19ਵੀਂ ਸਦੀ ਵਿਚ ਫ਼ਾਜ਼ਿਲਕਾ ਅਤੇ ਇਸ ਦੇ ਜ਼ਿਆਦਾ ਪਿੰਡ ਹੋਂਦ ਵਿਚ ਆਏ। ਉਸ ਵੇਲੇ ਰੱਖੇ ਪਿੰਡਾਂ ਦੇ ਨਾਵਾਂ ਵਿਚ ਅੱਜ ਤੱਕ ਕੋਈ ਖ਼ਾਸ ਬਦਲਾਅ ਨਹੀਂ ਆਇਆ। ਜੇ ਕੁੱਝ ਪਿੰਡਾਂ ਦੇ ਨਾਂਅ ਬਦਲੇ ਹਨ ਤਾਂ ਉਨ੍ਹਾਂ ਦੇ ਨਾਲ ਉਰਫ਼ ਲਾਇਆ ਗਿਆ ਗਿਆ ਹੈ। ਫ਼ਾਜ਼ਿਲਕਾ ਸ਼ਹਿਰ ਵੱਸਣ ਤੋਂ ਪਹਿਲਾਂ ਇੱਥੇ ਬੋਦਲਾ, ਵੱਟੂ ਤੇ ਚਿਸ਼ਤੀ ਜਾਤੀ ਦੇ ਮੁਸਲਮਾਨ ਆਏ ਤੇ ਉਨ੍ਹਾਂ ਫ਼ਾਜ਼ਿਲਕਾ – ਫ਼ਿਰੋਜਪੁਰ ਰੋਡ ਦੇ ਆਸੇ-ਪਾਸੇ, ਮਲੋਟ ਰੋਡ ਦੇ ਖੱਬੇ ਹੱਥ ਅਤੇ ਫ਼ਾਜ਼ਿਲਕਾ ਦੇ ਪੱਛਮ ਵੱਲ ਵਸੇ। ਉਨ੍ਹਾਂ ਨੇ ਆਪਣੇ ਪਿੰਡਾਂ ਨੂੰ ਆਪਣੀ ਜਾਤੀ ਦਾ ਨਾਂਅ ਦਿੱਤਾ। ਕੁੱਝ ਪਿੰਡਾਂ ਦੇ ਨਾਵਾਂ ਨੂੰ ਖ਼ੁਦ ਦਾ ਨਾਮ ਦਿੱਤਾ। ਸੁਖੇਰਾ ਜਾਤੀ ਦੇ ਮੁਸਲਮਾਨ ਵੀ ਫ਼ਾਜ਼ਿਲਕਾ ਦੇ ਪੱਛਮ ਵੱਲ ਵਸੇ ਤੇ ਉਨ੍ਹਾਂ ਨੇ ਮੋਢੀ ਦੇ ਨਾਂਅ ਨੂੰ ਪਹਿਲ ਦਿੱਤੀ। ਜਿਵੇਂ ਬਹਿਕ ਬੋਦਲਾ, ਸਲੇਮ ਸ਼ਾਹ ਤੇ ਪੱਕਾ ਚਿਸ਼ਤੀ।
ਬਾਗੜੀ ਲੋਕ ਅਬੋਹਰ ਰੋਡ ਦੇ ਆਸੇ-ਪਾਸੇ ਵਸੇ ਤੇ ਉਨ੍ਹਾਂ ਨੇ ਮੋਢੀ, ਦਰਖਤਾਂ ਤੇ ਭੂਮੀਗਤ ਚੀਜ਼ਾਂ ਨੂੰ ਜ਼ਿਆਦਾ ਪਹਿਲ ਦਿੱਤੀ। ਬੇਗਾਂ ਵਾਲੀ, ਖੂਹੀ ਖੇੜਾ, ਕਿੱਕਰ ਵਾਲਾ ਰੂਪਾ ਆਦਿ। ਕਈ ਪਿੰਡਾਂ ਦੇ ਨਾਵਾਂ ਨਾਲ ਵਿਦੇਸ਼ ਤੋਂ ਆਏ ਸ਼ਬਦ ਵੀ ਲਾਏ ਗਏ ਹਨ। ਕਿਉਂਕਿ ਇੱਥੇ ਵੱਸਣ ਵਾਲੇ ਮੁਸਲਮਾਨ ਵਿਦੇਸ਼ਾਂ ਤੋਂ ਭਾਰਤ ਆਏ ਸਨ। ਜਿਵੇਂ ਈਰਾਨ ਦਾ ਸ਼ਹਿਰ ਸ਼ਾਹਪੁਰ ਤੇ ਏਸ਼ੀਆ ਦਾ ਸ਼ਹਿਰ ਦੋਲਤਾਬਾਦ। ਜਿਸ ਕਾਰਨ ਫ਼ਾਜ਼ਿਲਕਾ ਦੇ ਕਈ ਪਿੰਡਾਂ ਤੇ ਮੁਹੱਲਿਆਂ ਦੇ ਪਿੱਛੇ ਪੁਰ, ਆਬਾਦ ਜਾਂ ਸ਼ਾਹ ਲੱਗਿਆ ਹੋਇਆ ਹੈ। ਜਿਵੇਂ ਫ਼ਾਜ਼ਿਲਕਾ ਦਾ ਮੁਹੱਲਾ ਨਵੀਂ ਆਬਾਦੀ ਇਸਲਾਮਾਬਾਦ ਤੇ ਪਿੰਡ ਸ਼ਮਸ਼ਾਬਾਦ, ਨੂਰ ਪੁਰਾ ਆਦਿ। ਜਦੋਂ ਕਿ ਡੇਰਾ ਜਾਂ ਨਗਰ ਪੰਜਾਬੀ ਅਲਫ਼ਾਜ਼ ਹਨ। ਜਿਨ੍ਹਾਂ ਦੇ ਨਾਂਅ ਤੇ ਵੀ ਪਿੰਡਾਂ ਦੇ ਨਾਂਅ ਰੱਖੇ ਗਏ। ਜਿਵੇਂ ਮਹਾਤਮ ਨਗਰ, ਰਾਮ ਨਗਰ ਆਦਿ।
ਪਹਿਲਾਂ ਪਿੰਡ ਦਾ ਮੋਢੀ ਪਿੰਡ ਬੱਝਣ ਤੇ ਪਿੰਡ ਜਾਂ ਸ਼ਹਿਰ ਦਾ ਨਾਂਅ ਆਪਣੇ ਜਾਂ ਬਜ਼ੁਰਗ, ਬਰਾਦਰੀ, ਗੋਤ, ਇਤਿਹਾਸਿਕ ਘਟਨਾ, ਰਸਮ ਰਿਵਾਜ ਜਾਂ ਜਗ੍ਹਾ ਨੂੰ ਧਿਆਨ ਵਿਚ ਰੱਖ ਕੇ ਪਿੰਡ ਦਾ ਨਾਂਅ ਰੱਖਦਾ ਸੀ। ਜਿਵੇਂ ਫ਼ਾਜ਼ਿਲਕਾ ਵਿਚ 1841 ਵਿਚ ਅੰਗਰੇਜ਼ ਅਫ਼ਸਰ ਵੰਸ ਐਗਨਿਊ ਨੇ ਇੱਕ ਬੰਗਲਾ ਬਣਵਾਇਆ ਸੀ। ਜਿਸ ਕਾਰਨ ਇਸ ਦਾ ਨਾਂਅ ਬੰਗਲਾ ਪੈ ਗਿਆ। ਬਾਅਦ ਵਿਚ ਸ਼ਹਿਰ ਵਸਾਉਣ ਲਈ ਜਦੋਂ ਓਲੀਵਰ ਨੇ ਮੁਸਲਮਾਨ ਮੀਆਂ ਫ਼ਜ਼ਲ ਖਾਂ ਵੱਟੂ ਨੂੰ ਬੁਲਾਇਆ ਤਾਂ ਵੱਟੂ ਨੇ ਇਸ ਸ਼ਰਤ ਤੇ ਜ਼ਮੀਨ ਦਿੱਤੀ ਕਿ ਸ਼ਹਿਰ ਦਾ ਨਾਂਅ ਉਸ ਦੇ ਨਾਂਅ ਤੇ ਰੱਖਿਆ ਜਾਵੇ। ਜਿਸ ਕਾਰਨ ਫ਼ਾਜ਼ਿਲਕਾ ਦਾ ਨਾਂਅ ਫ਼ਾਜ਼ਿਲਕੀ ਰੱਖਿਆ ਗਿਆ ਸੀ। ਜੋ ਬਾਅਦ ਵਿਚ ਫ਼ਾਜ਼ਿਲਕਾ ਦੇ ਨਾਂਅ ਨਾਲ ਮਸ਼ਹੂਰ ਹੋ ਗਿਆ। ਬਰਾਦਰੀ ਦੇ ਨਾਂਅ ਤੇ ਕਲੰਦਰ ਬਿਰਾਦਰੀ ਨੇ ਪਿੰਡ ਥੇਹ ਕਲੰਦਰ ਦਾ ਨਾਂਅ ਰੱਖਿਆ। ਵੈਸੇ ਮੁਸਲਮਾਨਾਂ ਨੇ ਆਪਣੀ ਜਾਤੀ ਬਿਰਾਦਰੀ ਦੇ ਨਾਂਅ ਤੇ ਪਿੰਡਾਂ ਦੇ ਨਾਂਅ ਰੱਖਣ ਨੂੰ ਜ਼ਿਆਦਾ ਪਹਿਲ ਦਿੱਤੀ ਹੈ। ਬਾਕੀ ਅਗਲੇ ਬਲਾਗ ਵਿਚ। (Lachhman Dost 99140-63937)
0 comments:
Post a Comment