Jan 19, 2023

ਮੁਫ਼ਤ ਸਕਿੱਲ ਕੋਰਸਾਂ ਲਈ ਦਾਖ਼ਲੇ ਸ਼ੁਰੂ : ਵਧੀਕ ਡਿਪਟੀ ਕਮਿਸ਼ਨਰ



       ਬਠਿੰਡਾ,

: ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਗਰੀਬ ਨੌਜਵਾਨ ਲੜਕੇ-ਲੜਕੀਆਂ ਲਈ ਮੁਫ਼ਤ ਕਿੱਤਾ ਮੁਖੀ ਕੋਰਸ ਕਰਵਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਮੁਫ਼ਤ 'ਚ ਸਕਿੱਲ ਸਿਖਲਾਈ ਦੇਣ ਉਪਰੰਤ ਉਨ੍ਹਾਂ ਨੂੰ ਸਵੈ ਰੋਜ਼ਗਾਰ ਦੇ ਕਾਬਿਲ ਬਣਾਇਆ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਰੁਪਿੰਦਰਪਾਲ ਸਿੰਘ ਨੇ ਸਾਂਝੀ ਕੀਤੀ।

          ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਨੈਸ਼ਨਲ ਅਰਬਨ ਲਾਇਵਲੀ ਹੁੱਡ ਮਿਸ਼ਨ ਯੋਜ਼ਨਾ ਅਧੀਨ ਕਈ ਸੈਂਟਰਾਂ ਵਿਚ ਵੱਖ-ਵੱਖ ਕੋਰਸਾਂ ਜਿਵੇਂ ਕਿ ਜਨਰਲ ਪੈਲੰਬਰ, ਸ਼ੋਸ਼ਲ ਮੀਡੀਆ ਐਕਸਕਲਿਊਟਿਵ, ਸੈਲਫ਼ ਇੰਪਲਾਈਡ ਟੇਲਰ, ਸੀਸੀਟੀਵੀ ਇਨਸਟਾਲੇਸ਼ਨ ਟੈਕਨੀਸ਼ੀਅਨ, ਕਸਟਮਰ ਕੇਅਰ ਐਕਸਕਲਿਊਟਿਵ ਅਤੇ ਡਾਈਟ ਅਸਿਸਟੈਂਟ ਦੀ ਮੁਫ਼ਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

          ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਕੋਰਸਾਂ ਵਿਚ ਦਾਖਲਾ ਲੈਣ ਦੀ ਯੋਗਤਾ ਕੋਰਸ ਅਨੁਸਾਰ ਵੱਖ-ਵੱਖ ਹੈI ਇਹ ਕੋਰਸ ਕਰਨ ਉਪਰੰਤ ਸਰਕਾਰ ਵੱਲੋਂ ਸਕਿੱਲ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਅਤੇ ਰੋਜ਼ਗਾਰ ਪ੍ਰਾਪਤੀ ਵਿਚ ਮਦਦ ਵੀ ਕੀਤੀ ਜਾਵੇਗੀI ਉਨ੍ਹਾਂ ਇਹ ਵੀ ਦੱਸਿਆ ਕਿ ਟ੍ਰੇਨਿੰਗ ਦੌਰਾਨ ਕਿਤਾਬਾਂ, ਬੈਗ ਅਤੇ ਵਰਦੀ ਆਦਿ ਮੁਫ਼ਤ ਦਿੱਤੇ ਜਾਣਗੇ I

          ਚਾਹਵਾਨ ਨੌਜਵਾਨ ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਦਫਤਰ, ਨੇੜੇ ਚਿਲਡਰਨ ਪਾਰਕ, ਸਿਵਲ ਲਾਈਨਜ਼, ਬਠਿੰਡਾ ਵਿਖੇ ਸੰਪਰਕ ਜਾਂ https://tinyurl.com/3hrktzze  ਲਿੰਕ ਤੇ ਰਜਿਸਟਰ ਕੀਤਾ ਜਾ ਸਕਦਾ ਹੈ I

Jan 18, 2023

ਲੋਕ ਸੰਪਰਕ ਵਿਭਾਗ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਧਾਰਮਿਕ ਸਮਾਗਮ

 



• ਕੈਬਨਿਟ ਮੰਤਰੀ ਹਰਪਾਲ ਚੀਮਾ, ਅਮਨ ਅਰੋੜਾ ਅਤੇ ਕੁਲਦੀਪ ਧਾਲੀਵਾਲ ਹੋਏ ਸ਼ਾਮਿਲ


ਚੰਡੀਗੜ੍ਹ, 18 ਜਨਵਰੀ:

ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਨਵੇਂ ਵਰ੍ਹੇ ਦੀ ਆਮਦ 'ਤੇ ਸਰਬੱਤ ਦੇ ਭਲੇ ਦੀ ਅਰਦਾਸ-ਜੋਦੜੀ ਨੂੰ ਸਮਰਪਿਤ ਧਾਰਮਿਕ ਸਮਾਗਮ ਸੁਖਮਨੀ ਸਾਹਿਬ ਦੇ ਪਾਠ ਅਤੇ ਸ਼ਬਦ ਕੀਰਤਨ ਦੇ ਰੂਪ ਵਿੱਚ ਪੂਰਨ ਸ਼ਰਧਾ ਨਾਲ ਕਰਵਾਏ ਗਏ।


ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ, ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ, ਖੇਤੀਬਾੜੀ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ, ਪ੍ਰਮੁੱਖ ਸਕੱਤਰ ਸੂਚਨਾ ਤੇ ਲੋਕ ਸੰਪਰਕ ਸ੍ਰੀ ਰਾਹੁਲ ਭੰਡਾਰੀ, ਡਾਇਰੈਕਟਰ ਸ੍ਰੀਮਤੀ ਸੋਨਾਲੀ ਗਿਰਿ, ਵਧੀਕ ਡਾਇਰੈਕਟਰ (ਪ੍ਰਸ਼ਾਸਨ) ਸ੍ਰੀ ਸੰਦੀਪ ਸਿੰਘ ਗੜ੍ਹਾ, ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਕਮਿਊਨੀਕੇਸ਼ਨ ਸ੍ਰੀ ਨਵਨੀਤ ਸਿੰਘ ਵਧਵਾ ਤੋਂ ਇਲਾਵਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਪੰਜਾਬ ਸਿਵਲ ਸਕੱਤਰੇਤ ਦੇ ਸਟਾਫ਼ ਨੇ ਇਸ ਸਮਾਗਮ ਵਿੱਚ ਭਰਵੀਂ ਹਾਜ਼ਰੀ ਲਗਵਾਈ।


ਸਭ ਤੋਂ ਪਹਿਲਾਂ ਭਾਈ ਕਸ਼ਮੀਰ ਸਿੰਘ ਜੀ ਦੀ ਅਗਵਾਈ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿੱਚ ਕਰਵਾਉਣ ਉਪਰੰਤ ਭਾਈ ਤੇਜਿੰਦਰ ਸਿੰਘ ਸ਼ਿਮਲਾ ਵਾਲਿਆਂ ਦੇ ਰਾਗੀ ਜੱਥੇ  ਵੱਲੋਂ ਮਨੋਹਰ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।


ਇਸ ਉਪਰੰਤ ਵਿਭਾਗ ਵਲੋਂ ਲਾਏ ਗਏ ਗੁਰੂ ਕੇ ਲੰਗਰ ਵਿੱਚ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਤੇ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਲਕਾ ਧਰਮਕੋਟ ਤੋਂ ਵਿਧਾਇਕ ਸ੍ਰੀ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਬਾਕੀ ਸੰਗਤ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ।


ਇਸ ਸਮਾਗਮ ਵਿਚ ਪੱਤਰਕਾਰ ਭਾਈਚਾਰਾ, ਪੰਜਾਬ ਸਿਵਲ ਸਕੱਤਰੇਤ-1, ਪੰਜਾਬ ਸਿਵਲ ਸਕੱਤਰੇਤ-2 ਦੇ ਵੱਖ-ਵੱਖ ਵਿਭਾਗਾਂ ਅਤੇ ਪੰਜਾਬ ਵਿਧਾਨ ਸਭਾ ਦੇ ਸਟਾਫ਼ ਸਮੇਤ ਡੀ.ਆਈ.ਪੀ.ਆਰ. ਦੇ ਸੇਵਾਮੁਕਤ ਅਧਿਕਾਰੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਸਰਕਾਰੀ ਸਕੂਲ ਕਲਰ ਖੇੜਾ ਵਿਖੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ

 


ਫਾਜ਼ਿਲਕਾ, 18 ਜਨਵਰੀ
ਸੁਰੱਖਿਅਤ ਪੰਜਾਬ—ਸੋਹਣਾ ਪੰਜਾਬ ਤਹਿਤ ਸੜਕ ਸੁਰੱਖਿਆ ਸਪਤਾਹ ਦੇ ਮੱਦੇਨਜਰ ਸਕੂਲਾਂ ਵਿਖੇ ਵਿਦਿਆਰਥੀਆਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਹਿਤ ਮੁਕਾਬਲਿਆਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਰ ਖੇੜਾ ਵਿਖੇ ਵਿਦਿਆਰਥੀਆਂ ਨੂੰ ਵੱਖ—ਵੱਖ ਸੜਕੀ ਨਿਯਮਾਂ ਦੇ ਪੋਸਟਰਾਂ ਰਾਹੀਂ ਪ੍ਰੇਰਿਤ ਕੀਤਾ ਗਿਆ। ਇਨਾਂ ਪੋਸਟਰਾਂ ਵਿਚ ਵਿਦਿਆਰਥੀਆਂ ਵੱਲੋਂ ਲਾਲ ਬਤੀ, ਪੀਲੀ ਬਤੀ, ਹਰੀ ਬਤੀ ਸਮੇਤ ਹੋਰ ਟਰੈਫਿਕ ਨਿਯਮ ਤੇ ਚਿੰਨ ਪੋਸਟਰਾਂ ਵਿਚ ਦਰਸ਼ਾਏ ਗਏ।

ਡੈਮੋਕਰੈਟਿਕ ਟੀਚਰਜ਼ ਫਰੰਟ ਵਲੋਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸ਼ੰਘਰਸ਼ ਦੀ ਹਮਾਇਤ ਦਾ ਅੇੈਲਾਨ



15 ਤੋਂ 22 ਜਨਵਰੀ ਦੇ ਅਰਥੀ ਫੂਕ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ ਡੀ ਟੀ ਅੇੈੱਫ ਦੇ ਵਰਕਰ

ਸੰਗਰੂਰ, 18 ਜਨਵਰੀ, 
: ਡੈਮੋਕਰੈਟਿਕ ਟੀਚਰਜ਼ ਫਰੰਟ ਵਲੋਂ ਪੁਰਾਣੀ ਪੈਨਸ਼ਨ ਸਕੀਮ ਦੇ ਮਸਲੇ 'ਤੇ ਕੇਂਦਰੀ ਭਾਜਪਾ ਸਰਕਾਰ ਵੱਲੋਂ ਗਿਣਮਿੱਥ ਕੇ ਪੁਰਾਣੀ ਪੈਨਸ਼ਨ ਦੀ ਮੁੜ ਬਹਾਲੀ ਖਿਲਾਫ ਕੇਂਦਰੀ ਮੰਤਰੀਆਂ ਅਤੇ ਨੀਤੀਕਾਰਾਂ ਰਾਹੀਂ ਕੀਤੇ ਜਾ ਰਹੇ ਦੁਸ਼ਪ੍ਰਚਾਰ ਅਤੇ ਪੰਜਾਬ ਸਰਕਾਰ ਵਲੋਂ ਪੈਨਸ਼ਨ ਬਹਾਲ ਕਰਨ ਦੇ ਕੀਤੇ ਡਰਾਮੇ ਖਿਲਾਫ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵਲੋਂ ਛੇੜੇ ਸ਼ੰਘਰਸ਼ ਦੀ ਹਮਾਇਤ ਕਰਦਿਆਂ ਇਸ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਅੇੈਲਾਨ ਕੀਤਾ ਹੈ।

ਇਸ ਸਮੇਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਡੀ ਟੀ ਅੇੈੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਸੂਬਾ ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਨੋਟੀਫਿਕੇਸ਼ਨ ਮਹਿਜ਼ ਇਕ ਸਿਆਸੀ ਜੁਮਲਾ ਸਾਬਿਤ ਹੋ ਰਿਹਾ ਹੈ। ਦੂਜੇ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਦੀ ਮੁੜ ਬਹਾਲੀ ਖ਼ਿਲਾਫ਼ ਲਗਾਤਾਰ ਦੁਸ਼ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਵੱਲੋਂ 15 ਜਨਵਰੀ ਤੋਂ 22 ਜਨਵਰੀ ਜ਼ਿਲ੍ਹਾ/ਬਲਾਕ ਪੱਧਰ ਤੇ ਮੋਦੀ ਸਰਕਾਰ ਦੇ ਪੁਤਲੇ ਫੂਕਣ ਦੇ ਅਤੇ 29 ਜਨਵਰੀ ਨੂੰ ਫਗਵਾੜਾ ਵਿਖੇ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਰਿਹਾਇਸ਼ ਵੱਲ ਸੂਬਾ ਪੱਧਰੀ ਰੋਸ ਮਾਰਚ ਦਾ ਅਤੇ ਜੇਕਰ ਪੰਜਾਬ ਸਰਕਾਰ ਨਵੀਂ ਪੈਨਸ਼ਨ ਸਕੀਮ ਨੂੰ ਮੁਕੰਮਲ ਵਾਪਸ ਲੈਣ ਅਤੇ ਪੈਨਸ਼ਨ ਐਕਟ 1972 ਅਧਾਰਿਤ ਪੁਰਾਣੀ ਪੈਨਸ਼ਨ ਦੇ ਸਮੁੱਚੇ ਲਾਭਾਂ ਦੀ ਗਰੰਟੀ ਕਰਦਾ ਸਪੱਸ਼ਟ ਅਤੇ ਸਮਾਂਬੱਧ ਵਿਧੀ ਵਿਧਾਨ ਜਾਰੀ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵਿਰੁੱਧ ਵੀ ਤਿੱਖਾ ਸੰਘਰਸ਼ ਕਰਕੇ ਸਰਕਾਰ ਦੇ ਸਿਆਸੀ ਜੁਮਲੇ ਦਾ ਪਰਦਾਫਾਸ਼ ਕੀਤਾ ਜਾਵੇਗਾ। 

ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸਯੁੰਕਤ ਸਕੱਤਰ ਦਲਜੀਤ ਸਫੀਪੁਰ, ਸੂਬਾ ਕਮੇਟੀ ਮੈਂਬਰ ਮੇਘ ਰਾਜ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਜ਼ਿਲ੍ਹਾ ਜਨਰਲ ਸਕੱਤਰ ਅਮਨ ਵਸ਼ਿਸ਼ਟ, ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ, ਖਜਾਨਚੀ ਗੁਰਜੀਤ ਸ਼ਰਮਾ, ਕਮਲਜੀਤ ਘੋੜੇਨਾਬ, ਦੀਨਾਨਾਥ, ਕੁਲਵੰਤ ਖਨੌਰੀ, ਰਾਜ ਸੈਣੀ, ਰਵਿੰਦਰ ਦਿੜ੍ਹਬਾ, ਰਮਨ ਗੋਇਲ, ਮਨਜੀਤ ਲਹਿਰਾ, ਡਾ. ਗੌਰਵਜੀਤ, ਕੰਵਰਜੀਤ ਸਿੰਘ, ਦੀਪਕ ਕੁਮਾਰ, ਗੁਰਦੀਪ ਚੀਮਾ, ਸੁਖਵਿੰਦਰ ਸੁਖ, ਗੁਰਜੰਟ ਸਿੰਘ ਲਹਿਲ ਕਲਾਂ, ਸੁਖਬੀਰ ਸਿੰਘ ਆਦਿ ਆਗੂਆਂ ਵੱਲੋਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸ਼ੰਘਰਸ਼ ਦੀ ਹਮਾਇਤ ਕੀਤੀ ਅਤੇ ਸ਼ੰਘਰਸ਼ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ।

ਜਿ਼ਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਕਤਲ ਦੇ ਦੋਸ਼ੀ ਨੂੰ ਸੁਣਾਈ ਉਮਰ ਕੈਦ ਦੀ ਸਜਾ


ਫਾਜਿ਼ਲਕਾ, 18 ਜਨਵਰੀ
ਮਾਣਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਅੱਜ ਕਤਲ ਦੇ ਇਕ ਕੇਸ ਵਿਚ ਦੋਸ਼ੀ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਉਕਤ ਕੇਸ ਵਿਚ ਥਾਣਾ ਸਦਰ ਅਬੋਹਰ ਵਿਚ ਐਫਆਈਆਰ ਨੰਬਰ 126 ਮਿਤੀ 27 ਅਗਸਤ 2022 ਅਧੀਨ ਧਾਰਾ 302, 34 ਆਈਪੀਸੀ ਦਰਜ ਕੀਤੀ ਗਈ ਸੀ। ਜਿਸ ਅਨੁਸਾਰ ਦੋਸ਼ੀ ਸਤੀਸ ਕੁਮਾਰ ਵਾਸੀ ਪਿੰਡ ਰਾਏ ਪੁਰਾ ਨੇ ਇਕ ਹੋਰ ਨਾਬਾਲਿਗ ਨਾਲ ਮਿਲ ਕੇ ਪਿੰਡ ਦੇ ਇਕ ਸੋਨੂੰ ਨਾਂਅ ਦੇ ਮੁੰਡੇ ਨੂੰ ਨਹਿਰ ਵਿਚ ਸੁੱਟ ਕੇ ਮਾਰ ਦਿੱਤਾ ਸੀ।ਇਸ ਕੇਸ ਵਿਚ ਸਰਕਾਰੀ ਵਕੀਲ ਆਰ ਐਸ ਜ਼ੋਸਨ ਅਤੇ ਉਨ੍ਹਾਂ ਦੇ ਸਹਿਯੋਗੀ ਮਹਾਵੀਰ ਭਾਟੀਵਾਲ ਮ੍ਰਿਤਕ ਦੇ ਪਰਿਵਾਰ ਵੱਲੋਂ ਪੈਰਵੀ ਕਰ ਰਹੇ ਸਨ ਅਤੇ ਉਪਲਬੱਧ ਸਬੂਤਾਂ ਦੇ ਅਧਾਰ ਤੇ ਮਾਣਯੋਗ ਜਿ਼ਲਾ ਅਤੇ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਦੋੋਸ਼ੀ ਨੂੰ ਉਮਰ ਕੈਦ ਦੀ ਸਜਾ ਅਤੇ 10 ਹਜਾਰ ਰੁਪਏ ਜ਼ੁਰਮਾਨੇ ਦੀ ਸਜਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਤੇ ਇਕ ਸਾਲ ਹੋਰ ਜ਼ੇਲ੍ਹ ਵਿਚ ਰਹਿਣਾ ਪਵੇਗਾ।

ਕਿਸਾਨ ਫਸਲੀ ਵਿਭਿੰਨਤਾ ਅਤੇ ਸਹਾਇਕ ਕਿੱਤੇ ਅਪਨਾਉਣ ਤਾਂ ਵੱਧ ਸਕਦੀ ਹੈ ਆਮਦਨ—ਸੇਨੂੰ ਦੁੱਗਲ



—ਡਿਪਟੀ ਕਮਿਸ਼ਨਰ ਨੇ ਅਲਿਆਣਾ ਪਿੰਡ ਦੇ ਕਿਸਾਨਾਂ ਦੇ ਖੇਤਾਂ ਦਾ ਕੀਤਾ ਦੌਰਾ
ਫਾਜਿ਼ਲਕਾ, 18 ਜਨਵਰੀ
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ  ਨੇ ਪਿੰਡ ਅਲਿਆਣਾ ਦੇ ਪ੍ਰਗਤੀਸ਼ੀਲ ਕਿਸਾਨ ਕਰਨੈਲ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਇੱਥੇ ਹੋਰ ਪ੍ਰਗਤੀਸ਼ੀਲ ਕਿਸਾਨਾਂ ਨਾਲ ਗਲਬਾਤ ਕੀਤੀ। ਉਨ੍ਹਾਂ ਨੇ ਇੱਥੇ ਕਿਸਾਨਾਂ ਵੱਲੋਂ ਸੇਮ ਪ੍ਰਭਾਵਿਤ ਇਲਾਕੇ ਵਿਚ ਕੀਤੇ ਜਾ ਰਹੇ ਮੱਛੀ ਪਾਲਣ ਬਾਰੇ ਜਾਣਕਾਰੀ ਹਾਸਲ ਕੀਤੀ।
ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਨ ਨੇ ਪ੍ਰਗਤੀਸ਼ੀਲ ਕਿਸਾਨਾਂ ਵੱਲੋਂ ਨਵੇਂ ਢੰਗ ਨਾਲ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੀ ਸਲਾਹ ਨਾਲ ਕੀਤੀ ਜਾ ਰਹੀ ਖੇਤੀ ਲਈ ਉਨ੍ਹਾਂ ਦੀ ਸਲਾਘਾ ਕੀਤੀ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ੇਕਰ ਕਿਸਾਨ ਵੀਰ ਫਸਲੀ ਵਿਭਿੰਨਤਾ ਅਪਨਾਉਣ ਅਤੇ ਸਹਾਇਕ ਕਿੱਤੇ ਵੀ ਨਾਲ ਦੀ ਨਾਲ ਕਰਨ ਤਾਂ ਕਿਸਾਨਾਂ ਦੀ ਆਮਦਨ ਵੱਧ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਵੱਖ ਵੱਖ ਵਿਭਾਗ ਵੀ ਇਸ ਕੰਮ ਵਿਚ ਕਿਸਾਨਾਂ ਦੀ ਮਦਦ ਕਰਦੇ ਹਨ।



ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੱਛੀ ਪਾਲਣ ਕਿਸਾਨਾਂ ਲਈ ਇਕ ਬਹੁਤ ਹੀ ਲਾਭਕਾਰੀ ਕਿੱਤਾ ਸਾਬਿਤ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸੇਮ ਮਾਰੀਆਂ ਜਮੀਨਾਂ ਵਿਚ ਝੀਂਗਾ ਪਾਲਣ ਕਰਕੇ ਅਨੇਕਾਂ ਕਿਸਾਨ ਬਹੁਤ ਸ਼ਾਨਦਾਰ ਆਮਦਨ ਲੈ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਉਪਜ ਸਿੱਧੀ ਮਾਰਕਿਟ ਵਿਚ ਵੇਚਣ ਦੀ ਬਜਾਏ ਉਸ ਦਾ ਮੁੱਲ ਵਾਧਾ ਕਰਨ ਅਤੇ ਸਿੱਧੇ ਗ੍ਰਾਹਕਾਂ ਤੱਕ ਪੁੱਜਦੇ ਕਰਨ ਦੇ ਮਾਡਲ ਦੀ ਵਰਤੋਂ ਕਰਨ ਤਾਂ ਇਸ ਤਰੀਕੇ ਨਾਲ ਕਿਸਾਨਾਂ ਦੀ ਆਮਦਨ ਵਿਚ ਆਈ ਖੜੋਤ ਟੁੱਟ ਸਕਦੀ ਹੈ।
ਇਸ ਮੌਕੇ ਕਿਸਾਨ ਕਰਨੈਲ ਸਿੰਘ ਨੇ ਆਪਣੇ ਸਫਲਤਾ ਦੇ ਤਜਰਬੇ ਸਾਂਝੇ ਕੀਤੇ ਅਤੇ ਮੱਛੀ ਪਾਲਣ, ਕਨੋਲਾ ਸਰੋਂ ਅਤੇ ਹੋਰ ਫਸਲਾਂ ਦੀ ਕੀਤੀ ਜਾ ਰਹੀ ਕਾਸਤ ਬਾਰੇ ਹਾਜਰੀਨ ਨੂੰ ਜਾਣਕਾਰੀ ਦਿੱਤੀ।
ਇਸ ਮੌਕੇ ਮੱਛੀ ਅਫ਼ਸਰ ਕੋਕਮ ਕੌਰ ਵੀ ਹਾਜਰ ਸਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਵਿਚ ਹੋਈਆਂ ਵਿਚਾਰਾਂ

 


ਫ਼ਾਜਿ਼ਲਕਾ 18 ਜਨਵਰੀ (ਬਲਰਾਜ ਸਿੰਘ ਸਿੱਧੂ )

-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਚੱਕਪੱਖੀ ਦੀ ਪ੍ਰਧਾਨਗੀ ਚਿਵ ਹੇਠ ਹੋਈ। ਜਿਸ ਵਿਚ ਬਲਾਕ ਪ੍ਰਧਾਨ ਖੂਈਆਂ ਸਰਵਰ, ਬਲਾਕ ਪ੍ਰਧਾਨ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਦੇ ਬਲਾਕ ਦੇ ਅਹੁਦੇਦਾਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੀਟਿੰਗ ਵਿਚ ਜੁਮਲਾ ਮੁਸਤਰਕਾ ਮਾਲਕਨ ਜ਼ੀਮਲਾਂ ਦੇ ਝਗੜੇ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਜਿਸ ਨੂੰ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੰਨ ਲਿਆ ਗਿਆ ਸੀ ਪਰ ਅਬੋਹਰ ਦੇ ਐਸ.ਡੀ.ਐਮ. ਵਲੋਂ ਜੁਮਲਾ ਮੁਸਤਕਰਾ ਮਾਲਕ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬਦਸਤੂਰ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਖਿਲਾਫ਼ ਜਥੇਬੰਦੀ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ।