punjabfly

Aug 20, 2021

History of village Diwan Khera in Fazilka district - ਫਾਜ਼ਿਲਕਾ ਜਿਲੇ ਦਾ ਪਿੰਡ ਦੀਵਾਨ ਖੇੜਾ ਦਾ ਇਤਿਹਾਸ


 

 ਦੀਵਾਨ ਖੇੜਾ

ਕਿੰਨੂ ਦੇ ਉਤਪਾਦਨ ਲਈ ਪੰਜਾਬ ਦਾ ਕੈਲੇਫ਼ੋਰਨੀਆਂ ਦੇ ਨਾਂਅ ਨਾਲ ਮਸ਼ਹੂਰ ਅਬੋਹਰ ਤੋਂ ਜੇ ਵਾਇਆ ਗੰਗਾਨਗਰ ਰੋਡ ਤੇ ਜਾਈਏ ਤਾਂ ਉੱਥੋਂ ਤਕਰੀਬਨ 5 ਕਿੱਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬਕਾਇਨ ਵਾਲਾ ਤੋਂ ਵੀ ਤਕਰੀਬਨ ਇਤਨਾ ਹੀ ਦੂਰ ਇਕ ਇਹੋ ਜਿਹਾ ਪਿੰਡ ਹੈ ਜਿਸ ਦੀ ਗਾਥਾ ਬੜੀ ਸ਼ਾਨੋ-ਸ਼ੌਕਤ ਨਾਲ ਪਿੰਡਾਂ ਦੀਆਂ ਸੱਥਾਂ ਵਿਚ ਅੱਜ ਵੀ ਸੁਣਾਈ ਜਾਂਦੀ ਹੈ। ਇਹ ਖ਼ੂਬਸੂਰਤ ਪਿੰਡ ਹੈ ਦੀਵਾਨ ਖੇੜਾ।


ਅੱਜ ਤੋਂ ਤਕਰੀਬਨ ਪੌਣੇ ਦੋ ਸੋ ਸਾਲ ਪਹਿਲਾਂ ਇਹ ਪਿੰਡ ਖਰਲ ਗੋਤ ਦੇ ਮੁਸਲਮਾਨ ਤੇ ਹਾਂਡਾ ਗੋਤ ਦੇ ਹਿੰਦੂਆਂ ਵਲੋਂ ਆਬਾਦ ਕੀਤਾ ਗਿਆ ਸੀ। ਪਿੰਡ ਆਬਾਦ ਹੋਣ ਦੀ ਦਾਸਤਾਨ ਤੋਂ ਪਹਿਲਾਂ ਇਹ ਦੱਸ ਦੇਈਏ ਕਿ ਖਰਲ ਮੁਸਲਮਾਨ ਤੇ ਹਾਂਡਾ ਗੋਤ ਦੇ ਹਿੰਦੂ ਕੋਣ ਸਨ? ਪਹਿਲਾਂ ਖਰਲ ਗੋਤ ਦੇ ਮੁਸਲਮਾਨਾਂ ਦੀ ਗੱਲ ਕਰਦੇ ਹਾਂ। ਬਹੁਤੇ ਖਰਲ ਖ਼ੁਦ ਨੂੰ ਰਾਜੇ ਜੱਗਦੇਉ ਪੰਵਾਰ ਦੀ ਪੀੜੀ ਵਿਚੋਂ ਮੰਨਦੇ ਹਨ। ਇਸ ਪੀੜੀ ਦਾ ਮੋਢੀ ਖਰਲ ਨਾਮ ਦਾ ਇਕ ਯੋਧਾ ਸੀ, ਇਹ ਪੰਵਾਰਾਂ ਦੀ ਭੁੱਟੋ ਸ਼ਾਖਾ ਵਿਚੋਂ ਹਨ। ਖਰਲ ਰਾਜਪੂਤ ਵੀ ਹਨ ਅਤੇ ਜੱਟ ਵੀ। ਬਹਾਵਲ ਪੁਰ ਦੇ ਖਰਲ ਰਾਜਪੂਤ ਖ਼ੁਦ ਨੂੰ ਭੱਟੀ ਰਾਜਪੂਤ ਮੰਨਦੇ ਹਨ। ਇਸ ਪੀੜੀ ਦੇ ਭੂਪੇ ਨੇ ਆਪਣਾ ਇਲਾਕਾ ਛੱਡ ਕੇ ਸੂਬਾ ਸਿੰਧ ਦੇ ਉੱਚ ਸ਼ਹਿਰ ਵਿਚ ਵਾਸਾ ਕਰ ਲਿਆ। ਜਿੱਥੇ ਉਹ ਤੇ ਉਸ ਦਾ ਪੁੱਤਰ ਖਰਲ ਨੂੰ ਮਖ਼ਦੂਮ ਜਹਾਨੀਆਂ ਸ਼ਾਹ ਨੇ ਇਸਲਾਮ ਧਰਮ ਵਿਚ ਲੈ ਆਉਂਦਾ। ਫਿਰ ਉਹ ਲਾਇਲਪੁਰ ਤੇ ਮਿੰਟਗੁਮਰੀ ਵੱਲ ਆ ਗਏ। ਖਰਲ ਬੜੇ ਸੁਨੱਖੇ ਜਵਾਨ ਤੇ ਬਹਾਦਰ ਜੋਧੇ ਸਨ। ਖੇਤੀਬਾੜੀ ਵਿਚ ਇਨ੍ਹਾਂ ਦੀ ਦਿਲਚਸਪੀ ਬਹੁਤ ਘੱਟ ਸੀ ਪਰ ਪਸ਼ੂ ਚਾਰਨ ਤੇ ਦੁੱਧ ਪੀਣ ਦੇ ਕਾਫ਼ੀ ਸ਼ੌਕੀਨ ਸਨ। ਮਾਰ-ਧਾੜ ਦੀਆਂ ਵਾਰਦਾਤਾਂ ਤੋਂ ਬਾਅਦ ਇਹ ਸੰਘਣੇ ਜੰਗਲਾਂ ਵੱਲ ਕੂਚ ਕਰ ਜਾਂਦੇ, ਜਿੱਥੇ ਉਨ੍ਹਾਂ ਦਾ ਪਿੱਛਾ ਕਰਨਾ ਬਹੁਤ ਔਖਾ ਤੇ ਖ਼ਤਰਨਾਕ ਹੁੰਦਾ ਸੀ। ਸੰਦਲ ਬਾਰ ਦਾ ਪ੍ਰਸਿੱਧ ਚੂੜਾ ਡਾਕੂ ਵੀ ਖਰਲਾਂ ਦੇ ਹੱਥੋਂ ਮਾਰਿਆ ਗਿਆ ਸੀ। ਮਿਰਜ਼ਾ ਜੱਟ ਦਾ ਤਾਲੁਕ ਵੀ ਖਰਲ ਕਬੀਲੇ ਨਾਲ ਸੀ। ਇਨ੍ਹਾਂ ਦੇ ਘਰ ਜਦੋਂ ਬੱਚਾ ਜੰਮਦਾ ਹੈ ਤਾਂ ਸ਼ਾਹ ਜਹਾਨੀਆਂ ਦੇ ਚੇਲੇ ਇਨ੍ਹਾਂ ਤੋਂ ਨਜ਼ਰਾਨਾ ਲੈਂਦੇ ਹਨ। ਸਾਂਝੇ ਪੰਜਾਬ ਵਿਚ ਖਰਲ ਜੱਟ 18819 ਤੇ ਖਰਲ ਰਾਜਪੂਤ 16284 ਸਨ। ਇਨ੍ਹਾਂ ਦਾ ਭਾਈਚਾਰਾ ਵੀ ਬਹੁਤ ਵੱਡਾ ਤੇ ਸ਼ਕਤੀਸ਼ਾਲੀ ਹੈ। 

   ਪਿੰਡ ਦੀਵਾਨ ਖੇੜਾ ਆਬਾਦ ਹੋਣ ਦੀ ਗੱਲ ਬੜੀ ਲਾਜਵਾਬ ਤੇ ਸ਼ਾਨਦਾਰ ਹੈ। ਜ਼ਿਲ੍ਹਾ ਫ਼ਾਜ਼ਿਲਕਾ ਵਿਚ ਸ਼ਾਇਦ ਇਹ ਇਕ ਇਹੋ ਜਿਹਾ ਪਿੰਡ ਹੈ, ਜਿਸ ਨੂੰ ਹਿੰਦੂ ਤੇ ਮੁਸਲਮਾਨਾਂ ਦੇ ਸਾਂਝੇ ਤੌਰ ਤੇ ਆਬਾਦ ਕੀਤਾ ਸੀ। ਇਨ੍ਹਾਂ ਵਿਚੋਂ ਇਕ ਖਰਲ ਗੋਤ ਦੇ ਮੁਸਲਮਾਨ ਰਾਏ ਸਾਦੋ ਖਾਂ ਸੀ ਤੇ ਦੂਜੇ ਹਾਂਡਾ ਗੋਤ ਦੇ ਹਿੰਦੂ। ਇਨ੍ਹਾਂ ਦੋਵਾਂ ਪਰਿਵਾਰਾਂ ਨੇ ਪਾਕਪਟਨ ਤੋਂ ਆ ਕੇ ਪਿੰਡ ਨੂੰ ਸਾਂਝੇ ਤੌਰ ਤੇ ਆਬਾਦ ਕੀਤਾ। ਹਾਂਡੇ ਉਹ ਹਿੰਦੂ ਸਨ, ਜਿਨ੍ਹਾਂ ਨੂੰ ਪਾਕਪਟਨ ਦੀ ਮਸ਼ਹੂਰ ਬਾਬਾ ਫ਼ਰੀਦ ਦੀ ਯਾਦਗਾਰ ਤੇ ਹਰ ਸਾਲ ਲੱਗਦੇ ਮੇਲੇ ਸਮੇਂ ਭੰਡਾਰੇ ਦਾ ਜਿੰਦਰਾ ਖੋਲ੍ਹਣ ਦਾ ਅਧਿਕਾਰ ਸੀ। ਇਹ ਮੇਲੇ, ਉਸ ਸਮੇਂ ਭੰਡਾਰੇ ਨੂੰ ਚਾਲੂ ਕਰਨ ਦੀ ਰਸਮ ਅਦਾ ਕਰ ਕੇ ਹੁੰਦੇ ਸਨ ਅਤੇ ਚੜ੍ਹਾਵਾ ਵੀ ਉਹੀ ਲੈਂਦੇ ਸਨ। ਇਸ ਪਿੰਡ ਦੇ ਲੋਕਾਂ ਨੂੰ ਇਲਾਕੇ ਦੇ ਲੋਕ ਭੰਡਾਰਿਆਂ ਦੇ ਨਾਂਅ ਨਾਲ ਸੱਦਦੇ ਸਨ। ਬਰਤਾਨੀਆ ਹਕੂਮਤ ਵਲੋਂ ਹਾਂਡਿਆਂ ਨੂੰ ਇਸ ਇਲਾਕੇ ਵਿਚ ਦੀਵਾਨ ਨਿਯੁਕਤ ਕੀਤਾ ਗਿਆ। ਦੋਵਾਂ ਕੌਮਾਂ ਨੇ ਸਾਂਝੇ ਤੌਰ ਤੇ ਪਿੰਡ ਦਾ ਨਾਂਅ ਰੱਖਣ ਦਾ ਫ਼ੈਸਲਾ ਲਿਆ। ਇਸ ਫ਼ੈਸਲੇ ਮੁਤਾਬਿਕ ਜ਼ਿਲ੍ਹਾ ਸਿਰਸਾ ਦੇ ਸਹਾਇਕ ਕਮਿਸ਼ਨਰ ਜੇ.ਐੱਚ. ਓਲੀਵਰ ਨੂੰ ਫ਼ਾਜ਼ਿਲਕਾ ਵਿਖੇ ਪੰਜ ਪੈਸੇ ਦੀ ਸਰਕਾਰੀ ਟਿਕਟ ਲਾ ਕੇ ਪਿੰਡ ਦਾ ਮੁੱਢ ਬਣਨ ਲਈ ਅਰਜ਼ੀ ਦਿੱਤੀ। ਇਹ ਵੀ ਕਾਬਲੇ ਜ਼ਿਕਰ ਹੈ ਕਿ ਉਸ ਸਮੇਂ ਫ਼ਾਜ਼ਿਲਕਾ ਤਹਿਸੀਲ ਜ਼ਿਲ੍ਹਾ ਸਿਰਸਾ ਦੇ ਅੰਡਰ ਸੀ। ਖਰਲ ਤੇ ਹਾਂਡਿਆਂ ਵਲੋਂ ਦਿੱਤੀ ਗਈ ਅਰਜ਼ੀ ਨੂੰ ਓਲੀਵਰ ਨੇ ਮਨਜ਼ੂਰ ਕਰਨ ਕਰਨ ਤੋਂ ਪਹਿਲਾਂ ਇਹ ਆਖ ਦਿੱਤਾ ਕਿ ਪਿੰਡ ਵਿਚ ਪਹਿਲਾਂ ਖੂਹ ਬਣਵਾਇਆ ਜਾਵੇ।
ਪੁਰਾਣੇ ਸਮੇਂ ਵਿਚ ਪਿੰਡਾਂ ਦੇ ਲੋਕ ਪੀਣ ਲਈ ਪਾਣੀ ਲਾਗਲੇ ਪਿੰਡਾਂ ਵਿਚ ਜਾਂ ਕੇ ਲਿਆਉਂਦੇ ਸਨ। ਉਦੋਂ ਪਾਣੀ ਦੀ ਬਹੁਤ ਘਾਟ ਸੀ, ਲੋਕ ਮੀਂਹ ਦੇ ਪਾਣੀ ਨੂੰ ਪੀਣ ਲਈ ਇਸਤੇਮਾਲ ਕਰਦੇ ਸਨ। ਪਿੰਡ ਦੀਵਾਨ ਖੇੜਾ ਦੇ ਵਿਚਕਾਰ ਇਕ ਵੱਡਾ ਤਲਾਅ ਸੀ, ਜਿੱਥੇ ਮੀਂਹ ਦਾ ਪਾਣੀ ਇਕੱਠਾ ਕੀਤਾ ਜਾਂਦਾ। ਉਹ ਪਾਣੀ ਜਾਨਵਰਾਂ ਤੇ ਕੱਪੜੇ ਧੋਣ ਲਈ ਮੁੱਖ ਸੋਮਾ ਸੀ। ਜਦੋਂਕਿ ਪਿੰਡ ਦੇ ਲੋਕ ਆਪਣੇ ਪੀਣ ਦਾ ਪਾਣੀ ਪਿੰਡ ਸਰਵਰ ਖੂਈਆਂ ਤੋਂ ਲੈ ਕੇ ਆਉਂਦੇ ਸਨ। ਜੋ ਪਿੰਡ ਮੀਆਂ ਸਰਵਰ ਤੇ ਉਸ ਦੇ ਛੋਟੇ ਭਰਾ ਸਾਧੂ ਬੋਦਲਾ ਮੁਸਲਮਾਨ ਨੇ ਕਰੀਬ 200 ਸਾਲ ਪਹਿਲਾਂ ਆਬਾਦ ਕੀਤਾ ਸੀ। ਉਨ੍ਹਾਂ ਪਿੰਡ ਵਿਚ ਇਕ ਖੂਹ ਖੁਦਵਾਇਆ। ਜਿਸ ਦਾ ਪਾਣੀ ਬਹੁਤ ਮਿੱਠਾ ਸੀ ਤੇ ਉਸ ਖੂਹ ਤੋਂ ਆਸੇ-ਪਾਸੇ ਦੇ 10 ਪਿੰਡਾਂ ਦੇ ਲੋਕ ਪੀਣ ਲਈ ਪਾਣੀ ਉੱਠਾਂ ਤੇ ਲੈ ਕੇ ਜਾਂਦੇ ਸਨ। ਬਾਅਦ ਵਿਚ ਉਨ੍ਹਾਂ 3 ਹੋਰ ਖੂਹ ਲੁਆਏ, ਜੋ ਪੰਜ ਕੋਸੀ ਨੂੰ ਜਾਂਦੀ Çਲੰਕ ਸੜਕ ਕਿਨਾਰੇ ਸੀ। ਪਾਣੀ ਲਈ ਸਰਵਰ ਖੂਹੀਆਂ ਨਾ ਜਾਣ ਪਵੇ, ਇਸ ਲਈ ਖਰਲ ਤੇ ਹਾਂਡਾ ਬਿਰਾਦਰੀ ਨੇ ਮਿਲ ਕੇ ਪਿੰਡ ਦੇ ਉੱਤਰ ਵਾਲੇ ਪਾਸੇ ਇਕ ਖੂਹ ਬਣਵਾਇਆ, ਜਿਸ ਦਾ ਪਾਣੀ ਬਹੁਤ ਮਿੱਠਾ ਸੀ। ਜਦੋਂ ਬਰਤਾਨੀਆ ਅਧਿਕਾਰੀ ਜੇ.ਐੱਚ. ੳਲੀਵਰ ਪਿੰਡ ਤੋਂ ਤਕਰੀਬਨ ਇਕ ਕਿੱਲੋਮੀਟਰ ਦੂਰ ਨਹਿਰ ਕਿਨਾਰੇ ਬਰਤਾਨੀਆ ਹਕੂਮਤ ਵਲੋਂ ਬਣਾਏ ਗਏ ਬੰਗਲੇ ਵਿਚ ਆਇਆ ਤਾਂ ਉਸ ਨੇ ਪਿੰਡ ਦੇ ਖੂਹ ਦਾ ਨਿਰੀਖਣ ਕੀਤਾ। ਵਾਕਿਆਂ ਹੀ ਖੂਹ ਦਾ ਪਾਣੀ ਬਹੁਤ ਮਿੱਠਾ ਨਿਕਲਿਆ, ਜਿਸ ਕਾਰਨ ਓਲੀਵਰ ਨੇ ਝੱਟ ਹੀ ਪਿੰਡ ਦਾ ਨਾਂਅ ਦੀਵਾਨ ਖੇੜਾ ਰੱਖਣ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ। ਇਸ ਵੇਲੇ ਖਰਲ ਖ਼ਾਨਦਾਨ ਦੇ ਮੈਂਬਰ ਮੀਆਂ ਫ਼ਤਿਹ ਦੀਨ ਭੰਡਾਰਾ, ਹਾਜੀ ਜਲਾਲ ਉਦ ਦੀਨ ਭੰਡਾਰਾ, ਮੀਆਂ ਦਿਲਾਵਰ ਖ਼ਾਨ ਭੰਡਾਰਾ, ਮੀਆਂ ਨਾਸਿਰ ਜਲਾਲ ਭੰਡਾਰਾ ਤੇ ਮੀਆਂ ਕਮਾਲ ਉਦ ਦੀਨ ਭੰਡਾਰਾ, ਮੀਆਂ ਲਾਲ ਖ਼ਾਨ ਅਤੇ ਮੀਆਂ ਅੱਲਾ ਯਾਰ ਭੰਡਾਰਾ, ਮੀਆਂ ਨੂਰ ਸਮੰਦ ਭੰਡਾਰਾ, ਮਹਿਰਮ ਖ਼ਾਨ ਤੋਂ ਇਲਾਵਾ ਹਾਂਡਾ ਖ਼ਾਨਦਾਨ ਦੇ ਲੋਕ ਵੀ ਹਾਜ਼ਰ ਸਨ। ਫਿਰ ਜਦੋਂ 1852-53 ਵਿਚ ਮਹਿਕਮਾ ਮਾਲ ਨੇ ਬੰਦੋਬਸਤ ਕੀਤਾ ਤਾਂ ਉਸ ਸਮੇਂ ਪਿੰਡ ਦਾ ਨਾਂਅ ਦੀਵਾਨ ਖੇੜਾ ਦਰਜ਼ ਕੀਤਾ ਗਿਆ।
    ਪਿੰਡ ਆਬਾਦ ਕਰਨ ਵਾਲੇ ਰਾਏ ਸਾਦੋ ਖਾਂ ਉਰਫ਼ ਰਾਏ ਸਾਧੂ ਆਪਣੇ ਪਿਤਾ ਸਾਰੰਗ ਤੇ ਦਾਦਾ ਸਿਲੋਟਰ ਦੀ ਤਰ੍ਹਾਂ ਕਾਫ਼ੀ ਸ਼ਕਤੀਸ਼ਾਲੀ ਤੇ ਦਲੇਰ ਸੀ। ਉਨ੍ਹਾਂ ਦੀ ਦਲੇਰੀ ਤੇ ਧਾੜਵੀ ਹੋਣ ਦੀ ਮਿਸਾਲ ਇਸ ਤੋਂ ਮਿਲਦੀ ਹੈ ਕਿ ਉਨ੍ਹਾਂ ਦੇ ਸੁਨੇਹੇ ਤੇ ਹੀ ਬਰਤਾਨੀਆ ਹਕੂਮਤ ਦੀ ਪੁਲਿਸ ਉਨ੍ਹਾਂ ਦੇ ਪਿੰਡ ਦੇ ਬੰਦੇ ਨੂੰ ਛੱਡ ਦਿੰਦੀ ਸੀ। ਪਰ ਉਨ੍ਹਾਂ ਦੇ ਜ਼ਹਨ ਵਿਚ ਬਰਤਾਨੀਆ ਹਕੂਮਤ ਖ਼ਿਲਾਫ਼ ਕਾਫ਼ੀ ਨਫ਼ਰਤ ਸੀ। ਧਾੜਵੀ ਤੇ ਲੜਾਕੂ ਹੋਣ ਕਾਰਨ ਉਨ੍ਹਾਂ ਕੋਲ ਬੰਦੂਕਾਂ ਵੀ ਸਨ। ਜਿਨ੍ਹਾਂ ਨਾਲ ਜਿੱਥੇ ਖ਼ੂੰਖ਼ਾਰ ਜੰਗਲੀ ਜਾਨਵਰਾਂ ਤੇ ਡਾਕੂਆਂ ਦਾ ਮੁਕਾਬਲਾ ਕੀਤਾ ਜਾਂਦਾ ਸੀ, ਉੱਥੇ ਹੀ ਦੁਸ਼ਮਣ ਦੇ ਮਨ ਵਿਚ ਦਹਿਸ਼ਤ ਵੀ ਭਰਦਾ ਸੀ। ਇਕ ਵਾਰ ਉਨ੍ਹਾਂ ਅਬੋਹਰ ਥਾਣੇ ਵਿਚ ਆਪਣੇ ਇਕ ਦੁਸ਼ਮਣ ਦੇ ਸਾਹਮਣੇ ਬੰਦੂਕ ਨਾਲ ਫਾਇਰ ਵੀ ਕੀਤਾ ਸੀ। ਭਾਵੇਂ ਉਸ ਥਾਣੇ ਦਾ ਥਾਣੇਦਾਰ ਰਾਏ ਸਾਦੋ ਖਾਂ ਦਾ ਦੋਸਤ ਸੀ, ਪਰ ਉਹ ਫ਼ਰੰਗੀਆਂ ਦੇ ਪਿੱਠੂ ਨਹੀਂ ਬਣੇ। 1857 ਵਿਚ ਜਦੋਂ ਫ਼ਰੰਗੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਆਜ਼ਾਦੀ ਦੀ ਪਹਿਲੀ ਲੜਾਈ ਹੋਈ ਤਾਂ ਉਸ ਵਕਤ ਬਰਤਾਨੀਆ ਅਧਿਕਾਰੀ ਜੇ.ਐੱਚ. ਓਲੀਵਰ ਨੇ ਸੰਗੀਨਾਂ ਦੀ ਛਾਂ ਵਿਚੋਂ ਨਿਕਲੇ ਧੂੰਏਂ ਨੂੰ ਤਾਂ ਦਬਾ ਲਿਆ, ਪਰ ਰਾਏ ਸਾਦੋ ਖਾਂ ਵਲੋਂ ਕੀਤੀ ਜਾ ਰਹੀ ਖ਼ਿਲਾਫ਼ਤ ਨੂੰ ਨਹੀਂ ਦਬਾ ਸਕੇ। ਫ਼ਰੰਗੀਆਂ ਨੇ ਉਨ੍ਹਾਂ ਨੂੰ ਪਕੜਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਹੱਥ ਨਹੀਂ ਲੱਗੇ। ਤਕਰੀਬਨ 7-8 ਮਹੀਨੇ ਬਾਅਦ ਪੁਲਿਸ ਨੇ ਰਾਏ ਸਾਦੋ ਖਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ। ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਵੀ ਉਨ੍ਹਾਂ ਫ਼ਰੰਗੀਆਂ ਦੀ ਗ਼ੁਲਾਮੀ ਨਹੀਂ ਕੀਤੀ ਤੇ ਖ਼ਿਲਾਫ਼ਤ ਜਾਰੀ ਰੱਖੀ। ਜਦੋਂ ਪਿੰਡ ਦੀਵਾਨ ਖੇੜਾ ਵਿਚ 6 ਜਮਾਤਾਂ ਦਾ ਲੋਅਰ ਮਿਡਲ ਸਕੂਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਰਾਏ ਸਾਦੋ ਨੇ ਸਕੂਲ ਬਣਾਉਣ ਵਿਚ ਆਪਣਾ ਵਿਰੋਧ ਦਰਜ਼ ਕਰਵਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਫ਼ਰੰਗੀ ਸਕੂਲ ਵਿਚ ਅੰਗਰੇਜ਼ੀ ਤਾਲੀਮ ਦੇ ਕੇ ਇਕ ਇਹੋ ਜਿਹੀ ਜੁੰਡਲੀ ਤਿਆਰ ਕਰਨਾ ਚਾਹੁੰਦੇ ਹਨ। ਜੋ ਹਿੰਦੁਸਤਾਨੀਆਂ ਨੂੰ ਸਦਾ ਲਈ ਗ਼ੁਲਾਮ ਬਣਾ ਕੇ ਰੱਖੇ, ਪਰ ਹਕੂਮਤ ਨੇ ਉਨ੍ਹਾਂ ਦੀ ਖ਼ਿਲਾਫ਼ਤ ਨੂੰ ਦਰਕਿਨਾਰ ਕਰਦਿਆਂ ਲੋਅਰ ਮਿਡਲ ਸਕੂਲ ਬਣਾ ਲਿਆ। ਉਸ ਸਕੂਲ ਦੇ ਨੇੜੇ ਹੀ ਇਕ ਛੋਟਾ ਜਿਹਾ ਹਸਪਤਾਲ ਵੀ ਸੀ, ਜਿੱਥੇ ਇਕ ਸਰਦਾਰ ਡਾਕਟਰ ਦਵਾ ਦਾਰੂ ਕਰਦਾ ਸੀ। ਪਿੰਡ ਦੇ ਇਕ ਪਾਸੇ ਗ਼ਰੀਬ ਲੋਕਾਂ ਦੀ ਛੋਟੀ ਜਿਹੀ ਬਸਤੀ ਸੀ, ਜੋ ਪਿੰਡ ਦੀ ਸਫ਼ਾਈ ਤੇ ਖਰਲ ਸ਼ਹਿਬਜਾਦਿਆਂ ਦੀ ਆਓ-ਭਗਤ ਕਰਦੀ ਸੀ। ਇਸ ਤੋਂ ਅੱਗੇ ਕੱਪੜਿਆਂ ਲਈ ਉੱਨ ਕੱਤਣ ਵਾਲੇ ਕੁੱਝ ਲੋਕ ਆਬਾਦ ਸਨ। ਪਿੰਡ ਤੋਂ ਕੁੱਝ ਹੀ ਦੂਰੀ ਤੇ ਪੱਛਮ ਵੱਲ ਪਿੰਡ ਦਾ ਕਬਰਸਤਾਨ ਸੀ।
        ਪਿੰਡ ਦੇ ਮੁਖੀ ਵਲੋਂ ਬਣਾਈ ਹਵੇਲੀ ਦੀ ਗੱਲ ਕਰੀਏ ਤਾਂ ਹਵੇਲੀ ਤੋਂ ਪਹਿਲਾਂ ਕੱਚੇ ਕੋਠੇ ਬਣਾਏ ਹੋਏ ਸਨ, ਬਾਅਦ ਵਿਚ ਮੀਆਂ ਫ਼ਤਿਹ ਦੀਨ ਭੰਡਾਰਾ ਨੇ ਪਿੰਡ ਵਿਚ ਸ਼ਾਨਦਾਰ ਹਵੇਲੀ ਬਣਵਾਈ ਸੀ। ਦੋ ਮੰਜ਼ਿਲਾਂ ਇਸ ਹਵੇਲੀ ਦੀ ਖ਼ਾਸੀਅਤ ਇਹ ਸੀ ਕਿ ਹਵੇਲੀ ਨੂੰ ਸਭ ਤੋਂ ਉੱਚੇ ਸਥਾਨ ਤੇ ਬਣਾਇਆ ਗਿਆ। ਜਿਸ ਵਿਚ ਇਸਤੇਮਾਲ ਕੀਤੇ ਗਏ ਲੋਹੇ ਦੇ ਮੋਟੇ ਗਾਰਡਰ ਕਰਾਚੀ ਤੋਂ ਮੰਗਵਾਏ ਗਏ ਸਨ। ਕਹਿੰਦੇ ਹਨ ਕਿ ਉਹ ਮੋਟੇ ਗਾਰਡਰ ਤੇ ਹੋਰ ਬਹੁਤ ਸਾਰਾ ਸਮਾਨ ਮਾਲ ਰੇਲ ਗੱਡੀ ਰਾਹੀਂ ਕਰਾਚੀ ਤੋਂ ਪੰਜ ਕੋਸੀ ਦੇ ਰੇਲਵੇ ਸਟੇਸ਼ਨ ਤੱਕ ਮੰਗਵਾਏ ਗਏ ਸਨ। ਜਿਨ੍ਹਾਂ ਨੂੰ ਹਵੇਲੀ ਦੀਆਂ ਛੱਤਾਂ ਵਿਚ ਇਸਤੇਮਾਲ ਕੀਤਾ ਗਿਆ। ਹਾਲਾਂਕਿ ਭੰਡਾਰੇ ਖ਼ੁਦ ਸ਼ਕਤੀਸ਼ਾਲੀ, ਲੜਾਕੂ ਤੇ ਧਾੜਵੀ ਸਨ, ਫਿਰ ਵੀ ਉਹ ਚੋਰ ਡਾਕੂਆਂ ਤੇ ਨਜ਼ਰ ਰੱਖਣ ਲਈ ਹਵੇਲੀ ਦੀ ਪਹਿਲੀ ਮੰਜ਼ਲ ਤੇ ਇਕ ਬੰਦੂਕ ਧਾਰੀ ਬੰਦਾ ਜ਼ਰੂਰ ਤਾਇਨਾਤ ਰੱਖਦੇ ਸਨ। ਜਦੋਂ ਚੋਰ ਡਾਕੂ ਆਉਂਦੇ ਤਾਂ ਉਨ੍ਹਾਂ ਦਾ ਉਹ ਖ਼ੁਦ ਹੀ ਮੁਕਾਬਲਾ ਕਰਦੇ। ਕਿਉਂਕਿ ਉਸ ਸਮੇਂ ਪਿੰਡ ਤੋਂ ਇਕ ਕਿੱਲੋਮੀਟਰ ਦੂਰ ਬਣੇ ਬੰਗਲੇ ਤੋਂ ਅੱਗੇ ਘਣੇ ਰੁੱਖ ਤੇ ਝਾੜੀਆਂ ਸਨ। ਜਿਨ੍ਹਾਂ ਵਿਚ ਗਿੱਦੜਾਂ ਦਾ ਜ਼ਿਆਦਾ ਵਾਸਾ ਸੀ। ਇਨ੍ਹਾਂ ਦੀ ਆੜ ਵਿਚ ਚੋਰ ਡਾਕੂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਨ੍ਹਾਂ ਝਾੜੀਆਂ ਵਿਚ ਲੁੱਕ ਜਾਂਦੇ ਸਨ। ਜਿਨ੍ਹਾਂ ਦਾ ਭੰਡਾਰੇ ਡਟ ਕੇ ਮੁਕਾਬਲਾ ਕਰਦੇ ਸਨ।
     ਹਵੇਲੀ ਨੇੜੇ ਹੀ ਅੱਲਾ ਦਾ ਸਜਦਾ ਕਰਨ ਲਈ ਮਸਜਿਦ ਬਣਾਈ ਗਈ, ਜੋ ਫਤਿਹਦੀਨ ਭੰਡਾਰਾ ਨੇ 1901-02 ਵਿਚ ਬਣਵਾਈ ਸੀ। ਬਹੁਤ ਹੀ ਖ਼ੂਬਸੂਰਤ, ਵੇਲ ਬੂਟੀਆਂ ਦੀ ਨੱਕਾਸ਼ੀ ਤੇ ਅੱਲਾ ਦੀ ਇਬਾਦਤ ਲਈ ਲਿਖੇ ਹਰਫ਼ਾਂ ਨਾਲ ਸਜੀ ਸਵਰੀ ਇਹ ਮਸਜਿਦ ਵੀ ਕਾਫ਼ੀ ਉੱਚੀ ਥਾਂ ਤੇ ਬਣਾਈ ਗਈ। ਜਿਸ ਦੀ ਕੰਧ ਤੇ ਫ਼ਾਰਸੀ ਹਰਫ਼ਾਂ ਵਿਚ ਮਾਲਕ ਫਤਿਹਦੀਨ ਦਾ ਨਾਂਅ ਖੋਦਿਆ ਗਿਆ। ਹਵੇਲੀ ਤੇ ਮਸਜਿਦ ਦੀਆਂ ਇੱਟਾਂ ਚੂਨਾ ਮਿੱਟੀ ਨਾਲ ਲਗਾਈਆਂ ਗਈਆਂ। ਚੂਨੇ ਦੇ ਕਾਰਖ਼ਾਨੇ ਪਿੰਡ ਤੋਂ ਕਾਫ਼ੀ ਦੂਰ ਹੋਣ ਕਾਰਨ ਖਰਲ ਪਰਿਵਾਰ ਨੇ ਪਿੰਡ ਵਿਚ ਹੀ ਚੂਨੇ ਦਾ ਕਾਰਖ਼ਾਨਾ ਲਗਾ ਲਿਆ। ਇਹ ਕਾਰਖ਼ਾਨਾ ਹਵੇਲੀ ਤੇ ਮਸਜਿਦ ਦੇ ਨੇੜੇ ਸੀ। ਜਿਸ ਤੋਂ ਤਿਆਰ ਚੂਨੇ ਨੂੰ ਹਵੇਲੀ ਤੇ ਮਸਜਿਦ ਤਿਆਰ ਕਰਨ ਲਈ ਇਸਤੇਮਾਲ ਕੀਤਾ ਗਿਆ। ਇਸ ਮਸਜਿਦ ਦੇ ਮੌਲਵੀ ਮੀਆਂ ਨੂਰਦੀਨ ਸਨ। ਖੁੱਲ੍ਹੀ ਥਾਂ ਤੇ ਬਣਾਈ ਗਈ ਇਸ ਮਸਜਿਦ ਵਿਚ ਮੁਸਲਿਮ ਪਰਿਵਾਰਾਂ ਦੇ ਤਕਰੀਬਨ 100 ਫ਼ਰਦ ਤਾਲੀਮ ਹਾਸਿਲ ਕਰਦੇ ਸਨ। ਦੇਸ਼ ਤਕਸੀਮ ਵੇਲੇ ਮੁਸਲਮਾਨ ਪਰਿਵਾਰ ਪਾਕਿਸਤਾਨ ਚਲੇ ਗਏ ਤੇ ਪਿੰਡ ਉਜਾੜ ਬਸਤੀ ਬਣ ਗਿਆ।
   ਪਿੰਡ ਨੂੰ ਫਿਰ ਹਰਾ-ਭਰਾ ਕਰਨ ਲਈ ਬਹਾਵਲਪੁਰ ਤੋਂ ਬਿਸ਼ਨੋਈ, ਮਿੰਟਗੁਮਰੀ ਤੋਂ ਕੰਬੋਜ, ਛਾਬੜਾ, ਵਧਵਾ, ਧਮੀਜਾ ਅਤੇ ਮਹਾਜਨ ਆ ਕੇ ਆਬਾਦ ਹੋ ਗਏ। ਉਨ੍ਹਾਂ ਫਿਰ ਸੁੱਕੇ ਹੋਏ ਦਰਖ਼ਤ ਦੀਆਂ ਟਾਹਣੀਆਂ ਤੇ ਪੱਤੇ ਬਣ ਕੇ ਦੀਵਾਨ ਖੇੜਾ ਪਿੰਡ ਨੂੰ ਫਿਰ ਹਰਾ-ਭਰਾ ਕਰ ਲਿਆ ਤੇ ਉਨ੍ਹਾਂ ਸਭ ਦਾ ਮਾਲਕ ਏਕ ਹੈ ਦੇ ਹਰਫ਼ਾਂ ਨੂੰ ਬਰਕਰਾਰ ਰੱਖਦਿਆਂ ਮਸਜਿਦ ਦੀ ਇਮਾਰਤ ਨੂੰ ਹੋਰ ਖ਼ੂਬਸੂਰਤ ਬਣਾ ਕੇ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਗੁਰਦੁਆਰਾ ਵਿਚ ਮੁਨਕਲ ਕਰ ਦਿੱਤਾ। ਜਿੱਥੇ ਰੋਜ਼ ਵਾਹਿਗੁਰੂ ਦਾ ਨਾਂਅ ਜਪਿਆ ਜਾਂਦਾ ਹੈ। ਗੁਰੂ ਘਰ ਤੋਂ ਇਲਾਵਾ ਪਿੰਡ ਵਿਚ ਬਣੇ ਮੰਦਰ ਵੀ ਹਿੰਦੂ-ਸਿੱਖ ਭਾਈਚਾਰੇ ਦੀ ਮਿਸਾਲ ਬਣੇ ਹੋਏ ਹਨ।
     ਭੰਡਾਰਾ ਫੈਮਲੀ ਰਹਿਮ-ਦਿਲ ਤੇ ਚੰਗੇ ਕਰਮ ਕਰਨ ਵਾਲੀ ਵੀ ਸੀ। ਇਸ ਦੀ ਮਿਸਾਲ 1899-1900 ਦੌਰਾਨ ਮਿਲੀ, ਜਦੋਂ ਦੇਸ਼ ਦੇ ਕਈ ਸੂਬਿਆਂ ਤੋਂ ਇਲਾਵਾ ਬੀਕਾਨੇਰ ਰਿਆਸਤ ਵਿਚ ਵੀ ਅਕਾਲ ਪੈ ਗਿਆ। ਭੁੱਖਮਰੀ ਦੇ ਬੋਝ ਹੇਠ ਦੱਬੇ ਲੋਕ ਬੀਕਾਨੇਰ ਰਿਆਸਤ ਤੋਂ ਨਿਕਲ ਕੇ ਪੰਜਾਬ ਸੂਬੇ ਵੱਲ ਆ ਗਏ। ਦੀਵਾਨ ਖੇੜਾ ਪਿੰਡ ਬੀਕਾਨੇਰ ਰਿਆਸਤ ਦੇ ਨੇੜੇ ਸੀ। ਜਿੱਥੋਂ ਭੁੱਖਮਰੀ ਦੇ ਸ਼ਿਕਾਰ ਲੋਕ ਤੜਫਦੇ ਹੋਏ ਪਿੰਡ ਦੀਵਾਨ ਖੇੜਾ ਤੇ ਹੋਰ ਲਾਗਲੇ ਪਿੰਡਾਂ ਵਿਚ ਆ ਗਏ। ਅੰਨ ਦੇ ਦਾਣੇ-ਦਾਣੇ ਦੇ ਮੁਹਤਾਜ ਲੋਕ ਇਨ੍ਹਾਂ ਪਿੰਡਾਂ ਦੀ ਅਵਾਮ ਦੇ ਰਹਿਮੋ ਕਰਮ ਤੇ ਟਿੱਕ ਗਏ। ਉਸ ਸਮੇਂ ਭੰਡਾਰਾ ਖ਼ਾਨਦਾਨ ਨੇ ਉਨ੍ਹਾਂ ਨੂੰ ਹਜ਼ਾਰਾ ਮੂੰਹੀਂ ਕਣਕ ਵੰਡ ਕੇ ਉਨ੍ਹਾਂ ਦੀ ਮਦਦ ਕੀਤੀ। ਇਸ ਮਦਦ ਦੇ ਚੱਲਦਿਆਂ ਬਰਤਾਨੀਆ ਅਧਿਕਾਰੀਆਂ ਨੇ ਦਿਲਾਵਰ ਖਾਂ ਭੰਡਾਰਾ ਨੂੰ ਜ਼ੈਲਦਾਰ ਨਿਯੁਕਤ ਕਰ ਦਿੱਤਾ। ਜਿਹੜੇ ਜ਼ਿਲ੍ਹਾ ਫ਼ਿਰੋਜ਼ਪੁਰ ਬੋਰਡ ਦੇ ਵਾਈਸ ਚੇਅਰਮੈਨ ਵੀ ਬਣੇ। ਇਸ ਤੋਂ ਇਲਾਵਾ ਮੀਆਂ ਫਤਿਹਦੀਨ ਭੰਡਾਰਾ ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਆਨਰੇਰੀ ਮੈਜਿਸਟਰੇਟ ਨਿਯੁਕਤ ਕੀਤਾ ਗਿਆ।
ਜਦੋਂ ਦੂਜੀ ਸੰਸਾਰ ਜੰਗ ਹੋਈ ਤਾਂ ਉਸ ਸਮੇਂ ਭੰਡਾਰਾ ਖ਼ਾਨਦਾਨ ਦੀ ਇਕ ਯਾਦਗਾਰ ਫ਼ੋਟੋ ਖਿੱਚੀ ਗਈ, ਜਿਸ ਦੀ ਪਹਿਲੀ ਲਾਈਨ ਵਿਚ ਖੱਬੇ ਤੋਂ ਸੱਜੇ ਖੜੇ ਹਨ ਮੀਆਂ ਅੱਲਾ ਯਾਰ ਭੰਡਾਰਾ, ਮੀਆਂ ਨੂਰ ਸਮੰਦ ਭੰਡਾਰਾ, ਵਿਚਕਾਰਲੀ ਲਾਈਨ ਵਿਚ ਖੱਬੇ ਤੋਂ ਸੱਜੇ ਮੀਆਂ ਮਹਿਰਮ ਖ਼ਾਨ ਭੰਡਾਰਾ, ਮੀਆਂ ਦਿਲਾਵਰ ਖ਼ਾਨ ਭੰਡਾਰਾ, ਮੀਆਂ ਫਤਿਹਦੀਨ ਭੰਡਾਰਾ, ਹਾਜੀ ਜਲਾਲ ਉਦ ਦੀਨ ਭੰਡਾਰਾ ਤੇ ਮੀਆਂ ਨਾਸਿਰ ਜਲਾਲ ਭੰਡਾਰਾ, ਮੀਆਂ ਕਮਾਲ ਉਦ ਦੀਨ ਜਦੋਂ ਤੀਜੀ ਲਾਈਨ ਵਿਚ ਬੈਠੇ ਹਨ ਖੱਬੇ ਤੋਂ ਸੱਜੇ ਮੀਆਂ ਅਦਿਲ ਖ਼ਾਨ ਭੰਡਾਰਾ, ਹਾਜੀ ਇਕਬਾਲ ਭੰਡਾਰਾ ਤੇ ਮੀਆਂ ਵਲੀਦਾਦ ਭੰਡਾਰਾ।
       ਇਸ ਤੋਂ ਬਾਅਦ ਉਨ੍ਹਾਂ ਹੋਲੀ-ਹੋਲੀ ਸਿਆਸਤ ਵਿਚ ਵੀ ਕਦਮ ਰੱਖਣੇ ਸ਼ੁਰੂ ਕਰ ਦਿੱਤੇ, 1945 ਵਿਚ ਜਦੋਂ ਫ਼ਾਜ਼ਿਲਕਾ ਮੁਹੰਮਦਨ ਸੀਟ ਤੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਸਿਆਸੀ ਪਾਰਟੀ ਮੁਸਲਿਮ ਲੀਗ ਨੇ ਫ਼ਤਿਹ ਮੁਹੰਮਦ ਨੂੰ ਆਪਣਾ ਉਮੀਦਵਾਰ ਬਣਾਇਆ। ਉਨ੍ਹਾਂ ਦਾ ਮੁਕਾਬਲਾ ਅਬੋਹਰ ਦੀ ਸੁਖੇਰਾ ਬਸਤੀ ਦੇ ਵਾਸੀ ਮੀਆਂ ਬਾਘ ਅਲੀ ਸੁਖੇਰਾ ਨਾਲ ਸੀ। ਉਸ ਸਮੇਂ ਕੁੱਲ 13138 ਵੋਟਾਂ ਪੋਲ ਹੋਈਆਂ, ਜੋ ਕੁੱਲ ਵੋਟਾਂ ਦਾ 68.46 ਫ਼ੀਸਦੀ ਸਨ। ਜਿਨ੍ਹਾਂ ਵਿਚੋਂ ਯੂਨੀਈਸਟ ਪਾਰਟੀ ਦੇ ਮੀਆਂ ਬਾਘ ਅਲੀ  ਸੁਖੇਰਾ ਨੂੰ 5549, ਮੀਆਂ ਫ਼ਤਿਹ ਮੁਹੰਮਦ ਨੂੰ 3441 ਤੇ ਆਜ਼ਾਦ ਉਮੀਦਵਾਰ ਚਿਰਾਗ਼ ਮੁਹੰਮਦ ਨੂੰ ਕੋਈ ਵੋਟ ਨਹੀਂ ਮਿਲੀ। ਇਸ ਤਰ੍ਹਾਂ ਫ਼ਤਿਹ ਮੁਹੰਮਦ 2108 ਵੋਟਾਂ ਨਾਲ ਹਾਰ ਗਏ।
      ਖਰਲ ਖ਼ਾਨਦਾਨ ਦੇ ਕੁੱਝ ਫ਼ਰਦ ਤਾਲੀਮ ਹਾਸਿਲ ਕਰਨ ਲਈ ਫ਼ਾਜ਼ਿਲਕਾ ਸ਼ਹਿਰ ਦੇ ਮਲਕਾਨਾ ਮੁਹੱਲਾ ਵਿਚ ਆ ਗਏ ਤੇ ਉਨ੍ਹਾਂ ਇੱਥੇ ਇਕ ਹਵੇਲੀ ਤਿਆਰ ਕਰਵਾਈ। ਜੋ ਵਾਣ ਬਾਜ਼ਾਰ ਵਿਚ ਮਹਿਮਾਨ ਖ਼ਾਨਾ ਦੀ ਪਿੱਛੇ ਸੀ। ਇਸ ਦੇ ਨੇੜੇ ਰਾਮ ਪ੍ਰੈੱਸ ਸੀ। ਉਨ੍ਹਾਂ ਦੇ ਸ਼ਾਗਿਰਦ ਫ਼ਾਜ਼ਿਲਕਾ ਦੇ ਇਸਲਾਮੀਆ ਸਕੂਲ ਤੇ ਸਰਕਾਰੀ ਹਾਈ ਸਕੂਲ ਤੋਂ ਤਾਲੀਮ ਹਾਸਿਲ ਕਰਦੇ ਸਨ ਅਤੇ ਵਾਲੀਬਾਲ ਖੇਡਣ ਦੇ ਕਾਫ਼ੀ ਸ਼ੌਕੀਨ ਸਨ। ਉਨ੍ਹਾਂ ਦਾ ਅਕਸਰ ਹੀ ਲਾਧੂਕਾ ਪਿੰਡ ਦੇ ਵੱਟੂ ਨੌਜਵਾਨਾਂ ਨਾਲ ਵਾਲੀਬਾਲ ਦਾ ਮੁਕਾਬਲਾ ਵੀ ਹੁੰਦਾ ਸੀ। ਅੱਜ ਵੀ ਪਿੰਡ ਦੇ ਨੌਜਵਾਨ ਵਾਲੀਬਾਲ ਤੇ ਕ੍ਰਿਕੇਟ ਦੇ ਕਾਫ਼ੀ ਸ਼ੌਕੀਨ ਹਨ ਤੇ ਪਿੰਡਾਂ ਵਿਚ ਹੋਣ ਵਾਲੇ ਮੁਕਾਬਲਿਆਂ ਵਿਚ ਅਕਸਰ ਹੀ ਹਿੱਸਾ ਲੈ ਕੇ ਪਿੰਡ ਨੂੰ ਰੁਸ਼ਨਾ ਰਹੇ ਹਨ।
    ਕਹਿੰਦੇ ਹਨ ਕਿ ਪਿੰਡ ਪੰਜ ਕੋਸੀ ਦੇ ਮੋਢੀ ਮਾਨਾ ਰਾਮ ਜਾਖੜ, ਜਿਹੜੇ ਦਹੀਅਤ ਹਰਿਆਣਾ ਤੋਂ ਆ ਕੇ ਆਬਾਦ ਹੋਏ ਸਨ, ਉਨ੍ਹਾਂ ਨਾਲ ਭੰਡਾਰਾ ਪਰਿਵਾਰ ਦਾ ਬਹੁਤ ਭਾਈਚਾਰਾ ਸੀ, ਇਹ ਭਾਈਚਾਰਾ ਉਸ ਸਮੇਂ ਹੋਰ ਵੱਧ ਗਿਆ, ਜਦੋਂ ਮਾਨਾ ਰਾਮ ਜਾਖੜ ਨੇ ਪਿੰਡ ਵਿਚ ਛੱਪੜ ਪੁਟਵਾਇਆ ਸੀ। ਇਸ ਤੋਂ ਇਲਾਵਾ ਪਿੰਡ ਕਿਲਿਆਂ ਵਾਲੀ ਦੇ ਲਾਲ ਸਿੰਘ ਜਾਖੜ ਨਾਲ ਵੀ ਉਨ੍ਹਾਂ ਦਾ ਕਾਫ਼ੀ ਭਾਈਚਾਰਾ ਸੀ।  ਜੋ ਦੇਸ਼ ਤਕਸੀਮ ਤੱਕ ਮਜ਼ਬੂਤ ਰਿਹਾ। ਅੱਜ ਪਿੰਡ ਵਿਚ ਹਰ ਕੌਮ ਨੇ ਆਪਣੇ ਭਾਈਚਾਰੇ ਨੂੰ ਕਾਇਮ ਰੱਖਿਆ ਹੋਇਆ ਹੋਇਆ ਹੈ। ਭਾਈਚਾਰਕ ਸਾਂਝ ਦੇ ਚੱਲਦਿਆਂ ਪਿੰਡ ਵਿਚ ਸ਼ਹੀਦ ਊਧਮ ਸਿੰਘ ਦੀ ਆਦਮਕੱਦ ਮੂਰਤੀ ਵੀ ਬਣਾਈ ਗਈ ਹੈ। ਪਿਆਰ ਮੁਹੱਬਤ ਨਾਲ ਵੱਸਦੇ ਦੀਵਾਨ ਖੇੜਾ ਦੇ ਬਾਸ਼ਿੰਦਿਆਂ ਨੇ ਪਿੰਡ ਨੂੰ ਕਾਫ਼ੀ ਸਾਫ਼ ਸੁਥਰਾ ਰੱਖਿਆ ਹੋਇਆ ਹੈ। ਪਿੰਡ ਵਿਚ ਆਗਮਨ ਤੋਂ ਪਹਿਲਾਂ ਆਸੇ-ਪਾਸੇ ਹਰਿਆਲੀ, ਰਸਭਰੀਆਂ ਫ਼ਸਲਾਂ ਤੇ ਕਿੰਨੂ ਦੇ ਬਾਗ਼ ਦੀ ਖ਼ੁਸ਼ਬੋ ਦੂਰੋਂ ਹੀ ਪਿੰਡ ਦੀ ਖ਼ੂਬਸੂਰਤੀ ਦਾ ਬਖਾਨ ਕਰਨ ਲੱਗ ਪੈਂਦੀ ਹੈ।

    ਹੁਣ ਗੱਲ ਕਰਦੇ ਹਾਂ ਕਿ ਪਿੰਡ ਦੇ ਹਾਂਡਾ ਹਿੰਦੂ ਲੋਕ ਗਏ ਕਿੱਥੇ। ਦਰਅਸਲ ਸਾਂਝੇ ਪੰਜਾਬ ਦੇ ਜਿਸ ਇਲਾਕੇ ਵਿਚ ਵੀ ਇਹ ਦੀਵਾਨ ਰਹਿੰਦੇ ਸਨ, ਉਨ੍ਹਾਂ ਨੂੰ ਹਰ ਸਾਲ ਬਾਬਾ ਫ਼ਰੀਦ ਦੇ ਯਾਦਗਾਰੀ ਮੇਲੇ ਵਿਚ ਸ਼ਾਮਿਲ ਹੋਣ ਲਈ ਜਾਣਾ ਪੈਂਦਾ ਸੀ। ਜਿਸ ਕਾਰਨ ਉਨ੍ਹਾਂ ਦਾ ਪੈਸਾ ਤੇ ਸਮਾਂ ਬਰਬਾਦ ਹੁੰਦਾ ਸੀ। ਸਮਾਂ ਤੇ ਪੈਸਾ ਬਰਬਾਦ ਨਾ ਹੋਵੇ ਇਸ ਕਾਰਨ ਉਹ ਸਾਰਾ ਕਾਰੋਬਾਰ ਸਮੇਟ ਕੇ ਬਾਬਾ ਫ਼ਰੀਦ ਦੀ ਸੇਵਾ ਲਈ ਪਾਕਪਟਨ ਚਲੇ ਗਏ। ਪਿੰਡ ਦੀਵਾਨ ਖੇੜਾ ਦੇ ਖਰਲ ਜਾਤ ਦੇ ਮੁਸਲਮਾਨਾਂ ਨਾਲ ਕਾਫ਼ੀ ਨੇੜਤਾ ਤੇ ਭਾਈਚਾਰਕ ਸਾਂਝ ਦੇ ਚੱਲਦਿਆਂ ਉਹ ਦੀਵਾਨ ਖੇੜਾ ਤੇ ਮੁਸਲਮਾਨਾਂ ਦਾ ਕਬਜ਼ਾ ਕਰਵਾ ਗਏ। ਉਨ੍ਹਾਂ ਪਿੰਡ ਨੂੰ ਕਾਫ਼ੀ ਖ਼ੁਸ਼ਹਾਲ ਬਣਾਇਆ, ਪਿੰਡ ਦਾ ਨਾਂਅ ਨੂੰ ਸਾਂਝੇ ਪੰਜਾਬ ਵਿਚ ਮਸ਼ਹੂਰ ਰੱਖਣ ਵਿਚ ਕੋਈ ਕਸਰ ਬਾਕੀ ਨਾ ਛੱਡੀ। ਪਰ ਜਦੋਂ ਬਰਤਾਨੀਆ ਹਕੂਮਤ ਨੇ ਦੇਸ਼ ਤਕਸੀਮ ਕਰਨ ਦਾ ਭਾਂਬੜ ਮਚਾਇਆ ਤਾਂ ਹੋਰਨਾਂ ਪਿੰਡਾਂ ਵਾਂਗਰ ਇਹ ਪਿੰਡ ਵੀ ਉਸ ਭਾਂਬੜ ਦੀ ਲਪੇਟ ਵਿਚ ਆ ਗਿਆ। ਤਕਸੀਮ ਦਾ ਸੇਕ ਜਦੋਂ ਪਿੰਡ ਦੇ ਆਲ਼ੇ ਦੁਆਲੇ ਪੁੱਜਿਆ ਤਾਂ ਕਈ ਹੋਰਨਾਂ ਪਿੰਡਾਂ ਦੇ ਮੁਸਲਮਾਨ ਵੀ ਇਸ ਪਿੰਡ ਵਿਚ ਆ ਗਏ, ਇੱਥੇ ਕੁੱਝ ਦਿਨ ਤੱਕ ਤਕਸੀਮ ਦੇ ਸੇਕ ਵਿਚ ਸੜ ਰਹੇ ਅਵਾਮ ਦੇ ਦਰਖਤਾਂ ਦੇ ਪੱਤੇ ਜਦੋਂ ਡਿਗਣੇ ਸ਼ੁਰੂ ਹੋ ਗਏ ਤਾਂ ਇਨ੍ਹਾਂ ਦਾ ਕਾਫ਼ਲਾ ਵੀ ਪਾਕਿਸਤਾਨ ਵੱਲ ਚੱਲ ਪਿਆ ਇਕ ਨਵੇਂ ਆਸ਼ਿਆਨੇ ਦੀ ਭਾਲ ਵਿਚ --- LACHHMAN DOST---



 

Share:

0 comments:

Post a Comment

Definition List

blogger/disqus/facebook

Unordered List

Support