-- ਖਾਤਾ ਖੁਲ੍ਹਵਾਉਣ ਲਈ ਲੜਕੀ ਦੀ ਉਮਰ 10 ਸਾਲ ਤੋਂ ਘੱਟ ਹੋਣੀ ਲਾਜ਼ਮੀ
--ਇੱਕ ਪਰਿਵਾਰ ਦੀਆਂ ਸਿਰਫ਼ 2 ਲੜਕੀਆਂ ਹੀ ਲੈ ਸਕਦੀਆਂ ਹਨ ਲਾਹਾ
ਬਠਿੰਡਾ, 2 ਦਸੰਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਸੁਕੰਨਿਆ ਸਮ੍ਰਿਧੀ ਯੋਜ਼ਨਾ (ਐਸ.ਐਸ.ਵਾਈ) ਸਬੰਧੀ ਮੀਟਿੰਗ ਹੋਈ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਸੁਕੰਨਿਆ ਸਮ੍ਰਿਧੀ ਯੋਜ਼ਨਾ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕਤਾ ਪੈਦਾ ਕਰਨ ਲਈ ਆਦੇਸ਼ ਦਿੱਤੇ ਤਾਂ ਜੋ ਲੋੜਵੰਦ ਲੋਕ ਇਸ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ।
ਡਿਪਟੀ ਕਮਿਸ਼ਨਰ ਨੇ ਸੁਕੰਨਿਆ ਸਮ੍ਰਿਧੀ ਯੋਜ਼ਨਾ ਦੀ ਸਮੀਖਿਆ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਯੋਜ਼ਨਾ ਅਧੀਨ ਆਮ ਲੋਕਾਂ ਨੂੰ ਆਪਣਾ ਖਾਤਾ ਖੁਲ੍ਹਵਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕਰਨ। ਇਸ ਦੌਰਾਨ ਉਨ੍ਹਾਂ "ਬੇਟੀ ਬਚਾਓ ਬੇਟੀ ਪੜ੍ਹਾਓ" ਸਕੀਮ ਅਧੀਨ ਜ਼ਿਲ੍ਹਾ, ਬਲਾਕ ਅਤੇ ਪਿੰਡ ਪੱਧਰ ਤੇ ਚੱਲ ਰਹੀਆਂ ਗਤੀਵਿਧੀਆਂ ਅਧੀਨ ਇਸ ਯੋਜ਼ਨਾ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫ਼ੈਲਾਉਣ ਲਈ ਵੀ ਦਿਸ਼ਾ-ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ "ਬੇਟੀ ਬਚਾਓ ਬੇਟੀ ਪੜ੍ਹਾਓ" ਸਕੀਮ ਅਧੀਨ ਨਵੀਂਆਂ ਜਨਮੀਆਂ ਬੱਚੀਆਂ ਦੇ ਮਾਪਿਆਂ ਨੂੰ ਸਨਮਾਨਿਤ ਕਰਦੇ ਸਮੇਂ ਉਨ੍ਹਾਂ ਨੂੰ ਸੁਕੰਨਿਆ ਸਮ੍ਰਿਧੀ ਯੋਜ਼ਨਾ ਦੇ ਖਾਤੇ ਅਤੇ ਹੋਣ ਵਾਲੇ ਲਾਭਾਂ ਬਾਰੇ ਵੀ ਜਾਣੂੰ ਕਰਵਾਇਆ ਜਾਵੇ।
ਸ੍ਰੀ ਸ਼ੌਕਤ ਅਹਿਮਦ ਪਰੇ ਨੇ ਇਸ ਸਕੀਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਦਾ ਲਾਹਾ ਲੈਣ ਵਾਸਤੇ ਖਾਤਾ ਖੁਲ੍ਹਵਾਉਣ ਲਈ ਲੜਕੀ ਦੀ ਉਮਰ 10 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਇੱਕ ਪਰਿਵਾਰ ਵਿੱਚ ਵੱਧ ਤੋਂ ਵੱਧ 2 ਲੜਕੀਆਂ ਹੀ ਇਸ ਸਕੀਮ ਦਾ ਲਾਹਾ ਲੈ ਸਕਦੀਆਂ ਹਨ। ਲੜਕੀ ਦਾ ਖਾਤਾ ਖੁੱਲ੍ਹਵਾਉਣ ਲਈ ਉਸਦਾ ਜਨਮ ਸਰਟੀਫ਼ਿਕੇਟ ਅਤੇ ਉਸਦੇ ਮਾਤਾ ਜਾਂ ਪਿਤਾ ਦਾ ਅਧਾਰ ਕਾਰਡ ਅਤੇ ਪੈਨ ਕਾਰਡ ਹੋਣਾ ਵੀ ਲਾਜ਼ਮੀ ਹੈ।
ਡਿਪਟੀ ਕਮਿਸ਼ਨਰ ਨੇ ਇਸ ਸਕੀਮ ਦੀ ਮਹੱਤਤਾ ਬਾਰੇ ਹੋਰ ਦੱਸਿਆ ਕਿ ਇਸ ਸਕੀਮ ਤਹਿਤ ਘੱਟ ਤੋਂ ਘੱਟ 250 ਰੁਪਏ ਨਾਲ ਲੜਕੀ ਦਾ ਖਾਤਾ ਖੁਲ੍ਹਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹਰ ਸਾਲ ਖਾਤੇ ਵਿੱਚ ਘੱਟ ਤੋਂ ਘੱਟ 250 ਰੁਪਏ ਜਮ੍ਹਾਂ ਕਰਵਾਉਣ ਲਾਜ਼ਮੀ ਹੈ ਅਤੇ ਵੱਧ ਤੋਂ ਵੱਧ ਡੇਢ ਲੱਖ ਰੁਪਏ ਤੱਕ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਖਾਤਾ ਖੋਲ੍ਹਣ ਤੋਂ 15 ਸਾਲ ਤੱਕ ਹੀ ਰਾਸ਼ੀ ਖਾਤੇ ਵਿੱਚ ਜਮ੍ਹਾਂ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਲੜਕੀ ਦੀ ਉਮਰ 18 ਸਾਲ ਹੋਣ ਤੇ ਉਸ ਦੀ ਉਚੇਰੀ ਸਿੱਖਿਆ ਲਈ 50 ਫ਼ੀਸਦੀ ਰਾਸ਼ੀ ਕਢਵਾਈ ਜਾ ਸਕਦੀ ਹੈ ਅਤੇ 21 ਸਾਲ ਉਮਰ ਪੂਰੀ ਹੋਣ ਤੇ ਜਮ੍ਹਾਂ ਹੋਈ ਰਾਸ਼ੀ 7.6 ਫ਼ੀਸਦੀ ਵਿਆਜ਼ ਸਮੇਤ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਹੁਲ, ਸੁਪਰਡੈਂਟ ਮੁੱਖ ਡਾਕਘਰ ਬਠਿੰਡਾ ਡਵੀਜ਼ਨ ਸ੍ਰੀ ਰਾਜ ਕੁਮਾਰ ਤੋਂ ਇਲਾਵਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।
0 comments:
Post a Comment