ
ਕੰਡਾ ਚੁੱਭਾ ਤੇਰੇ ਪੈਰ ਬਾਂਕੀਏ ਨਾਰੇ ਨੀ
ਕੌਣ ਕੱਢੇ ਤੇਰਾ ਕੰਡਾ ਮੁਟਿਆਰੇ ਨੀ
ਕੌਣ ਸਹੇ ਤੇਰੀ ਪੀੜ ਬਾਂਕੀਏ ਨਾਰੇ ਨੀ

----------------
"ਸ਼ਰਧਾਂਜਲੀ"

ਪੰਜਾਬ ਦੀ ਕੋਇਲ
ਸਵ. ਸੁਰਿੰਦਰ ਕੌਰ
25 ਨਵੰਬਰ 1929-15 ਜੂਨ 2006
ਲਛਮਣ ਦੋਸਤ  99140-63937

Comments