punjabfly

Jul 22, 2023

ਪੰਜਾਬ ਦੇ ਨੌਜਵਾਨਾਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਐ ਪੰਜਾਬ ਸਰਕਾਰ


 

ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਪ੍ਰੀਖਿਆਵਾਂ ਦੀ ਕੋਚਿੰਗ ਦੇਣ ਲਈ ਅੱਠ ਅਤਿ-ਆਧੁਨਿਕ ਸਿਖਲਾਈ ਕੇਂਦਰ ਖੋਲ੍ਹੇਗੀ ਸਰਕਾਰਃ ਮੁੱਖ ਮੰਤਰੀ


* ਆਈ.ਏ.ਐਸ/ਆਈ.ਪੀ.ਐਸ/ਆਈ.ਆਰ.ਐਸ ਅਤੇ ਅਜਿਹੀਆਂ ਹੋਰ ਕੇਂਦਰੀ ਸੇਵਾਵਾਂ ਵਿੱਚ ਸੂਬੇ ਦੀ ਨੁਮਾਇੰਦਗੀ ਵਧਾਉਣ ਲਈ ਕੀਤੀ ਪਹਿਲਕਦਮੀ


* ਇਨ੍ਹਾਂ ਕੇਂਦਰਾਂ ਰਾਹੀਂ ਸਮਾਜ ਦੇ ਵੱਖ-ਵੱਖ ਵਰਗਾਂ ਦੇ ਉਮੀਦਵਾਰਾਂ ਨੂੰ ਮੁਫ਼ਤ ਕੋਚਿੰਗ ਦੇ ਨਾਲ-ਨਾਲ ਮਿਲੇਗੀ ਵਿੱਤੀ ਸਹਾਇਤਾ


* ਉਮੀਦਵਾਰਾਂ ਨੂੰ ਇਨ੍ਹਾਂ ਕੇਂਦਰਾਂ ਰਾਹੀਂ ਆਨਲਾਈਨ ਸਿਖਲਾਈ ਦੇਣ ਬਾਰੇ ਵੀ ਸਰਕਾਰ ਕਰ ਰਹੀ ਹੈ ਵਿਚਾਰ 


ਚੰਡੀਗੜ੍ਹ, 22 ਜੁਲਾਈ


ਆਈ.ਏ.ਐਸ/ਆਈ.ਪੀ.ਐਸ/ਆਈ.ਆਰ.ਐਸ ਅਤੇ ਅਜਿਹੀਆਂ ਹੋਰ ਕੇਂਦਰੀ ਸੇਵਾਵਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਵਧਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਵੱਲੋਂ ਲਈਆਂ ਜਾਂਦੀਆਂ ਪ੍ਰੀਖਿਆਵਾਂ ਲਈ ਕੋਚਿੰਗ ਦੇਣ ਲਈ ਰਾਜ ਵਿੱਚ ਅੱਠ ਅਤਿ-ਆਧੁਨਿਕ ਸਿਖਲਾਈ ਕੇਂਦਰ ਸਥਾਪਤ ਕਰਨ ਬਾਰੇ ਵਿਚਾਰ-ਚਰਚਾ ਕੀਤੀ।


ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕੇਂਦਰੀ ਸੇਵਾਵਾਂ ਖਾਸ ਕਰਕੇ ਯੂ.ਪੀ.ਐਸ.ਸੀ. ਵੱਲੋਂ ਲਈਆਂ ਜਾਂਦੀਆਂ ਪ੍ਰੀਖਿਆਵਾਂ ਵਿੱਚ ਸੂਬੇ ਦੇ ਘਟਦੇ ਅਨੁਪਾਤ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨ ਬੇਮਿਸਾਲ ਪ੍ਰਤਿਭਾ ਹੋਣ ਦੇ ਬਾਵਜੂਦ ਪਹਿਲਾ ਤਾਂ ਵਿਦੇਸ਼ ਜਾਣ ਵੱਲ ਝੁਕਾਅ ਹੋਣ ਕਾਰਨ ਅਤੇ ਦੂਜਾ ਸੂਬੇ ਵਿੱਚ ਮਿਆਰੀ ਕੋਚਿੰਗ ਦੀ ਘਾਟ ਕਾਰਨ ਇਨ੍ਹਾਂ ਪ੍ਰੀਖਿਆਵਾਂ ਨੂੰ ਪਾਸ ਨਹੀਂ ਕਰ ਪਾ ਰਹੇ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਰੁਝਾਨ ਨੂੰ ਬਦਲਣ ਲਈ ਵਚਨਬੱਧ ਹੈ, ਜਿਸ ਲਈ ਪੰਜਾਬ ਭਰ ਵਿੱਚ ਇਹ ਅੱਠ ਕੋਚਿੰਗ ਸੈਂਟਰ ਖੋਲ੍ਹੇ ਜਾਣਗੇ।


ਮੁੱਖ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਦੀਆਂ ਪ੍ਰੀਖਿਆਵਾਂ ਪਾਸ ਕਰਨ ਲਈ ਮੁਫ਼ਤ ਮਿਆਰੀ ਸਿਖਲਾਈ ਦੇਣਗੇ ਅਤੇ ਸੂਬਾ ਤੇ ਕੇਂਦਰ ਸਰਕਾਰ ਦੋਵਾਂ ਵਿੱਚ ਉੱਚ ਅਹੁਦਿਆਂ 'ਤੇ ਪਹੁੰਚ ਕੇ ਦੇਸ਼ ਦੀ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਸੂਬੇ ਕੋਲ ਅਜਿਹੇ ਨੌਕਰਸ਼ਾਹ ਪੈਦਾ ਕਰਨ ਦੀ ਸ਼ਾਨਦਾਰ ਵਿਰਾਸਤ ਹੈ, ਜਿਨ੍ਹਾਂ ਨੇ ਵੱਖ-ਵੱਖ ਅਹੁਦਿਆਂ 'ਤੇ ਸੇਵਾਵਾਂ ਨਿਭਾ ਕੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਅਮੀਰ ਪਰੰਪਰਾ ਨੂੰ ਭਵਿੱਖ ਵਿੱਚ ਵੀ ਬਰਕਰਾਰ ਰੱਖਣਾ ਹੋਵੇਗਾ, ਜਿਸ ਲਈ ਇਹ ਕੇਂਦਰ ਅਹਿਮ ਭੂਮਿਕਾ ਨਿਭਾਉਣਗੇ।


ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਇਹ ਕੇਂਦਰ ਖੋਲ੍ਹਣ ਦਾ ਇੱਕੋ ਇੱਕ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬੀ ਨੌਜਵਾਨ ਉੱਚ ਅਹੁਦਿਆਂ 'ਤੇ ਬੈਠ ਕੇ ਦੇਸ਼ ਦੀ ਸੇਵਾ ਕਰ ਸਕਣ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਸਮਾਜ ਦੇ ਹਰ ਵਰਗ ਦੇ ਇੱਛੁਕ ਵਿਦਿਆਰਥੀਆਂ ਨੂੰ ਮੁਫ਼ਤ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਕੋਚਿੰਗ ਸੈਂਟਰਾਂ ਵਿੱਚ ਦਾਖਲੇ ਦੀ ਰੂਪ-ਰੇਖਾ ਅਤੇ ਉਨ੍ਹਾਂ ਵਿੱਚ ਪੇਸ਼ੇਵਰ, ਸਮਰਪਿਤ ਅਤੇ ਕਾਬਲ ਸਟਾਫ਼ ਦੀ ਭਰਤੀ ਕਰਨ ਲਈ ਕਿਹਾ।

The Punjab government is going to take a big step for the youth of Punjab


ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਕੇਂਦਰਾਂ ਵਿੱਚ ਰੈਗੁਲਰ ਸਿਖਲਾਈ ਯਕੀਨੀ ਬਣਾਉਣ ਤੋਂ ਇਲਾਵਾ ਪੰਜਾਬ ਸਰਕਾਰ ਸੂਬੇ ਵਿੱਚ ਯੂ.ਪੀ.ਐਸ.ਸੀ. ਪ੍ਰੀਖਿਆਵਾਂ ਪਾਸ ਕਰਨ ਦੇ ਚਾਹਵਾਨਾਂ ਲਈ ਆਨਲਾਈਨ ਸਿਖਲਾਈ ਸ਼ੁਰੂ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਵਿੱਚ ਦਾਖਲਾ ਲੈਣ ਵਾਲੇ ਚਾਹਵਾਨਾਂ ਨੂੰ ਸਿਖਲਾਈ ਦੇ ਨਾਲ-ਨਾਲ ਸੂਬਾ ਸਰਕਾਰ ਵੱਲੋਂ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇਸ਼ ਦੀ ਅਗਵਾਈ ਕਰਨ ਵਾਲੇ ਵਧੀਆ ਨੌਕਰਸ਼ਾਹ ਪੈਦਾ ਕਰੇਗਾ।


ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹਰਜੋਤ ਬੈਂਸ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੂ ਪ੍ਰਸਾਦ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਅਤੇ ਹੋਰ ਹਾਜ਼ਰ ਸਨ।

Share:

0 comments:

Post a Comment

Definition List

blogger/disqus/facebook

Unordered List

Support