-ਸਿੰਚਾਈ ਸਕੱਤਰ ਨਾਲ ਮੀਟਿੰਗ ਮਗਰੋਂ ਬਣੀ ਸਹਿਮਤੀ
- ਕਿਸਾਨਾਂ, ਜੱਥੇਬੰਦੀਆਂ ਵੱਲੋਂ ਵਿਧਾਇਕ ਰਜਨੀਸ਼ ਦਹੀਆ ਦਾ ਧੰਨਵਾਦ
ਫਿਰੋਜ਼ਪੁਰ,
ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਦਹੀਆ ਨੇ ਦੱਸਿਆ ਕਿ ਮਚਾਕੀ ਵਾਲੀਆਂ ਝਾਲਾਂ (ਫਰੀਦਕੋਟ) ਤੋਂ ਲੈਕੇ ਹਰੀਕੇ ਹੈੱਡ ਵਰਕਸ ਤੱਕ ਰਾਜਸਥਾਨ ਨਹਿਰ ਦੀ ਕੰਕਰੀਟ ਕਰਨ ਦਾ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਦੀ ਸਿਰਫ ਰਿਪੇਅਰ ਹੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁੱਦਕੀ ਮੋਰਚਾ ਦਾ ਧਰਨਾ ਸਰਕਾਰ ਵਲੋਂ ਲਿਖਤੀ ਚਿਠੀ ਤੋਂ ਬਾਅਦ ਚੁਕਾ ਦਿੱਤਾ ਸੀ ਉਸ ਭਰੋਸੇ ਤੇ ਅਮਲ ਕਰਦੇ ਹੋਏ ਅੱਜ ਸਕੱਤਰ ਸਿੰਜਾਈ ਸ੍ਰੀ ਕ੍ਰਿਸ਼ਨ ਕੁਮਾਰ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਹੋਈ । ਇਸ ਮੀਟਿੰਗ ਦੌਰਾਨ ਮਿਸਲ ਪੰਜ ਆਬ ਜਥੇਬੰਦੀ ਵਲੋਂ ਜੁਝਾਰ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਗਾਜੀ, ਜਸਬੀਰ ਸਿੰਘ ਅਤੇ ਮਿਸਲ ਸਤਲੁਜ ਵਲੋਂ ਅਜੇਪਾਲ ਸਿੰਘ ਬਰਾੜ, ਕਮਲਜੀਤ ਸਿੰਘ ਸੰਧੂ ਰੱਤਾ ਖੇੜਾ, ਦਵਿੰਦਰ ਸਿੰਘ ਸੇਖੋਂ, ਦਲੇਰ ਸਿੰਘ ਡੋਡ, ਬੱਬੂ ਖੋਸਾ ਤੂੰਬੜਭੰਨ, ਗੁਰਬੀਰ ਸਿੰਘ ਓਲੰਪੀਅਨ, ਲੱਖਾ ਸਿਧਾਣਾ ਆਦਿ ਆਗੂ ਸ਼ਾਮਲ ਹੋਏ।
ਵਿਧਾਇਕ ਦਹੀਆ ਨੇ ਦੱਸਿਆ ਕਿ ਸਕੱਤਰ ਸਿੰਜਾਈ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਮੀਟਿੰਗ ਦੌਰਾਨ ਮੋਰਚੇ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਦੱਸਿਆ ਕਿ ਮੋਰਚੇ ਦੇ ਧਰਨੇ ਦੇ ਅਸਰ ਨੂੰ ਵੇਖਦੇ ਹੋਏ ਮਚਾਕੀ ਵਾਲੀਆ ਝਾਲਾਂ (ਫਰੀਦਕੋਟ) ਤੋਂ ਲੈ ਕੇ ਹਰੀਕੇ ਹੈੱਡ ਵਰਕਸ ਤੱਕ ਰਾਜਸਥਾਨ ਨਹਿਰ ਦੀ ਕੰਕਰੀਟ ਕਰਨ ਦਾ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ ਹੈ ਅਤੇ ਇਸ ਹਿਸੇ ਦੀ ਕੇਵਲ ਰਿਪੇਅਰ ਹੋਵੇਗੀ। ਉਨ੍ਹਾਂ ਦੱਸਿਆ ਕਿ ਰਾਜਸਥਾਨ ਨਹਿਰ ਦੇ ਚੜਦੇ ਪਾਸੇ ਪਾਣੀ ਦੇਣ ਬਾਬਤ ਨਹਿਰ ਕੱਢਣ ਦਾ ਪ੍ਰੋਜੈਕਟ ਸਰਕਾਰ ਨੂੰ ਭੇਜਣ ਦਾ ਸੁਝਾਅ ਦਿੱਤਾ ਗਿਆ। ਸਿਧਵਾਂ ਕੈਨਾਲ ਦੀ ਟੇਲ ਤੇ ਦੋ ਇਸਕੇਪਾਂ ਬਣਾਉਣ ਦੀ ਮੰਗ ਮਨਜੂਰ ਕਰ ਲਈ ਗਈ ਹੈ। ਇਸ ਤੋਂ ਇਲਾਵਾ ਆਰਜੀ ਮੋਘੀਆਂ ਦੀ ਮੰਗ ਪਾਣੀ ਦੀ ਉਪਲੱਬਧਤਾ ਵੇਖ ਕੇ ਮਨਜੂਰ ਕਰਨ ਦਾ ਯਕੀਨ ਦੁਆਇਆ ਅਤੇ ਨਹਿਰੀ ਖਾਲ ਪੱਕੇ ਕਰਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਦੱਸਿਆ ਕਿ ਵਫਦ ਦੀ ਹਰੇਕ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਭਵਿੱਖ ਵਿੱਚ ਵੀ ਕਿਸੇ ਮਸਲੇ ਲਈ ਮਿਲਣ ਲਈ ਖੁੱਲ੍ਹਾ ਸੱਦਾ ਦਿੱਤਾ।
ਜੱਥੇਬੰਦੀ ਦੇ ਮੈਂਬਰਾਂ ਨੇ ਇਸ ਮੀਟਿੰਗ ਤੇ ਤਸੱਲੀ ਪ੍ਰਗਟ ਕਰਦੇ ਹੋਏ ਹਲਕਾ ਵਿਧਾਇਕ ਰਜਨੀਸ਼ ਦਹੀਆ ਅਤੇ ਸਕੱਤਰ ਸਿੰਜਾਈ ਕ੍ਰਿਸ਼ਨ ਕੁਮਾਰ ਦਾ ਧੰਨਵਾਦ ਕੀਤਾ।