ਵਾਹਨਾਂ ਨੂੰ ਲਗਾਏ ਸਟੀਕਰ, ਵਾਹਨਾਂ ਚਾਲਕਾਂ ਨੂੰ ਕੀਤਾ ਜਾਗਰੂਕ
ਫ਼ਾਜਿਲਕਾ, 18 ਜਨਵਰੀ ( ਬਲਰਾਜ ਸਿੰਘ ਸਿੱਧੂ )
ਸੜਕ ਸੁਰੱਖਿਆ ਹਫਤਾ ਦੇ ਮੱਦੇਨਜਰ ਲੋਕਾਂ ਅੰਦਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਬੱਚਿਆਂ ਵੱਲੋਂ ਮਾਰਚ ਕੱਢਿਆ ਗਿਆ। ਇਸ ਦਾ ਮੰਤਵ ਲੋਕਾਂ ਨੂੰ ਸੜਕੀ ਨਿਯਮਾਂ ਦੀ ਹਰ ਹੀਲੇ ਪਾਲਣਾ ਯਕੀਨੀ ਬਣਾਉਣ ਲਈ ਪ੍ਰੇਰਿਤ ਕਰਨਾ ਹੈ।
ਇਸ ਮਾਰਚ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਮਨਦੀਪ ਕੌਰ ਨੇ ਕਿਹਾ ਕਿ ਬੱਚਿਆਂ ਦੀ ਗੱਲ ਦੂਜਿਆਂ ਦੇ ਮੁਕਾਬਲੇ ਸੌਖੀ ਮੰਨੀ ਜਾਂਦੀ ਹੈ। ਇਸ ਕਰਕੇ ਸੜਕ ਸੁਰੱਖਿਆ, ਜੀਵਨ ਰੱਖਿਆ ਦੇ ਥੀਮ ਤਹਿਤ ਬਚਿਆਂ ਵੱਲੋਂ ਲੋਕਾਂ ਅੰਦਰ ਜਾਗਰੂਕਤਾ ਪੈਦਾ ਕਰਨ ਇਹ ਗਤੀਵਿਧੀ ਆਯੋਜਿਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਾਨੂੰ ਸੜਕ *ਤੇ ਚੱਲਣ ਸਮੇਂ ਆਪਣੇ ਆਲੇ-ਦੁਆਲੇ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਸਾਡਾ ਧਿਆਨ ਸਿਰਫ ਤੇ ਸਿਰਫ ਸੜਕ ਵੱਲ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਇਸ ਮੌਕੇ ਸਕੂਲ ਵੈਨਾਂ ਅਤੇ ਵਹੀਕਲਾਂ ਨੂੰ ਸੜਕ ਸੁਰੱਖਿਆ ਨਿਯਮਾਂ ਨੂੰ ਦਰਸ਼ਾਉਂਦੇ ਸਟੀਕਰ ਲਗਾਏ ਗਏ। ਇਸ ਤੋਂ ਇਲਾਵਾ ਟਰੈਫਿਕ ਨਿਯਮਾਂ ਦੀ ਪਾਲਣਾ ਵਾਲੇ ਪੰਫਲੈਂਟ ਵੀ ਵੰਡੇ ਗਏ ਅਤੇ ਵਾਹਨ ਚਾਲਕਾਂ ਨੂੰ ਜਾਗਰੂਕ ਵੀ ਕੀਤਾ ਗਿਆ।
ਸੜਕ ਸੁਰੱਖਿਆ ਹਫਤਾ ਮਨਾਉਣ ਦਾ ਮੰਤਵ ਲੋਕਾਂ ਅੰਦਰ ਆਵਾਜਾਈ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਪ੍ਰਤੀ ਪ੍ਰੇਰਿਤ ਕਰਨਾ ਹੈ। ਸ਼ਰਾਬ ਪੀ ਕੇ ਗੱਡੀ ਨਾ ਚਲਾਉਣਾ, ਸੀਟ ਬੈਲਟ ਲਗਾ ਕੇ ਗੱਡੀ ਚਲਾਉਣੀ, ਡਰਾਈਵਿੰਗ ਕਰਦੇ ਸਮੇਂ ਫੋਨ *ਤੇ ਗੱਲ ਨਾ ਕਰਨੀ, ਟਰੈਫਿਕ ਸਿਗਨਲ ਦੀ ਪਾਲਣਾਕਰਨੀ, ਲਾਲ ਬਤੀ ਦੀ ਉਲੰਘਣਾਂ ਨਾ ਕਰਨੀ, ਤੇਜ ਗਤੀ ਨਾਲ ਗੱਡੀ ਨਾ ਚਲਾਉਣੀ ਆਦਿ ਨਿਯਮਾਂ ਦੀ ਵਰਤੋਂ ਕਰਕੇ ਅਸੀਂ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹਾਂ।
ਇਸ ਮੌਕੇ ਸੁਪਰਡੈਂਟ ਪ੍ਰਦੀਪ ਗੱਖੜ, ਟਰਾਂਸਪੋਰਟ ਵਿਭਾਗ ਤੋਂ ਸੁਨੀਪ ਵਢੇਰਾ, ਸ਼ਿਵ ਕੁਮਾਰ, ਅਸ਼ੀਸ਼ ਕੰਬੋਜ, ਟਰੈਫਿਕ ਇੰਚਾਰਜ ਪਵਨ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।