ਫ਼ਰੀਦਕੋਟ 14 ਜਨਵਰੀ
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ ਗੁਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਵਿਭਾਗ ਵੱਲੋਂ ਸਮੇਂ-ਸਮੇਂ ਤੇ ਕਿਸਾਨ ਵੀਰਾਂ ਤੱਕ ਫਸਲ ਦੀ ਹਾਲਤ ਅਨੁਸਾਰ ਜਰੂਰੀ ਜਾਣਕਾਰੀ ਕਿਸਾਨ ਸਿਖਲਾਈ ਕੈਪਾਂ ਅਤੇ ਖੇਤਾਂ ਦੇ ਨਿਰੀਖਣ ਰਾਹੀਂ ਮੁਹੱਈਆਂ ਕਰਵਾਈ ਜਾਂਦੀ ਹੈ। ਇਸ ਬਾਰੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਮੇਂ ਕਣਕ ਦੀ ਫਸਲ ਬਹੁਤ ਵਧੀਆ ਹਾਲਤ ਵਿੱਚ ਹੈ, ਪਰੰਤੂ ਮੌਸਮ ਨੂੰ ਧਿਆਨ ਵਿੱਚ ਰੱਖਦਿਆ ਇੰਨੀ ਦਿਨੀ ਕਿਸਾਨ ਵੀਰਾਂ ਨੂੰ ਲਗਾਤਾਰ ਆਪਣੇ ਖੇਤਾਂ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ।
ਡਾ ਗਿੱਲ ਨੇ ਪੀਲੀ ਕੁੰਗੀ ਦੇ ਹਮਲੇ ਦੀਆਂ ਨਿਸ਼ਾਨੀਆਂ ਬਾਰੇ ਦੱਸਦਿਆਂ ਕਿਹਾ ਕਿ ਜੇਕਰ ਕਣਕ ਦੀ ਫਸਲ ਦੇ ਪੱਤਿਆਂ ਤੇ ਪੀਲੇ ਧੱਬੇ ਲੰਬੀਆਂ ਧਾਰੀਆਂ ਦੇ ਰੂਪ ਵਿੱਚ ਦਿਖਾਈ ਦੇਣ ਜਿੰਨਾਂ ਉਪਰ ਪੀਲਾ ਹਲਦੀਨੁਮਾ ਧੂੜਾ ਆਉਦਾ ਹੋਵੇ ਤਾਂ ਕਿਸਾਨ ਵੀਰ ਤੁਰੰਤ ਵਿਭਾਗ ਦੇ ਖੇਤੀ ਮਾਹਿਰਾਂ ਨਾਲ ਸੰਪਰਕ ਕਰਨ। ਇਸ ਤੋਂ ਇਲਾਵਾ ਕਿਸਾਨ ਵੀਰ ਨਦੀਨਨਾਸ਼ਕਾਂ ਦੀ ਵਰਤੋਂ ਵੀ ਸਹੀ ਸਮੇਂ ਅਤੇ ਸਿਫਾਰਿਸ਼ ਮਾਤਰਾ ਅਨੁਸਾਰ ਹੀ ਕਰਨ ਅਤੇ ਗੈਰ-ਸਿਫਾਰਿਸ਼ੀ ਨਦੀਨਨਾਸ਼ਕਾਂ ਜਾਂ ਸਿਫਾਰਿਸ਼ ਸਮੇਂ ਤੋਂ ਦੇਰੀ ਨਾਲ ਨਦੀਨਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ ਜਿਸ ਨਾਲ ਕਣਕ ਦੀ ਫਸਲ ਪੀਲੀ ਪੈ ਸਕਦੀ ਹੈ ਅਤੇ ਫਸਲ ਦਾ ਨੁਕਸਾਨ ਹੋ ਸਕਦਾ ਹੈ। ਉਨਾਂ ਕਿਸਾਨ ਵੀਰਾਂ ਨੂੰ ਖੇਤੀ ਮਾਹਿਰਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਦੀ ਵੀ ਅਪੀਲ ਕੀਤੀ।ਇਸ ਮੌਕੇ ਏ.ਡੀ.ਓ ਯਾਦਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।
0 comments:
Post a Comment