punjabfly

Jul 20, 2023

ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੀ ਹਰ ਸੰਭਵ ਮਦਦ ਲਈ ਤਿਆਰ -ਡਿਪਟੀ ਕਮਿਸ਼ਨਰ


ਹੜ੍ਹਾਂ ਮਗਰੋਂ ਸਰਹੱਦੀ ਖੇਤਰ ਦੇ ਪਿੰਡਾਂ ਦੀ ਸਥਿਤੀ ਹੁਣ ਪਹਿਲਾਂ ਨਾਲੋਂ ਬਿਹਤਰ
ਫਾਜ਼ਿਲਕਾ 20 ਜੁਲਾਈ
ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਤਾਜ਼ਾ ਸਥਿਤੀ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂ ਦੁੱਗਲ ਆਈ.ਏ.ਐੱਸ ਨੇ ਦੱਸਿਆ ਕਿ ਪਾਣੀ ਦਾ ਪੱਧਰ ਹੁਣ ਕਾਫੀ ਘੱਟ ਗਿਆ ਹੈ ਤੇ ਸਥਿਤੀ ਕੰਟਰੋਲ ਹੇਠ ਹੈ। ਉਨ੍ਹਾਂ ਕਿਹਾ ਕਿ ਪਾਣੀ ਵਾਪਸ ਉਤਰਨ ਲੱਗ ਪਿਆ ਹੈ ਤੇ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਦਾ ਪੱਧਰ ਵੀ ਘੱਟ ਗਿਆ ਹੈ ਤੇ ਕੁਝ ਖੇਤਾਂ ਵਿੱਚੋਂ ਪਾਣੀ ਨਿਕਲ ਗਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਤਨਦੇਹੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਤੇ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਰਾਹਤ ਲਈ ਫੰਡ ਵੀ ਮੁਹੱਈਆ ਕਰਵਾਏ ਗਏ ਹਨ ਜਿਸ ਤਹਿਤ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਲੋੜ ਅਨੁਸਾਰ ਰਾਹਤ ਸਮੱਗਰੀ ਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾ ਰਹੀ।

ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪ੍ਰਸ਼ਾਸਨ ਵੱਲੋਂ ਰਾਹਤ ਕੈਂਪ ਬਣਾਏ ਗਏ ਜਿਨ੍ਹਾਂ ਵਿੱਚ  ਪਿੰਡ ਵਾਸੀਆਂ ਦੀਆਂ ਲੋੜਾਂ ਮੁਤਾਬਿਕ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ ਹਨ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ, ਸਿਹਤ ਵਿਭਾਗ ਦੀਆਂ ਮੈਡੀਕਲ ਟੀਮਾਂ, ਪਸ਼ੂਆਂ ਦੇ ਇਲਾਜ ਲਈ ਵੈਟਨਰੀ ਡਾਕਟਰ, ਪਸ਼ੂਆਂ ਲਈ ਹਰਾ ਚਾਰਾ, ਲੋਕਾਂ ਲਈ ਫੂਡ ਪੈਕਟ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਲੋਕਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਕਾਫੀ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਤੇ ਖੁੱਲ੍ਹ ਦਿਲੀ ਨਾਲ ਆ ਕੇ ਪ੍ਰਸ਼ਾਸਨ ਦੀ ਮਦਦ ਕੀਤੀ।

ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਦੀ ਮਦਦ ਲਈ ਪੰਜਾਬ ਸਰਕਾਰ ਵੱਲੋਂ ਮੁਫਤ ਪਨੀਰੀ ਦਾ ਬੀਜ ਵੀ ਮੁਹੱਈਆ ਕਰਵਾਇਆ ਗਿਆ ਹੈ ਤੇ ਝੋਨੇ ਦੀ ਪਨੀਰੀ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਜ ਸਰਕਾਰ ਵੱਲੋਂ ਮੰਗਵਇਆ ਗਿਆ ਹੈ ਤੇ ਪਨੀਰੀ ਵੀ ਲਗਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਪਾਣੀ ਦਾ ਪੱਧਰ ਪੂਰੀ ਤਰ੍ਹਾਂ ਘੱਟਨ ਮਗਰੋਂ ਕਿਸਾਨਾਂ ਦੀਆਂ ਫਸਲਾਂ ਦਾ ਜੇਕਰ ਕੋਈ ਨੁਕਸਾਨ ਪਾਇਆ ਜਾਂਦਾ ਹੈ ਤਾਂ ਸਬੰਧਤ ਅਧਿਕਾਰੀਆਂ ਵੱਲੋਂ ਉਸਦੀ ਅਸੈਸਮੈਂਟ ਕਰਵਾ ਕੇ ਉਸਨੂੰ ਬਣਦਾ ਮੁਆਵਜਾ ਵੀ ਦਿਵਾਇਆ ਜਾਵੇਗਾ।

Share:

0 comments:

Post a Comment

Definition List

blogger/disqus/facebook

Unordered List

Support