ਕਿਹਾ, ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਨਿਰੰਤਰ ਯਤਨਸ਼ੀਲ
ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਵਿੱਚ 8 ਆਮ ਆਦਮੀ ਕਲੀਨਿਕ ਹੋਏ ਕਾਰਜਸ਼ੀਲ: ਦਹੀਆ
ਫਿਰੋਜ਼ਪੁਰ, 27 ਜਨਵਰੀ 2023.
ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਸ੍ਰੀ ਰਜ਼ਨੀਸ ਦਹੀਆ ਨੇ ਪਿੰਡ ਮੱਲਵਾਲ ਕਦੀਮ ਅਤੇ ਨੂਰਪੁਰ ਸੇਠਾਂ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਅੱਜ 500 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ, ਜਿਸ ਦੀ ਰਸਮੀ ਸ਼ੁਰੂਆਮ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵਲੋਂ ਸ੍ਰੀ ਅੰਮ੍ਰਿਤਸਰ ਤੋਂ ਕੀਤੀ ਗਈ ਹੈ।
ਸ੍ਰੀ ਰਜਨੀਸ਼ ਦਹੀਯਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਆਮ ਆਦਮੀ ਕਲੀਨਿਕਾਂ ਦੇ ਖੁੱਲ੍ਹਣ ਨਾਲ ਖੇਤਰ ਵਿੱਚ ਲੋਕਾਂ ਨੂੰ ਸੁਚੱਜੇ ਢੰਗ ਨਾਲ ਮੁਫਤ ਇਲਾਜ ਦੀ ਸਹੂਲਤ ਮਿਲੇਗੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਲੱਗਣ ਵਾਲੀਆਂ ਲੰਮੀਆਂ ਕਤਾਰਾਂ ਤੋਂ ਵੀ ਰਾਹਤ ਮਿਲੇਗੀ। ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਪਹਿਲਾਂ 5 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਸਨ, ਜਦਕਿ ਹੁਣ ਜ਼ਿਲ੍ਹੇ ਵਿੱਚ 16 ਹੋਰ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕ ਜਲਦੀ ਮੁਕੰਮਲ ਕਰਕੇ ਲੋਕ ਅਰਪਿਤ ਕੀਤੇ ਜਾ ਰਹੇ ਹਨ।
ਵਿਧਾਇਕ ਸ੍ਰੀ ਰਜ਼ਨੀਸ ਦਹੀਆ ਨੇ ਦੱਸਿਆ ਕਿ ਉਨ੍ਹਾਂ ਦੇ ਹਲਕੇ ਫਿਰੋਜ਼ਪੁਰ ਦਿਹਾਤੀ ਦੇ ਬਲਾਕ ਫ਼ਿਰੋਜ਼ਸ਼ਾਹ ਦੇ 4 ਪੀ.ਐਚ.ਸੀ ਕੇਂਦਰ ਜਿਨ੍ਹਾਂ ਵਿੱਚ, ਲੱਲੇ, ਮੁੱਦਕੀ, ਮੱਲਵਾਲ ਅਤੇ ਤਲਵੰਡੀ ਭਾਈ, ਬਲਾਕ ਮਮਦੋਟ ਦੇ 4 ਪੀ.ਐਚ.ਸੀ ਕੇਂਦਰ ਲੱਖੋ ਕੇ ਬਹਿਰਾਮ, ਆਰਿਫ਼ ਕੇ, ਨੂਰਪੁਰ ਸੇਠਾਂ, ਤੇ ਝੌਂਕ ਹਰੀਹਰ ਅੱਜ ਆਮ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ।
ਆਪਣੇ ਸੰਬੋਧਨ ਵਿੱਚ ਸ੍ਰੀ ਦਹੀਆ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਰਾਜ ਦੇ ਸਿਹਤ ਖੇਤਰ ਵਿੱਚ ਵੱਡੀ ਪੁਲਾਂਘ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਆਮ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨਜ਼ਦੀਕ ਆਮ ਆਦਮੀ ਕਲੀਨਿਕਾਂ ਵਿਖੇ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ ਦੀ ਆਈ.ਡੀ. ਬਣੇਗੀ ਅਤੇ ਉਸ ਆਈ.ਡੀ. ਤੇ ਮਰੀਜ਼ ਦੀ ਬਿਮਾਰੀ, ਉਸ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦਾ ਸਾਰਾ ਰਿਕਾਰਡ ਆਨਲਾਈਨ ਉਪਲਬੱਧ ਰਹੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਟੋਕਨ ਸਿਸਟਮ ਰਾਹੀਂ ਡਾਕਟਰ ਮਰੀਜ਼ ਦਾ ਚੈੱਕਅਪ ਕਰਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਲੋੜੀਂਦੀਆਂ ਦਵਾਈਆਂ ਉਪਲਬੱਧ ਰਹਿਣਗੀਆਂ। ਇਸ ਮੌਕੇ ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਚੁਣੀ ਹੋਈ ਸਰਕਾਰ ਦਾ ਸਿਰਫ ਇਕੋ ਹੀ ਮਕਸਦ ਹੈ ਪੰਜਾਬ ਵਿੱਚ ਲੋਕਾਂ ਲਈ ਬਿਹਤਰ ਸੇਵਾਵਾਂ ਉਪਲਬੱਧ ਕਰਵਾਉਣੀਆਂ।
ਇਸ ਮੌਕੇ ਸਹਾਇਕ ਡਾਇਰੈਕਟਰ ਸਿਹਤ ਵਿਭਾਗ ਸ੍ਰੀ ਇਕਬਾਲ ਕ੍ਰਿਸ਼ਨ, ਐਸ.ਡੀ.ਐਮ. ਸ੍ਰੀ ਅਰਵਿੰਦ ਪ੍ਰਕਾਸ਼ ਵਰਮਾ, ਐਸ.ਐਮ.ਓ. ਡਾ. ਰਿਤੇਸ਼, ਡਾ. ਪਵਿੱਤਰ, ਡਾ. ਰਾਕੇਸ਼ ਗਰੋਵਰ, ਸ੍ਰੀਮਤੀ ਨੇਹਾ ਭੰਡਾਰੀ, ਆਪ ਆਗੂ ਸ੍ਰੀਮਤੀ ਭੁਪਿੰਦਰ ਕੌਰ, ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ, ਆਪ ਆਗੂ ਸ੍ਰੀ ਬੇਅੰਤ ਸਿੰਘ, ਸ੍ਰੀ ਲਖਵੀਰ ਸਿੰਘ ਆਦਿ ਤੋਂ ਇਲਾਵਾ ਪਿੰਡ ਨੂਰਪੁਰ ਸੇਠਾਂ ਦੇ ਸਰਪੰਚ ਸ. ਗੁਰਮੇਜ਼ ਸਿੰਘ ਸਮੇਤ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ ਹਾਜ਼ਰ ਸਨ।
0 comments:
Post a Comment