punjabfly

Jan 13, 2020

ਕਿਵੇਂ ਰੱਖਿਆ ਪਿੰਡ ਦਾ ਨਾਂਅ-2


(ਲੜੀ ਜੋੜਣ ਲਈ ਪਿਛਲਾ ਬਲਾਗ ਦੇਖੋ)- ਕਈ ਪਿੰਡਾਂ ਨਾਲ ‘ਭੈਣੀ’ ਲਾਇਆ ਜਾਂਦਾ ਹੈ। ਦਰਅਸਲ ਭੈਣੀ ਦਾ ਮਤਲਬ ਹੁੰਦਾ ਹੈ ‘ਬਹਿਣਾ’, ਜਦੋਂ ਲੋਕ ਵੱਸ ਗਏ ਤਾਂ ਪਿੰਡ ਦੇ ਨਾਂਅ ਨਾਲ ‘ਭੈਣੀ’ ਲੱਗ ਗਿਆ। ਜਿਵੇਂ ਰੇਤੇ ਵਾਲੀ ਭੈਣੀ, ਦਿਲਾਵਰ ਭੈਣੀ। ਕਈ ਪਿੰਡਾਂ ਦੇ ਨਾਂਅ ‘ਗੱਟੀ’ ਦੇ ਨਾਂਅ ਤੇ ਹਨ। ਅਸਲ ਵਿਚ ਦਰਿਆ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਕਿਸ਼ਤੀ ਲੈ ਕੇ ਜਾਣ ਲਈ ਲੱਕੜ ਲਾ ਕੇ ਨਿਸ਼ਾਨ ਦਿੱਤਾ ਜਾਂਦਾ ਸੀ। ਪੰਜਾਬੀ ਵਿਚ ਉਸ ਨੂੰ ‘ਡੰਡਾ’ ਜਾਂ ‘ਗੱਟੀ’ ਵੀ ਕਿਹਾ ਜਾਂਦਾ ਹੈ। ਇਸ ਕਾਰਨ ਉੱਥੇ ਵਸੇ ਪਿੰਡਾਂ ਦਾ ਨਾਂਅ ‘ਗੱਟੀ’ ਪੈ ਗਿਆ। ਦਰਿਆ ਕਿਨਾਰੇ ਵਸੇ ਪਿੰਡ ਗੱਟੀ ਨੰ. ਇੱਕ, ਗੱਟੀ ਨੰਬਰ ਦੋ ਇਸ ਦੀਆਂ ਉਦਾਹਰਨਾਂ ਹਨ। ਕਈ ਪਿੰਡਾਂ ਦੇ ਨਾਵਾਂ ਵਿਚ ਇੱਕ ਵਚਨ ਤੇ ਬਹੁਵਚਨ ਦਾ ਵੀ ਖ਼ਾਸ ਧਿਆਨ ਰੱਖਿਆ ਗਿਆ ਹੈ। ਜਿਵੇਂ ਲਾਲੋ ਵਾਲੀ, ਕਾਂਵਾਂ ਵਾਲੀ। ਪਿੰਡਾਂ ਵਿਚ ਦਰਖਤਾਂ ਤੇ ਪਸ਼ੂਆਂ ਨੂੰ ਪਹਿਲ ਦੇ ਕੇ ਉਹਨਾਂ ਦੇ ਨਾਂਅ ਤੇ ਹੀ ਪਿੰਡਾਂ ਦੇ ਨਾਂਅ ਰੱਖੇ ਗਏ। ਜਿਵੇਂ ਟਾਹਲੀ ਵਾਲਾ ਬੋਦਲਾ, ਕੱਟਿਆਂ ਵਾਲੀ ਤੇ ਝੋਟਿਆਂ ਵਾਲੀ। ਅਕਸਰ ਪਿੰਡਾਂ ਦੇ ਨਾਵਾਂ ਨੂੰ ਸਰਲ ਕਰਨ ਦਾ ਰਿਵਾਜ ਪੁਰਾਣੇ ਜ਼ਮਾਨੇ ਤੋਂ ਹੀ ਚੱਲਿਆ ਆ ਰਿਹਾ ਹੈ। ਜਿਵੇਂ ਪਿੰਡ ਗੁਲਾਬ ਸਿੰਘ ਰਾਏ ਤੋਂ ਪਿੰਡ ਗੁਲਾਬਾ, ਮੁਹੰਮਦ ਲਾਲ ਖ਼ਾਨ ਦਾਹਾ ਤੋਂ ਪਿੰਡ ਲਾਲੋ ਵਾਲੀ।  

    ਬਾਗੜੀ ਪਿੰਡਾਂ ਨੇ ਵੀ ਮੋਢੀ, ਜਾਤੀ ਬਿਰਾਦਰੀ ਜਾਂ ਦਰਖਤਾਂ, ਖੂਹਾਂ ਆਦਿ ਨੂੰ ਪਿੰਡਾਂ ਦਾ ਨਾਂਅ ਰੱਖਣ ਵੇਲੇ ਪਹਿਲ ਦਿੱਤੀ ਹੈ। ਜਿਵੇਂ ਪੱਤਰਿਆਂ ਵਾਲੀ, ਬਾਰੇ ਕਾ। ਓਢ ਜਾਤੀ ਦੇ ਲੋਕਾਂ ਨੇ ਮੋਢੀ ਦੇ ਨਾਂਅ ਪਿੱਛੇ ਮਲਕੀਅਤ ਜ਼ਾਹਿਰ ਕੀਤੀ ਹੈ। ਜਿਵੇਂ ਕਮਾਲ ਵਾਲਾ, ਦਾਨੇਵਾਲਾ। ਰਾਏ ਸਿੱਖਾਂ ਨੇ ਮੋਢੀ ਦੇ ਨਾਂਅ ਤੇ ਦੋਨਾ ਨਾਨਕਾ ਪਿੰਡ ਵਸਾਇਆ। ਇਸ ਮਕਸਦ ਨਾਲ ਜੱਟਾਂ ਨੇ ਵੀ ਪਿੰਡਾਂ ਦੇ ਨਾਂਅ ਰੱਖੇ, ਜਿਵੇਂ ਜੱਟ ਵਾਲੀ, ਸਿੰਘ ਪੁਰਾ ਆਦਿ। ਇੱਥੇ ਪਹਿਲਾਂ ਦਰਿਆ ਵਹਿੰਦਾ ਸੀ। ਜੋ ਪਿੰਡ ਦਰਿਆ ਦੇ ਹੇਠਲੇ ਪਾਸੇ ਸਨ। ਉਹਨਾਂ ਦੇ ਨਾਂਅ ਨਾਲ ਹਿਠਾੜ ਪੈ ਗਿਆ ਤੇ ਜੋ ਪਿੰਡ ਉੱਪਰਲੇ ਪਾਸੇ ਸਨ। ਉਹਨਾਂ ਨੂੰ ਉਤਾੜ ਕਹਿਣ ਲੱਗ ਪਏ। ਜਿਵੇਂ ਵੱਲੇ ਸ਼ਾਹ ਉਤਾੜ ਤੇ ਵੱਲੇ ਸ਼ਾਹ ਹਿਠਾੜ। ਜੋ ਪਿੰਡ ਦਰਿਆ ਜਾਂ ਫਾਟ ਦੇ ਬੰਨ ਕੋਲ ਵਸੇ ਸਨ। ਉਹਨਾਂ ਨਾਲ ਬੰਨ ਸ਼ਬਦ ਲਾਇਆ ਗਿਆ। ਜਿਵੇਂ ਬੰਨਵਾਲਾ  ਹਨੂੰਵੰਤਾ (ਕਿਸੇ ਸਮੇਂ ਦਰਿਆ ਦਾ ਕਿਨਾਰਾ ਇੱਥੋਂ ਤੱਕ ਸੀ), ਬਾਧਾ (ਬੰਨ)। ਪਰ ਜੋ ਪਿੰਡ ਬਾਅਦ ਵਿਚ ਆਬਾਦ ਹੋਏ ਹਨ, ਉਹਨਾਂ ਪਿੰਡਾਂ ਦੇ ਨਾਂਅ ਪੁਰਾਣੇ ਪਿੰਡਾਂ ਦੇ ਨਾਲ ਮਿਲਦੇ – ਜੁਲਦੇ ਜਾਂ ਪੁਰਾਣੇ ਪਿੰਡ ਨਾਲ ਨਵਾਂ ਸ਼ਬਦ ਲਾ ਦਿੱਤਾ ਹੈ। ਜਿਵੇਂ ਨਵਾਂ ਹਸਤਾ, ਨਵਾਂ  ਸਲੇਮ ਸ਼ਾਹ। ਇਸੇ ਤਰਾਂ ਹੀ ਸ਼ਹਿਰ ਦੇ ਬਾਜ਼ਾਰਾਂ ਦੇ ਨਾਂਅ ਹਨ। ਜਿੱਥੇ ਉੱਨ ਦਾ ਕੰਮ ਹੁੰਦਾ ਸੀ। ਉਸ ਨੂੰ ਉੱਨ ਬਾਜ਼ਾਰ ਕਹਿੰਦੇ ਹਨ। ਇਸੇ ਤਰਾਂ ਜੰਡ ਬਾਜ਼ਾਰ, ਡੈਡ ਹਾਊਸ ਰੋਡ, ਨਵੀਂ ਆਬਾਦੀ ਸੁਲਤਾਨ ਪੁਰਾ ਹਨ। ਇਹ ਨਾਂਅ ਅੱਜ ਵੀ ਪਹਿਲਾਂ ਵਾਂਗ ਹੀ ਹਨ। ਇਹਨਾਂ ਨੂੰ ਹੁਣ ਬਦਲਣਾ ਬੜਾ ਮੁਸ਼ਕਿਲ ਹੈ। ਕਿਉਂਕਿ ਲੋਕ ਇਹਨਾਂ ਨਾਵਾਂ ਤੋਂ ਜਾਣੂ ਹਨ ਤੇ ਇਹਨਾਂ ਨਾਵਾਂ ਤੇ ਹੀ ਚਿੱਠੀ-ਪੱਤਰ ਆਉਂਦਾ ਹੈ।

Share:

0 comments:

Post a Comment

Definition List

blogger/disqus/facebook

Unordered List

Support