ਫ਼ਜ਼ਲ ਖਾਂ ਵੱਟੂ ਦੇ ਭਤੀਜੇ ਦਾ ਪਿੰਡ ਰਾਣਾ ਦੀ ਦਾਸਤਾਨ
ਫ਼ਾਜ਼ਿਲਕਾ ਦਾ ਪਿੰਡ ਐ ਰਾਣਾ, ਕਾਫ਼ੀ ਮਸ਼ਹੂਰ ਪਿੰਡ ਐ, ਫ਼ਾਜ਼ਿਲਕਾ ਤੋਂ ਫ਼ਿਰੋਜ਼ਪੁਰ ਰੋਡ ਤੇ ਜਾਈਏ ਤਾਂ 3-4 ਕਿੱਲੋਮੀਟਰ ਦੀ ਦੂਰੀ ਤਹਿ ਕਰ ਕੇ ਇਕ ਸੜਕ ਖੱਬੇ ਪਾਸੇ ਮੁੜਦੀ ਹੈ, ਜੱਟ ਵਾਲੀ ਪਿੰਡ ਵਾਲੀ ਸਾਈਡ, ਜੱਟ ਵਾਲੀ ਪਿੰਡ ਪਾਰ ਕਰ ਕੇ ਅੱਗੇ ਪਿੰਡ ਆਉਂਦਾ ਹੈ ਰਾਣਾ | ਇਸ ਪਿੰਡ ਦੇ ਨੇੜੇ-ਤੇੜੇ ਜਿਹੜੇ ਪਿੰਡ ਨੇ, ਉਹ ਨੇ ਮਿਆਣੀ ਬਸਤੀ, ਨਿਉਲਾਂ, ਸੈਦੋਕੇ ਹਿਠਾੜ, ਹਸਤਾ ਕਲਾਂ, ਬਹਿਕਾਂ ਵਗ਼ੈਰਾ | ਇਹ ਸਾਰੇ ਪਿੰਡ ਕਾਫ਼ੀ ਪੁਰਾਣੇ ਆ, ਅੱਜ ਵੀ ਉਹੀ ਨਾਂਅ ਨੇ, ਇਨ੍ਹਾਂ ਪਿੰਡਾਂ ਵਿਚ ਮੁਸਲਮਾਨਾਂ ਦੀ ਸੰਖਿਆ ਜ਼ਿਆਦਾ ਸੀ | ਰਾਣਾ ਪਿੰਡ ਵੀ ਮੁਸਲਮਾਨ ਪਰਿਵਾਰ ਵਲੋਂ ਆਬਾਦ ਕੀਤਾ ਗਿਆ ਸੀ | ਇਸ ਪਿੰਡ ਦੇ ਬਾਹਰਲੇ ਪਾਸੇ ਖੱਜੀ ਪੀਰ ਦੀ ਦਰਗਾਹ ਹੈ ਤੇ ਨਾਲ ਹੀ ਇਕ ਮਸੀਤ ਵੀ ਸੀ | ਵੈਸੇ ਪਿੰਡ 'ਚ 2 ਮਸੀਤਾਂ ਸੀ | ਇਹ ਜਿਆਦ ਐ ਰਾਣਾ, ਇਸ ਪਿੰਡ ਨੂੰ ਆਬਾਦ ਕਰਨ ਵਾਲਿਆਂ ਦੀ ਸਟੋਰੀ ਬਹੁਤ ਲਾਜ਼ਵਾਬ ਹੈ |
ਰਾਣਾ ਪਿੰਡ ਆਬਾਦ ਹੋਣ ਦੀ ਗੱਲ ਕਰਨ ਤੋਂ ਪਹਿਲਾਂ ਫ਼ਾਜ਼ਿਲਕਾ ਦਾ ਜ਼ਿਕਰ ਕਰਨਾ ਪਵੇਗਾ, ਕਿਉਂਕਿ ਜਿਨ੍ਹਾਂ ਨੇ ਇਹ ਪਿੰਡ ਆਬਾਦ ਕੀਤਾ ਸੀ, ਉਨ੍ਹਾਂ ਦੇ ਵੱਡੇਰੇ ਸਨ ਮਿਆ ਫ਼ਜ਼ਲ ਖ਼ਾਨ ਵੱਟੂ | ਨੰਬਰਦਾਰ ਵੀ ਸੀਗੇ, ਤੇ ਫ਼ਾਜ਼ਿਲਕਾ ਨੂੰ ਜੋ ਨਾਂਅ ਮਿਲਿਐ, ਉਹ ਫ਼ਜ਼ਲ ਖਾਨ ਵੱਟੂ ਦੇ ਨਾਂਅ ਤੋਂ ਹੀ ਮਿਲਿਐ | ਫ਼ਜ਼ਲ ਖ਼ਾਨ ਵੱਟੂ, ਜਿਹੜੇ ਫ਼ਾਜ਼ਿਲਕਾ ਦੇ ਨਾਲ ਪਿੰਡ ਹੈ ਨਾ ਸਲੇਮਸ਼ਾਹ, ਉੱਥੇ ਰਹਿੰਦੇ ਸੀ | ਬੰਗਲੇ ਨੂੰ ਸ਼ਹਿਰ ਦੀ ਸ਼ਕਲ ਵਿਚ ਆਬਾਦ ਕਰਨ ਲਈ ਫ਼ਜ਼ਲ ਖ਼ਾਨ ਵੱਟੂ ਨੇ ਆਪਣੀ ਸਾਢੇ 32 ਏਕੜ ਜ਼ਮੀਨ ਦਿੱਤੀ ਸੀ | 144 ਰੁਪਏ 8 ਆਨੇ ਵਿਚ | ਬੰਗਲਾ ਸ਼ਹਿਰ ਆਬਾਦ ਕਰਨ ਲਈ, ਪਰ ਉਨ੍ਹਾਂ ਦੀ ਸ਼ਰਤ ਵੀ ਸੀ ਕਿ ਸ਼ਹਿਰ ਨੂੰ ਜੋ ਨਾਂਅ ਦਿੱਤਾ ਜਾਵੇ, ਉਹ ਉਨ੍ਹਾਂ ਦੇ ਨਾਂਅ ਤੋਂ ਹੀ ਦਿੱਤਾ ਜਾਵੇ | ਉਸ ਸ਼ਰਤ ਮੁਤਾਬਕ ਬੰਗਲੇ ਨੂੰ ਫ਼ਾਜ਼ਿਲਕਾ ਨਾਂਅ ਦਿੱਤਾ ਗਿਆ | ਉਸ ਫ਼ਜ਼ਲ ਖ਼ਾਨ ਵੱਟੂ ਦਾ ਇਕ ਭਤੀਜਾ ਸੀ ਰਾਣਾ ਵੱਟੂ | ਜ਼ਿਨ੍ਹਾਂ ਦੇ ਨਾਂਅ ਤੇ ਆਬਾਦ ਹੋਇਆ ਹੈ ਪਿੰਡ ਰਾਣਾ |
ਹੁਣ ਗੱਲ ਕਰਦੇ ਹਾਂ ਕਿ ਇਹ ਪਿੰਡ ਇੱਥੇ ਕਿਉਂ ਆਬਾਦ ਕੀਤਾ ਗਿਆ | ਜਦੋਂਕਿ ਫ਼ਜ਼ਲ ਖਾਂ ਵੱਟੂ ਕੋਲ ਤਾਂ ਫ਼ਾਜ਼ਿਲਕਾ ਸ਼ਹਿਰ ਦੀ ਕਾਫ਼ੀ ਜ਼ਮੀਨ ਸੀ | ਫ਼ਿਰ ਵੀ ਦੂਰ ਪਿੰਡ ਆਬਾਦ ਕਰਨ ਦੀ ਕਹਾਣੀ ਅਲਹਦਾ ਹੈ | ਇਹ ਕਹਾਣੀ ਦੁੱਖਭਰੀ ਵੀ ਕਹਿ ਸਕਦੇ ਹਾਂ ਤੇ ਲਾਜਵਾਬ ਵੀ | ਕਾਰਨ ਇਹ ਹੈ ਕਿ ਜਿਹੜੀ ਜ਼ਮੀਨ ਵੱਟੂਆਂ ਕੋਲ ਸੀ | ਉਸ ਜ਼ਮੀਨ ਤੇ ਫ਼ਜ਼ਲ ਖਾਨ ਵੱਟੂ ਦੇ ਪੁੱਤਰ ਸਿਕੰਦਰ ਖਾਨ ਵੱਟੂ, ਸਲੀਮ ਖਾਨ ਵੱਟੂ, ਚਿਰਾਗ ਖਾਨ ਵੱਟੂ ਤੇ ਜਾਬਤਾ ਖਾਨ ਵੱਟੂ ਆਪਣੇ ਚਾਚੇ ਦੇ ਪੁੱਤਰ ਰਾਣਾ ਵੱਟੂ ਨਾਲ ਮਿਲ ਕੇ ਵਾਹੀ ਇਕੱਠੀ ਕਰਦੇ ਸੀ, ਪਰ ਇਨ੍ਹਾਂ ਦਾ ਜ਼ਮੀਨ ਵਿਚ ਛੋਲਿਆਂ ਦੀ ਬੀਜੀ ਫਸਲ ਨੂੰ ਲੈ ਕੇ ਬੋਲ ਬੁਲਾਰਾ ਹੋ ਗਿਆ, ਝਗੜਾ ਵੱਧ ਗਿਆ, ਰੋਜ਼ਾਨਾ ਬਹਿਸ ਬਾਜ਼ੀ, ਰੋਜ਼ ਦੀ ਲੜਾਈ ਤੋਂ ਸਾਰੇ ਤੰਗ ਸਨ | ਇਨ੍ਹਾਂ ਵਿਚੋਂ ਤਾਂ ਬਜ਼ੁਰਗ ਇਕ ਹੀ ਸੀ ਫ਼ਜ਼ਲ ਖਾਨ ਵੱਟੂ | ਰਾਣਾ ਵੱਟੂ ਦੇ ਅੱਬਾ ਤਾਂ ਪਹਿਲਾਂ ਹੀ ਫ਼ੌਤ ਹੋ ਚੁੱਕੇ ਸਨ | ਲੜਾਈ ਝਗੜਿਆਂ ਤੋਂ ਤੰਗ ਹੋਏ ਫ਼ਜ਼ਲ ਖ਼ਾਨ ਵੱਟੂ ਨੇ ਇਕ ਦਿਨ ਆਖ ਦਿੱਤਾ ਕਿ ਤੇਰਾ ਅੱਬਾ ਫ਼ੌਤ ਹੋ ਚੁੱਕਿਆ ਹੈ, ਤੁਸੀਂ ਸਾਰੇ ਭਰਾ ਆਪਸ ਵਿਚ ਲੜਦੇ ਹੋ, ਇਹ ਚੰਗਾ ਨਹੀਂ, ਤੁਸੀਂ ਵੱਖਰੇ ਹੋ ਜਾਓ | ਜਾਓ, ਜਿਤਨੀ ਜ਼ਮੀਨ ਵਿਚ ਘੋੜਾ ਫੇਰ ਸਕਦੇ ਹੋ, ਫ਼ੇਰ ਲਓ ਤੇ ਆਪਣਾ ਡੇਰਾ ਵੱਖਰਾ ਬਣਾ ਲਓ | ਫਿਰ ਰਾਣਾ ਵੱਟੂ ਨੇ ਘੋੜਾ ਫੇਰਿਆ ਤੇ ਕਾਫ਼ੀ ਜ਼ਮੀਨ ਆਪਣੇ ਅੰਡਰ ਕਰ ਲਈ | ਉਹ ਬੰਗਲੇ ਤੋਂ ਤਕਰੀਬਨ 7-8 ਮੀਲ ਦੂਰ ਚਲਾ ਗਿਆ, ਪਰਿਵਾਰ ਵੀ ਨਾਲ ਹੀ ਸੀ, ਉੱਥੇ ਇਕ ਪਿੱਪਲ ਹੇਠ, ਬਹੁਤ ਵੱਡਾ ਪਿੱਪਲ, ਉਸ ਨੇ ਕੋਠੜੀ ਬਣਾਈ ਤੇ ਬਹਿ ਗਿਆ ਆਪਣਾ ਡੇਰਾ ਲਾ ਕੇ, ਮੱਝਾਂ ਦਾ ਵਾੜਾ ਵੀ ਬਣਾ ਲਿਆ | ਸੱਤ ਵੀਆਂ ਘਰ ਬਣਾਏ, ਪਿੰਡ ਆਬਾਦ ਕਰਨ ਲਈ ਮਾਛੀਆਂ ਨੂੰ ਬੁਲਾਇਆ ਤੇ ਉਹ ਵੀ ਆਬਾਦ ਹੋ ਗਏ | ਇਸ ਤੋਂ ਬਾਅਦ ਪਿੰਡ ਨੂੰ ਨਾਂਅ ਦਿੱਤਾ ਗਿਆ ਰਾਣਾ |
ਪਿੰਡ ਦੇ ਨੇੜੇ ਜੰਗਲ ਵੀ ਸੀ ਤੇ ਦੂਜੇ ਪਾਸੇ ਸਤਲੁਜ ਦਰਿਆ, ਚੋਰ ਡਾਕੂਆਂ ਦਾ ਵੀ ਬੋਲਬਾਲਾ ਤੇ ਦੂਜਾ ਭਰਾਵਾਂ ਨਾਲ ਵੀ ਦੁਸ਼ਮਣੀ | ਵੈਸੇ ਰਾਣਾ ਦਲੇਰ ਵੀ ਸੀ ਤੇ ਲੜਾਕਾ ਵੀ | ਉਸ ਨੇ ਮਾਛੀਆਂ ਨੂੰ ਬੰਦੂਕ ਲਿਆ ਕੇ ਦਿੱਤੀ ਤੇ ਉਹ ਮਾਛੀ ਉਸ ਦੇ ਰਖਵਾਲੇ ਬਣ ਗਏ | ਮਾਛੀ ਵੀ ਬੜੇ ਲੜਾਕੇ ਸਨ | ਲਾਗਲੇ ਪਿੰਡਾਂ ਵਿਚ ਰਾਣੇ ਦਾ ਖੌਫ਼ ਸੀ, ਉਹਦੇ ਨਾਲ ਮਿਲ ਕੇ ਮਾਛੀਆਂ ਦਾ ਖੌਫ਼ ਬਣ ਗਿਆ | ਰਾਣਾ ਸਪੋਟਰ ਸੀ ਨਾ ਉਨ੍ਹਾਂ ਦਾ, ਰਾਣੇ ਦਾ ਤਾਂ ਡਰ ਭੈਅ ਇਤਨਾ ਕਿ ਜੇ ਕੋਈ ਔਰਤ ਕਿਸੇ ਮੁੰਡੇ ਨਾਲ ਉਧਲ ਕੇ ਉਹਦੇ ਕੋਲ ਆ ਜਾਂਦੀ ਤਾਂ ਰਾਣਾ ਵਾਪਸ ਨਹੀਂ ਸੀ ਕਰਦਾ | ਉਲਟਾ ਕੀ ਕਰਦਾ ਕਿ ਉਨ੍ਹਾਂ ਨੂੰ ਇਕ ਮੱਝ, ਦੋ ਮੰਜ਼ੇ ਤੇ ਭਾਂਡੇ ਟਿੰਡੇ ਦੇ ਦਿੰਦਾ | ਭਾਵੇਂ ਰਾਣਾ ਕਾਫ਼ੀ ਰਹੀਸ ਸੀ, ਪਰ ਇਹ ਵੀ ਕਲੀਅਰ ਐ ਕਿ ਇਸ ਤਰ੍ਹਾਂ ਕਰਨ ਵਾਲੇ ਨੂੰ ਤਾਹਣੇ ਮਿਹਣਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ | ਪਰ ਰਾਣਾ ਜੁਬਾਣ ਦਾ ਪੱਕਾ, ਜੋੜੀ ਨੂੰ ਵਾਪਸ ਨਾ ਦਿੰਦਾ, ਪੂਰੀ ਮਦਦ ਕਰਦਾ ਉਨ੍ਹਾਂ ਦੀ | ਪਰ ਤਾਹਣੇ ਮਿਹਣੇ ਤਾਂ ਵੱਡੇ ਵੱਡਿਆਂ ਨੂੰ ਡੇਗ ਦਿੰਦੇ ਆ | ਫਿਰ ਰਾਣੇ ਨੇ ਕੀ ਕੀਤਾ ਕਿ ਤਾਹਣੇ ਮਿਹਣਿਆਂ ਤੋਂ ਬਚਣ ਲਈ ਉਸ ਨੇ ਉਨ੍ਹਾਂ ਦੀ ਇਕ ਪਾਂਡ ਹੀ ਵੱਖਰੀ ਬਣਾ ਦਿੱਤੀ, ਉਦੋਂ ਕਹਾਵਤ ਵੀ ਮਸ਼ਹੂਰ ਹੋ ਗਈ ਕਿ ਸੱਤ ਵੀਹੀਆਂ ਉੱਧਲ ਦੀ ਸਾਰੇ ਇੱਕੋ ਜਿਹੇ |
ਪਰ ਰਾਣੇ ਦੀ ਧਾਕ ਬਹੁਤ ਸੀ, ਦਲੇਰ ਵੀ ਸੀ ਨਾ, ਆਖਦੇ ਨੇ ਕਿ ਜਦੋਂ ਰਾਣੇ ਨੂੰ ਗੁੱਸਾ ਚੜ੍ਹਦਾ ਸੀ ਨਾ, ਤਾਂ ਉਸ ਦੇ ਵਾਲ ਸਿੱਧੇ ਹੋ ਜਾਂਦੇ ਸੀ | ਇਸ ਧਾਕ ਨੂੰ ਕਾਮਯਾਬ ਰੱਖਣ ਲਈ ਰਾਣੇ ਨੇ ਇਕ ਧੜਕ ਬਣਾਈ | ਸਾਨ੍ਹ ਝੌਟੇ ਦੇ ਚੱਮ ਚੜਾ ਤੀ ਉੱਤੇ, ਮਲੀਦੀ ਸੀ ਤੇ ਉਸ ਵਿਚ 12 ਮਣ ਕਣਕ ਪੈਂਦੀ ਸੀ, ਜਦੋਂ ਧੜਕ ਨੂੰ 4 ਬੰਦੇ ਖੜਕਾਉਂਦੇ ਨਾਂ ਤਾਂ ਉਹਦੀ ਆਵਾਜ, 12 ਕੋਹ ਤੱਕ, ਇਤਨੀ ਤੇਜ਼ ਕਿ ਬੰਦਾ ਕੰਨਾਂ ਤੇ ਹੱਥ ਹੀ ਰੱਖ ਲੈਂਦਾ | ਪਿੰਡ ਦੇ ਨੇੜੇ ਰਾਣੇ ਵੱਟੂ ਨੇ ਖੂਹ ਖੁਦਵਾਇਆ ਸੀ ਤੇ ਲਾਗਲੇ ਪਿੰਡ ਦੇ ਨੂਰੇ ਨੇ ਵੀ | ਖ਼ੂਹ ਨੂੰ ਚਲਾਉਣ ਲਈ ਉਹ ਬਹਿਕ ਬੋਦਲਾ ਪਿੰਡ ਦੇ ਘੁਮਾਰਾਂ ਕੋਲੋ ਕੱਚੀਆਂ ਟਿੰਡਾਂ ਲੈ ਕੇ ਆਉਂਦੇ ਸੀ | ਪਰ 3-4 ਦਿਨਾਂ ਬਾਅਦ ਕੱਚੀਆਂ ਟਿੰਡਾਂ ਤਾਂ ਖੁਰ ਜਾਂਦੀਆਂ ਤੇ ਉਹ ਫਿਰ ਕੱਚੀਆਂ ਟਿੰਡਾ ਲੈ ਕੇ ਆਉਂਦੇ |
ਰਾਣਾ ਵੱਟੂ ਦਾ ਮੁੱਖ ਕਾਰੋਬਾਰ ਮਵੇਸ਼ੀ ਪਾਲਣਾ ਸੀ, ਪਰ ਘੋੜੀਆਂ ਰੱਖਣ ਦੇ ਬੜੇ ਸ਼ੋਕੀਨ ਸਨ | ਇਨ੍ਹਾਂ ਦਾ ਕਹਿਣਾ ਸੀ ਕਿ ਪਿੰਡ ਰਾਣਾ ਵਿੱਚ ਘੋੜੀ ਤੇ ਚੜ੍ਹਨਾਂ ਔਰ ਘੋੜੀ ਦਾ ਨਾਚ ਕਰਵਾਉਂਣਾ ਸਿਰਫ਼ ਰਾਣਾ ਖ਼ਾਨਦਾਨ ਦਾ ਜਨਮਸਿੱਧ ਅਧਿਕਾਰ ਹੈ | ਇਕ ਵਾਰੀ ਪਿੰਡ 'ਚ ਮੇਲਾ ਸੀ, ਕਾਫ਼ੀ ਲੋਕ ਆਏ ਹੋਏ ਸੀ, ਰਾਣੇ ਦੀ ਹਵੇਲੀ ਵਿਚ ਘੋੜੀਆਂ ਦਾ ਨਾਚ ਕਰਵਾਇਆ ਗਿਆ, ਢੋਲ ਦੀ ਥਾਪ ਤੇ | ਇਕ ਘੋੜੀ ਨਚਦੀ-ਨਚਦੀ ਹਵੇਲੀ ਦੀ ਛੱਤ ਤੇ ਚੜ੍ਹ ਗਈ | ਘੋੜੀ ਛੱਤ ਤੇ ਅਤੇ ਢੋਲੀ ਵੇਹੜੇ 'ਚ | ਛੱਤ ਤੇ ਘੋੜੀ ਨੱਚੀ ਤਾਂ ਲੋਕ ਦੰਦਾਂ ਥੱਲੇ ਉਂਗਲਾਂ ਦਬਾਉਣ ਲੱਗ ਪਏ | ਓਦੋਂ ਮੇਲੇ 'ਚ ਆਏ ਇਕ ਫਕੀਰ ਮੁਸਲਮਾਨ ਨੇ ਕਿਹਾ ਸੀ, ਕਿ ਘੋੜੀ ਛੱਤ ਤੇ ਚੜ੍ਹ ਗਈ, ਪਰ ਰਾਣਾ ਜੀ ਤੁਸੀ ਥੱਲੇ ਹੀ ਥੱਲੇ ਆਓਗੇ | ਕਹਿੰਦੇ ਹਨ ਕਿ ਉਸ ਤੋਂ ਬਾਅਦ ਰਾਣਾ ਵੱਟੂ ਦੀਆਂ ਜ਼ਮੀਨਾਂ ਵਿੱਕਣੀਆਂ ਸ਼ੁਰੂ ਹੋ ਗਈਆਂ ਜੋ ਫ਼ਾਜ਼ਿਲਕਾ ਬੰਗਲੇ ਦੇ ਮਹਾਜਨਾਂ ਨੇ ਖਰੀਦੀਆਂ | ਕਹਿੰਦੇ ਤਾਂ ਇਹ ਵੀ ਹਨ ਕਿ ਰਾਣਾ ਵੱਟੂ ਪਹਿਲਾਂ ਕਿਸੇ ਵੀ ਹਿੰਦੂ ਸੇਠ ਨੂੰ ਘੋੜੀ ਤੇ ਨਹੀਂ ਚੜ੍ਹਨ ਦਿੰਦਾ ਸੀ, ਉਹਦੀ ਆਪ ਦੀ ਹੀ ਧਾਕ ਸੀ ਨਾ, ਲਾਗੇ ਪਿੰਡ ਐ ਹਸਤਾ ਕਲਾਂ - ਉਥੇ ਜੋ ਅਕਬਰ ਅਲੀ ਬੋਦਲਾ ਰਹਿੰਦਾ ਸੀ, ਉਹਦੀ ਭੂਮੀ ਹਿੱਸੇ ਤੇ ਵਾਹੁੰਦਾ ਸੀ, ਸਾਧੂ ਸਿੰਘ, ਉਨ੍ਹਾਂ ਦਾ ਪੁੱਤਰ ਜੱਲਾ ਸਿੰਘ- ਉਨ੍ਹਾਂ ਦੱਸਿਆ ਸੀ ਕਿ ਉਸ ਵਕਤ ਉਸਦੀ ਉਮਰ 15 ਕੁ ਵਰਿ੍ਹਆਂ ਦੀ ਹੋਣੀ ਏ | ਪਿੰਡ ਦਾ ਇਕ ਸੇਠ ਸੀ ਤੇ ਪਿੰਡ ਦੇ ਹੀ ਟਹਿਲ ਸਿੰਘ ਔਰ ਸੁੰਦਰ ਸਿੰਘ, ਇਨ੍ਹਾਂ ਸੇਠ ਨੂੰ ਘੋੜੀ ਤੇ ਬਿਠਾਇਆ ਤੇ ਆਪ ਦੋਵੇਂ ਜਣੇ, ਡਾਂਗਾਂ ਲੈ ਕੇ ਖੜ ਗਏ | ਕਹਿਣ ਲੱਗੇ, ' ਜੇ ਰਾਣੇ ਨੇ ਘੋੜੀ ਨੂੰ ਰੋਕਿਆ ਤਾਂ ਡਾਂਗਾਂ ਨਾਲ ਸਿਰ ਪਾੜ ਦਿਆਂਗੇ' | ਉਨ੍ਹਾਂ ਦੀ ਦਲੇਰੀ ਦੀ ਗੱਲ ਸੁਣ ਰਾਣੇ ਕੋਲ ਵੀ ਪੁੱਜ ਗਈ, ਉਹਦੇ ਮਾਛੀ ਤਾਂ ਤਿਆਰ ਹੋ ਗਏ ਲੜਣ ਵਾਸਤੇ, ਪਰ ਰਾਣੇ ਨੇ ਰੋਕ ਦਿੱਤਾ | ਆਖਦਾ, ਜਿਹੜਾ ਸੇਠ ਘੋੜੀ ਤੇ ਬੈਠਿਐ, ਉਹ ਹਿੰਦੂ ਐ, ਉਹਦੇ ਰਖਵਾਲੇ ਨੇ ਜਿਹੜੇ ਉਹ ਸਿੱਖ ਨੇ | ਜੇ ਆਪਾਂ ਲੜ੍ਹ ਪਏ ਤਾਂ ਇਹ ਮਸਲਾ ਮਜ਼੍ਹਬ ਦਾ ਬਣ ਜਾਣੇ, ਜੇ ਮਜ਼੍ਹਬ ਦਾ ਮਸਲਾ ਬਣ ਗਿਆ ਤਾਂ ਫਿਰ ਅੱਗ ਭੜਕੇਗੀ ਤੇ ਮੈਂ ਉਸ ਅੱਗ ਦਾ ਸੇਕ ਲੈਣਾ ਨਹੀਂ ਚਾਹੁੰਦਾ | ਹੋਰ ਕੋਈ ਮਸਲਾ ਹੁੰਦਾ ਤਾਂ ਆਪਾਂ ਲੜਣ ਲਈ ਤਿਆਰ ਸੀ | ਰਾਣੇ ਦੀ ਇਸ ਪਾਜ਼ੀਟਿਵ ਸੋਚ ਤੋਂ ਬਾਅਦ ਪਿੰਡ ਵਿਚ ਮਜ਼੍ਹਬ ਦੇ ਨਾਂਅ ਦੇ ਕਦੇ ਕੋਈ ਰੋਲਾ ਰੱਪਾ ਨਹੀਂ ਪਿਆ |
ਇਕ ਵਾਰ ਕੀ ਹੋਇਆ ਕਿ ਇਕ ਪਰਿਵਾਰ ਘਰ ਧੀ ਜੰਮੀ, ਜਦੋਂ ਉਹ 10 ਕੁ ਵਰਿ੍ਹਆਂ ਦੀ ਹੋ ਗਈ ਤਾਂ ਇਕ ਆਦਮੀ ਨੇ ਉਸ ਦਾ ਰਿਸ਼ਤਾ ਮੰਗ ਲਿਆ ਆਪਣੇ ਪੁੱਤਰ ਲਈ | ਸਰਦਾ ਪੁਜਦਾ ਜਮੀਂਦਾਰ ਸੀ ਉਹ ਵੀ, ਤੇ ਨਾਲੇ ਆਪਣੀ ਸੈਨਾ ਵੀ ਸੀ | ਧਾਕੜ ਬੰਦਾ ਸੀ | ਪਰ ਲੜਕੀ ਵਾਲਿਆਂ ਨੇ ਰਿਸ਼ਤਾ ਦੇਣ ਤੋਂ ਕੋਰੀ ਨਾਹ ਕਰ ਤੀ, ਧਰਮ ਅਲੱਗ-ਅਲੱਗ ਸੀ ਨਾ ਦੋਵਾਂ ਦੇ | ਜਦੋਂ ਰਿਸ਼ਤਾ ਦੇਣ ਤੋਂ ਨਾਂਹ ਹੋਈ ਤਾਂ ਉਸ ਨੇ ਧਮਕੀ ਦੇ ਤੀ, ਕਿ ਉਹ ਲੜਕੀ ਨੂੰ ਫਲਾਣੇ ਦਿਨ ਲੈ ਕੇ ਹੀ ਜਾਣਗੇ | ਲੜਕੀ ਵਾਲੇ ਤਾਂ ਡਰ ਗਏ ਤੇ ਉਨ੍ਹਾਂ ਲਾਗਲੇ ਪਿੰਡਾਂ ਦੇ ਮੁਖੀਆਂ ਨਾਲ ਤੇ ਆਪਣੀ ਬਿਰਾਦਰੀ ਦੇ ਬੰਦਿਆਂ ਨਾਲ ਗੱਲਬਾਤ ਕੀਤੀ, ਜਦੋਂ ਕੋਈ ਮਸਲਾ ਹੱਲ ਨਾ ਹੋਇਆ ਤਾਂ ਉਹ ਰਾਣਾ ਵੱਟੂ ਕੋਲ ਆ ਗਏ | ਰਾਣੇ ਦੀ ਦਹਿਸ਼ਤ ਤਾਂ ਸੀ, ਪਰ ਉਹ ਕੁੱਝ ਬੱੁਢਾ ਹੋ ਚੁੱਕਿਆ ਸੀ, ਤੇ ਉਹਦੇ ਜਿਹੜੇ ਬਦਮਾਸ਼ ਸੀਗੇ ਮਾਛੀ, ਉਹ ਵੀ ਕਿਸੇ ਗੱਲੋਂ ਖ਼ਫ਼ਾ ਸਨ, ਉਹ ਆਪਣੇ ਬਾਕੀ ਸਾਥੀਆਂ ਨਾਲ ਡੇਰੇ ਵਿਚ ਬੈਠਾ ਸੀ ਕਿਰਪਾਨ ਲੈ ਕੇ | ਲੜਕੀ ਵਾਲੇ ਆ ਗਏ ਉੱਥੇ, ਉਨ੍ਹਾਂ ਗੱਲਬਾਤ ਦੱਸੀ, ਗੱਲ ਸੁਣ ਕੇ ਰਾਣੇ ਨੂੰ ਬੜਾ ਗੁੱਸਾ ਆਇਆ ਤੇ ਉਹਦੇ ਵਾਲ ਸਿੱਧੇ ਹੋ ਗਏ | ਜਿਹੜੀ ਉਨ੍ਹੇ ਧੜਕ ਬਣਾਈ ਸੀ ਨਾ, ਆਪਣੇ ਬੰਦਿਆਂ ਨੂੰ ਕਿਹਾ ਕਿ ਧੜਕ ਵਜਾਓ, ਧੜਕ ਵੱਜੀ ਗਈ, ਉਦੋਂ ਮਾਛੀ ਸ਼ਿਕਾਰ ਖੇਡ ਰਹੇ ਸੀ ਤੇ ਧੜਕ ਦੀ ਆਵਾਜ਼ ਮਾਛੀਆਂ ਦੇ ਕੰਨਾਂ ਤੱਕ ਪੁਜ ਗਈ | ਆਵਾਜ਼ ਸੁਣ ਕੇ ਬੜੇ ਹੈਰਾਨ ਹੋਏ | ਪਤਾ ਲੱਗ ਗਿਆ ਉਨ੍ਹਾਂ ਨੂੰ , ਕਿ ਰਾਣਾ ਜਾਂ ਤਾਂ ਕਿਸੇ ਮੁਸ਼ਕਲ 'ਚ ਐ ਜਾਂ ਉਨ੍ਹੇ ਆਪਣੇ ਬੰਦਿਆਂ ਨੂੰ ਆਵਾਜ ਮਾਰੀ ਏ | ਉਹ ਐਵੇਂ ਤਾਂ ਧੜਕ ਵਜਾਂਉਂਦਾ ਹੀ ਨਹੀਂ, ਵੈਸੇ ਮਾਛੀ ਖਾਧਾ ਹੋਇਆ ਨਮਕ ਹਰਾਮ ਨਹੀਂ ਕਰਦੇ, ਇਕ ਦੂਜੇ ਨੂੰ ਕਹਿਣ ਲੱਗ ਪਏ ਕਿ ਆਪਾਂ ਰਾਣੇ ਦਾ ਨਮਕ ਧਾਖਾ ਏ, ਹਰਾਮ ਨਾ ਕਰੀਏ, ਚੱਲੋ ਨਾਰਾਜ਼ਗੀ ਹੁੰਦੀ ਰਹਿੰਦੀ ਐ, ਕੋਈ ਗੱਲ ਨਹੀਂ, ਜੇ ਅੱਜ ਰਾਣਾ ਹਾਰ ਗਿਆ ਤਾਂ ਗੱਲ ਮਾੜੀ ਏ, ਛੱਡ ਤਾ ਸ਼ਿਕਾਰ ਮਾਛੀਆਂ ਨੇ ਤੇ ਆ ਪੁੱਜੇ ਰਾਣੇ ਦੇ ਡੇਰੇ, ਤੋਲੇਦਾਰ ਸੱਤ ਵੀਹਾਂ ਬੰਦੂਕ ਵੀ ਆ ਗਈ ਤੇ ਫ਼ਿਰ ਰਾਣੇ ਨੇ ਦੋ ਵਾਰ ਧੜਕ ਵਜਵਾਈ, ਆਪਣੇ ਬੰਦਿਆਂ ਨੂੰ ਕਹਿ ਕੇ | ਚੌਕੀਦਾਰ ਨੂੰ ਵੀ ਬੁਲਾ ਲਿਆ ਤੇ ਲਾਗਲੇ ਪਿੰਡਾਂ ਵਿਚ ਹੋਕਾ ਦਵਾ ਤਾ, ਕਿ ਉਹ 10 ਸਾਲ ਦੀ ਲੜਕੀ ਰਾਣੇ ਕੋਲ ਹੈ, ਜਿਹਦੀ ਹਿੰਮਤ ਹੈ ਰਿਸ਼ਤਾ ਮੰਗਣ ਦੀ, ਉਹ ਰਾਣੇ ਦੇ ਡੇਰੇ ਆ ਜਾਵੇ, ਰਾਣੇ ਕੋਲ ਬੜੀ ਜੂਰਰਤ ਹੈ, ਲੜਣਾ ਹੈ ਤਾਂ ਲੜ ਲਵੇ | ਜਿਨ੍ਹੇ ਰਿਸ਼ਤਾ ਮੰਗਿਆ ਸੀ ਨਾ, ਉਹ ਆਪਣੀ ਸੈਨਾ ਨਾਲ ਪਿੰਡ ਦੇ ਬਾਹਰ ਤਿਆਰ ਖੜਾ ਸੀ, ਪਰ ਚੌਕੀਦਾਰ ਦਾ ਸੁਨੇਹਾ ਸੁਣ ਕੇ ਉਸ ਨੇ ਰਿਸ਼ਤੇ ਮੰਗਣ ਦੀ ਗੱਲ ਛੱਡ ਦਿੱਤੀ ਤੇ ਮੁੱੜ ਗਿਆ ਆਪਣੇ ਪਿੰਡ ਵੱਲ |
ਗੱਲ ਪੁੱਜ ਗਈ ਰਾਣੇ ਕੋਲ ਕਿ ਰਿਸ਼ਤਾ ਮੰਗਣ ਵਾਲਾ ਪਿਛੇ ਹੱਟ ਗਿਆ, ਬੜੇ ਖ਼ੁਸ਼ ਹੋਏ, ਧੀ ਵਾਲੇ ਵੀ ਤੇ ਰਾਣਾ ਵੀ | ਫਿਰ ਰਾਣੇ ਨੇ ਆਪਣੇ ਪਿੰਡ ਦੇ, ਤੇ ਲਾਗਲੇ ਪਿੰਡਾਂ ਦੇ ਮੋਹਤਬਰ ਬੰਦੇ ਬੁਲਾਏ | ਕਹਿੰਦਾ, ਇਹ 10 ਸਾਲ ਦੀ ਧੀ ਧਿਆਣੀ ਐ, ਇਹਦੀ ਮਾਂ, ਚਾਚੀਆਂ ਤਾਈਆਂ ਤੇ ਪਰਿਵਾਰ ਦੇ ਸਾਰੇ ਬੰਦੇ ਮੇਰੇ ਕੋਲ ਇਸ ਮਦਦ ਲਈ ਆਏ ਸੀ, ਇਨ੍ਹਾਂ ਦਾ ਮਸਲਾ ਹੱਲ ਹੋ ਗਿਆ, ਪਰ ਮੈਂ ਧੀ ਧਿਆਣੀ ਨੂੰ ਖਾਲੀ ਹੱਥ ਨਹੀਂ ਜਾਣ ਦੇਣਾ, ਤੁਸੀਂ ਦੱਸੋ ਕੀ ਦੇਵਾਂ, ਧੀ-ਧਿਆਣੀ ਨੂੰ , ਕੋਈ ਕਹਿੰਦਾ ਨੱਚਣ ਵਾਲੀ ਘੋੜੀ ਦੇ ਦਿਓ, ਕੋਈ ਆਖਦਾ ਮੱਝ ਦੇ ਦਿਓ | ਪਰ ਰਾਣਾ ਨਹੀਂ ਮੰਨਿਆ, ਕਹਿੰਦਾ ਉਹ ਚੀਜ਼ ਦੇਵਾਂਗਾ ਕਿ ਆਉਣ ਵਾਲੀਆਂ ਪੀੜੀਆਂ ਤੱਕ ਵੀ ਲੜਕੀ ਵਾਲੇ ਮੇਰੀ ਕਦਰ ਕਰਦੇ ਰਹਿਣ | ਸਾਰੇ ਸੋਚਾਂ 'ਚ ਪੈ ਗਏ ਕਿ ਆਖਰ ਰਾਣਾ ਵੱਟੂ ਲੜਕੀ ਨੂੰ ਕੀ ਦੇਣਾ ਚਾਹੁੰਦਾ ਐ | ਜਦੋਂ ਰਾਣੇ ਨੂੰ ਵੀ ਸਮਝ ਨਾ ਆਈ ਤਾਂ ਉਨ੍ਹਾਂ ਫੈਸਲਾ ਦੂਸਰੇ ਦਿਨ 'ਤੇ ਰੱਖ ਦਿੱਤਾ |
ਰਾਣੇ ਵਲੋਂ ਧੀ ਧਿਆਣੀ ਨੂੰ ਸਦਾ ਲਈ ਯਾਦਗਾਰ ਚੀਜ਼ ਦੇਣ ਲਈ ਜੋ ਫੈਸਲਾ ਦੂਸਰੇ ਦਿਨ ਤੇ ਛੱਡਿਆ ਸੀ, ਦੂਸਰੇ ਦਿਨ ਵੀ ਮੁਹਤਬਰ ਬੰਦੇ ਆ ਗਏ | ਰਾਣਾ ਕਾਫ਼ੀ ਸੋਚਾਂ ਵਿਚ ਡੁੱਬਿਆ ਹੋਇਆ ਸੀ | ਇਕ ਦਮ ਬੋਲਿਆ, ਬੱਸ, ਇਹ ਚੀਜ਼ਾਂ ਦੇਵਾਂਗਾ | ਦਿੱਤਾ ਕੀ, ਲਾਗੇ ਪਿੰਡ ਐ ਨਾ ਘੜਿਆਨੀ, ਰਾਣੇ ਦੇ ਉੱਥੇ 7 ਖ਼ੂਹ ਸੀ, ਉਹ ਖ਼ੂਹ ਤੇ ਪਿੰਡ ਘੁੜਿਆਨੀ ਨੂੰ ਰਾਣੇ ਨੇ 10 ਸਾਲ ਦੀ ਲੜਕੀ ਦੇ ਨਾਂਅ ਕਰ ਦਿੱਤੇ | ਪਰ ਜ਼ੈਲਦਾਰ ਰਾਣਾ ਖ਼ੁਦ ਰਿਹਾ | ਇਸ ਤੋਂ ਪਹਿਲਾਂ ਜਦੋਂ ਬੰਗਲੇ ਦਾ ਚਾਰਜ ਜ਼ਿਲ੍ਹਾ ਸਿਰਸਾ ਦੇ ਸਹਾਇਕ ਕਮਿਸ਼ਨਰ ਜੇ.ਐਚ. ਓਲੀਵਰ ਕੋਲ ਸੀ, ਉਦੋਂ ਓਲੀਵਰ ਨੇ ਜੱਗੇ ਨੂੰ ਜ਼ੈਲਦਾਰ ਬਣਾਇਆ ਸੀ |
ਰਾਣਾ ਮੁਜਰੇ ਦਾ ਬੜਾ ਸ਼ੌਕੀਨ ਸੀ, ਜਿੱਸ ਪਿੱਪਲ ਕੋਲ ਡੇਰਾ ਸੀ ਨਾ ਰਾਣੇ ਦਾ, ਉੱਥੇ ਸਾਲ ਵਿਚ ਜ਼ਿਆਦਾ ਸਮਾਂ ਮੁਜਰਾ ਹੁੰਦਾ ਸੀ, ਜੱਲਾ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਪਿੰਡ ਦੇ ਮੌਜੂਦਾ ਗੁਰਦੁਆਰਾ ਦੇ ਸਾਹਮਣੇ ਪਿੱਪਲ ਦਾ ਵੱਡਾ ਦਰੱਖਤ ਸੀ | ਜਿਥੇ ਇਕ ਵਾਰ ਦੁੱਕੀ ਕੰਜ਼ਰੀ ਦਾ ਅਖਾੜਾ ਲਾਇਆ ਗਿਆ ਸੀ | ਉਨ੍ਹਾਂ ਉਹ ਅਖਾੜਾ ਅੱਖੀ ਵੇਖਿਆ ਸੀ | ਇਸ ਤੋਂ ਬਿਨਾ ਇਕ ਵਾਰੀ, ੳਸ ਵਕਤ ਇਕ ਮਸ਼ਹੂਰ ਕੰਜਰੀ ਸੀ ਗੋਮਾ ਕੰਜਰੀ, ਉਹਦੀ ਭੈਣ ਵੀ ਕਾਫ਼ੀ ਸੁਨੱਖੀ ਸੀ, ਰਾਣੇ ਨੇ ਸੁਨੇਹਾ ਭੇਜਿਆ ਕਿ ਗੋਮਾ ਕੰਜਰੀ ਉਸ ਦੇ ਡੇਰੇ ਆ ਕੇ ਮੁਜਰਾ ਕਰੇ | ਉਹ ਵੀ ਜਾਣਦੀ ਸੀ ਕਿ ਰਾਣਾ ਦੇ ਬਾਰੇ ਵਿਚ, ਨਾਹ ਕਰ ਉਹਨੇ, ਕਹਿੰਦੀ ਬਾਕੀ ਸਭ ਥਾਵਾਂ ਤੇ ਚਲੀ ਜਾਵੇਗੀ, ਪਰ ਰਾਣੇ ਕੋਲ, ਕਦੇ ਵੀ ਨਹੀਂ, ਰਾਣੇ ਦੇ ਆਦਮੀ ਵੀ ਹੈਰਾਨ ਕਿ ਉਸ ਨੇ ਰਾਣੇ ਨੂੰ ਨਾਂਹ ਕਰ ਦਿੱਤੀ | ਕਿਉਂਕਿ ਰਾਣਾ ਮੁਜਰਾ ਵੇਖਣ ਦਾ ਬੜਾ ਸ਼ੋਕੀਨ ਸੀ ਨਾ, ਉਸ ਨੇ ਸੌਂਹ ਖਾ ਲਈ ਕਿ ਉਹ ਗੋਮਾ ਕੰਜਰੀ ਨੂੰ ਕੁੱਝ ਵੀ ਨਹੀਂ ਕਹੇਗਾ, ਬੱਸ ਮੁਜਰਾ ਉਸ ਦੇ ਡੇਰੇ ਆ ਕੇ ਕਰੇ ਤੇ ਜੋ ਮੰਗੇਗੀ, ਉਹ ਹਾਜ਼ਰ ਕਰਾਂਗਾ | ਸੌਂਹ ਤੋਂ ਬਾਅਦ ਗੋਮਾ ਕੰਜਰੀ ਆ ਗਈ ਤੇ ਮੁਜਰਾ ਸ਼ੁਰੂ ਕਰ ਦਿੱਤਾ | ਇਸ ਦੌਰਾਨ ਹੀ ਰਾਣੇ ਨੇ ਸੌਂਹ ਤੋੜੀ ਦਿੱਤੀ ਤੇ ਕੰਜਰੀ ਦੀ ਭੈਣ ਨੂੰ ਆਪਣੇ ਘਰ ਪਾ ਲਿਆ | ਗੁੱਸਾ ਤਾਂ ਗੋਮਾ ਕੰਜਰੀ ਨੂੰ ਵੀ ਸੀ, ਪਰ ਕੀ ਕਰਦੀ ਵਿਚਾਰੀ, ਮਜ਼ਬੂਰ ਹੋ ਗਈ ਮੁਜਰਾ ਕਰਨ ਵਾਸਤੇ, ਉਦੋਂ ਗੋਮਾ ਕੰਜਰੀ ਨੇ ਸੁਰ ਲਾਈ, ਰਾਣੇ ਮੋਹ ਦ ਗੋਮਾ, ਸੌਂਹ ਖਾਵੇ ਦੀ ਚਾਅ 'ਤੇ | ਬੱਸ ਫਿਰ ਕੀ ਸੀ, ਰਾਣਾ ਸਭ ਕੁੱਝ ਲੁਟਾਉਂਦਾ ਗਿਆ | ਕੀ ਸੋਨਾ ਚਾਂਦੀ ਤੇ ਕੀ ਜ਼ਮੀਨ, ਮੁਜਰਿਆਂ ਵਿਚ ਹੀ ਵਿਕਦੀ ਗਈ, ਵਿਕਦੀ ਗਈ, ਜਿਹੜਾ ਰਾਣਾ ਪਹਿਲਾਂ ਹਜ਼ਾਰਾਂ ਕਿੱਲਿਆਂ ਦਾ ਮਾਲਕ ਸੀ, ਉਹ ਸਿਰਫ਼ 1500-2000 ਕਿੱਲਿਆਂ ਦਾ ਮਾਲਕ ਬਣ ਕੇ ਰਹਿ ਗਿਆ |
ਜਦੋਂ ਰਾਣਾ ਬੁੱਢਾ ਹੋ ਗਿਆ ਤਾਂ ਉਸ ਨੇ ਜਵਾਨੀ ਵਾਲੀ ਧਾਕ ਜਮਾਉਣੀ ਚਾਹੀ, ਪਰ ਗੁਜਰਿਆ ਵਕਤ ਉਸ ਦੇ ਹੱਥ ਨਾ ਲੱਗਿਆ, ਪਰ ਉਸ ਦੇ ਫਰਦ ਬਿਲੰਦ ਖਾਨ, ਚੰਗੀ ਸਰਦਾਰੀ ਕੀਤੀ ਉਸ ਨੇ ਵੀ, ਬਿਲਕੁੱਲ ਪਿਓ ਦੇ ਨਕਸ਼ੇ ਕਦਮਾਂ ਤੇ, ਅੱਗੇ ਜਮਾਲ ਖਾਂ ਤੇ ਕਮਾਲ ਖ਼ਾਂ, ਫਿਰ ਉਨ੍ਹਾਂ ਦੀ ਔਲਾਦ ਅਮੀਨ ਖਾਂ, ਅਕਬਰ ਖਾਨ ਤੇ ਨਜ਼ਾਮਦੀਨ ਦਾ ਵੇਲਾ ਆ ਗਿਆ | ਅਮੀਨ ਖਾਨ ਦੇ 5 ਪੁੱਤਰ ਸੀ | ਉਹ ਵੀ ਦਾਦੇ ਪੜਦਾਦੇ ਨੇ ਨਕਸ਼ੇ ਕਦਮਾਂ ਤੇ | ਕਹਿੰਦੇ, ਦਾਦਾ ਮਸ਼ਹੂਰੀ ਸੀ ਤਾਂ ਉਹ ਵੀ ਮਸ਼ਹੂਰ ਹੀ ਰਹਿਣਗੇ | ਬੱਸ ਇਸ ਹੰਕਾਰਬਾਜ਼ੀ ਦੇ ਚੱਲਦਿਆਂ ੳਨ੍ਹਾਂ ਦੀ ਡੋਗਰਿਆਂ ਨਾਲ ਵੀ ਰੰਜ ਬਣ ਗਈ ਤੇ ਕੰਬੋਹਾਂ ਨਾਲ ਵੀ, ਬਹੁਤ ਲੜਾਈਆਂ ਹੋਈਆਂ, ਪਹਿਲਾਂ ਕੰਬੋਹਾਂ ਦਾ ਬੰਦਾ ਮਰ ਗਿਆ ਤੇ ਬਾਅਦ ਵਿਚ ਡੋਗਰਿਆਂ ਦੇ 2 ਬੰਦੇ | ਕਾਫ਼ੀ ਦਹਿਸ਼ਤ ਵਾਲੇ ਬੰਦੇ ਵੱਜਣ ਲੱਗ ਪਏ | ਨਾਲ ਪਿੰਡ ਹੈ ਸੈਦੋ ਕਾ, ਵੱਟੂਆਂ ਦਾ ਪਿੰਡ | ਹੈਗੀ ਤਾਂ ਇਨ੍ਹਾਂ ਦੀ ਰਿਸ਼ਤੇਦਾਰੀ ਸੀ, ਪਰ ਲੜਾਈ ਹੋ ਗਈ | ਇਤਨੀ ਲੜਾਈ ਕਿ ਇਨ੍ਹਾਂ ਸੈਦੋ ਕਾ ਵੱਟੂਆਂ ਦਾ ਵੀ ਬੰਦਾ ਮਾਰ ਦਿੱਤਾ | ਭਾਵੇਂ ਇਨ੍ਹਾਂ ਕਈ ਚੰਗੇ ਕੰਮ ਕੀਤੇ, ਪਰ ਲੜਾਈ ਝਗੜਿਆਂ ਵਿਚ ਇਨ੍ਹਾ ਦੀ ਜ਼ਿਆਦਾ ਜਿੰਗਦੀ ਨਿਕਲ ਗਈ | ਹਜ਼ਾਰਾਂ ਕਿੱਲਿਆਂ ਦੇ ਮਾਲਕ, ਜਦੋਂ ਸੋਵਾਂ ਕਿੱਲਿਆਂ ਤੇ ਆ ਗਏ ਤਾਂ ਦੇਸ਼ ਤਕਸੀਮ ਹੋ ਗਿਆ | ਤਕਸੀਮ ਤੋਂ ਬਾਅਦ ਇਹ ਪਾਕਿਸਤਾਨ ਚੱਲੇ ਗਏ, ਜਿੱਥੇ ਅੱਜ ਵੀ ਫ਼ਜ਼ਲ ਖਾਨ ਵੱਟੂ ਦੀ ਪੀੜੀ ਨੂੰ ਫਾਜ਼ਲ ਕੇ ਵੱਟੂ ਤੇ ਰਾਣੇ ਦੀ ਪੀੜੀ ਨੂੰ ਰਾਣੇ ਕੇ ਵੱਟੂ ਆਖਦੇ ਨੇ |
ਜਦੋਂ ਦੇਸ਼ ਤਕਸੀਮ ਹੋ ਗਿਆ, ਉਦੋਂ ਮੁਸਲਮਾਨ ਪਰਿਵਾਰ ਤਾਂ ਇੱਥੋਂ ਚਲੇ ਗਏ ਤੇ ਪਿੰਡ ਵਿਰਾਨ ਹੋ ਗਿਆ, ਫਿਰ ਇਸ ਪਿੰਡ ਨੂੰ ਫਾਜ਼ਿਲਕਾ ਦੇ ਗਿਲਹੋਤਰਾ ਪਰਿਵਾਰ ਨੇ ਆਬਾਦ ਕੀਤਾ | ਸੇਠ ਮੁਨਸ਼ੀ ਰਾਮ ਗਿਲਹੋਤਰਾ ਦੀ ਕਈ ਪਿੰਡਾਂ ਵਿੱਚ ਚੰਗੀ ਜਾਣ ਪਹਿਚਾਣ ਸੀ | ਉਨ੍ਹਾਂ ਪਾਕਿਸਤਾਨ ਤੋਂ ਜਿਹੜੇ ਉੱਜ਼ੜ ਕੇ ਆਏ ਸੀ ਨਾ ਲੋਕ, ਜਿਨ੍ਹਾਂ ਨਾਲ ਸੇਠ ਦੀ ਚੰਗੀ ਜਾਣ ਪਹਿਚਾਣ ਸੀ, ਉਨ੍ਹਾਂ ਨੂੰ ਇਥੇ ਆਬਾਦ ਕੀਤਾ | ਇਹ ਦਾਸਤਾਨ ਵੀ ਬੜੀ ਮਜ਼ੇਦਾਰ ਹੈ | ਕੁੱਝ ਸਾਲ ਪਹਿਲਾਂ ਤੱਕ ਇਕ ਮੁਹਾਵਰੇ ਵਾਂਗ ਇਹ ਕਿਹਾ ਜਾਂਦਾ ਸੀ, ਕਿ ਰੋਟੀ ਅੱਧੀ ਖਾ ਲਓ, ਪਰ ਰਾਣੇ ਵੱਸੋ, ਉੱਥੇ ਇਜ਼ਤ ਸਾਂਝੀ ਹੈ | ਗੱਲ ਗਿਲਹੋਤਰਾ ਪਰਿਵਾਰ ਤੋਂ ਬਨਾਈ ਗਈ ਸੀ | ਵੈਸੇ ਕੁੱਝ ਹੋਰ ਸੇਠਾਂ ਕੋਲ ਵੀ ਜ਼ਮੀਨ ਸੀ, ਪਰ ਇਨ੍ਹਾਂ ਕੋਲ ਜ਼ਿਆਦਾ ਸੀ, ਸੇਠ ਕਸ਼ਮੀਰੀ ਲਾਲ ਗਿਲਹੋਤਰਾ, ਇਹ ਪਿੰਡ ਤੇ ਜ਼ਮੀਨ ਦਾ ਕੰਮਕਾਜ ਦੇਖਦੇ ਸਨ | ਜਦੋਂਕਿ ਸੇਠ ਮੁਨਸ਼ੀ ਰਾਮ ਗਿਲਹੋਤਰਾ, ਇਹ ਜ਼ਿਆਦਾਤਰ ਫਾਜ਼ਿਲਕਾ ਸ਼ਹਿਰ ਦਾ ਕੰਮ ਨਿਬੇੜਦੇ ਸੀ, ਤੇ ਉਸ ਸਿਆਸੀ ਨੇਤਾ ਵੀ ਸਨ | ਜੋ ਆਜ਼ਾਦੀ ਤੋਂ ਬਾਅਦ ਨਗਰ ਕੋਸਲ ਦੇ ਪ੍ਰਧਾਨ ਬਣੇ ਤੇ ਮਾਰਕਿਟ ਕਮੇਟੀ ਦੇ 1957 ਤੇ 1974 ਵਿੱਚ ਚੇਅਰਮੈਨ ਵੀ ਬਣੇ | ਜੇ ਪਿੰਡ ਦਾ ਕੋਈ ਕੰਮ ਥਾਣੇ ਕਚਹਿਰੀ ਪੁੱਜਦਾ ਤਾਂ ਉਹ ਕੰਮ ਸੇਠ ਮੁਨਸ਼ੀ ਰਾਮ ਗਿਲਹੋਤਰਾ ਹੀ ਕਰਵਾਉਂਦੇ | ਜਦੋਂਕਿ ਪਿੰਡ ਦੇ ਬਾਕੀ ਜਿਹੜੇ ਆ, ਉਹ ਕੰਮ ਸੇਠ ਕਸ਼ਮੀਰੀ ਲਾਲ ਗਿਲਹੋਤਰਾ ਦੇ ਜਿੰਮੇ ਸੀ | ਪਿੰਡ ਵਿੱਚ ਜੇ ਕੋਈ ਗਲਤ ਕੰਮ ਕਰਦਾ ਤਾਂ ਸੇਠ ਉਸਨੂੰ ਬੁਲਾ ਕੇ ਕੀਤੇ ਗਏ ਕੰਮ ਬਾਰੇ ਪੁੱਛਦਾ | ਜੇ ਉਹ ਗੱਲ ਸੱਚ ਦੱਸ ਦਿੰਦਾ ਤਾਂ ਉਸਨੂੰ ਨਸੀਹਤ ਦੇ ਕੇ ਛੱਡ ਦਿੰਦੇ | ਜੇ ਕੋਈ ਝੂਠ ਹੁੰਦਾ ਤਾਂ ਉਸਦੀ ਡੰਡੇ ਨਾਲ ਪਰੇਡ ਕੀਤੀ ਜਾਂਦੀ ਸੀ | ਦੋਸ਼ੀ ਭਾਵੇ ਮੁੰਡਾ ਹੋਵੇ ਭਾਵੇਂ ਕੁੜੀ | ਭਾਵੇਂ ਕੋਈ ਅਮੀਰ ਹੋਵੇ ਜਾਂ ਗਰੀਬ | ਹਰੇਕ ਨਾਲ ਇਕ ਹੀ ਸਲੂਕ ਹੁੰਦਾ | ਜੇ ਅੱਖਾਂ ਵਿੱਚ ਕੱਜ਼ਲ ਪਾ ਕੇ ਤੇ ਨੰਗੇ ਸਿਰੋਂ ਕੋਈ ਨੋਜ਼ਵਾਨ ਲੰਘ ਪੈਂਦਾ ਨਾਂ ਤਾਂ ਉਸ ਨਾਲ ਵੀ ਉਹੀ ਸਲੂਕ ਹੁੰਦਾ | ਪਿੰਡ ਦੇ ਮਨੋਹਰ ਲਾਲ ਬੱਬਰ ਨੇ ਦੱਸਿਆ ਕਿ ਉਸ ਤੋਂ ਬਾਅਦ ਨੋਜ਼ਵਾਨਾਂ ਨੇ ਵੀ ਸਿਰ ਤੇ ਸਾਫ਼ੇ ਦੀ ਪੱਗ ਬੰਨਣੀ ਸ਼ੁਰੂ ਕਰ ਦਿੱਤੀ ਸੀ | ਆਬਾਦ ਹੋਣ ਤੋਂ ਅੱਜ ਤੱਕ ਇਹ ਪਿੰਡ ਖ਼ੁਸ਼ੀਆਂ ਤੇ ਖੇੜਿਆਂ ਨਾਲ ਮਹਿਕਦਾ ਹੋਇਆ ਇਕ ਖ਼ੂਬਸੁਰਤ ਪਿੰਡ ਰਾਣਾ, ਜਿਸ ਦੀਆਂ ਪੁਰਾਣੀਆਂ ਗੱਲਾਂਬਾਤਾਂ ਅੱਜ ਵੀ ਚੌਂਕ ਚੁਰਾਹੇ ਤੇ ਆਮ ਸੁਨਣ ਨੂੰ ਮਿਲਦੀਆਂ ਹਨ |