ਫਾਜਿ਼ਲਕਾ, 22 ਦਸੰਬਰ
ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਅੱਜ ਦੁਨੀਆਂ ਵਿਚ ਕੋਵਿਡ ਦੇ ਮੁੜ ਪੈਦਾ ਹੋਏ ਖਤਰੇ ਦੇ ਮੱਦੇਨਜਰ ਸਿਹਤ ਵਿਭਾਗ ਸਮੇਤ ਦੂਜ਼ੇ ਵਿਭਾਗਾਂ ਨਾਲ ਸਮੀਖਿਆ ਬੈਠਕ ਕੀਤੀ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਕਿਸੇ ਵੀ ਅਪਾਤ ਸਥਿਤੀ ਨਾਲ ਨੱਜਿਠਣ ਲਈ ਅਗੇਤੇ ਪ੍ਰਬੰਧ ਅਤੇ ਯੋਗ ਵਿਉਂਤਬੰਦੀ ਕਰਨ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਡਾ: ਸੇਨੂੰ ਦੂੱਗਲ ਨੇ ਇਸ ਮੌਕੇ ਕਿਹਾ ਕਿ ਹਾਲੇ ਤੱਕ ਜਿਲ੍ਹੇ ਵਿਚ ਕੋਈ ਵੀ ਐਕਟਿਵ ਕੇਸ ਨਹੀਂ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਾਵਧਾਨੀ ਘੱਟ ਕਰ ਦੇਈਏ। ਉਨ੍ਹਾਂ ਨੇ ਕਿਹਾ ਕਿ ਹਸਪਤਾਲਾਂ ਵਿਚ ਮਾਸਕ ਜਰੂਰ ਪਾਇਆ ਜਾਵੇ ਅਤੇ ਜਿੰਨ੍ਹਾਂ ਵਿਚ ਕੋਵਿਡ ਦੇ ਲੱਛਣ ਵਿਖਾਈ ਦੇਣ ਉਨ੍ਹਾਂ ਦਾ ਕੋਵਿਡ ਟੈਸਟ ਵੀ ਕੀਤਾ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਵੈ ਸੁਰੱਖਿਆ ਲਈ ਮਾਸਕ ਪਾਉਣਾ ਚੰਗੀ ਆਦਤ ਹੈ। ਉਨ੍ਹਾਂ ਨੇ ਲੋਕਾਂ ਨੂੰ ਭੀੜ ਵਿਚ ਜਾਣ ਤੋਂ ਸਵੈ ਇੱਛੁਕ ਤੌਰ ਤੇ ਗੁਰੇਜ਼ ਕਰਨ, ਬਾਰ ਬਾਰ ਹੱਥ ਧੌਣ ਦੇ ਨਿਯਮ ਦਾ ਮੁੜ ਪਾਲਣਾ ਸ਼ੁਰੂ ਕਰਨ ਦੀ ਅਪੀਲ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਿਹਤ ਵਿਭਾਗ ਨੂੰ 7 ਦਿਨ ਵਿਚ ਵਿਆਪਕ ਯੋਜਨਾਬੰਦੀ ਕਰਨ ਲਈ ਕਿਹਾ। ਉਨ੍ਹਾਂ ਨੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਿੰਨ੍ਹਾਂ ਦੇ ਦੂਜੀ ਜਾਂ ਬੂਸਟਰ ਡੋਜ਼ ਨਹੀਂ ਲੱਗੀ ਹੈ ਉਹ ਆਪਣੀ ਵੈਕਸੀਨ ਦੀ ਡੋਰ ਜਰੂਰ ਲਗਵਾਉਣ। ਸਰਕਾਰੀ ਹਸਪਤਾਲਾਂ ਵਿਚ ਇਹ ਵੈਕਸੀਨ ਬਿਲਕੁਲ ਮੁਫ਼ਤ ਲਗਾਈ ਜਾਂਦੀ ਹੈ।
ਸਿਵਲ ਸਰਜਨ ਡਾ: ਸਤੀਸ਼ ਗੋਇਲ ਨੇ ਕਿਹਾ ਕਿ ਵਿਭਾਗ ਕੋਲ ਜਰੂਰਤ ਅਨੁਸਾਰ ਦਵਾਈਆਂ ਦਾ ਪ੍ਰਬੰਧ ਹੈ ਅਤੇ ਟੈਸਟਿੰਗ ਲਈ ਕਿੱਟ ਵੀ ਹਨ।
ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ, ਐਸਪੀ ਸ੍ਰੀ ਸੋਹਨ ਲਾਲ ਸਮੇਤ ਵੱਖ ਵੱਖ ਹਸਪਤਾਲਾਂ ਦੇ ਐਸਐਮਓ ਅਤੇ ਹੋਰ ਡਾਕਟਰ ਹਾਜਰ ਸਨ।
0 comments:
Post a Comment