ਸਿਵਲ ਹਸਪਤਾਲ ਨੂੰ ਜਾਂਦੀ ਰੋਡ ਤੇ ਸਰਚ ਲਾਈਟਾਂ ਠੀਕ ਕਰਨ/ਨਵੀਆਂ ਲਗਵਾਉਣ ਲਈ ਕਿਹਾ
ਫਿਰੋਜ਼ਪੁਰ 18 ਜੁਲਾਈ ( ) ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਵੱਲੋਂ ਅੱਜ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਸ਼ਹਿਰ ਦੇ ਅਗਰਸੈਨ ਚੌਂਕ ਤੋਂ ਸਿਵਲ ਹਸਪਤਾਲ ਤੱਕ ਜਾਂਦੀ ਸੜਕ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਰੋਡ ਤੇ ਸੀਵਰੇਜ ਸਿਸਟਮ ਦਰੁੱਸਤ ਕਰਨ ਅਤੇ ਰੋਸ਼ਨੀ ਲਈ ਸਰਚ ਲਾਈਟਾਂ ਚਾਲੂ ਹਾਲਤ ਵਿੱਚ ਕਰਨ ਲਈ ਹਦਾਇਤ ਕੀਤੀ।
ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਸਿਵਲ ਹਸਪਤਾਲ ਨੂੰ ਜਾਂਦੀ ਰੋਡ ਤੇ ਸੀਵਰੇਜ ਬਲਾਕ ਹੋਣ ਕਰ ਕੇ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਨਾਲ ਹਸਪਤਾਲ ਦੇ ਨਾਲ ਲੱਗਦੇ ਏਰੀਏ ਦੇ ਲੋਕਾਂ ਨੂੰ ਬਾਰਿਸ਼ ਦੌਰਾਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਖਾਸ ਕਰ ਕੇ ਜਦੋਂ ਕਿਸੇ ਮਰੀਜ ਨੂੰ ਚੈੱਕਅਪ ਲਈ ਹਸਪਤਾਲ ਲੈ ਜਾਣਾ ਹੁੰਦਾ ਹੈ ਤਾਂ ਬਹੁਤ ਮੁਸ਼ਕਿਲ ਆਉਂਦੀ ਹੈ। ਉਨ੍ਹਾਂ ਸੀਵਰੇਜ ਬੋਰਡ ਦੇ ਐਸਡੀਓ ਨੂੰ ਕਿਹਾ ਕਿ ਸੀਵਰੇਜ ਸਿਸਟਮ ਨੂੰ ਦਰੁੱਸਤ ਕਰਨ ਲਈ ਜਾਂਚ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਇਸ ਤੋਂ ਇਲਾਵਾ ਉਨ੍ਹਾਂ ਨਗਰ ਕੌਂਸਲ ਦੇ ਐਮ.ਈ ਨੂੰ ਵੀ ਹਦਾਇਤ ਕੀਤੀ ਕਿ ਇਸ ਰੋਡ ਤੇ ਰੋਸ਼ਨੀ ਲਈ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਖਰਾਬ ਲਾਈਟਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੀਵਰੇਜ ਸਿਸਟਮ ਠੀਕ ਹੋਣ ਉਪਰੰਤ ਜਿੱਥੇ ਜਿੱਥੇ ਰੋਡ ਰਿਪੇਅਰ ਹੋਣ ਦੀ ਜ਼ਰੂਰਤ ਹੋਵੇਗੀ ਉਹ ਵੀ ਰਿਪੇਅਰ ਕਰਵਾਈ ਜਾਵੇਗੀ।
ਇਸ ਮੌਕੇ ਸ੍ਰੀ ਚਰਨਪਾਲ ਸਿੰਘ ਐਮ.ਈ, ਸ੍ਰੀ ਗੁਲਸ਼ਨ ਕੁਮਾਰ ਐਸਡੀਓ ਸੀਵਰੇਜ ਬੋਰਡ, ਨਵਪ੍ਰੀਤ ਸਿੰਘ ਜੇ.ਈ ਤੋਂ ਇਲਾਵਾ ਸ੍ਰੀ ਗੁਰਜੀਤ ਸਿੰਘ ਚੀਮਾ, ਸ੍ਰੀ ਹਿਮਾਂਸ਼ੂ ਠੱਕਰ, ਸ੍ਰੀ ਗੁਰਭੇਜ ਸਿੰਘ, ਸ੍ਰੀ ਦੀਪਕ ਨਾਰੰਗ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।
0 comments:
Post a Comment