Jan 17, 2023

ਹਾਈਕੋਰਟ ਵੱਲੋਂ ਗਠਿਤ ਕਮੇਟੀ ਵੱਲੋਂ ਸ਼ਰਾਬ ਫੈਕਟਰੀ ਜ਼ੀਰਾ ਦਾ ਦੌਰਾ



ਇਲਾਕੇ ਦੇ ਲੋਕਾਂ, ਕਿਸਾਨਾਂ ਤੇ ਫੈਕਟਰੀ ਦੇ ਨੁਮਾਇੰਦਿਆਂ ਦੇ ਬਿਆਨ ਕੀਤੇ ਕਲਮਬੱਧ

ਕਮੇਟੀ ਜਲਦੀ ਆਪਣੀ ਰਿਪੋਰਟ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪੇਸ਼ ਕਰੇਗੀ: ਜਸਟਿਸ (ਰਿਟਾ.) ਆਰ.ਕੇ.ਨਹਿਰੂ

ਜ਼ੀਰਾ (ਫਿਰੋਜ਼ਪੁਰ), 17 ਜਨਵਰੀ 

          ਸ਼ਰਾਬ ਫੈਕਟਰੀ ਪਿੰਡ ਮਨਸੂਰਵਾਲ ਕਲਾਂ (ਜ਼ੀਰਾ) ਸਬੰਧੀ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਗਠਿਤ ਜਸਟਿਸ ਆਰ.ਕੇ.ਨਹਿਰੂ ਅਧਾਰਤ ਕਮੇਟੀ ਜਿਸ ਵਲੋਂ ਧਰਨੇ, ਸ਼ਰਾਬ ਫੈਕਟਰੀ ਕਿਸਾਨਾਂ ਨੂੰ ਹੋ ਰਹੇ ਵਿੱਤੀ ਨੁਕਸਾਨ ਆਦਿ ਬਾਰੇ ਜਾਣਕਾਰੀ ਲੈਣ ਲਈ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ ਮਨਸੂਰਵਾਲ ਕਲਾਂ (ਸ਼ਰਾਬ ਫੈਕਟਰੀ ਜ਼ੀਰਾ) ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਕਮੇਟੀ ਮੈਂਬਰ ਐਡਵੋਕੇਟ ਸ੍ਰੀ ਬੱਬਰ ਭਾਨ ਸਮੇਤ ਹੋਰ ਸਰਕਾਰੀ ਤੇ ਗੈਰ ਸਰਕਾਰੀ ਮੈਂਬਰਾਂ  ਤੋਂ ਇਲਾਵਾ ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ, ਐਸ.ਐਸ.ਪੀ. ਸ੍ਰੀਮਤੀ ਕੰਵਰਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਕੁਮਾਰ, ਐਸ.ਡੀ.ਐਮ. ਜ਼ੀਰਾ ਸ੍ਰੀ ਗਗਨਦੀਪ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

          ਇਸ ਮੌਕੇ ਜਸਟਿਸ (ਰਿਟਾ.) ਸ੍ਰੀ ਆਰ.ਕੇ.ਨਹਿਰੂ ਅਤੇ ਕਮੇਟੀ ਮੈਂਬਰਾਂ ਵੱਲੋਂ ਇਲਾਕੇ ਦੇ ਲੋਕਾਂ, ਕਿਸਾਨ, ਜਥੇਬੰਦੀਆਂ, ਕਿਸਾਨਾਂ ਦੇ ਵਕੀਲਾਂ ਅਤੇ ਫੈਕਟਰੀ ਦੇ ਅਧਿਕਾਰੀਆ ਆਦਿ ਤੋਂ ਜਾਣਕਾਰੀ ਲਈ ਅਤੇ ਉਪਰੋਕਤ ਧਿਰਾਂ ਦੇ ਬਿਆਨ ਕਲਮਬੱਧ ਕੀਤੇ।

          ਇਸ ਮੌਕੇ ਜਸਟਿਸ (ਰਿਟਾ.) ਸ੍ਰੀ ਆਰ.ਕੇ.ਨਹਿਰੂ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਜ਼ੀਰਾ ਵਿਖੇ ਸਥਿਤ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ (ਸ਼ਰਾਬ ਫੈਕਟਰੀ) ਦਾ ਦੌਰਾ ਕੀਤਾ ਗਿਆ ਹੈ ਅਤੇ ਇਥੋਂ ਦੇ  ਕਿਸਾਨਾਂ, ਇਲਾਕਾ ਨਵਾਸੀਆਂ ਤੇ ਫੈਕਟਰੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਬੀਤੀ ਸ਼ਾਮ ਉਨ੍ਹਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਸ ਮਾਮਲੇ ਸਬੰਧੀ ਮੀਟਿੰਗ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਹ ਜਲਦੀ ਹੀ ਆਪਣੀ ਰਿਪੋਰਟ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਸੌਂਪਣਗੇ।

          ਇਸ ਮੌਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਮੈਡਮ ਅਮ੍ਰਿਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ੀਰਾ ਸਥਿਤ ਸ਼ਰਾਬ ਫੈਕਟਰੀ ਦੇ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਅੱਜ ਉਸ ਕਮੇਟੀ ਦੇ ਚੇਅਰਮੈਨ ਸ੍ਰੀ ਆਰ.ਕੇ.ਨਹਿਰੂ ਵੱਲੋਂ ਦੌਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੇਅਰਮੈਨ ਸ੍ਰੀ ਆਰ.ਕੇ.ਨਹਿਰੂ ਵੱਲੋਂ ਫੈਕਟਰੀ ਦੇ ਨੁਮਾਇੰਦਿਆਂ, ਕਿਸਾਨ ਜੱਥੇਬੰਦੀਆਂ, ਕਿਸਾਨਾਂ ਦੇ ਵਕੀਲਾਂ ਅਤੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਦੇ ਚੇਅਰਮੈਨ ਵੱਲੋਂ ਦੋਵਾਂ ਪੱਖਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਤੱਥਾ ਸਹਿਤ ਸਬੂਤ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪੇਸ਼ ਕਰਨ ਤਾਂ ਜੋ ਇਸ ਕੇਸ ਦਾ ਬਿਲਕੁਲ ਸਹੀ ਫੈਸਲਾ ਕੀਤਾ ਜਾ ਸਕੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ ਵੱਡਾ ਬਿਆਨ

video link



ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵੱਡਾ ਫੈਸਲਾ ਲੈਦਿਆਂ ਜੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਵਲੋਂ ਕੀਤੇ ਗਏ ਟਵੀਟ ਵਿਚ ਕਿਹਾ ਕਿ ਉਹ ਪੰਜਾਬ ਦੀ ਆਬੋ ਹਵਾ ਨੂੰ ਕਿਸੇ ਵੀ ਕੀਮਤ ਤੇ  ਖਰਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਜਿਹੜਾ ਵੀ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੀ ਕੋਸਿ਼ਸ਼ ਕਰੇਗਾ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ 

ਮੈਡਮ ਰੇਖਾ ਸ਼ਰਮਾ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਗਰਮ ਜਰਸੀਆ ਦਾਨ ਵੰਡੀਆਂ



ਫ਼ਾਜਿ਼ਲਕਾ, 17 ਜਨਵਰੀ (ਬਲਰਾਜ ਸਿੰਘ ਸਿੱਧੂ )

 ਬਲਾਕ ਫਾਜ਼ਿਲਕਾ 2 ਦਾ ਸਰਕਾਰੀ ਪ੍ਰਾਇਮਰੀ ਸਕੂਲ ਨੰ1ਜਿੱਥੇ ਹਰ ਖੇਤਰ ਵਿੱਚ ਮੱਲਾ ਮਾਰਦਾ ਅੱਗੇ ਵਧ ਰਿਹਾ ਹੈ।ਉੱਥੇ ਸਕੂਲ ਸਟਾਫ ਵੱਲੋਂ ਵਿਦਿਆਰਥੀਆਂ ਦੀ ਭਲਾਈ ਲਈ ਲਗਾਤਾਰ ਯਤਨ ਜਾਰੀ ਹਨ।ਇਸ ਕੜੀ ਨੂੰ ਅੱਗੇ ਵਧਾਉਂਦਿਆਂ ਸਕੂਲ ਦੀ ਅਧਿਆਪਕਾ ਮੈਡਮ ਰੇਖਾ ਸ਼ਰਮਾ ਵੱਲੋਂ ਆਪਣੇ ਬੇਟੇ ਦੀ ਕਨੇਡਾ ਵਿੱਚ ਪੜਾਈ ਪੂਰੀ ਹੋਣ ਦੀ ਖੁਸ਼ੀ ਵਿੱਚ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੂੰ ਗਰਮ ਜਰਸੀਆ ਦਾਨ ਦਿੱਤੀਆ ਗਈਆਂ। ਅੱਜ ਸਕੂਲ ਦੇ ਵਿਹੜੇ ਵਿੱਚ ਇੱਕ ਸਾਦਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਇਹ ਸੌਗਾਤ ਭੇਟ ਕੀਤੀ ਗਈ।। ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ  ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਨੀਲ ਕੁਮਾਰ ਨੇ ਕਿਹਾ ਕਿ ਸਕੂਲਾਂ ਦੀ ਨੁਹਾਰ ਬਦਲਣ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰਨ ਵਾਲੇ ਦਾਨੀ ਅਧਿਆਪਕਾਂ ਦਾ ਸਿੱਖਿਆ ਵਿਭਾਗ ਵੱਲੋਂ ਉਹ ਧੰਨਵਾਦ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਉਹਨਾਂ ਦੇ ਸਹਿਯੋਗ ਲਈ ਆਸਵੰਦ ਹਨ। ਮੈਡਮ ਰੇਖਾ ਸ਼ਰਮਾ ਨੇ ਕਿਹਾ ਕਿ ਆਪਣੇ ਇਹਨਾਂ ਨਿੱਕੇ ਵਿਦਿਆਰਥੀਆਂ ਦੀ ਮਦਦ ਕਰਕੇ ਉਹਨਾਂ ਨੂੰ ਸੱਚੀ ਖੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ। ਭਵਿੱਖ ਵਿੱਚ ਵੀ ਉਹ ਆਪਣੇ ਵਿਦਿਆਰਥੀਆਂ ਅਤੇ ਸਕੂਲ ਦੀ ਭਲਾਈ ਲਈ ਪੂਰੀ ਵੱਚਨਬੱਧਤਾ ਨਾਲ ਕੰਮ ਕਰਦੇ ਰਹਿਣਗੇ।

ਇਸ ਮੌਕੇ ਤੇ ਸੀਐਚਟੀ ਮੈਡਮ ਸੀਮਾ ਰਾਣੀ ਨੇ ਕਿਹਾ ਕਿ ਇਸ ਨੇਕ ਕਾਰਜ ਲਈ ਉਹ ਮੈਡਮ ਰੇਖਾ ਸ਼ਰਮਾ ਦਾ ਧੰਨਵਾਦ ਕਰਦੇ ਹਨ। ਜਿਹਨਾਂ ਵੱਲੋਂ ਹਮੇਸ਼ਾ ਵਧ ਚੜ ਕੇ ਸਕੂਲ ਦੇ ਵਿਦਿਆਰਥੀਆਂ ਦੀ ਮਦਦ ਕੀਤੀ ਜਾਂਦੀ ਹੈ। ਇਸ ਮੌਕੇ ਤੇ ਸਕੂਲ ਸਟਾਫ ਮੈਡਮ ਭਾਰਤੀ,ਮੈਡਮ ਸੁਮਨ ਗਾਬਾ,ਮੈਡਮ ਸੁਨੈਨਾ,ਮੈਡਮ ਜਸਪ੍ਰੀਤ ਕੌਰ,ਮੈਡਮ ਨੀਤੂ ਨਾਰਗ ਅਤੇ ਵਰਿੰਦਰ ਕੁਮਾਰ ਮੌਜੂਦ ਸਨ।

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਨੇ ਵੱਖ ਵੱਖ ਸਕੂਲਾਂ ਦਾ ਕੀਤਾ ਪ੍ਰੇਰਨਾਤਮਿਕ ਦੌਰਾ

 


ਅਬੋਹਰ/ਬੱਲੂਆਣਾ 17 ਜਨਵਰੀ ( ਬਲਰਾਜ ਸਿੰਘ ਸਿੱਧੂ )

ਸਿੱਖਿਆ ਮੰਤਰੀ ਪੰਜਾਬ  ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਸ਼ਨ 100 ਪ੍ਰਤੀਸ਼ਤ ਦੀ ਸਫ਼ਲਤਾ ਲਈ ਸਿੱਖਿਆ ਵਿਭਾਗ ਵੱਲੋਂ ਪੂਰੀ ਦ੍ਰਿੜਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ  ਐਲੀਮੈਂਟਰੀ ਦੌਲਤ ਰਾਮ ਨੇ ਸਰਕਾਰੀ ਪ੍ਰਾਇਮਰੀ ਸਕੂਲ ਚੰਨਣ ਖੇੜਾ, ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਅਮਰਪੁਰਾ, ਸਰਕਾਰੀ ਪ੍ਰਾਇਮਰੀ ਸਕੂਲ ਬਹਾਵਲ ਬਾਸੀ ਸਮੇਤ ਵੱਖ ਵੱਖ ਸਕੂਲਾਂ ਦਾ ਦੌਰਾ ਕਰਕੇ ਮਿਸ਼ਨ 100 ਪ੍ਰਤੀਸ਼ਤ, ਦਾਖਲਾ ਮੁਹਿੰਮ ਅਤੇ ਨਿਪੁੰਨ ਭਾਰਤ ਮਿਸ਼ਨ ਵਿਚ ਤੇਜ਼ੀ ਲਿਆਉਣ ਲਈ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ।



 ਉਹਨਾਂ ਨੇ ਪ੍ਰੀ ਪ੍ਰਾਇਮਰੀ ਗ੍ਰਾਂਟਾਂ ਦੀ ਸੁਚੱਜੀ ਵਰਤੋਂ ਕਰਨ ਅਤੇ ਪ੍ਰੀ ਪ੍ਰਾਇਮਰੀ ਵਿਦਿਆਰਥੀਆਂ ਨੂੰ ਵਰਦੀਆਂ ਮੁਹੱਈਆ ਕਰਵਾਉਣ ਲਈ ਕਿਹਾ। ਉਹਨਾਂ ਨੇ ਵਿਦਿਆਰਥੀਆਂ ਦੀ 100 ਪ੍ਰਤੀਸ਼ਤ ਹਾਜ਼ਰੀ ਯਕੀਨੀ ਬਣਾਉਣ ਲਈ ਪ੍ਰੇਰਿਆ। ਉਹਨਾਂ ਨੇ  ਸਮੂਹ ਅਧਿਆਪਕ  ਨੂੰ ਸਵੈ ਇੱਛਾ ਨਾਲ ਵਿਦਿਆਥੀਆਂ ਲਈ ਸਕੂਲ ਟਾਈਮ ਤੋਂ ਪਹਿਲਾਂ ਜਾਂ ਬਾਅਦ ਵਿੱਚ ਵਾਧੂ ਸਮਾਂ ਲਗਾ ਕੇ ਚੰਗੀ ਕਾਰਗੁਜਾਰੀ ਬਣਾਉਣ ਲਈ ਯਤਨ ਕਰਨ ਪ੍ਰੇਰਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨਾਲ ਸਵਾਲ ਜਵਾਬ ਕਰਦਿਆਂ ਉਹਨਾਂ ਨੂੰ ਸਖ਼ਤ ਮਿਹਨਤ ਕਰਨ ਲਈ ਕਿਹਾ।



 ਉਹਨਾਂ  ਨੇ  ਕਿਹਾ ਕਿ ਸਕੂਲਾਂ ਵਿੱਚ ਆਉਣ ਵਾਲੇ ਸੈਸ਼ਨ ਲਈ ਵੱਧ ਤੋਂ ਵੱਧ ਦਾਖ਼ਲੇ ਕੀਤੇ ਜਾਣ।ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਸੁਰਿੰਦਰ ਕੰਬੋਜ,ਸਬੰਧਿਤ ਸਕੂਲਾ ਦੇ ਸਕੂਲ ਮੁੱਖੀ ਅਤੇ ਸਟਾਫ ਅਤੇ ਮੌਜੂਦ ਸਨ

ਟਰਾਈਡੈਂਟ ਕੰਪਨੀ ਬਰਨਾਲਾ ਵਲੋਂ ਕਰਵਾਇਆ ਜਾ ਰਿਹਾ ਹੈ ਮੁਫ਼ਤ ਕਿੱਤਾ ਮੁਖੀ ਕੋਰਸ


--

ਬਰਨਾਲਾ, 17 ਜਨਵਰੀ 


ਟ੍ਰਾਈਡੈਂਟ ਇੰਡਸਟ੍ਰੀਜ਼ ਲਿਮਿਟਿਡ, ਬਰਨਾਲਾ ਵੱਲੋਂ ਦੀਨ ਦਯਾਲ ਉਪਾਧਿਆਇ ਗ੍ਰਾਮੀਣ ਕੌਸ਼ਲ ਯੋਜਨਾ ਸਕੀਮ ਅਧੀਨ ਜ਼ਿਲ੍ਹਾ ਬਰਨਾਲਾ, ਸੰਗਰੂਰ, ਬਠਿੰਡਾ, ਮਾਨਸਾ ਅਤੇ ਫਾਜ਼ਿਲਕਾ ਦੇ ਬੇਰੁਜ਼ਗਾਰ ਨੌਜਾਵਾਨਾਂ ਲਈ ਮੁਫ਼ਤ ਕਿੱਤਾ ਮੁੱਖੀ ਕੋਰਸ ਕਰਵਾਏ ਜਾ ਰਹੇ ਹਨ।


ਇਹ ਜਾਣਕਾਰੀ ਦਿੰਦਿਆਂ ਪੰਜਾਬ ਸ੍ਕਿਲ ਡਿਵੈਲਪਮੈਂਟ ਮਿਸ਼ਨ, ਬਰਨਾਲਾ ਦੇ ਮਿਸ਼ਨ ਮੈਨੇਜਰ, ਸ਼੍ਰੀ ਕਮਲਦੀਪ ਵਰਮਾ ਨੇ ਦੱਸਿਆ ਕਿ ਟਰਾਈਡੈਂਟ ਵਲੋਂ ਤਿੰਨ ਤੋਂ ਚਾਰ ਮਹੀਨੇ ਦੀ ਮੁਫਤ ਰਿਹਾਇਸ਼ੀ ਟ੍ਰੇਨਿੰਗ ਰਿੰਗ ਫਰੇਮ ਟੇਂਟਰ, ਸਿਉਇੰਗ ਮਸ਼ੀਨ ਆਪਰੇਟਰ ਅਤੇ ਚੈਕਰ / ਪੈਕਰ ਕੋਰਸਾਂ ਵਿੱਚ ਦਿੱਤੀ ਜਾ ਰਹੀ ਹੈ। ਹੁਣ ਤੱਕ ਸੈਂਕੜੇ ਹੀ ਨੌਜਵਾਨਾਂ ਨੇ ਇਸ ਸਕੀਮ ਦਾ ਲਾਭ ਉਠਾ ਕੇ ਨੌਕਰੀ ਪ੍ਰਾਪਤ ਕੀਤੀ ਹੈ ਅਤੇ ਆਪਣੇ ਤੇ ਆਪਣੇ ਪਰਿਵਾਰ ਦਾ ਜੀਵਨ ਪੱਧਰ ਉੱਚਾ ਚੁੱਕਿਆ ਹੈ। 


ਇਸ ਪ੍ਰੋਗਰਾਮ ਅਧੀਨ 18 ਤੋਂ 35 ਸਾਲ ਦੇ ਘੱਟੋ ਘੱਟ 10ਵੀਂ ਪਾਸ ਮੁੰਡੇ ਅਤੇ ਕੁੜੀਆਂ ਟਰੇਨਿੰਗ ਪ੍ਰਾਪਤ ਕਰ ਸਕਦੇ ਹਨ। ਕੋਰਸ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਇੰਡਸਟਰੀ ਵੱਲੋਂ ਨੌਕਰੀ ਦੀ ਪੇਸ਼ਕਸ਼ ਕੀਤੀ ਜਾਵੇਗੀ। ਟ੍ਰੇਨਿੰਗ ਦੌਰਾਨ ਉਮੀਦਵਾਰਾਂ ਨੂੰ ਮੁਫ਼ਤ ਰਹਿਣਾ ਅਤੇ ਖਾਣਾ-ਪੀਣਾ ਵੀ ਦਿੱਤਾ ਜਾਵੇਗਾ। ਇਸ ਟ੍ਰੇਨਿੰਗ ਦਾ ਮੁੱਖ ਮੰਤਵ ਬੇਰੁਜ਼ਗਾਰ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਹੁਨਰਮੰਦ ਤੇ ਆਤਮ-ਨਿਰਭਰ ਬਨਾਉਣਾ ਹੈ। ਚਾਹਵਾਨ ਉਮੀਦਵਾਰ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 9878997334, 9878998658 ਤੇ ਸੰਪਰਕ ਕਰ ਸਕਦੇ ਹਨ ਅਤੇ ਸ਼ਨੀਵਾਰ ਮਿਤੀ 21 ਜਨਵਰੀ ਸਵੇਰੇ 9:30 ਵਜੇ ਟ੍ਰਾਈਡੈਂਟ ਇੰਡਸਟ੍ਰੀਜ਼ ਲਿਮ, ਧੌਲਾ, ਜ਼ਿਲ੍ਹਾ ਬਰਨਾਲਾ ਵਿਖੇ ਸਾਰੇ ਸਰਟੀਫਿਕੇਟ ਅਤੇ ਤਿੰਨ ਫੋਟੋਆਂ ਲੈ ਕੇ ਜਾ ਸਕਦੇ ਹਨ।

Jan 16, 2023

ਪਲੇਸਮੈਂਟ ਕੈਂਪ 18 ਜਨਵਰੀ ਨੂੰ : ਡਿਪਟੀ ਕਮਿਸ਼ਨਰ



--ਸੇਲਜ ਅਫਸਰ, ਗੋਲਡ ਲੋਨ ਅਫਸਰ ਅਤੇ ਕਸਟਮਰ ਰਿਲੇਸ਼ਨਸ਼ਿਪ ਅਫਸਰ ਦੀਆਂ ਅਸਾਮੀਆਂ ਲਈ ਕੀਤੀ ਜਾਵੇਗੀ ਚੋਣ

          ਬਠਿੰਡਾ, 16 ਜਨਵਰੀ : ਸੂਬਾ ਸਰਕਾਰ ਦੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ਼੍ਰੀ ਸੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ 18 ਜਨਵਰੀ 2023 ਨੂੰ ਸਥਾਨਕ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਬੰਧਨ ਬੈਂਕ ਵੱਲੋਂ ਸੇਲਜ ਅਫਸਰ, ਗੋਲਡ ਲੋਨ ਅਫਸਰ ਅਤੇ ਕਸਟਮਰ ਰਿਲੇਸ਼ਨਸ਼ਿਪ ਅਫਸਰ ਦੀਆਂ ਅਸਾਮੀਆਂ ਲਈ ਚੋਣ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।

          ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰੋਜਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ 18 ਜਨਵਰੀ 2023 ਨੂੰ ਬੰਧਨ ਬੈਂਕ ਵੱਲੋਂ ਇਹਨਾਂ ਅਸਾਮੀਆਂ ਲਈ ਪ੍ਰਾਰਥੀਆਂ ਦੀ ਘੱਟੋ ਘੱਟ ਯੋਗਤਾ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਇਹਨਾਂ ਅਸਾਮੀਆਂ ਲਈ ਉਮਰ ਹੱਦ 21 ਤੋਂ 32 ਸਾਲ ਅਤੇ ਘੱਟੋ ਘੱਟ ਤਨਖਾਹ 15,000/- ਰੁਪਏ ਪ੍ਰਤੀ ਮਹੀਨਾ ਅਤੇ ਹੋਰ ਭੱਤੇ ਵੀ ਦਿੱਤੇ ਜਾਣਗੇ। ਤਜਰਬੇਕਾਰ ਪ੍ਰਾਰਥੀਆਂ ਨੂੰ ਉਹਨਾਂ ਦੇ ਤਜਰਬੇ ਅਨੁਸਾਰ ਤਨਖਾਹ ਦਿੱਤੀ ਜਾਵੇਗੀ। ਵਿਦਿਆਰਥੀ ਆਪਣੇ ਨਾਲ ਆਪਣਾ ਬਾਇਓਡਾਟਾ, ਵਿਦਿਅਕ ਯੋਗਤਾ ਦੇ ਸਰਟੀਫਿਕੇਟ ਲੈ ਕੇ ਮਿਤੀ 18 ਜਨਵਰੀ ਨੂੰ ਸਵੇਰੇ 10.00 ਵਜੇ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸਾਹਮਣੇ ਚਿਲਡਰਨ ਪਾਰਕ, ਸਿਵਲ ਲਾਈਨ, ਬਠਿੰਡਾ ਵਿਖੇ ਪਹੁੰਚ ਸਕਦੇ ਹਨ। 

ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵੱਲੋਂ ਸਮੇਂ-ਸਮੇਂ ਸਿਰ ਪਲੇਸਮੈਂਟ ਕੈਪਾਂ ਅਤੇ ਰੋਜਗਾਰ ਮੇਲਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਾਰਥੀ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇੰਨ ਕਰ ਸਕਦੇ ਹਨ। ਇਸ ਤੋਂ ਇਲਾਵਾ ਚਾਹਵਾਨ ਵਿਅਕਤੀ ਡੀ.ਬੀ.ਈ.ਈ. ਬਠਿੰਡਾ ਦੇ ਹੈਲਪਲਾਈਨ ਨੰਬਰ 99884-44133 ਨੂੰ ਆਪਣੇ ਮੋਬਾਇਲ ਤੇ ਸੇਵ ਕਰ ਲੈਣ ਤਾਂ ਜੋ ਦਫਤਰ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਸਕੀਮਾਂ ਦੀ ਜਾਣਕਾਰੀ ਮਿਲ ਸਕੇ।

ਪੰਜਾਬ ਵਿਚ ਪੀਣ ਦੇ ਪਾਣੀ ਦੇ ਪ੍ਰੋਜ਼ੈਕਟਾਂ ਤੇ ਖਰਚੇ ਜਾਣਗੇ 1963 ਕਰੋੜ ਰੁਪਏ—ਬ੍ਰਮ ਸ਼ੰਕਰ ਜਿੰਪਾ



—ਕਿਹਾ, ਸਾਲ 2022—23 ਦੌਰਾਨ ਹੁਣ ਤੱਕ ਫਸਲਾਂ ਦੇ ਖਰਾਬੇ ਦੇ ਮੁਆਵਜੇ ਵਜੋਂ ਅਤੇ ਕਿਸਾਨ ਭਲਾਈ ਲਈ ਮਾਨ ਸਰਕਾਰ ਨੇ ਵੰਡੇ 125 ਕਰੋੜ ਰੁਪਏ
—ਬੱਲੂਆਣਾ ਹਲਕੇ ਵਿਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ 53 ਕਰੋੜ ਦੇ ਪ੍ਰੋਜ਼ੈਕਟਾਂ ਦੀ ਸ਼ੁਰੂਆਤ ਕਰਵਾਈ
—ਹਲਕੇ ਵਿਚ ਪੰਜਾਬ ਸਰਕਾਰ ਕਰਵਾ ਰਹੀ ਹੈ ਵੱਡੇ ਵਿਕਾਸ ਕਾਰਜ—ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ
ਬੱਲੂਆਣਾ ( ਫਾਜਿ਼ਲਕਾ), 16 ਜਨਵਰੀ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਿੰਡਾਂ ਵਿਚ ਨਹਿਰੀ ਪਾਣੀ ਤੇ ਅਧਾਰਤ ਸਕੀਮਾਂ ਰਾਹੀਂ 1700 ਪਿੰਡਾਂ ਨੂੰ ਸਾਫ ਪੀਣ ਦਾ ਪਾਣੀ ਮੁਹੱਈਆ ਕਰਵਾਉਣ ਲਈ 1963 ਕਰੋੜ ਰੁਪਏ ਦੇ ਪ੍ਰੋੋਜੈਕਟ ਆਰੰਭੇ ਗਏ ਹਨ। ਇੰਨ੍ਹਾਂ ਵਿਚੋਂ 578 ਕਰੋੜ ਰੁਪਏ ਦਾ ਪ੍ਰੋਜੈਕਟ ਸਿਰਫ ਸਰਹੱਦੀ ਜਿ਼ਲ੍ਹੇ ਫਾਜ਼ਿਲਕਾ ਦੇ ਅਬੋਹਰ, ਬੱਲੂਆਣਾ ਅਤੇ ਖੂਈਆਂ ਸਰਵਰ ਲਈ ਹਨ। ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਸਰਹੱਦੀ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦੀ ਕੁਆਲਿਟੀ ਵਿਚ ਸੁਧਾਰ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਹੰਭਲੇ ਮਾਰੇ ਜਾ ਰਹੇ ਹਨ। ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਤੇ ਬੁਨਿਆਦੀ ਸਹੂਲਤਾਂ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਕਈ ਪ੍ਰੋਜ਼ੈਕਟ ਉਲੀਕੇ ਗਏ ਹਨ।
ਜਿੰਪਾ ਨੇ ਕਿਹਾ ਕਿ ਪਿਛਲੇ ਹਫਤੇ ਉਨ੍ਹਾਂ ਨੇ ਭੋਪਾਲ ਵਿਖੇ ਕੌਮੀ ਕਾਨਫਰੰਸ ‘ਵਾਟਰ ਵਿਜ਼ਨ 2047’ ਵਿਚ ਹਿੱਸਾ ਲੈ ਕੇ ਸਰਹੱਦੀ ਜਿ਼ਲਿ੍ਹਆਂ ਵਿਚ ਪਾਣੀ ਦੀ ਮਾੜੀ ਕੁਆਲਿਟੀ ਦਾ ਮੁੱਦਾ ਜ਼ੋਰ—ਸ਼ੋਰ ਨਾਲ ਉਠਾਇਆ ਸੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਸਰਹੱਦੀ ਜਿ਼ਲਿ੍ਹਆਂ ਵਿਚ ਪਾਣੀ ਦੀ ਕੁਆਲਿਟੀ ਦੇ ਸੁਧਾਰ ਲਈ ਕੇਂਦਰ ਸਰਕਾਰ ਪੰਜਾਬ ਨਾਲ ਸਹਿਯੋਗ ਕਰੇ ਅਤੇ ਕੇਂਦਰੀ ਫੰਡਾਂ ‘ਚੋਂ ਇੱਕ ਵੱਡਾ ਹਿੱਸਾ ਇੰਨ੍ਹਾ ਇਲਾਕਿਆਂ ਦੇ ਪਾਣੀ ਸੁਧਾਰ ਲਈ ਜਾਰੀ ਕਰੇ।
ਜਿੰਪਾ ਅੱਜ ਬੱਲੂਆਣਾ ਹਲਕੇ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਵੱਖ—ਵੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਸਬੰਧੀ ਕਰਵਾਏ ਸਮਾਗਮ ਦੌਰਾਨ ਬੋਲ ਰਹੇ ਸਨ। ਕੈਬਨਿਟ ਮੰਤਰੀ ਨੇ ਅੱਜ ਹਲਕੇ ਵਿਚ 40 ਕਰੋੜ ਰੁਪਏ ਨਾਲ ਪੀਣ ਦੇ ਪਾਣੀ ਦੀ ਸਪਲਾਈ ਲਈ ਪਾਈਪਾਂ ਪਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਜਦ ਕਿ 4 ਕਰੋੜ ਰੁਪਏ ਨਾਲ ਬਣੀ ਇਕ ਪੇਂਡੂ ਜਲ ਸਪਲਾਈ ਸਕੀਮ ਨੂੰ ਲੋਕ ਸਮਰਪਿਤ ਕੀਤਾ ਅਤੇ ਪਿੰਡ ਧਰਮ ਪੁਰਾ ਅਤੇ ਮਹਿਰਾਜਪੁਰਾ ਵਿਚ 9 ਕਰੋੜ ਨਾਲ ਬਣ ਰਹੇ ਵਾਟਰ ਵਰਕਸਾਂ ਨੂੰ ਵੀ ਲੋਕ ਸਮਰਪਿਤ ਕੀਤਾ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਿੰਨ੍ਹਾਂ ਇਲਾਕਿਆਂ ਵਿਚ ਪੀਣ ਦੇ ਪਾਣੀ ਦੀ ਗੁਣਵਤਾ ਠੀਕ ਨਹੀਂ ਹੈ ਉਥੇ ਆਰ.ਓ. ਪਲਾਂਟ ਲਗਾਉਣ ਦੀਆਂ ਸੰਭਾਵਨਾਵਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ ਅਤੇ ਹੋਰ ਵੀ ਕਈ ਜਿ਼ਲ੍ਹੇ ਜਿਵੇਂ ਬਠਿੰਡਾ ਦੇ ਕਈ ਇਲਾਕਿਆਂ ਦਾ ਜ਼ਮੀਨੀ ਪਾਣੀ ਪੀਣਯੋਗ ਨਹੀਂ ਹੈ। ਪਾਣੀ ਵਿਚ ਹੈਵੀ ਮੈਟਲ ਅਤੇ ਯੂਰੇਨੀਅਮ ਵਰਗੇ ਤੱਤ ਪਾਏ ਜਾ ਰਹੇ ਹਨ ਜਿਸ ਕਰਕੇ ਬਹੁਤ ਸਾਰੇ ਲੋਕ ਕੈਂਸਰ ਨਾਲ ਜੂਝ ਰਹੇ ਹਨ। ਛੋਟੇ—ਛੋਟੇ ਬੱਚਿਆਂ ਦੇ ਵਾਲ ਸਫੇਦ ਹੋ ਰਹੇ ਹਨ ਅਤੇ ਹੋਰ ਵੀ ਕਈ ਬਿਮਾਰੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿਚ ਮਾਨ ਸਰਕਾਰ ਬਹੁਤ ਸਾਰਾ ਕੰਮ ਕਰ ਰਹੀ ਹੈ ਅਤੇ ਅੱਜ ਸ਼ੁਰੂ ਕੀਤੇ ਪ੍ਰੋਜ਼ੈਕਟ ਇੰਨ੍ਹਾਂ ਕੰਮਾਂ ਦਾ ਹੀ ਇਕ ਹਿੱਸਾ ਹੈ।
ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਇਸ ਮੌਕੇ ਦੱਸਿਆ ਕਿ ਰਾਜ ਸਰਕਾਰ ਨੇ ਇਸ ਸਾਲ ਕੋਈ 125 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਾ ਮੁਆਵਜਾ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਲਈ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੱਲੂਆਣਾ ਹਲਕੇ ਦੇ ਕਿਸਾਨਾਂ ਲਈ 2020 ਵਿਚ ਫਸਲਾਂ ਦੇ ਹੋਏ ਖਰਾਬੇ ਦਾ ਮੁਆਵਜਾ ਮੰਜੂਰ ਹੋ ਚੁੱਕਾ ਹੈ ਅਤੇ ਇਹ ਮੁਆਵਜਾ ਲੋਕਾਂ ਨੂੰ ਵੰਡਨ ਲਈ ਜਲਦ ਹੀ ਮੁੱਖ ਮੰਤਰੀ ਸ: ਭਗਵੰਤ ਮਾਨ ਹਲਕੇ ਦਾ ਦੌਰਾ ਕਰਨਗੇ। ਕੈਬਨਿਟ ਮੰਤਰੀ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਰਹੀ ਹੈ।
ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਕਿਹਾ ਕਿ ਬੱਲੂਆਣਾ ਹਲਕਾ ਪਿੱਛਲੀਆਂ ਸਰਕਾਰਾਂ ਸਮੇਂ ਭੇਦਭਾਵ ਦਾ ਸ਼ਿਕਾਰ ਰਿਹਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਨੇ ਹਲਕੇ ਵਿਚ ਛਿਪੀ ਬੇਰੁਜਗਾਰੀ ਦੇ ਹਲ ਲਈ ਸਹਾਇਕ ਕਿੱਤੇ ਅਤੇ ਲਘੂ ਉਦਯੋਗ ਸ਼ੁਰੂ ਕਰਵਾਉਣ ਦੀ ਗੱਲ ਵੀ ਆਖੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹਲਕੇ ਦੀ ਪ੍ਰਮੁੱਖ ਰਾਮਸਰਾ ਨਹਿਰ ਨੂੰ ਪੱਕਾ ਕਰਨ ਲਈ 9.5 ਕਰੋੜ ਰੁਪਏ ਪ੍ਰਵਾਨ ਕੀਤੇ ਹਨ ਅਤੇ 5 ਹੋਰ ਆਮ ਆਦਮੀ ਕਲੀਨਿਕ ਵੀ ਹਲਕੇ ਵਿਚ ਖੁੱਲਣ ਜਾ ਰਹੇ ਹਨ। ਇਸ ਤੋਂ ਬਿਨ੍ਹਾਂ 15.38 ਕਰੋੜ ਨਾਲ ਹਲਕੇ ਦੇ ਪਿੰਡ ਸੁਖਚੈਨ ਵਿਚ ਸਰਕਾਰੀ ਕਾਲਜ ਦਾ ਨਿਰਮਾਣ ਵੀ ਪੰਜਾਬ ਸਰਕਾਰ ਕਰਵਾ ਰਹੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਮਨਦੀਪ ਕੌਰ, ਐਸਡੀਐਮ ਸ੍ਰੀ ਅਕਾਸ਼ ਬਾਂਸਲ, ਕਾਰਕਜਾਰੀ ਇੰਜਨੀਅਰ ਜਲ ਸਪਲਾਈ ਸ੍ਰੀ ਅੰਮ੍ਰਿਤਦੀਪ ਸਿੰਘ ਭੱਠਲ, ਸ੍ਰੀ  ਕੁਲਦੀਪ ਕੁਮਾਰ ਦੀਪ ਕੰਬੋਜ਼ (ਅਬੋਹਰ), ਸ੍ਰੀ  ਕਰਨ ਗਿਲਹੋਤਰਾ, ਸ੍ਰੀ  ਉਪਕਾਰ ਸਿੰਘ ਜਾਖੜ, ਸ੍ਰੀ  ਧਰਮਵੀਰ ਗੋਦਾਰਾ, ਸ੍ਰੀ  ਮਨੋਜ਼ ਗੋਦਾਰਾ, ਸ੍ਰੀ  ਅੰਗਰੇਜ਼ ਸਿੰਘ, ਸ੍ਰੀ  ਬਲਦੇਵ ਸਿੰਘ, ਸ੍ਰੀ  ਸੁਖਵਿੰਦਰ ਸਿੰਘ ਆਦਿ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਹਾਜਰ ਸਨ।