ਫ਼ਾਜਿ਼ਲਕਾ/ ਬਲਰਾਜ ਸਿੰਘ ਸਿੱਧੂ
ਸੱਤਾ ਚ ਆਉਣ ਤੋਂ ਬਾਅਦ ਵੱਖ-ਵੱਖ ਰਾਜਾਂ ’ਚ ਜਾ ਕੇ ਪੰਜਾਬ ’ਚ ਪੈਨਸ਼ਨ ਬਹਾਲ ਕਰਨ ਦਾ ਝੂਠਾ ਪ੍ਰਚਾਰ ਕਰਨ ਵਾਲੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ’ਚ ਹਾਲੇ ਤੱਕ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ। ਪਰ ਮੁੱਖ ਮੰਤਰੀ ਪੰਜਾਬ ਵੱਲੋਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੌਰਾਨ ਮੁਲਾਜ਼ਮਾਂ ਦੀਆਂ ਵੋਟਾਂ ਪ੍ਰਾਪਤ ਕਰਨ ਕਰਨ ਲਈ ਇਸ਼ਤਿਹਾਰਾਂ ਰਾਂਹੀ ਕਰੌੜਾਂ ਦਾ ਖ਼ਰਚਾਂ ਕਰਕੇ ਪੈਨਸ਼ਨ ਬਹਾਲ ਕਰਨ ਦਾ ਝੂਠਾ ਪ੍ਰਚਾਰ ਜ਼ਰੂਰ ਕੀਤਾ ਗਿਆ। ਜਿਸ ਕਾਰਨ ਆਪ ਸਰਕਾਰ ਦੇ ਇਸ ਝੂਠੇ ਪ੍ਰਚਾਰ ਤੇ ਵਾਅਦਾ ਖ਼ਿਲਾਫ਼ੀ ਖ਼ਿਲਾਫ਼ ਪੰਜਾਬ ਦੇ ਕਰਮਚਾਰੀ ਵੱਖ-ਵੱਖ ਢੰਗਾਂ ਰਾਂਹੀ ਸੰਘਰਸ਼ ਕਰਕੇ ਆਪਣਾ ਵਿਰੋਧ ਦਰਜ ਕਰ ਰਹੇ ਹਨ।
ਇਸ ਸਬੰਧੀ ਵਿਸਤਾਰ ਸਹਿਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸੱਭਰਵਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਮਨਦੀਪ ਸਿੰਘ ਨੇ ਸਾਂਝੇ ਬਿਆਨ ਰਾਂਹੀ ਕਿਹਾ ਕਿ ਪੰਜਾਬ ‘ਚ 2004 ਤੋਂ ਬਾਅਦ ਭਰਤੀ ਕਰੀਬ ਪੌਣੇ ਦੋ ਲੱਖ ਕਰਮਚਾਰੀ ਜੋ ਸ਼ੇਅਰ ਮਾਰਕਿਟ ਆਧਾਰਿਤ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਹਨ ਉਹ ਆਪ ਸਰਕਾਰ ਦੇ ਲਾਰਿਆਂ ਤੋਂ ਬਹੁਤ ਪੀੜਿਤ ਹਨ। ਜਿਸ ਕਾਰਨ ਉਨ੍ਹਾਂ ਵੱਲੋਂ ਪੰਜਾਬ ‘ਚ ਜਲੰਧਰ ਜ਼ਿਮਨੀ ਚੋਣ ਨੂੰ ਦੇਖਦੇ ਹੋਏ ਸਰਕਾਰ ਦੀ ਘੇਰਾਬੰਦੀ ਕਰਨ ਲਈ ਜਲੰਧਰ ਸ਼ਹਿਰ ‘ਚ ਸੀਪੀਐਫ ਕਰਮਚਾਰੀ ਯੂਨੀਅਨ ਵੱਲੋਂ 10 ਮਾਰਚ ਨੂੰ ਝੰਡਾ ਮਾਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੀ ਨੀਅਤ ਸਾਫ਼ ਤੇ ਇਰਾਦਾ ਦ੍ਰਿੜ੍ਹ ਹੋਵੇ ਤਾਂ ਕੋਈ ਵੀ ਯੋਜਨਾ ਲਾਗੂ ਕਰਨ ਨੂੰ ਸਮਾਂ ਨਹੀਂ ਲੱਗਦਾ ਜੇਕਰ ਨੀਅਤ ‘ਚ ਖੋਟ ਹੋਵੇ ਤਾਂ ਗੱਲਾਂ ਨਾਲ ਕੜਾਹ ਬਣਾਇਆ ਜਾਂਦਾ ਹੈ ਜੋ ਕੇ ਆਪ ਸਰਕਾਰ ਕਰ ਰਹੀ ਹੈ। ਜਦੋਂਕਿ ਦੂਜੇ ਪਾਸੇ ਕਾਂਗਰਸ ਦੀ ਅਗਵਾਈ ਵਾਲੀ ਰਾਜਸਥਾਨ ਸਰਕਾਰ ਨੇ ਨਵੀਂ ਪੈਨਸ਼ਨ ਸਕੀਮ ਕਦੋਂ ਦੀ ਬੰਦ ਕਰ ਦਿੱਤੀ ਹੈ ਤੇ ਹਿਮਾਚਲ ਸਰਕਾਰ ਵੀ 1 ਅਪ੍ਰੈਲ ਤੋਂ ਲਾਗੂ ਕਰ ਰਹੀ ਹੈ। ਪੰਜਾਬ ਦੀ ਸਰਕਾਰ ਨੇ ਪੁਰਾਣੇ ਕਰਮਚਾਰੀਆਂ ਤੇ ਤਾਂ ਹਾਲੇ ਕੀ ਲਾਗੂ ਕਰਨੀ ਸੀ ਬਲਕਿ ਨਵੀਂ ਭਰਤੀ ਵੀ ਸ਼ੇਅਰ ਮਾਰਕਿਟ ਅਧਾਰਤ ਪੈਨਸ਼ਨ ਸਕੀਮ ‘ਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਮੁੱਦੇ 'ਤੇ ਕੇਵਲ ਰਾਜਨੀਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕੀਤੀ ਤਾਂ ਜਲੰਧਰ ਦੀ ਜ਼ਿਮਨੀ ਚੋਣ ‘ਚ ਵੀ ਸੰਗਰੂਰ ਵਾਂਗ ਨਤੀਜਾ ਭੁਗਤਣ ਨੂੰ ਤਿਆਰ ਰਹੇ।
0 comments:
Post a Comment