ਸਿਹਤ ਸਹੂਲਤਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਕਮੀਂ: ਕੈਬਨਿਟ ਮੰਤਰੀ ਡਾ. ਬਲਜੀਤ ਕੌਰ
ਲੋਕਾਂ ਨੂੰ ਘਰਾਂ ਦੇ ਨੇੜੇ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਰਕਾਰ ਦਾ ਸ਼ਲਾਘਾਯੋਗ ਕਦਮ: ਸ. ਜਗਦੀਪ ਸਿੰਘ ਕਾਕਾ ਬਰਾੜ
ਪੰਜਾਬ ਸਰਕਾਰ ਕੀਤੇ ਵਾਅਦਿਆਂ ਪ੍ਰਤੀ ਵਚਨਬੱਧ: ਸ. ਗੁਰਮੀਤ ਸਿੰਘ ਖੁੱਡੀਆਂ
ਲੋਕ ਇਹਨਾਂ ਆਮ ਆਦਮੀ ਕਲੀਨਿਕਾਂ ਦਾ ਲੈਣ ਵੱਧ ਤੋਂ ਵੱਧ ਲਾਹਾ: ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ /ਮਲੋਟ /ਪੰਨੀਵਾਲਾ ਫੱਤਾ/ ਬਲਰਾਜ ਸਿੰਘ ਸਿੱਧੂ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਚੰਗੀਆਂ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਦੇ ਮੰਤਵ ਨਾਲ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ 16 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਪਹਿਲਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਬੀਤੇ ਵਰ੍ਹੇ ਨੂੰ 2 ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਹੋਈ ਸੀ। ਇਸ ਤਰ੍ਹਾਂ ਹੁਣ ਜ਼ਿਲ੍ਹੇ ਵਿੱਚ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਆਮ ਆਦਮੀ ਕਲਿਨਿਕਾਂ ਦਾ ਗਿਣਤੀ 18 ਹੋ ਗਈ ਹੈ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਅੱਜ ਮਲੋਟ ਵਿਖੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਕਲੀਨਿਕਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।
ਸਰਦਾਰ ਜਗਦੀਪ ਸਿੰਘ ਕਾਕਾ ਬਰਾੜ ਹਲਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਨੇ ਪਿੰਡ ਥਾਂਦੇਵਾਲਾ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਮੌਕੇ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤ ਸਹੂਲਤਾਂ ਸਬੰਧੀ ਇਹ ਬਹੁਤ ਵਧੀਆ ਉਪਰਾਲਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਤਹਿਤ ਲੋਕਾਂ ਨੂੰ ਘਰਾਂ ਦੇ ਨੇੜੇ ਚੰਗੀਆਂ ਮੁਫ਼ਤ ਸਿਹਤ ਸਹੂਲਤਾਂ ਮਿਲਣਗੀਆਂ।
ਇਸੇ ਲੜੀ ਤਹਿਤ ਸ. ਗੁਰਮੀਤ ਸਿੰਘ ਖੁੱਡੀਆਂ ਹਲਕਾ ਵਿਧਾਇਕ ਲੰਬੀ ਵੱਲੋਂ ਪਿੰਡ ਭਾਈ ਕਾ ਕੇਰਾ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸਿਹਤ ਸਹੂਲਤਾਂ ਸਬੰਧੀ ਕੀਤੇ ਗਏ ਵਾਅਦੇ ਨੂੰ ਪੂਰਾ ਕੀਤਾ ਹੈ ਅਤੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਪ੍ਰਤੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।
ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਵੀ ਅੱਜ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਯੋਧੂ ਕਲੋਨੀ ਵਿਖੇ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਇਹਨਾਂ ਕਲੀਨਿਕਾਂ ਵਿੱਚ ਮਿਲਣ ਵਾਲੀਆਂ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ।
ਇਸੇ ਤਰ੍ਹਾਂ ਸ੍ਰੀ ਕੰਵਰਜੀਤ ਸਿੰਘ ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਿੰਡ ਕੰਦੂ ਖੇੜਾ ਵਿਖੇ, ਸ੍ਰੀ ਪ੍ਰਿਤਪਾਲ ਸ਼ਰਮਾ ਵੱਲੋਂ ਪਿੰਡ ਹਰੀਕੇ ਕਲਾਂ ਵਿਖੇ ਅਤੇ ਸ. ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਵੱਲੋਂ ਪਿੰਡ ਕੋਟਭਾਈ ਵਿਖੇ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ।
ਇਸ ਸਬੰਧੀ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 15 ਅਗਸਤ 2022 ਤੋਂ ਪੰਜਾਬ ਵਿੱਚ 100 ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਸਫਲਤਾ ਪੂਰਵਕ ਚੱਲ ਰਹੇ ਹਨ ਅਤੇ ਅੱਜ 27 ਜਨਵਰੀ 2023 ਤੋਂ ਪੰਜਾਬ ਵਿੱਚ 500 ਹੋਰ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਦਾ ਕੁਆਲੀਫਾਈਡ ਡਾਕਟਰਾਂ ਦੁਆਰਾ ਮੁਫ਼ਤ ਚੈਕਅਪ ਕਰਕੇ ਇਲਾਜ ਕੀਤਾ ਜਾਵੇਗਾ, ਇਸਦੇ ਨਾਲ ਹੀ ਜੱਚਾ-ਬੱਚਾ ਸੇਵਾਵਾਂ, ਟੀਕਾਕਰਣ ਸੇਵਾਵਾਂ ਅਤੇ ਪਰਿਵਾਰ ਨਿਯੋਜਨ ਸੇਵਾਵਾਂ ਵੀ ਮੁਫ਼ਤ ਉਪਲੱਬਧ ਕਰਵਾਈਆਂ ਜਾਣਗੀਆਂ।
ਪੰਨੀਵਾਲਾ ਫੱਤਾ ਵਿਖੇ ਆਮ ਆਦਮੀ ਕਲੀਨਿਕ ਦਾ ਸ਼ੁਭ ਆਰੰਭ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਨਾਲ ਹਨ ਪਿੰਡ ਦੇ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਆਗੂ ਦਿਲਬਾਗ ਸਿੰਘ ਬੱਗਾ ਅਤੇ ਹੋਰ -ਤਸਵੀਰ ਬਲਰਾਜ ਸਿੰਘ ਸਿੱਧੂ |
ਇਸੇ ਤਰ੍ਹਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਸਖਸ਼ੀਅਤਾਂ ਵੱਲੋਂ ਗੁਲਾਬੇਵਾਲਾ, ਕਾਨਿਆਂਵਾਲੀ, ਬਾਦੀਆਂ, ਪੰਨੀਵਾਲਾ ਫੱਤਾ, ਕਬਰ ਵਾਲਾ, ਗੁਰੂਸਰ ਮਧੀਰ, ਰਾਮ ਨਗਰ, ਮਾਹੂਆਂਣਾ ਅਤੇ ਸਿੰਘੇਵਾਲਾ ਪਿੰਡਾਂ ਵਿੱਚ ਆਮ ਆਦਮੀ ਕਲੀਨਿਕਾਂ ਦਾ ਸ਼ੁਰੂਆਤ ਕੀਤੀ ਗਈ। ਇਨ੍ਹਾਂ ਮੌਕਿਆ ’ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਪਤਵੰਤੇ ਸੱਜਣ ਹਾਜ਼ਰ ਸਨ।
0 comments:
Post a Comment