242 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਪੰਜਾਬ ਦੀ ਧਰਤੀ ’ਤੇ ਉਹ ਯੋਦਾ ਪੈਦਾ ਹੋਇਆ ਜਿਸਨੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਗੁਜ਼ਰਿਆਂ ਭਾਵੇਂ ਦੋ ਸਦੀਆਂ ਹੋਣ ਨੂੰ ਹਨ ਪਰ ਉਹ ਅਜੇ ਵੀ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰ ਰਿਹਾ ਹੈ।
ਸਾਡੇ ਬਟਾਲਾ ਸ਼ਹਿਰ ਦਾ ਸ਼ੇਰ-ਏ-ਪੰਜਾਬ ਨਾਲ ਬਹੁਤ ਨੇੜੇ ਦਾ ਤੇ ਡੂੰਘਾ ਸਬੰਧ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਬਟਾਲਾ ਸ਼ਹਿਰ ਵਿੱਚ ਕਨ੍ਹਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਦੀ ਧੀ ਮਹਿਤਾਬ ਕੌਰ ਨਾਲ ਹੋਇਆ ਸੀ। ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਬਣਾਉਣ ਵਿੱਚ ਸਦਾ ਕੌਰ ਅਤੇ ਬਟਾਲੇ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਬਟਾਲਵੀ ਅੱਜ ਵੀ ਆਪਣੇ ਮਹਾਰਾਜੇ ਨੂੰ ਓਵੇਂ ਹੀ ਯਾਦ ਤੇ ਪਿਆਰ ਕਰਦੇ ਹਨ।
ਬੀਤੀ ਸ਼ਾਮ ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਗੁਰਦਾਸਪੁਰ ਵੱਲੋਂ ਮਹਾਰਾਜਾ ਸ਼ੇਰ ਸਿੰਘ ਦੇ ਬਟਾਲਾ ਸਥਿਤ ਸ਼ਾਹੀ ਬਾਗ ਜਿਥੇ ਮਹਾਰਾਜਾ ਰਣਜੀਤ ਸਿੰਘ ਅਕਸਰ ਆਉਂਦੇ ਹੁੰਦੇ ਸਨ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ 242ਵੇਂ ਜਨਮ ਦਿਨ ਨੂੰ ਸਮਰਪਿਤ ਇੱਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ।
ਸਭ ਤੋਂ ਪਹਿਲਾਂ ਇਤਿਹਾਸ ਦੇ ਜਾਣਕਾਰਾਂ ਨੇ ਸ਼ੇਰ-ਏ-ਪੰਜਾਬ ਦੇ ਜੀਵਨ ਉੱਪਰ ਚਾਨਣਾ ਪਾਇਆ ਅਤੇ ਉਪਰੰਤ ਨਾਟ ਸ਼੍ਰੋਮਣੀ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ ਲਾਈਟ ਐਂਡ ਸਾਊਂਡ ਦੀ ਮਦਦ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਉੱਪਰ ਅਧਾਰਿਤ ਖੂਬਸੂਰਤ ਪੇਸ਼ਕਾਰੀ ਕੀਤੀ ਗਈ।
ਇਸ ਸਮਾਗਮ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਦਾਸਪੁਰ ਸ੍ਰੀ ਰਜਿੰਦਰ ਅਗਰਵਾਲ, ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ, ਉੱਘੇ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਉਬਰਾਏ, ਬਟਾਲਾ ਦੇ ਵਿਧਾਨਕਾਰ ਅਮਨਸ਼ੇਰ ਸਿੰਘ ਕਲਸੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ, ਐੱਸ.ਡੀ.ਐੱਮ. ਸ਼ਾਇਰੀ ਭੰਡਾਰੀ, ਐੱਸ.ਪੀ. ਪ੍ਰਿਥੀਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਬਟਾਲਾ ਸ਼ਹਿਰ ਤੇ ਜ਼ਿਲ੍ਹੇ ਦੇ ਵਸਨੀਕਾਂ ਨੇ ਭਾਗ ਲਿਆ।
ਇਹ ਸ਼ਾਇਦ ਪਹਿਲਾ ਮੌਕਾ ਸੀ ਜਦੋਂ ਬਟਾਲਾ ਦੀ ਧਰਤੀ ਮਹਾਰਾਜਾ ਰਣਜੀਤ ਸਿੰਘ ਨੂੰ ਸਮਰਪਿਤ ਇਹ ਪ੍ਰੋਗਰਾਮ ਕੀਤਾ ਗਿਆ ਹੋਵੇ। ਇਸ ਸਭ ਲਈ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਅਤੇ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ। ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵੱਲੋਂ ਇਸੇ ਸਾਲ 29 ਜੂਨ ਨੂੰ ਦੀਨਾਨਗਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਵੀ ਮਨਾਈ ਗਈ ਸੀ।
ਨਾਟ ਸ਼੍ਰੋਮਣੀ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਤ ਪ੍ਰੋਗਰਾਮ ਬਹੁਤ ਖੂਬਸੂਰਤ ਸੀ ਅਤੇ ਸਾਰੇ ਹੀ ਪਾਤਰਾਂ ਨੇ ਬਹੁਤ ਵਧੀਆ ਅਦਾਕਾਰੀ ਦਾ ਮੁਜ਼ਾਹਰਾ ਕੀਤਾ। ਦਰਸ਼ਕਾਂ ਨੇ ਸਾਰਾ ਪ੍ਰੋਗਰਾਮ ਬੜੀ ਇਕਾਗਰਤਾ ਅਤੇ ਦਿਲਚਸਪੀ ਨਾਲ ਦੇਖਿਆ। ਸੋ ਜਿਨੇ ਵੀ ਅਧਿਕਾਰੀਆਂ ਨੇ ਇਸ ਪ੍ਰੋਗਰਾਮ ਦੀ ਸਫਲਤਾ ਵਿੱਚ ਯੋਗਦਾਨ ਪਾਇਆ ਹੈ ਅਤੇ ਜਿਨ੍ਹੇ ਵੀ ਦਰਸ਼ਕ ਇਸ ਮੌਕੇ ਪਹੁੰਚੇ ਸਨ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ।
ਅਖੀਰ ਵਿੱਚ ਆਪ ਸਭ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ।
- ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਗੁਰਦਾਸਪੁਰ।
98155-77574