Jul 11, 2023

ਹੜ੍ਹਾਂ ਦਾ ਕਹਿਰ - : ਸਿਹਤ ਵਿਭਾਗ ਨੇ ਜ਼ਿਲ੍ਹਾ ਹਸਪਤਾਲਾਂ ਨੂੰ 12.5 ਲੱਖ ਰੁਪਏ ਦੀ ਗ੍ਰਾਂਟ ਵੀ ਕੀਤੀ ਜਾਰੀ

 ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤਾਂ ਲਈ ਵੱਡੀ ਪੱਧਰ ‘ਤੇ ਰਾਹਤ ਕਾਰਜ ਜਾਰੀ


- 11 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਪਸ਼ੂਧਨ ਨੂੰ ਦਵਾਈਆਂ ਲਈ ਹਰੇਕ ਜ਼ਿਲ੍ਹੇ ਨੂੰ 50,000 ਰੁਪਏ ਦੀ ਰਾਸ਼ੀ ਦੀ ਕੀਤੀ ਵੰਡ

 


- ਖੁਰਾਕ ਸਪਲਾਈ ਵਿਭਾਗ ਵੱਲੋਂ ਵੰਡੇ ਜਾ ਰਹੇ ਹਨ ਸੁੱਕੇ ਰਾਸ਼ਨ ਦੇ ਪੈਕੇਟ


- ਐਨ.ਡੀ.ਆਰ.ਐਫ. ਦੀਆਂ 14 ਟੀਮਾਂ ਅਤੇ ਐਸ.ਡੀ.ਆਰ.ਐਫ ਦੀਆਂ 2 ਟੀਮਾਂ 24 ਘੰਟੇ ਕਾਰਜਸ਼ੀਲ



ਚੰਡੀਗੜ੍ਹ, 11 ਜੁਲਾਈ:


ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਕਾਰਜ ਤੇਜ਼ ਕਰ ਦਿੱਤੇ ਗਏ ਹਨ। ਲੋਕਾਂ ਦੀ ਜਾਨ-ਮਾਲ ਨੂੰ ਬਚਾਉਣ ਦੇ ਨਾਲ-ਨਾਲ ਪਸ਼ੂ ਧੰਨ ਦੀ ਸੁਰੱਖਿਆ ਲਈ ਵੀ ਪ੍ਰਭਾਵਸ਼ਾਲੀ ਯਤਨ ਕੀਤੇ ਜਾ ਰਹੇ ਹਨ। ਇਕ ਬੁਲਾਰੇ ਨੇ ਦੱਸਿਆ ਕਿ ਰੋਪੜ, ਪਟਿਆਲਾ, ਲੁਧਿਆਣਾ, ਮੋਹਾਲੀ, ਫਤਹਿਗੜ੍ਹ ਸਾਹਿਬ, ਮੋਗਾ, ਜਲੰਧਰ, ਫਿਰੋਜ਼ਪੁਰ, ਕਪੂਰਥਲਾ, ਤਰਨ ਤਾਰਨ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਸੀਨੀਅਰ ਵੈਟਰਨਰੀ ਅਫਸਰਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਜ਼ਿਲ੍ਹਾ ਦਵਾਈਆਂ ਖਰੀਦ ਕੇ ਭੇਜ ਦਿੱਤੀਆਂ ਹਨ ਤਾਂ ਜੋ ਪਸ਼ੂਆਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕੇ।


ਇਸ ਤੋਂ ਇਲਾਵਾ ਵੈਟਰਨਰੀ ਡਾਕਟਰਾਂ ਤੇ ਹੋਰ ਸਟਾਫ ਆਧਾਰਤ ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੀ ਤੈਨਾਤੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕੀਤੀ ਗਈ ਹੈ। ਜੇਕਰ ਲੋੜ ਪੈਂਦੀ ਹੈ ਤਾਂ ਪਸ਼ੂਆਂ ਦੇ ਚਾਰੇ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ।


ਬੁਲਾਰੇ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਵੀ ਮਨੁੱਖੀ ਜਾਨਾਂ ਦੀ ਰੱਖਿਆ ਲਈ ਹਸਪਤਾਲਾਂ ਨੂੰ ਗਰਾਂਟ ਜਾਰੀ ਕਰ ਦਿੱਤੀ ਹੈ ਤਾਂ ਜੋ ਲੋਂੜੀਦੀਆਂ ਦਵਾਈਆਂ ਦੀ ਪੂਰਤੀ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲਾਂ ਨੂੰ 12.5 ਲੱਖ ਰੁਪਏ ਜਾਰੀ ਕੀਤੇ ਗਏ ਹਨ ਤਾਂ ਜੋ ਜੇਕਰ ਲੋੜ ਪੈਂਦੀ ਹੈ ਤਾਂ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਿਆ ਜਾ ਸਕੇ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿਚ ਰੈਪਿਡ ਰਿਸਪਾਂਸ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਨੋਡਲ ਅਧਿਕਾਰੀਆਂ ਦੀ ਤੈਨਾਤੀ ਕਰ ਦਿੱਤੀ ਗਈ ਹੈ ਤਾਂ ਜੋ ਰਾਹਤ ਕਾਰਜਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ। ਸਾਰੇ ਜ਼ਿਲ੍ਹਿਆਂ ਵਿਚ ਕੰਟਰੋਲ ਰੂਮ ਸਥਾਪਤ ਕਰਕੇ ਨੰਬਰ ਜਾਰੀ ਕੀਤੇ ਜਾ ਚੁੱਕੇ ਹਨ।


ਉਨ੍ਹਾਂ ਕਿਹਾ ਕਿ ਜਿਹਨਾਂ ਇਲਾਕਿਆਂ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ ਹੈ ਉੱਥੇ ਸਥਾਈ ਮੈਡੀਕਲ ਕੈਂਪ ਸਥਾਪਿਤ ਕੀਤੇ ਗਏ ਹਨ। ਇਸ ਦੇ ਨਾਲ ਹੀ ਸਿਵਲ ਸਰਜਨ ਅਤੇ ਰੈਪਿਡ ਰਿਸਪਾਂਸ ਟੀਮਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਤਾਲਮੇਲ ਨਾਲ ਵੱਧ ਖਤਰੇ ਵਾਲੇ ਪਿੰਡਾਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਯਤਨਸ਼ੀਲ ਹਨ। ਪਾਣੀ ਘਟਣ ਤੋਂ ਬਾਅਦ ਵੈਕਟਰ-ਬੋਰਨ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਲਾਰਵੀਸਾਈਡ ਦਾ ਛਿੜਕਾਅ ਕੀਤਾ ਜਾਵੇਗਾ। ਸਾਰੇ ਜ਼ਿਲ੍ਹਿਆਂ ਨੂੰ ਪਹਿਲਾਂ ਹੀ ਲਾਰਵੀਸਾਈਡਜ਼, ਅਡੱਲਟੀਸਾਈਡਜ਼ ਅਤੇ ਪੰਪ ਮੁਹੱਈਆ ਕਰਵਾਏ ਜਾ ਚੁੱਕੇ ਹਨ । ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 7500 ਤੋਂ ਵੱਧ ਮੈਡੀਕਲ ਸਟਾਫ਼ ਤਾਇਨਾਤ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਹੜ੍ਹਾਂ ਨਾਲ ਨਜਿੱਠਣ ਲਈ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕੁੱਲ 33.50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।


ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਸ ਕੁਦਰਤੀ ਆਫਤ ਵਿਚ ਸਰਕਾਰ ਪੰਜਾਬ ਵਾਸੀਆਂ ਦੇ ਨਾਲ ਹੈ ਅਤੇ ਸਾਰੇ ਪ੍ਰਭਾਵਿਤ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਰਾਹਤ ਕਾਰਜਾਂ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਐਨਡੀਆਰਐਫ ਦੀਆਂ 14 ਟੀਮਾਂ ਅਤੇ ਐਸਡੀਆਰਐਫ ਦੀਆਂ 2 ਟੀਮਾਂ ( ਜਲੰਧਰ ਅਤੇ ਕਪੂਰਥਲਾ) ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕਾਰਜਸ਼ੀਲ ਹਨ। ਇਨ੍ਹਾਂ ਵਿਚੋਂ  ਐਨਡੀਆਰਐਫ ਦੀਆਂ 3 ਟੀਮਾਂ ਮੋਹਾਲੀ ‘ਚ, ਰੂਪਨਗਰ ਵਿਚ 5, ਪਟਿਆਲਾ ‘ਚ 2, ਜਲੰਧਰ, ਫਤਿਹਗੜ੍ਹ, ਸੰਗਰੂਰ ਤੇ ਐਸਬੀਐਸ ਨਗਰ ‘ਚ 1-1 ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 3 ਟੀਮਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਸੋਮਵਾਰ ਰਾਤ ਤੱਕ 9000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।


ਖੁਰਾਕ ਸਪਲਾਈ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਾਲੇ ਖੇਤਰਾਂ ਜਿਵੇਂ ਮੋਹਾਲੀ, ਜਲੰਧਰ, ਲੁਧਿਆਣਾ, ਪਟਿਆਲਾ, ਰੂਪਨਗਰ, ਫਤਿਹਗੜ੍ਹ ਸਾਹਿਬ, ਤਰਨਤਾਰਨ, ਰੂਪਨਗਰ, ਕਪੂਰਥਲਾ, ਨਵਾਂਸ਼ਹਿਰ ਅਤੇ ਸੰਗਰੂਰ ਵਿੱਚ ਸੁੱਕੇ ਰਾਸ਼ਨ ਦੇ ਪੈਕੇਟ ਵੰਡੇ ਜਾ ਰਹੇ ਹਨ। ਇਹਨਾਂ ਪੈਕੇਟਾਂ ਵਿੱਚ ਗਲੂਕੋਜ਼ ਬਿਸਕੁਟ (2 ਪੈਕੇਟ), ਪਾਣੀ ਦੀਆਂ ਬੋਤਲਾਂ (2), ਸੁੱਕਾ ਦੁੱਧ ਪਾਊਡਰ (40 ਗ੍ਰਾਮ) ਜਾਂ ਵੇਰਕਾ ਫਿਨੋ ਦੇ 2 ਟੈਟਰਾ ਪੈਕ, ਬਰੈਡ (1 ਛੋਟਾ ਪੀਸ), ਪਿੰਨੀ (2 ਪੀਸ) ਪਲਾਸਟਿਕ ਦਾ ਚਮਚਾ (1), ਪਲਾਸਟਿਕ ਕੱਪ (2) ਅਤੇ ਮੋਮਬੱਤੀ (1), ਮਾਚਿਸ ਬਾਕਸ (1) ਸ਼ਾਮਲ ਹੈ।


ਸਬੰਧਤ ਜ਼ਿਲ੍ਹਿਆਂ ਵੱਲੋਂ 38,300 ਪੈਕਟਾਂ ਦੀ ਮੰਗ ਕੀਤੀ ਗਈ ਹੈ, ਜਿਸ ਦੀ ਪੂਰਤੀ ਲਈ ਜਲੰਧਰ, ਮੁਹਾਲੀ, ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ਦੇ ਪੰਜ ਨੋਡਲ ਪੁਆਇੰਟਾਂ ਜਿਵੇਂ ਜਲੰਧਰ ਦੇ ਮਾਰਕਫੈਡ ਕੈਨਰੀਜ਼ (ਜਲੰਧਰ, ਕਪੂਰਥਲਾ, ਨਵਾਂਸ਼ਹਿਰ ਜ਼ਿਲ੍ਹਿਆਂ ਲਈ), ਮੁਹਾਲੀ ਮਿਲਕ ਪਲਾਂਟ (ਮੁਹਾਲੀ, ਰੋਪੜ, ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਲਈ), ਮਿਲਕ ਪਲਾਂਟ ਲੁਧਿਆਣਾ (ਲੁਧਿਆਣਾ ਤੇ ਮੋਗਾ ਜ਼ਿਲ੍ਹਿਆਂ ਲਈ), ਮਿਲਕ ਪਲਾਂਟ ਪਟਿਆਲਾ (ਪਟਿਆਲਾ, ਸੰਗਰੂਰ ਜ਼ਿਲ੍ਹਿਆਂ ਲਈ), ਮਿਲਕ ਪਲਾਂਟ ਅੰਮ੍ਰਿਤਸਰ (ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਲਈ) ਵਿਖੇ ਭਾਰੀ ਮਾਤਰਾ ਵਿੱਚ ਸੁੱਕੇ ਭੋਜਨ ਦੇ ਪੈਕੇਟ ਤਿਆਰ ਕੀਤੇ ਜਾ ਰਹੇ ਹਨ।

ਵਿਜੀਲੈਂਸ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਅਤੇ ਸਿਪਾਹੀ ਕਾਬੂ



• ਛੇੜਛਾੜ ਦਾ ਮਾਮਲਾ ਨਿਬੇੜਨ ਬਦਲੇ ਪਹਿਲਾਂ ਹੀ ਲੈ ਚੁੱਕੇ ਸਨ 35 ਹਜ਼ਾਰ ਰੁਪਏ

ਫਾਜ਼ਿਲਕਾ  , 11 ਜੁਲਾਈ:

ਪੰਜਾਬ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਸਿਟੀ ਥਾਣਾ-1, ਅਬੋਹਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਕ੍ਰਿਸ਼ਨ ਲਾਲ ਅਤੇ ਸਿਪਾਹੀ ਰਾਜ ਕੁਮਾਰ ਨੂੰ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਭੀਮ ਸੈਨ ਵਾਸੀ ਪਿੰਡ ਬਾਜ਼ੀਦਪੁਰ ਕੱਟਿਆਂਵਾਲੀ, ਜ਼ਿਲ੍ਹਾ ਫ਼ਾਜ਼ਿਲਕਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਭੀਮ ਸੈਨ ਨੇ ਵਿਜੀਲੈਂਸ ਬਿਊਰੋ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਕਤ ਏ.ਐਸ.ਆਈ. ਨੇ 17 ਮਾਰਚ, 2023 ਨੂੰ ਉਸਦੇ ਮੋਬਾਈਲ ਫੋਨ 'ਤੇ ਕਾਲ ਕੀਤੀ ਸੀ ਕਿ ਇੱਕ ਮਹਿਲਾ ਨੇ ਉਸ (ਭੀਮ ਸੈਨ) ਖ਼ਿਲਾਫ਼ ਛੇੜਛਾੜ ਦੀ ਸ਼ਿਕਾਇਤ ਕੀਤੀ ਹੈ। ਅਗਲੇ ਦਿਨ ਸ਼ਿਕਾਇਤਕਰਤਾ ਆਪਣੇ ਪਿੰਡ ਬਾਜ਼ੀਦਪੁਰ ਕੱਟਿਆਂਵਾਲੀ ਦੇ ਵਸਨੀਕ ਸਿਪਾਹੀ ਰਾਜ ਕੁਮਾਰ ਨੂੰ ਨਾਲ ਲੈ ਕੇ ਸਿਟੀ ਥਾਣਾ -1, ਅਬੋਹਰ ਵਿਖੇ ਗਿਆ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਏ.ਐਸ.ਆਈ. ਨੇ ਉਸ ਖ਼ਿਲਾਫ਼ ਆਈ ਛੇੜਛਾੜ ਦੀ ਸ਼ਿਕਾਇਤ ਦਾ ਨਿਬੇੜਾ ਕਰਨ ਅਤੇ ਰਾਜ਼ੀਨਾਮਾ ਕਰਵਾਉਣ ਬਦਲੇ 1 ਲੱਖ ਰੁਪਏ ਰਿਸ਼ਵਤ ਮੰਗੀ ਸੀ। ਵਾਰ-ਵਾਰ ਬੇਨਤੀ ਕਰਨ 'ਤੇ ਏ.ਐਸ.ਆਈ. 50,000 ਰੁਪਏ ਲੈਣ ਲਈ ਰਾਜ਼ੀ ਹੋ ਗਿਆ ਅਤੇ ਉਸੇ ਦਿਨ ਉਸ (ਭੀਮ ਸੈਨ) ਕੋਲੋਂ 20,000 ਰੁਪਏ ਲੈ ਲਏ। ਇਸ ਉਪਰੰਤ ਉਕਤ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਰਿਸ਼ਵਤ ਦੀ ਬਕਾਇਆ ਰਕਮ ਦੇਣ ਲਈ ਮਜ਼ਬੂਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਸ਼ਿਕਾਇਤਕਰਤਾ ਨੇ 26 ਮਾਰਚ, 2023 ਨੂੰ ਕਾਂਸਟੇਬਲ ਰਾਜ ਕੁਮਾਰ ਦੇ ਮੋਬਾਈਲ ਨੰਬਰ 'ਤੇ ਗੂਗਲ ਪੇਅ ਰਾਹੀਂ 15,000 ਰੁਪਏ ਹੋਰ ਅਦਾ ਕੀਤੇ। ਜਦੋਂ ਸ਼ਿਕਾਇਤਕਰਤਾ ਨੇ ਰਾਜ਼ੀਨਾਮੇ ਦੀ ਕਾਪੀ ਮੰਗੀ ਤਾਂ ਉਕਤ ਪੁਲਿਸ ਮੁਲਾਜ਼ਮਾਂ ਨੇ ਰਿਸ਼ਵਤ ਦੇ ਬਕਾਇਆ 15,000 ਰੁਪਏ ਦੀ ਮੰਗ ਲਏ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਯੂਨਿਟ ਫਾਜ਼ਿਲਕਾ ਦੀ ਟੀਮ ਨੇ ਟ੍ਰੈਪ ਲਗਾ ਕੇ ਉਕਤ ਏ.ਐਸ.ਆਈ. ਅਤੇ ਸਿਪਾਹੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 15,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ 'ਤੇ ਕਾਬੂ ਕਰ ਲਿਆ।
ਇਸ ਸਬੰਧੀ ਥਾਣਾ ਵਿਜੀਲੈਂਸ ਬਿਊਰੋ, ਫਿਰੋਜ਼ਪੁਰ ਰੇਂਜ ਵਿਖੇ ਉਕਤ ਏ.ਐਸ.ਆਈ. ਅਤੇ ਕਾਂਸਟੇਬਲ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਹੁਸੈਨੀਵਾਲਾ ਹੈਡ ਵਰਕਸ ਤੋਂ ਛੱਡਿਆ 125496 ਕਿਊਸਿਕ ਪਾਣੀ, ਫਾਜਿ਼ਲਕਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪ੍ਰਭਾਵਿਤ ਇਲਾਕਿਆਂ ਵਿਚੋ ਕੱਢਣ ਦੇ ਕੀਤੇ ਇੰਤਜਾਮ



—ਡਿਪਟੀ ਕਮਿਸ਼ਨਰ ਅਤੇ ਫਾਜਿ਼ਲਕਾ ਦੇ ਵਿਧਾਇਕ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ
—ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਇੰਤਜਾਮ ਪੂਰੇ—ਡਾ: ਸੇਨੂ ਦੁੱਗਲ
ਫਾਜਿ਼ਲਕਾ, 11 ਜ਼ੁਲਾਈ
ਹੁਸੈਨੀਵਾਲਾ ਹੈਡ ਵਰਕਸ ਤੋਂ ਮੰਗਲਵਾਰ ਸ਼ਾਮ 5 ਵਜੇ 125496 ਕਿਉਸਿਕ ਪਾਣੀ ਛੱਡਿਆ ਗਿਆ ਹੈ। ਇਸ ਕਾਰਨ ਫਾਜਿਲ਼ਕਾ ਦੇ ਸਰਹੱਦੀ ਖੇਤਰਾਂ ਵਿਚ ਹੜ੍ਹਾਂ ਦੇ ਖਤਰੇ ਦੇ ਮੱਦੇਨਜਰ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਿੰਡਾਂ ਵਿਚੋਂ ਸੁਰੱਖਿਅਤ ਕੱਢਣ ਲਈ ਸਾਰੇ ਇੰਤਜਾਮ ਕਰ ਲਏ ਗਏ ਹਨ।
ਇਸ ਦੌਰਾਨ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ, ਐਸਐਸਪੀ ਅਵਨੀਤ ਕੌਰ ਸਿੱਧੂ, ਏਡੀਸੀ ਵਿਕਾਸ ਸ੍ਰੀ ਅਮਿਤ ਪੰਚਾਲ, ਏਡੀਸੀ ਜਨਰਲ ਅਵਨੀਤ ਕੌਰ ਨੇ ਕਾਂਵਾਂ ਵਾਲੀ ਪੱਤਣ ਅਤੇ ਮੁਹਾਰ ਜਮਸ਼ੇਰ ਵਿਖੇ ਪੱਤਣ ਪੋਸਟ ਦਾ ਦੌਰਾ ਕਰਕੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਹੁਸੈਨੀਵਾਲਾ ਤੋਂ ਛੱਡਿਆ ਜਾ ਰਿਹਾ ਪਾਣੀ ਚੋਖੀ ਮਾਤਰਾ ਵਿਚ ਕਾਂਵਾਂ ਵਾਲੀ ਪੱਤਣ ਅਤੇ ਮੁਹਾਰ ਜਮਸੇਰ ਵਿਖੇ ਪੁੱਜਿਆ ਹੈ ਪਰ ਹਾਲੇ ਵੀ ਬਹੁਤ ਜਿਆਦਾ ਪਾਣੀ ਹੋਰ ਆ ਰਿਹਾ ਹੈ। ਇਸ ਲਈ ਸਤਲੁਜ਼ ਦੀ ਕਰੀਕ ਦੇ ਪੱਛਮ ਵਾਲੇ ਦੇ ਪਿੰਡਾਂ ਦੇ ਲੋਕਾਂ ਨੂੰ ਪ੍ਰਸ਼ਾਸਨ ਨੇ ਸੁਰੱਖਿਤ ਥਾਂਵਾਂ ਤੇ ਆਉਣ ਦੀ ਅਪੀਲ ਕੀਤੀ ਹੈ। ਇਸ ਲਈ ਪ੍ਰਸ਼ਾਸਨ ਵੱਲੋਂ ਟਰੈਕਟਰ ਟਰਾਲੀਆਂ ਦਾ ਪ੍ਰਬੰਧ ਵੀ ਕੀਤਾ ਹੈ। ਇਸ ਤੋਂ ਬਿਨ੍ਹਾਂ ਕਰੀਕ ਦੇ ਧੁੱਸੀ ਬੰਨ ਤੇ ਕਿਸੇ ਵੀ ਸੰਭਾਵਿਤ ਖਤਰੇ ਨੂੰ ਟਾਲਣ ਲਈ ਮਿੱਟੀ ਦੀਆਂ ਬੋਰੀਆਂ ਵੀ ਭਰੀਆਂ ਜਾ ਰਹੀਆਂ ਹਨ। ਕਾਂਵਾਂ ਵਾਲੀ ਪੱਤਣ ਤੇ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਮੁਹਾਰ ਜਮਸੇਰ ਵਿਚ ਵੀ ਇਕ ਕੰਟਰੋਲ ਰੂਮ ਬਣਾਉਣ ਦੀ ਹਦਾਇਤ ਕੀਤੀ ਕਿਉਂਕਿ ਇਹ ਪਿੰਡ ਤਿੰਨ ਪਾਸਿਆਂ ਤੋਂ ਪਾਕਿਸਤਾਨ ਨਾਲ ਘਿਰਿਆ ਹੈ ਜਦੋਂ ਕਿ ਇਕ ਪਾਸੇ ਸਤਲੁਜ ਦੀ ਕਰੀਕ ਹੈ। ਇਸ ਲਈ ਇਸ ਪਿੰਡ ਦੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜਰ ਪ੍ਰਸ਼ਾਸਨ ਨੇ ਇੱਥੇ ਕੰਟਰੋਲ ਰੂਮ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਭਾਵਿਤ ਹੜ੍ਹਾਂ ਦੇ ਖਤਰੇ ਦਾ ਸਾਹਮਣਾ ਕਰਨ ਵਾਲੇ ਪਿੰਡਾਂ ਵਿਚ ਜ਼ੇਸੀਬੀ ਮਸ਼ੀਨਾਂ, ਟਰੈਕਟਰ ਟਰਾਲੀਆਂ, ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਬਿਨ੍ਹਾਂ ਖਾਣੇ ਦੇ ਪੈਕਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਦ ਕਿ ਪਸ਼ੂਆਂ ਲਈ ਚਾਰੇ ਦਾ ਵੀ ਪ੍ਰਬੰਧ ਹੈ ਤਾਂਜੋ ਜਿੰਨ੍ਹਾਂ ਲੋਕਾਂ ਨੂੰ ਪਿੰਡ ਖਾਲੀ ਕਰਕੇ ਆਉਣਾ ਪਵੇ ਉਨ੍ਹਾਂ ਨੂੰ ਕੋਈ ਦਿੱਕਤ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜ੍ਹ ਕੰਟਰੋਲ ਰੂਮ 24 ਘੰਟੇ ਕੰਮ ਕਰ ਰਿਹਾ ਹੈ ਅਤੇ ਕਿਸੇ ਵੀ ਮੁਸਕਿਲ ਸਮੇਂ ਲੋਕ ਫੋਨ ਨੰਬਰ 01638—262153 ਤੇ ਸੰਪਰਕ ਕਰ ਸਕਦੇ ਹਨ ਜਾਂ ਪਿੰਡਾਂ ਵਿਚ ਤਾਇਨਾਤ ਰਾਹਤ ਟੀਮਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ 17 ਰਾਹਤ ਕੈਂਪ ਵੀ ਬਣਾਏ ਜਾ ਚੁੱਕੇ ਹਨ ਤਾਂ ਜ਼ੋ ਲੋਕਾਂ ਨੂੰ ਇੱਥੇ ਠਹਿਰਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਕਾਂਵਾਂ ਵਾਲੀ ਪੱਤਣ ਤੇ ਅੱਜ ਸ਼ਾਮ ਪਾਣੀ ਨਦੀ ਦੇ ਕਿਨਾਰਿਆਂ ਦੇ ਅੰਦਰ ਹੈ ਪਰ ਰਾਤ ਤੱਕ ਪਾਣੀ ਵੱਧਣ ਦੀ ਆਸ ਹੈ।  
ਇਸ ਮੌਕੇ ਐਸਡੀਐਮ ਸ੍ਰੀ ਅਕਾਸ਼ ਬਾਂਸਲ, ਤਹਿਸੀਲਦਾਰ ਸੁਖਦੇਵ ਸਿੰਘ, ਡੀਡੀਪੀਓ ਸੰਜੀਵ ਕੁਮਾਰ, ਬੀਡੀਪੀਓ ਪਿਆਰ ਸਿੰਘ, ਕਾਰਜਕਾਰੀ ਇੰਜਨੀਅਰ ਅਲੋਕ ਚੌਧਰੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

ਚੱਲ ਰਹੇ ਅਤੇ ਅਧੂਰੇ ਵਿਕਾਸ ਕਾਰਜਾਂ ਨੂੰ ਤੈਅ ਸਮੇਂ ਅਨੁਸਾਰ ਕੀਤਾ ਜਾਵੇ ਪੂਰਾ : ਅੰਮ੍ਰਿਤ ਲਾਲ ਅਗਰਵਾਲ



ਬਠਿੰਡਾ, 11 ਜੁਲਾਈ : ਜ਼ਿਲ੍ਹਾ ਯੋਜ਼ਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਉਨ੍ਹਾਂ ਦੇ ਦਫ਼ਤਰ ਵਿਖੇ ਅਹਿਮ ਮੀਟਿੰਗ ਹੋਈ। ਇਸ ਦੌਰਾਨ ਸ਼ਹਿਰ ਅੰਦਰ ਕੀਤੇ ਜਾ ਰਹੇ ਅਤੇ ਹੋਣ ਵਾਲੇ ਵਿਕਾਸ ਕਾਰਜਾਂ ਸਬੰਧੀ ਸਮੀਖਿਆ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ।

          ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਲਵਜੀਤ ਕਲਸੀ ਨੇ ਜ਼ਿਲ੍ਹੇ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਜ਼ਿਲ੍ਹੇ ਵਿੱਚ 15ਵੇਂ ਵਿੱਤ ਕਮਿਸ਼ਨ ਦਾ ਕੰਮ ਚੱਲ ਰਿਹਾ ਹੈ, ਜਿਸ ਤਹਿਤ ਹੁਣ ਤਕ 3.50 ਕਰੋੜ ਰੁਪਏ ਅਲਾਟ ਕੀਤੇ ਜਾ ਚੁੱਕੇ ਹਨ ਅਤੇ ਮਗਨਰੇਗਾ ਜੌਬ ਕਾਰਡ,ਆਧਾਰ ਕਾਰਡ ਨਾਲ ਲਿੰਕ ਕੀਤੇ ਗਏ ਹਨ I ਇਸਦੇ ਨਾਲ ਉਹਨਾਂ ਨੇ ਦੱਸਿਆ ਕਿ ਪਿੰਡਾਂ ਵਿਚ 270 ਗੋਬਰ ਗੈਸ ਪਲਾਂਟ ਲਗਾਉਣ ਦਾ ਟੀਚਾ ਹੈ , ਜਿਸ ਤਹਿਤ 117 ਗੋਬਰ ਗੈਸ ਪਲਾਂਟ ਲਗਵਾਏ ਜਾ ਚੁੱਕੇ ਹਨI ਉਨ੍ਹਾਂ ਇਹ ਵੀ ਦੱਸਿਆ ਕਿ ਬਾਕੀ ਰਹਿੰਦੇ ਗੋਬਰ ਗੈਸ ਪਲਾਂਟ ਵੀ ਜਲਦ ਲਗਵਾਏ ਜਾਣI 

          ਜ਼ਿਲ੍ਹਾ ਯੋਜ਼ਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ ਨੇ ਸਮੂਹ ਬਲਾਕ ਅਤੇ ਪੰਚਾਇਤ ਅਫ਼ਸਰਾਂ ਤੋਂ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਅਧੂਰੇ ਅਤੇ ਕਾਰਜਸ਼ੀਲ ਕੰਮਾਂ ਨੂੰ ਤੈਅ ਸਮੇਂ ਅਨੁਸਾਰ ਮੁਕੰਮਲ ਕੀਤਾ ਜਾਵੇ।

          ਇਸ ਦੌਰਾਨ ਜ਼ਿਲ੍ਹਾ ਯੋਜ਼ਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ ਨੇ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਕੰਮਾਂ ਸਬੰਧੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜ਼ਿਲ੍ਹੇ ਅੰਦਰ ਜਿਸ ਜਗ੍ਹਾ ਤੇ ਬਿਜਲੀ ਵਾਲੇ ਮੀਟਰ ਲਟਕ ਰਹੇ ਹਨ ਅਤੇ ਕਈ ਥਾਵਾਂ ਤੇ ਜੋ ਬਹੁਤ ਨੀਵੇਂ ਵੀ ਹਨ, ਉਨ੍ਹਾਂ ਨੂੰ ਜਲਦ ਠੀਕ ਕਰਵਾਉਣਾ ਯਕੀਨੀ ਬਣਾਇਆ ਜਾਵੇ।

          ਇਸ ਮੌਕੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਡਵੀਜ਼ਨ ਨੰਬਰ 1 ਦੇ ਨੁਮਾਇੰਦੇ ਵੱਲੋਂ ਦੱਸਿਆ ਕਿ ਉਹਨਾਂ ਦੇ 5 ਪ੍ਰੋਜੈਕਟਾਂ ਦਾ ਕੰਮ ਚੱਲ ਰਿਹਾ ਹੈ ਜੋ ਕਿ 31 ਅਗਸਤ 2023 ਤੱਕ ਮੁਕੰਮਲ ਕਰ ਲਿਆ ਜਾਵੇਗਾI  ਐੱਸ.ਡੀ.ਓ ਵਾਟਰ ਸਪਲਾਈ ਤੇ ਸੈਨੀਟੇਸ਼ਨ ਡਵੀਜ਼ਨ ਨੰ 2 ਨੇ ਦੱਸਿਆ ਕਿ ਉਨ੍ਹਾਂ ਵੱਲੋਂ 753.45 ਲੱਖ ਦੇ ਪ੍ਰੋਜੈਕਟ ਮੰਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਕੁੱਝ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਪ੍ਰੋਜੈਕਟ ਜਲਦ ਪੂਰੇ ਕੀਤੇ ਜਾਣਗੇI ਬਲਾਕ ਮਿਸ਼ਨ ਮੈਨੇਜ਼ਰ ਪੰਜਾਬ ਸਕਿੱਲਡ ਡਿਵੈਲਪਮੈਂਟ ਬਠਿੰਡਾ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਸਾਲ 2022-23 ਦੇ ਟੀਚੇ ਸਮੇਂ-ਸਿਰ ਮੁਕੰਮਲ ਕਰ ਲਏ ਗਏ ਹਨI

          ਇਸ ਮੌਕੇ ਉਪ ਅਰਥ ਅਤੇ ਅੰਕੜਾ ਸਲਾਹਕਾਰ ਅਫ਼ਸਰ ਸ਼੍ਰੀਮਤੀ ਸੁਨੀਤਾ ਪਾਲ, ਸਹਾਇਕ ਖੋਜ ਅਫ਼ਸਰ ਸ਼੍ਰੀ ਰਣਜੀਤ ਸਿੰਘ, ਇਨਵੈਸਟੀਗੇਟਰ ਸ਼੍ਰੀ ਸੰਦੀਪ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ।


--

ਨੈਸ਼ਨਲ ਐਵਾਰਡ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਆਨਲਾਈਨ ਅਪਲਾਈ


ਬਠਿੰਡਾ, 11 ਜੁਲਾਈ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਅਪਾਹਜ ਵਿਅਕਤੀਆਂ ਦੇ ਸਸ਼ਕਤੀਕਰਨ ਵਿਭਾਗ ਨਵੀਂ ਦਿੱਲੀ ਵੱਲੋਂ ਖੇਡਾਂ, ਸਿੱਖਿਆ ਜਾਂ ਕਿਸੇ ਹੋਰ ਖੇਤਰ ਵਿੱਚ ਉਪਲੱਬਧੀ ਪ੍ਰਾਪਤ ਕਰਨ ਵਾਲੇ ਦਿਵਿਆਂਗਜਨ ਵਿਅਕਤੀਆਂ ਲਈ ਸਾਲ 2023 ਲਈ ਨੈਸ਼ਨਲ ਆਵਾਰਡ ਲਈ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਹੈ।

          ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਨੈਸ਼ਨਲ ਐਵਾਰਡ ਲਈ ਆਨਲਾਈਨ ਅਰਜ਼ੀਆਂ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਅਪਲਾਈ ਕਰਨ ਦੀ ਆਖਰੀ ਮਿਤੀ 31 ਜੁਲਾਈ 2023 ਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਯੋਗ ਉਮੀਦਵਾਰ ਸਿੱਧੇ ਤੌਰ ਤੇ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਦੀ ਵੈਬਸਾਈਟ (www.awards.gov.in) ਆਨਲਾਈਨ ਅਪਲਾਈ ਕਰ ਸਕਦੇ ਹਨ।






Online application can be done till 31 July for the National Award




Jul 8, 2023

ਖੇਤਾਂ ਦੀ ਨੁਹਾਰ ਬਦਲੇ ਬਿਨਾਂ ਨਹੀਂ ਬਣ ਸਕਦਾ ਰੰਗਲਾ ਪੰਜਾਬ

  

- 20 ਕਰੋੜ ਰੁਪਏ ਨਾਲ ਲਗਾਇਆ ਜਾਵੇਗਾ ਫੂਡ ਪ੍ਰੋਸੈਸਿੰਗ ਪ੍ਰਾਜੈਕਟ- ਸੰਧਵਾਂ 



- 350 ਕਿਸਾਨਾਂ ਦੀ ਮਦਦ ਨਾਲ ਚਲਾਇਆ ਜਾਵੇਗਾ ਇਹ ਪ੍ਰੋਜੈਕਟ
ਫਰੀਦਕੋਟ 08 ਜੁਲਾਈ 
  ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ  ਫਰੀਦਕੋਟ ਵਿਖੇ ਕਿਸਾਨਾਂ ਨੂੰ ਸੰਬੋਧਨ ਹੁੰਦੇ ਹੋਏ ਦੱਸਿਆ ਕਿ ਜਲਦੀ ਹੀ ਇਸ ਜ਼ਿਲ੍ਹੇ ਅਤੇ ਆਸ-ਪਾਸ ਦੇ ਇਲਾਕੇ ਲਈ 20 ਕਰੋੜ ਰੁਪਏ ਦਾ ਇੱਕ ਯੂਨਿਟ ਸਥਾਪਿਤ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਯੂਨਿਟ ਨੂੰ 350 ਕਿਸਾਨਾਂ ਦੇ ਇੱਕ ਗਰੁੱਪ ਰਾਹੀਂ ਚਲਾਇਆ ਜਾਵੇਗਾ। ਜਿਸ ਵਿੱਚ ਸੀਤਾਫਲ ਤੋਂ ਇਲਾਵਾ ਹਰ ਕਿਸਮ ਦੇ ਫਲ ਅਤੇ ਸਬਜ਼ੀਆਂ ਨੂੰ ਡੱਬਾਬੰਦ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪ੍ਰੋਜੈਕਟ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗਾ। ਜਿਸ ਨਾਲ ਫਲ ਅਤੇ ਸਬਜ਼ੀਆਂ ਨੂੰ ਸਟੋਰ ਕਰਕੇ ਢੁੱਕਵਾਂ ਸਮਾਂ ਆਉਣ ਤੇ ਵੇਚਿਆ ਜਾ ਸਕੇਗਾ।
ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਸੁਪਨਾ ਹੈ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣਾ। ਪਰ ਇਹ ਓਨੀ ਦੇਰ ਸੰਭਵ ਨਹੀਂ ਹੈ ਜਦੋਂ ਤਕ ਖੇਤਾਂ ਤੇ ਕਿਸਾਨਾਂ ਦੀ ਨੁਹਾਰ ਨਾ ਬਦਲੀ ਜਾ ਸਕੇ। ਉਨ੍ਹਾਂ ਦੱਸਿਆ ਕਿ ਰੰਗਲਾ ਪੰਜਾਬ ਬਣਾਉਣ ਲਈ ਅਜਿਹੇ ਪ੍ਰੋਜੈਕਟ ਸਹਾਈ ਸਿੱਧ ਹੋਣਗੇ। ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲਗਾਤਾਰ ਮੁਫਤ ਬਿਜਲੀ ਪ੍ਰਾਪਤ ਹੋ ਰਹੀ ਹੈ, ਜਿੱਥੇ ਪਾਣੀ ਨਹੀਂ ਆ ਰਿਹਾ ਸੀ ਉਥੇ ਪਾਣੀ ਪਹੁੰਚਦਾ ਕਰ ਦਿੱਤਾ ਗਿਆ ਹੈ ਅਤੇ ਹੋਰ ਵੀ ਅਜਿਹੇ ਕੰਮ ਕਰਨ ਵਿੱਚ ਪੰਜਾਬ ਸਰਕਾਰ ਯਤਨਸ਼ੀਲ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਾਜੈਕਟ ਨੂੰ ਸਫਲ ਬਣਾਉਣ ਵਿਚ ਵੱਧ-ਚੜ੍ਹ ਕੇ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਕਾਗਜ਼ਾਂ ਵਿੱਚ ਇਸ ਪ੍ਰੋਜੈਕਟ ਦੀ ਰੂਪ-ਰੇਖਾ ਤਿਆਰ ਕਰ ਲਈ ਗਈ ਹੈ ਜਲਦ ਹੀ ਇਹ ਪ੍ਰੋਜੈਕਟ ਜ਼ਮੀਨੀ ਪੱਧਰ ਤੇ ਉਤਾਰਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕੋਈ ਵੀ ਢੁੱਕਵੀਂ ਥਾਂ ਇਸ ਪ੍ਰੋਜੈਕਟ ਲਈ ਲੱਭ ਲਈ ਜਾਵੇਗੀ ਜਿੱਥੇ ਕਿਸਾਨ ਪੱਖੀ ਇਸ ਯੂਨਿਟ ਦੀ ਜਲਦ ਸ਼ੁਰੂਆਤ ਕੀਤੀ ਜਾਵੇਗੀ।
ਇਸ ਮੌਕੇ ਗੁਰਸੇਵਕ ਸਿੰਘ ਸਿੱਧੂ ਪ੍ਰਧਾਨ, ਜਰਨੈਲ ਸਿੰਘ, ਨੈਬ ਸਿੰਘ ਖਾਲਸਾ ਕੰਮਿਆਣਾ, ਹਰਜੀਤ ਸਿੰਘ, ਬਲਦੇਵ ਸਿੰਘ ਸਿੱਖਾਂਵਾਲਾ ਮੀਤ ਪ੍ਰਧਾਨ, ਬਲਬੀਰ ਸਿੰਘ ਬਰਾੜ, ਪ੍ਰਕਾਸ਼ ਸਿੰਘ ਘਾਰੂ ਬਲਾਕ ਪ੍ਰਧਾਨ ਅਤੇ ਹੋਰ ਹਾਜ਼ਰ ਸਨ।

12 ਜੁਲਾਈ ਤੋਂ 12 ਅਗਸਤ ਤੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ

 ਪੰਜਾਬ ਸਰਕਾਰ ਅਨੀਮੀਆ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ: ਡਾ ਬਲਜੀਤ ਕੌਰ

 




ਚੰਡੀਗੜ੍ਹ, 8 ਜੁਲਾਈ


ਪੰਜਾਬ ਸਰਕਾਰ ਸੂਬੇ ਵਿੱਚ ਪੋਸ਼ਣ ਅਭਿਆਨ ਤਹਿਤ ਕੁਪੋਸ਼ਣ ਅਤੇ ਅਨੀਮੀਆ ਦੇ ਖਾਤਮੇ ਲਈ 12 ਜੁਲਾਈ ਤੋਂ 12 ਅਗਸਤ, 2023 ਤੱਕ ਵਿਸ਼ੇਸ਼ ਜਾਗਰੂਕਤਾ ਮਹੀਨਾ ਮਨਾਉਣ ਜਾ ਰਹੀ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਹੀ ਅਨੀਮੀਆ ਨਾਲ ਲੜਨ ਲਈ ਹਰ ਬੁੱਧਵਾਰ ਨੂੰ ਆਂਗਣਵਾੜੀ ਕੇਂਦਰਾਂ ਵਿਖੇ ਅਨੀਮੀਆ ਦਿਵਸ ਮਨਾਇਆ ਜਾਂਦਾ ਹੈ। ਇਹ ਔਰਤਾਂ, ਕਿਸ਼ੋਰ ਲੜਕੀਆਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਗਰਭਵਤੀ ਔਰਤਾਂ ਵਿੱਚ ਅਨੀਮੀਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ। ਅਨੀਮੀਆ ਦੇ ਖਾਤਮੇ ਲਈ ਸੂਬੇ ਭਰ ਵਿੱਚ 12 ਜੁਲਾਈ ਤੋਂ 12 ਅਗਸਤ, 2023 ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ -ਵਿਜੀਲੈਂਸ ਵੱਲੋਂ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਵਕੀਲ ਖ਼ਿਲਾਫ਼ ਕੇਸ ਦਰਜ


ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਮੁਹਿੰਮ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ, ਸਿਹਤ ਵਿਭਾਗ ਨਾਲ ਮਿਲ ਕੇ ਪੌਸ਼ਟਿਕ ਪੂਰਕ ਮੁਹੱਈਆ ਕਰਵਾਉਣ ਅਤੇ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਪ੍ਰਣਾਲੀ ਦੀ ਸਮਰੱਥਾ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਹੋਵੇਗੀ।


ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ (ਆਰ.ਬੀ.ਐੱਸ.ਕੇ.) ਦੇ ਸਹਿਯੋਗ ਨਾਲ ਲੋਕਾਂ ਨੂੰ ਅਨੀਮੀਆ ਦੀ ਰੋਕਥਾਮ ਅਤੇ ਇਲਾਜ ਬਾਰੇ ਜਾਗਰੂਕ ਕਰਨ ਲਈ ਨਿਯਮਿਤ ਤੌਰ 'ਤੇ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।


ਮੰਤਰੀ ਨੇ ਦੱਸਿਆ ਕਿ ਮੁਹਿੰਮ ਦੌਰਾਨ, ਵਿਭਾਗ ਲੋਕਾਂ ਨੂੰ ਅਨੀਮੀਆ ਦੇ ਲੱਛਣਾਂ, ਕਾਰਨਾਂ, ਨਤੀਜਿਆਂ ਅਤੇ ਸਮੇਂ ਸਿਰ ਡਾਕਟਰੀ ਦੇਖਭਾਲ ਦੀ ਮਹੱਤਤਾ ਅਤੇ ਟੀਚੇ ਬਾਰੇ ਜਾਗਰੂਕ ਕਰਨ ਲਈ ਆਂਗਣਵਾੜੀ ਕੇਂਦਰਾਂ ਅਤੇ ਮੁਹੱਲਾ ਕਲੀਨਿਕਾਂ ਵਿੱਚ ਸਿਹਤ ਕੈਂਪ, ਰੈਲੀਆਂ ਅਤੇ ਹੋਰ ਸਮਾਗਮਾਂ ਦਾ ਆਯੋਜਨ ਕਰੇਗਾ। ਇਸ ਮੁਹਿੰਮ ਦਾ ਉਦੇਸ਼ ਮੌਜੂਦਾ ਵਿੱਤੀ ਸਾਲ ਵਿੱਚ ਅਨੀਮੀਆ ਨੂੰ 2% ਤੱਕ ਘਟਾਉਣਾ ਹੈ।

ਪਤਨੀ ਛੱਡ ਗਈ ਤੇ ਚਾਰ ਬੱਚਿਆਂ ਦੇ ਪਿਉ ਨੇ ਕਰਤਾ ਇਹ ਕੰਮ

ਡਾ. ਬਲਜੀਤ ਕੌਰ ਨੇ ਦੱਸਿਆ ਕਿ ਅਨੀਮੀਆ ਇੱਕ ਅਜਿਹੀ ਸਥਿਤੀ ਹੈ ਜੋ ਖੂਨ ਵਿੱਚ ਲਾਲ ਰਕਤਾਣੂਆਂ ਜਾਂ ਹੀਮੋਗਲੋਬਿਨ ਦੀ ਘਾਟ ਕਾਰਨ ਹੁੰਦੀ ਹੈ, ਜਿਸ ਨਾਲ ਕਮਜ਼ੋਰੀ, ਥਕਾਵਟ ਅਤੇ ਹੋਰ ਸਿਹਤ ਸਬੰਧੀ ਸਮੱਸਿਆਵਾਂ ਹੁੰਦੀਆਂ ਹਨ। ਬੱਚਿਆਂ ਅਤੇ ਔਰਤਾਂ ਵਿੱਚ ਇਹ ਇੱਕ ਜਨਤਕ ਸਿਹਤ ਚਿੰਤਾ ਹੈ, ਕਿਉਂਕਿ ਇਹ ਉਹਨਾਂ ਦੇ ਸਰੀਰਕ ਅਤੇ ਬੋਧਾਤਮਕ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਮਾੜੇ ਵਿਦਿਅਕ ਅਤੇ ਆਰਥਿਕ ਨਤੀਜੇ ਨਿਕਲਦੇ ਹਨ।


ਇਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਨਿਰਦੇਸ਼ਕ ਸ੍ਰੀਮਤੀ ਮਾਧਵੀ ਕਟਾਰੀਆ ਨੇ ਸਮੂਹ ਡਿਪਟੀ ਕਮਿਸ਼ਨਰਾਂ (ਡੀ.ਸੀ.) ਨੂੰ ਪੱਤਰ ਲਿਖ ਕੇ ਮੁਹਿੰਮ ਦੌਰਾਨ ਕੀਤੀਆਂ ਜਾਣ ਵਾਲੀਆਂ ਸੁਝਾਈਆਂ ਗਤੀਵਿਧੀਆਂ ਦੀ ਸੂਚੀ ਵੀ ਦਿੱਤੀ ਹੈ। ਡਿਪਟੀ ਕਮਿਸ਼ਨਰ ਅਨੀਮੀਆ ਦੇ ਖਾਤਮੇ ਲਈ ਮਾਪਿਆਂ, ਅਧਿਆਪਕਾਂ, ਸਿਹਤ ਕਰਮਚਾਰੀਆਂ, ਅਤੇ ਸਮਾਜਿਕ ਆਗੂਆਂ ਸਮੇਤ ਸਾਰੇ ਹਿੱਸੇਦਾਰਾਂ ਦੇ ਮੇਲ ਨੂੰ ਯਕੀਨੀ ਬਣਾਉਣਗੇ।

ਪਤਨੀ ਛੱਡ ਗਈ ਤੇ ਚਾਰ ਬੱਚਿਆਂ ਦੇ ਪਿਉ ਨੇ ਕਰਤਾ ਇਹ ਕੰਮ



ਅਬੋਹਰ , 8 ਜੁਲਾਈ 

ਪਤਨੀ ਦੇ ਛੱਡ ਕੇ ਜਾਣ ਤੋਂ ਪ੍ਰੇਸ਼ਾਨ ਸੀਤੋ ਵਾਸੀ ਚਾਰ ਬੱਚਿਆਂ ਦੇ ਪਿਤਾ ਨੇ ਬੀਤੀ ਰਾਤ ਖੁੱਦ ਨੂੰ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ। ਇੱਧਰ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਅਬੋਹਰ ਵਿਚ ਰਖਵਾਉਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਬਣਦੀ ਕਾਰਵਾਈ ਆਰੰਭ ਦਿੱਤੀ ਹੈ। 

ਇਹ ਵੀ ਪੜ੍ਹੋ -ਵਿਜੀਲੈਂਸ ਵੱਲੋਂ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਵਕੀਲ ਖ਼ਿਲਾਫ਼ ਕੇਸ ਦਰਜ



ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੀਤੋ ਗੁੰਨੋ ਵਾਸੀ ਮ੍ਰਿਤਕ ਅਨਿਲ ਕੁਮਾਰ ਪੁੱਤਰ ਦੁਲੀ ਚੰਦ ਉਮਰ 30 ਸਾਲ ਦੇ ਵੱਡੇ ਭਰਾ ਰਵੀ ਕੁਮਾਰ ਨੇ ਦੱਸਿਆ ਕਿ ਉਸਦਾ ਭਰਾ ਮਿਹਨਤ ਮਜ਼ਦੂਰੀ ਕਰਦਾ ਸੀ ਜਿਸ ਦੇ ਘਰ ਦੋ ਲੜਕੇ ਅਤੇ 2 ਲੜਕੀਆਂ ਹਨ। ਉਸਦੀ ਪਤਨੀ ਕਰੀਬ ਅੱਠ ਮਹੀਨੇ ਪਹਿਲਾਂ ਉਸ ਨੂੰ ਛੱਡ ਕੇ ਚਲੀ ਗਈ । ਜਦੋਂ ਕਿ ਉਸਦੇ ਬੱਚੇ ਆਪਣੀ ਦਾਦੀ ਕੋਲ ਰਹਿੰਦੇ ਸਨ।




 ਇਸ ਗੱਲ ਨੂੰ ਲੈ ਕੇ ਅਕਸਰ ਹੀ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਰਾਤ ਉਸਨੇ ਘਰ ਵਿਚ ਖੁੱਦ ਨੂੰ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ। ਸਵੇਰੇ ਜਦੋਂ ਉਸਦੀ ਮਾਂ ਗੌਮਤੀ ਦੇਵੀ ਨੇ ਉਸ ਨੂੰ ਲਟਕਦੇ ਦੇਖਿਆ ਤਾਂ ਰੌਲਾ ਪਾ ਦਿੱਤਾ। ਜਿਸ ਤੋਂ ਬਾਅਦ ਆਸ ਪਾਸ ਦੇ ਲੋਕਾਂ ਇੱਕਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ। ਇੱਧਰ ਸੀਤੋ ਚੌਂਕੀ ਦੇ ਏਐਸਆਈ ਕਾਲਾ ਸਿੰਘ ਮੌਕੇ ਤੇ ਪਹੁੰਚੇ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ। 


Jul 6, 2023

ਟੂਰਿਸਟ ਹੱਬ ਵਜੋਂ ਵਿਕਸਿਤ ਹੋਵੇਗਾ ਬਠਿੰਡਾ : ਜਗਰੂਪ ਗਿੱਲ

ਟੂਰਿਸਟ ਹੱਬ ਵਜੋਂ ਵਿਕਸਿਤ ਹੋਵੇਗਾ ਬਠਿੰਡਾ : ਜਗਰੂਪ ਗਿੱਲ


--ਸ਼ਹਿਰ ਵਾਸੀਆਂ ਨੂੰ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਮਿਲੇਗੀ ਨਿਜਾਤ

--ਮਲੋਟ ਰੋਡ ਤੇ ਹੀ ਬਣੇਗਾ ਨਵਾਂ ਬੱਸ ਸਟੈਂਡ

--ਜਲਦ ਅਵਾਰਾ ਪਸ਼ੂਆਂ ਤੋਂ ਬਠਿੰਡਾ ਹੋਵੇਗਾ ਰਹਿਤ

ਬਠਿੰਡਾ, 6 ਜੁਲਾਈ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੀਤੇ ਜਾ ਰਹੇ ਰਿਕਾਰਡ ਕੰਮਾਂ ਦੇ ਨਾਲ-ਨਾਲ ਸੂਬੇ ਦੀ ਭਲਾਈ ਲਈ ਹੋਰ ਵੀ ਵਿਕਾਸ ਕਾਰਜਾਂ ਦੇ ਕੰਮ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਤੋਂ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।

          ਇਸ ਮੌਕੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਠਿੰਡਾ ਨੂੰ ਟੂਰਿਸਟ ਹੱਬ ਵਜੋਂ ਵਿਕਸਿਤ ਕਰਦਿਆਂ ਇਸ ਦਾ ਵਿਕਾਸ ਜੰਗੀ ਪੱਧਰ ਤੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਸਥਾਨਕ ਜਨਤਾ ਨਗਰ ਨੂੰ ਜਾਣ ਵਾਲੇ ਰਸਤੇ ਤੇ ਓਵਰ ਬ੍ਰਿਜ ਬਣਾਇਆ ਜਾਵੇਗਾ ਅਤੇ ਇਸ ਪੁਲ ਲਈ ਖਰਚੇ ਜਾਣ ਵਾਲੇ 50 ਕਰੋੜ ਰੁਪਏ ਦੀ ਮੰਨਜ਼ੂਰੀ ਪ੍ਰਾਪਤ ਹੋ ਗਈ ਹੈ ਅਤੇ ਇਸ ਪੁਲ ਦੇ ਖਰਚੇ ਸਬੰਧੀ ਭਾਰਤ ਸਰਕਾਰ ਦੇ ਰੇਲਵੇ ਵਿਭਾਗ ਨੂੰ ਭੇਜੀ ਜਾਣ ਵਾਲੀ ਰਾਸ਼ੀ ਜੋ ਕਿ 50 ਲੱਖ ਬਣਦੀ ਸੀ, ਉਹ ਵੀ ਭੇਜੀ ਜਾ ਚੁੱਕੀ ਹੈ ਅਤੇ ਰੇਲਵੇ ਵਿਭਾਗ ਦੀ ਪੱਤਰ ਪ੍ਰਾਪਤ ਹੋਣ ਉਪਰੰਤ ਟੈਂਡਰ ਕਾਲ ਕਰਕੇ ਕੰਮ ਸ਼ੁਰੂ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਹੀ ਨਹਿਰ ਦੀ ਪਟੜੀ ਲਈ 5 ਕਰੋੜ ਰੁਪਏ ਦੀ ਰਾਸ਼ੀ ਖਰਚ ਕਰਦਿਆਂ 30 ਫੁੱਟ ਚੌੜੀ ਕਰਕੇ ਰਿੰਗ ਰੋਡ ਟੂ ਨਾਲ ਮਿਲਾਇਆ ਜਾਵੇਗਾ। ਇਸ ਨਾਲ ਟ੍ਰੈਫ਼ਿਕ ਦੀ ਸਮੱਸਿਆ ਦਾ ਹੱਲ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਮੁਲਾਤਾਨੀਆਂ ਰੋਡ ਤੇ ਬਣੇ ਪੁਰਾਣੇ ਪੁਲ ਦੀ ਥਾਂ ਤੇ ਨਵੇਂ ਪੁਲ ਨੂੰ ਬਣਾਉਣ ਲਈ 36 ਕਰੋੜ ਰੁਪਏ ਮੰਨਜ਼ੂਰ ਹੋ ਗਏ ਹਨ ਅਤੇ ਇਸ ਸਬੰਧੀ ਟੈਂਡਰ ਵੀ ਹੋ ਚੁੱਕੇ ਹਨ ਅਤੇ ਇਸ ਤੇ ਜਲਦ ਹੀ ਕੰਮ ਸ਼ੁਰੂ ਕੀਤਾ ਜਾਵੇਗਾ।

          ਇਸ ਦੌਰਾਨ ਵਿਧਾਇਕ ਸ. ਗਿੱਲ ਨੇ ਕਿਹਾ ਕਿ ਮਲੋਟ ਰੋਡ ਤੇ ਕਰੀਬ 100 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਬੱਸ ਅੱਡਾ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਕਰੀਬ 16 ਏਕੜ ਜ਼ਮੀਨ ਲਈ ਜਾ ਚੁੱਕੀ ਹੈ। ਇਸ ਬੱਸ ਸਟੈਂਡ ਦਾ ਨੀਂਹ ਪੱਥਰ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਠਿੰਡੇ ਦਾ ਪੁਰਾਣਾ ਬੱਸ ਸਟੈਂਡ ਇਸੇ ਤਰ੍ਹਾਂ ਹੀ ਚਲਦਾ ਰਹੇਗਾ ਅਤੇ ਇਸ ਪੁਰਾਣੇ ਬੱਸ ਸਟੈਂਡ ਤੋਂ ਮਾਨਸਾ ਅਤੇ ਡੱਬਵਾਲੀ ਨੂੰ ਜਾਣ ਵਾਲੀਆਂ ਬੱਸਾਂ ਚੱਲਿਆ ਕਰਨਗੀਆਂ। ਇਸ ਪੁਰਾਣੇ ਬੱਸ ਅੱਡੇ ਤੋਂ ਨਵੇਂ ਬੱਸ ਅੱਡੇ ਤੇ ਸਵਾਰੀਆਂ ਨੂੰ ਲਿਜਾਣ-ਲਿਆਉਣ ਲਈ ਇਲੈਕਟ੍ਰਿਕ ਵਹੀਕਲ ਰਾਹੀਂ ਮੁਫ਼ਤ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਪੰਜਾਬ ਦਾ ਪਹਿਲਾ ਪ੍ਰੋਜੈਕਟ ਹੋਵੇਗਾ।

            ਸ. ਗਿੱਲ ਨੇ ਦੱਸਿਆ ਕਿ ਰਿੰਗ ਰੋਡ-1 ਦਾ ਕੰਮ ਜੋ ਕਿ ਬਹੁਤ ਲੰਮੇ ਸਮੇਂ ਤੋਂ ਰੁਕਿਆ ਪਿਆ ਸੀ, ਨੂੰ ਵੀ ਅਸੀਂ ਹੱਲ ਕਰ ਲਿਆ ਹੈ ਅਤੇ ਅਗਸਤ ਦੀ ਅਖੀਰ ਤੱਕ ਇਸ ਨੂੰ ਚਾਲੂ ਕਰਵਾ ਕੇ ਸ਼ਹਿਰ ਦੀ ਟ੍ਰੈਫ਼ਿਕ ਸਬੰਧੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਸ਼ਹਿਰ ਨੂੰ ਨਹਿਰੀ ਪਾਣੀ ਦੀ ਸਮੱਸਿਆ ਤੋਂ ਨਿਯਾਤ ਦਿਵਾਉਣ ਲਈ ਕਰੀਬ 40 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪ੍ਰੋਜੈਕਟ ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਨਹਿਰੀ ਬੰਦੀ ਦੇ ਸਮੇਂ ਦੌਰਾਨ ਵੀ 25 ਤੋਂ 30 ਦਿਨਾਂ ਲਈ ਰਿਹਾਇਸ਼ੀ ਏਰੀਏ ਨੂੰ ਦਿੱਤੀ ਜਾਂਦੀ ਪਾਣੀ ਸਪਲਾਈ ਦਾ ਪ੍ਰਬੰਧ ਹੋ ਸਕੇਗਾ। ਬਠਿੰਡਾ ਥਰਮਲ ਦੀਆਂ 2 ਅਤੇ 3 ਨੰਬਰ ਝੀਲਾਂ ਨੂੰ ਵਾਟਰ ਗੇਮਸ ਅਤੇ ਆਸਪਾਸ ਦੀ ਜਗ੍ਹਾ ਵਿੱਚ ਫੂਡ ਪਾਰਕ ਬਣਾਇਆ ਜਾਵੇਗਾ ਅਤੇ ਥਰਮਲ ਦੇ ਟਾਵਰਾਂ ਨੂੰ ਵੀ ਸੁੰਦਰਤਾ ਵਜੋਂ ਵਿਕਸਿਤ ਕੀਤਾ ਜਾਵੇਗਾ।

          ਵਿਧਾਇਕ ਸ. ਗਿੱਲ ਨੇ ਅਵਾਰਾ ਪਸ਼ੂਆਂ ਦੇ ਹੱਲ ਲਈ ਕਿਹਾ ਕਿ ਆਉਣ ਵਾਲੇ 4-5 ਮਹੀਨਿਆਂ ਤੱਕ ਬਠਿੰਡਾ ਸ਼ਹਿਰ ਅਵਾਰਾ ਪਸ਼ੂਆਂ ਤੋਂ ਰਹਿਤ ਹੋ ਜਾਵੇਗਾ ਅਤੇ ਅਵਾਰਾ ਪਸ਼ੂਆਂ ਦੇ ਕਾਰਣ ਵਾਪਰਨ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਥਰਮਲ ਪਲਾਂਟ ਦੇ ਗਰਾਊਂਡ ਅਤੇ ਆਸਪਾਸ ਦੀ ਜਗ੍ਹਾ ਤੇ ਆਉਣ ਵਾਲੇ ਸਮੇਂ ਚ 18.30 ਕਰੋੜ ਰੁਪਏ ਦੀ ਲਾਗਤ ਨਾਲ ਇਨਡੋਰ ਸਟੇਡੀਅਮ ਅਤੇ ਸਿੰਥੈਟਿਕ ਟਰੈਕ ਤਿਆਰ ਕੀਤਾ ਜਾਵੇਗਾ।

          ਉਨ੍ਹਾਂ ਦੱਸਿਆ ਸਥਾਨਕ ਸਿਵਲ ਹਸਪਤਾਲ ਨੂੰ ਰੈਨੋਵੇਟ ਕਰਦਿਆਂ ਕਾਰਪੋਰੇਟ ਹਸਪਤਾਲਾਂ ਦੀ ਤਰ੍ਹਾਂ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿਖੇ ਨਵੀਂਆਂ ਡਾਇਲਸੈਸ ਮਸ਼ੀਨਾਂ ਲਗਵਾਈਆਂ ਗਈਆਂ ਹਨ, ਜਿੰਨ੍ਹਾਂ ਦਾ ਫ਼ਾਇਦਾ ਬਠਿੰਡਾ ਅਤੇ ਆਸਪਾਸ ਦੇ ਇਲਾਕੇ ਦੇ ਮਰੀਜ਼ਾਂ ਨੂੰ ਮਿਲ ਰਿਹਾ ਹੈ।

          ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਸ਼ਿਰਕੀ ਬਜ਼ਾਰ, ਪਾਵਰ ਹਾਊਸ ਰੋਡ, ਕਮਲਾ ਨਹਿਰੂ ਕਲੋਨੀ ਅਤੇ ਆਲਮ ਬਸਤੀ ਵਿਖੇ ਖੜ੍ਹਨ ਵਾਲੇ ਬਰਸਾਤੀ ਪਾਣੀ ਦੇ ਹੱਲ ਲਈ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਵੀ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕੌਂਸਲਰ ਸਾਹਿਬਾਨ ਨੂੰ ਪਾਣੀ ਦੇ ਨਿਕਾਸ ਲਈ ਯਤਨ ਕਰਨ ਲਈ ਕਿਹਾ ਸੀ ਅਤੇ ਹੁਣ ਦੁਬਾਰਾ ਵੀ ਕਹਿ ਰਹੇ ਹਨ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾ ਸਕੇ।


ਵਿਜੀਲੈਂਸ ਵੱਲੋਂ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਵਕੀਲ ਖ਼ਿਲਾਫ਼ ਕੇਸ ਦਰਜ



• ਮੁਲਜ਼ਮ ਵਕੀਲ ਨੇ ਐਕੁਆਇਰ ਹੋਈ ਜ਼ਮੀਨ ਦਾ ਮੁਆਵਜ਼ਾ ਜਾਰੀ ਕਰਵਾਉਣ ਬਦਲੇ ਮੰਗੇ ਸਨ 20 ਲੱਖ ਰੁਪਏ


• ਵਿਜੀਲੈਂਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ


ਚੰਡੀਗੜ੍ਹ, 6 ਜੁਲਾਈ:


ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਨਗਰ ਸੁਧਾਰ ਟਰੱਸਟ, ਅੰਮ੍ਰਿਤਸਰ ਦੇ ਸਰਕਾਰੀ ਵਕੀਲ ਗੌਤਮ ਮਜੀਠੀਆ ਖ਼ਿਲਾਫ਼ ਐਕੁਆਇਰ ਕੀਤੀ 20 ਵਿੱਘੇ ਜ਼ਮੀਨ ਦਾ ਮੁਆਵਜ਼ਾ ਜਾਰੀ ਕਰਵਾਉਣ ਬਦਲੇ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।


ਇਸ ਸਬੰਧੀ  ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਵਕੀਲ ਖ਼ਿਲਾਫ਼ ਇਹ ਕੇਸ ਜਤਿੰਦਰ ਸਿੰਘ ਵਾਸੀ ਪ੍ਰਤਾਪ ਐਵੀਨਿਊ, ਅੰਮ੍ਰਿਤਸਰ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ।


ਉਨ੍ਹਾਂ ਦੱਸਿਆ ਕਿ ਜਤਿੰਦਰ ਸਿੰਘ ਨੇ 18 ਮਈ, 2023 ਨੂੰ ਐਂਟੀ ਕੁਰੱਪਸ਼ਨ ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵੱਲੋਂ 25 ਮਾਰਚ, 2022 ਨੂੰ ਗ੍ਰਹਿਣ ਕੀਤੀ ਗਈ 20 ਵਿੱਘੇ ਜ਼ਮੀਨ ਦਾ ਵਾਧੂ ਮੁਆਵਜ਼ਾ ਜਾਰੀ ਕਰਵਾਉਣ ਬਦਲੇ ਐਡਵੋਕੇਟ ਗੌਤਮ ਮਜੀਠੀਆ ਨੇ ਉਸ ਕੋਲੋਂ 20 ਲੱਖ ਰੁਪਏ ਰਿਸ਼ਵਤ ਮੰਗੀ। ਅਦਾਲਤ ਨੇ ਉਕਤ 20 ਵਿੱਘੇ ਜ਼ਮੀਨ ਦਾ 20 ਫੀਸਦੀ ਵਾਧੂ ਮੁਆਵਜ਼ਾ ਜਤਿੰਦਰ ਸਿੰਘ ਨੂੰ ਜਾਰੀ ਕਰਨ ਦੇ ਹੁਕਮ ਕੀਤੇ ਸਨ ਅਤੇ ਜਦੋਂ ਸ਼ਿਕਾਇਤਕਰਤਾ ਨੇ ਵਾਧੂ ਮੁਆਵਜ਼ੇ ਲਈ ਉਕਤ ਐਡਵੋਕੇਟ ਕੋਲ ਪਹੁੰਚ ਕੀਤੀ ਤਾਂ ਉਸਨੇ ਮੁਆਵਜ਼ਾ ਜਾਰੀ ਕਰਵਾਉਣ ਬਦਲੇ ਉਸ ਕੋਲੋਂ 20 ਲੱਖ ਰੁਪਏ ਰਿਸ਼ਵਤ ਮੰਗੀ, ਜਿਸ ਵਿੱਚੋਂ 8 ਲੱਖ ਰੁਪਏ ਉਹ ਪਹਿਲਾਂ ਹੀ ਲੈ ਚੁੱਕਾ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਉਕਤ ਵਕੀਲ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵਿੱਚ ਐਫ.ਆਈ.ਆਰ. ਨੰ. 19  ਮਿਤੀ 04-07-2023 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਐਡਵੋਕੇਟ ਗੌਤਮ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਗਾਈਡ ਅਧਿਆਪਕ ਨਰਿੰਦਰ ਕੁਮਾਰ ਅਤੇ ਜਮਾਤ ਇੰਚਾਰਜ ਮੈਡਮ ਅਮਨਪ੍ਰੀਤ ਵਰਮਾ ਦੀ ਅਗਵਾਈ ਵਿੱਚ ਜੋਤੀ ਪੁੱਤਰੀ ਸੋਹਣ ਲਾਲ ਨੇ ਨਵੋਦਿਆਂ ਦਾਖਲਾ ਪ੍ਰੀਖਿਆ ਪਾਸ ਕਰਕੇ ਰਚਿਆ ਇਤਿਹਾਸ


ਗਾਈਡ ਅਧਿਆਪਕ ਨਰਿੰਦਰ ਕੁਮਾਰ ਅਤੇ ਜਮਾਤ ਇੰਚਾਰਜ ਮੈਡਮ ਅਮਨਪ੍ਰੀਤ ਵਰਮਾ ਦੀ ਅਗਵਾਈ ਵਿੱਚ ਜੋਤੀ ਪੁੱਤਰੀ ਸੋਹਣ ਲਾਲ ਨੇ  ਨਵੋਦਿਆਂ ਦਾਖਲਾ ਪ੍ਰੀਖਿਆ ਪਾਸ ਕਰਕੇ ਰਚਿਆ ਇਤਿਹਾਸ


ਸਕੂਲ ਪ੍ਰਬੰਧਨ ਵੱਲੋਂ ਕੀਤਾ ਗਿਆ ਸਨਮਾਨਿਤ 



ਪਿਛਲੇ ਦਿਨੀ ਨਵੋਦਿਆ ਸੰਮਤੀ ਵੱਲੋ  ਸਰਕਾਰੀ ਸਕੂਲਾਂ ਦੇ ਪੰਜਵੀਂ  ਪਾਸ ਕਰ ਚੁੱਕੇ ਵਿਦਿਆਰਥੀਆਂ ਦੀ ਕਲਾਸ ਛੇਵੀਂ ਵਿੱਚ ਦਾਖਲੇ ਲਈ ਪੂਰੇ ਪੰਜਾਬ ਵਿੱਚ ਦਾਖਲਾ ਪ੍ਰੀਖਿਆ ਲਈ  ਗਈ ਸੀ। 

ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ਼੍ਰੀ ਦੌਲਤ ਰਾਮ  ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੀ ਅਗਵਾਈ ਵਿੱਚ ਜਿਲ੍ਹਾ ਫਾਜਿਲਕਾ ਦੇ ਹਜਾਰਾ ਵਿਦਿਆਰਥੀਆਂ ਨੇ ਇਸ ਦਾਖਲਾ ਪ੍ਰੀਖਿਆ ਵਿੱਚ ਹਿੱਸਾ ਲਿਆ। ਜਿਸਦਾ ਨਤੀਜਾ ਐਲਾਨ ਦਿੱਤਾ ਗਿਆ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਸ੍ਰੀ ਅਜੇ ਕੁਮਾਰ ਜੀ ਨੇ ਦਸਿਆ ਕਿ ਗਾਈਡ ਅਧਿਆਪਕ ਅਤੇ ਜਮਾਤ ਇੰਚਾਰਜ ਦੀ  ਸਖਤ ਮਿਹਨਤ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਮੌਜਗੜ੍ਹ ਦੀ ਵਿਦਿਆਰਥਣ ਜੋਤੀ ਪੁੱਤਰੀ ਸੋਹਣ ਲਾਲ  ਨੇ ਇਹ ਪ੍ਰੀਖਿਆ ਪਾਸ ਕਰਕੇ ਆਪਣੇ  ਮਾਪਿਆਂ, ਅਧਿਆਪਕਾਂ, ਪਿੰਡ ਅਤੇ ਸਕੂਲ ਦਾ ਨਾ ਪੂਰੇ ਜਿਲ੍ਹੇ ਵਿੱਚੋਂ ਰੋਸ਼ਨ ਕੀਤਾ ਹੈ। ਸਕੂਲ ਮੁੱਖੀ ਕਮੇਟੀ ਮੈਂਬਰ ਅਤੇ ਅਧਿਆਪਕਾਂ ਵੱਲੋਂ ਬੱਚੇ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸ਼੍ਰੀ ਸਤੀਸ਼ ਮਿਗਲਾਨੀ  ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਖੂਈਆਂ ਸਰਵਰ ਨੇ ਸਮੂਹ ਸਕੂਲ ਸਟਾਫ ਅਤੇ  ਵਿਦਿਆਰਥੀ ਨੂੰ ਵਧਾਈ ਦਿੱਤੀ ਅਤੇ ਸੁਨਹਿਰੀ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ।

10 ਤੋਂ 12 ਜੁਲਾਈ ਤੱਕ ਡੀ.ਸੀ. ਦਫਤਰ ਕਾਮੇ ਰਹਿਣਗੇ ਹੜਤਾਲ ਤੇ

DC from July 10 to 12. Office workers will remain on strike



ਸਰਵ ਸੰਮਤੀ ਨਾਲ ਹੋਈ ਡੀ.ਸੀ. ਦਫਤਰ ਫਾਜ਼ਿਲਕਾ ਜਿਲ੍ਹਾ ਇਕਾਈ ਦੀ ਚੋਣ

ਫਾਜ਼ਿਲਕਾ, 06 ਜੁਲਾਈ (balraj sidhu ) ਪੰਜਾਬ ਸਰਕਾਰ ਵਿਰੁੱਧ ਡੀ.ਸੀ. ਕਰਮਚਾਰੀ ਯੂਨੀਅਨ ਦੀ ਸੂਬਾ ਬਾਡੀ ਵੱਲੋਂ ਦਿੱਤੇ 10,11,12 ਜੁਲਾਈ 2023 ਨੂੰ ਕੀਤੀ ਜਾਈ ਹੜਤਾਲ ਨੂੰ ਕਾਮਯਾਬ ਬਣਾਉਣ ਨੂੰ ਲੈ ਕੇ ਯੂਨੀਅਨ ਦੇ ਸੂਬਾ ਪ੍ਰਧਾਨ ਤਜਿੰਦਰ ਸਿੰਘ ਨੰਗਲ ਅਤੇ ਹੋਰ ਸੂਬਾ ਬਾਡੀ ਦੇ ਅਹੁਦੇਦਾਰਾਂ ਵੱਲੋਂ ਜਿਲ੍ਹਾ ਫਾਜ਼ਿਲਕਾ ਦਾ ਦੌਰਾ ਕੀਤਾ ਗਿਆ ਅਤੇ ਜਿਲ੍ਹਾ ਫਾਜ਼ਿਲਕਾ ਦੀ ਟੀਮ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੂਬਾ ਬਾਡੀ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ਼੍ਰੀਮਤੀ ਸੋਨੂ ਦੁਗਲ ਨਾਲ ਮੰਗ ਪੱਤਰ ਵੀ ਦਿੱਤਾ ਗਿਆ । ਸੂਬਾ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੂਨੀਅਨ ਦੀ ਹੱਕੀ ਮੰਗਾਂ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਸੂਬਾ ਭਰ ਦੇ ਡੀ.ਸੀ. ਦਫਤਰਾਂ ਦੇ ਮੁਲਾਜਮਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਯੂਨੀਅਨ ਦੀ ਜਾਇਜਾਂ ਮੰਗਾਂ ਨੂੰ ਮਣਨ ਤੋਂ ਬਾਅਦ ਵੀ ਪੂਰੀਆਂ ਕਰਨ ਤੋਂ ਪਿਛੇ ਹਟ ਰਹੀ ਹੈ। ਜਿਸ ਕਾਰਨ ਮਜਬੂਰ ਹੋ ਕੇ ਯੂਨੀਅਨ ਵੱਲੋਂ ਹੜਤਾਲ ਦਾ ਐਕਸ਼ਨ ਦਿੱਤਾ ਗਿਆ ਹੈ।

ਇਸ ਮੌਕੇ ਜਿਲ੍ਹਾ ਫਾਜ਼ਿਲਕਾ ਦੀ ਨਵੀਂ ਟੀਮ ਦੀ ਸਰਵ ਸੰਮਤੀ ਨਾਲ ਚੌਣ ਕੀਤੀ ਗਈ। ਜਿਸ ਵਿੱਚ ਸੁਨੀਲ ਕੁਮਾਰ ਨੂੰ ਜਿਲ੍ਹਾ ਫਾਜਿਲਕਾ ਦਾ ਪ੍ਰਧਾਨ, ਰਾਜ ਕੁਮਾਰ ਨੂੰ ਜਿਲ੍ਹਾ ਸਕੱਤਰ, ਪ੍ਰਦੀਪ ਸ਼ਰਮਾ ਨੂੰ ਵਿੱਤ ਸਕੱਤਰ, ਅਨੀਸ਼ ਕੁਮਾਰ ਨੂੰ ਵਧੀਕ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ।

ਮੀਟਿੰਗ ਵਿੱਚ ਸੂਬਾ ਜਰਨਲ ਸਕੱਤਰ ਨਰਿੰਦਰ ਸਿੰਘ ਚਿਮਾ, ਸੂਬਾ ਸਲਾਹਕਾਰ ਮੋਹਨ ਲਾਲ, ਸੂਬਾ ਮੀਤ ਪ੍ਰਧਾਨ ਅਸ਼ੋਕ ਕੁਮਾਰ, ਰੇਸ਼ਮ ਸਿੰਘ, ਗੁਰਮੀਤ ਸਿੰਘ, ਸੋਨੂੰ ਕਸ਼ਪ, ਨਿਰਮਲ ਜੀਤ ਸਿੰਘ, ਜਗਜੀਤ ਸਿੰਘ ਸਹਿਤ ਜਿਲ੍ਹਾ ਫਾਜ਼ਿਲਕਾ ਦੇ ਸਮੂਹ ਕਰਮਚਾਰੀਆਂ ਨੇ ਹਿੱਸਾ ਲਿਆ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਿੰਡ ਮਲੋਟ ਵਿਖੇ ਮਗਨਰੇਗਾ ਭਵਨ ਅਤੇ ਧਰਮਸ਼ਾਲਾ ਦਾ ਰੱਖਿਆ ਨੀਂਹ ਪੱਥਰ

Cabinet Minister Dr. Baljit Kaur laid the foundation stone of Magnarega Bhavan and Dharamshala at Malot village


56 ਲੱਖ ਦੀ ਲਾਗਤ ਨਾਲ ਛੱਪੜ ਦਾ ਵੀ ਹੋਵੇਗਾ ਨਵੀਨੀਂਕਰਨ
ਮਲੋਟ, ਸ੍ਰੀ ਮੁਕਤਸਰ ਸਾਹਿਬ
]

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ fੰਪੰਡਾਂ ਦੇ ਵਿਕਾਸ ਕਾਰਜਾਂ ਦੀ ਲੜ੍ਹੀ ਤਹਿਤ ਅੱਜ ਕੈਬਨਿਟ ਮੰਤਰੀ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ, ਔਰਤਾਂ ਅਤੇ ਬੱਚਿਆਂ ਦੀ ਸਮਾਜਿਕ ਸੁਰੱਖਿਆ ਅਤੇ ਵਿਕਾਸ ਵਿਭਾਗ ਪੰਜਾਬ ਡਾ. ਬਲਜੀਤ ਕੌਰ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡ ਮਲੋਟ ਵਿਖੇ ਬਨਣ ਵਾਲੇ ਮਗਨਰੇਗਾ ਭਵਨ ਅਤੇ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਪਿੰਡ ਦੇ ਛੱਪੜ ਦੇ ਨਵੀਨੀਕਰਨ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਉਹਨਾ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਯਤਨਸ਼ੀਲ ਹੈ ਅਤੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਣ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿਤੀ ਜਾਵੇਗੀ।
ਉਹਨਾ ਦੱਸਿਆ ਕਿ ਪਿੰਡ ਮਲੋਟ ਵਿਖੇ ਲਗਭਗ 27 ਲੱਖ ਰੁਪਏ ਦੀ ਲਾਗਤ ਨਾਲ ਮਗਨਰੇਗਾ ਭਵਨ ਅਤੇ ਧਰਮਸ਼ਾਲਾ ਦੀ ਉਸਾਰੀ ਕੀਤੀ ਜਾ ਰਹੀ ਹੈ, ਅਤੇ ਜਲਦ ਹੀ ਕੰਮ ਨੂੰ ਮੁਕੰਮਲ ਕਰ ਲਿਆ ਜਾਵੇਗਾ।ਇਸ ਧਰਮਸ਼ਾਲਾ ਦੇ ਬਨਣ ਨਾਲ ਪਿੰਡ ਦੇ ਗਰੀਬ ਵਰਗ ਲਈ ਵੱਡੀ ਸੁਵਿਧਾ ਹੋ ਜਾਵੇਗੀ ਅਤੇ ਉਹ ਆਪਣੇ ਸਮਾਜਿਕ ਕਾਰ ਵਿਹਾਰ ਇਸ ਸਾਂਝੇ ਥਾਂ ਤੇ ਕਰ ਸਕਣਗੇ।
ਇਸ ਤਰ੍ਹਾਂ ਪਿੰਡ ਦੇ ਛੱਪੜ ਦੇ ਨਵੀਨੀਂਕਰਨ ਲਈ ਵੀ 56 ਲੱਖ ਦੇ ਲਗਭਗ ਖਰਚ ਕੀਤੇ ਜਾ ਰਹੇ ਹਨ। ਉਹਨਾ ਦੱਸਿਆ ਕਿ ਇਸ ਨਵੀਨੀਂਕਰਨ ਨਾਲ ਪਿੰਡ ਦੀ ਸੁੰਦਰਤਾ ਵਿਚ ਵਾਧਾ ਹੋਵੇਗਾ ਅਤੇ ਸਾਫ ਸਫਾਈ ਰਹਿਣ ਨਾਲ ਪਿੰਡ ਵਾਸੀ ਸਿਹਤਯਾਬ ਰਹਿਣਗੇ।
ਇਸ ਮੌਕੇ ਗਗਨਦੀਪ ਸਿੰਘ ਔਲਖ, ਜ਼ਸਮੀਤ ਸਿੰਘ ਬਰਾੜ ਸਹਿਰੀ ਪ੍ਰਧਾਨ, ਗੁਰਪ੍ਰੀਤ ਸਿੰਘ ਪ੍ਰਧਾਨ ਬੀ.ਸੀ ਵਿੰਗ, ਪ੍ਰਰਮਜੀਤ ਸਿੰਘ ਗਿੱਲ ਪ੍ਰਧਾਨ ਐਸ.ਸੀ ਵਿੰਗ ਅਤੇ ਪਿੰਡ ਮਲੋਟ ਦੇ ਸੰਨੀ ਗਿੱਲ, ਜ਼ਸਵਿੰਦਰ ਕੰਗ ਅਤੇ ਮਾਤਾ ਹਰਬੰਸ ਕੌਰ ਸਮੇਤ ਸਮੂਹ ਅਹੁਦੇਦਾਰ ਤੇ ਪਾਰਟੀ ਵਰਕਰ ਹਾਜ਼ਰ ਸਨ।